ਕਿਸ ਤਰ੍ਹਾਂ ਦੀ ਮਾਨਸਿਕਤਾ ! - ਸਵਰਾਜਬੀਰ

ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਵਿਚ ਭਾਸ਼ਨ ਦਿੰਦਿਆਂ ਕਸ਼ਮੀਰ ਦੇ ਮਸਲੇ ਨੂੰ ਛੋਂਹਦਿਆਂ ਧਮਕੀ ਦਿੱਤੀ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋਵਾਂ ਗੁਆਂਢੀਆਂ ਵਿਚਕਾਰ ਯੁੱਧ ਸੰਸਾਰ ਲਈ ਤਬਾਹਕੁਨ ਹੋ ਸਕਦਾ ਹੈ। ਇਮਰਾਨ ਖਾਨ ਦਾ ਬਿਆਨ ਬਹੁਤ ਗ਼ੈਰ-ਜ਼ਿੰਮੇਵਾਰਾਨਾ ਸੀ। ਭਾਰਤ ਵੱਲੋਂ ਇਸ ਦਾ ਜਵਾਬ ਵਿਦਿਸ਼ਾ ਮੈਤਰਾ, ਜੋ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਪ੍ਰਥਮ ਸਕੱਤਰ (ਫਸਟ ਸੈਕਟਰੀ) ਹੈ, ਨੇ ਦਿੱਤਾ। ਵਿਦਿਸ਼ਾ ਦੇ ਜਵਾਬ ਦੀ ਸਾਰਿਆਂ ਨੇ ਸਿਫ਼ਤ ਕੀਤੀ ਅਤੇ ਸਾਡੇ ਦੇਸ਼ ਦੀਆਂ ਅਖ਼ਬਾਰਾਂ ਵਿਚ ਕਿਹਾ ਗਿਆ ਕਿ ਵਿਦਿਸ਼ਾ ਨੇ ਪਾਕਿਸਤਾਨ ਨੂੰ 'ਮੂੰਹ ਤੋੜ ਜਵਾਬ ਦਿੱਤਾ', 'ਧੋ ਕੇ ਰੱਖ ਦਿੱਤਾ', 'ਚਾਰੇ ਖਾਨੇ ਚਿੱਤ ਕਰ ਦਿੱਤਾ' ਆਦਿ।
     ਵਿਦਿਸ਼ਾ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅੱਜ ਦੇ ਸੰਸਾਰ ਨੂੰ ਬਿਆਨ ਕਰਨ ਦਾ ਢੰਗ ਬਹੁਤ ਹੀ ਕਠੋਰ ਅਤੇ ਪੱਥਰਦਿਲੀ ਵਾਲਾ ਸੀ ਜਿਸ ਵਿਚ ਇਹੋ ਜਿਹੇ ਵਿਰੋਧੀ ਜੁੱਟਾਂ 'ਸਾਡੇ ਵਿਰੁੱਧ ਉਹ/ਦੂਸਰੇ', 'ਅਮੀਰਾਂ ਵਿਰੁੱਧ ਗ਼ਰੀਬ', 'ਉੱਤਰੀ ਸੰਸਾਰ ਵਿਰੁੱਧ ਦੱਖਣੀ ਸੰਸਾਰ', 'ਵਿਕਸਿਤ ਦੇਸ਼ਾਂ ਦੇ ਵਿਰੁੱਧ ਵਿਕਾਸਸ਼ੀਲ ਦੇਸ਼', 'ਮੁਸਲਮਾਨਾਂ ਦੇ ਵਿਰੁੱਧ ਦੂਸਰੇ' ਦੀ ਵਰਤੋਂ ਕੀਤੀ ਗਈ। ਮੈਤਰਾ ਨੇ ਕਿਹਾ ਕਿ ਭਾਸ਼ਨ ਵਿਚ ਵਰਤੇ ਗਏ ਸ਼ਬਦ 'ਤਬਾਹੀ', 'ਖੂਨ ਖ਼ਰਾਬਾ', 'ਨਸਲੀ ਸ੍ਰੇਸ਼ਟਤਾ', 'ਬੰਦੂਕ ਉਠਾਉਣਾ', 'ਅੰਤ ਤਕ ਲੜਨਾ' ਮੱਧਕਾਲੀਨ ਸਮਿਆਂ ਦੀ ਮਾਨਸਿਕਤਾ ਦਰਸਾਉਂਦੇ ਹਨ ਨਾ ਕਿ ਇੱਕੀਵੀਂ ਸਦੀ ਵਿਚ ਲੋੜੀਂਦੀ ਦੂਰ-ਦ੍ਰਿਸ਼ਟੀ। ਜੇ ਸੰਸਾਰ ਨੂੰ ਵਿਰੋਧੀ ਜੁੱਟਾਂ ਜਿਵੇਂ 'ਸਾਡੇ ਵਿਰੁੱਧ ਉਹ/ਦੂਸਰੇ' ਦੇ ਸ਼ੀਸ਼ਿਆਂ ਥਾਣੀਂ ਵੇਖਣਾ ਮੱਧਕਾਲੀਨ ਮਾਨਸਿਕਤਾ ਹੈ ਤਾਂ ਸਾਨੂੰ ਇਹ ਸੋਚਣਾ ਪਵੇਗਾ ਕਿ ਸਾਡੇ ਆਗੂ ਆਪਣੇ ਦੇਸ਼ ਵਿਚ ਕੀ ਕਰ ਰਹੇ ਹਨ?
       ਰਾਸ਼ਟਰੀ ਸਵੈਮਸੇਵਕ ਸੰਘ ਦੀ ਵਿਚਾਰਧਾਰਾ ਦਾ ਆਧਾਰ ਹੀ 'ਸਾਡੇ ਵਿਰੁੱਧ ਉਹ/ਦੂਸਰੇ/ਬਾਹਰਲੇ/ਪਰਾਏ' ਹੈ, ਹਿੰਦੂਆਂ, ਬੋਧੀਆਂ ਅਤੇ ਜੈਨੀਆਂ ਨੂੰ 'ਸਾਡਿਆਂ' ਵਿਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਮੁਸਲਮਾਨ ਤੇ ਇਸਾਈਆਂ ਨੂੰ 'ਉਹ/ਬਾਹਰਲੇ/ਦੂਸਰੇ/ਪਰਾਏ' ਗਰਦਾਨਿਆ ਜਾਂਦਾ ਹੈ। ਸੰਘ ਦੀ ਵਿਚਾਰਧਾਰਾ ਅਨੁਸਾਰ ਇਸ ਭੂਗੋਲਿਕ ਖ਼ਿੱਤੇ ਵਿਚ ਆਰੀਆ ਲੋਕਾਂ ਨੇ ਸੰਸਕ੍ਰਿਤ ਜਿਹੀ ਵਿਕਸਿਤ ਭਾਸ਼ਾ ਵਿਚ ਮਹਾਨ ਗ੍ਰੰਥਾਂ ਦੀ ਰਚਨਾ ਕਰਦਿਆਂ ਮਹਾਨ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਨਿਰਮਾਣ ਕੀਤਾ ਜਿਸ ਵਿਚ ਬਾਅਦ ਵਿਚ ਆਉਣ ਵਾਲਿਆਂ ਭਾਵ ਮੁਸਲਮਾਨਾਂ ਅਤੇ ਇਸਾਈਆਂ ਨੇ ਵੱਖ ਵੱਖ ਤਰ੍ਹਾਂ ਦੇ ਵਿਗਾੜ ਪੈਦਾ ਕੀਤੇ।
       ਆਰਐੱਸਐੱਸ ਦਾ ਦੂਸਰਾ ਸਰਸੰਘਚਾਲਕ ਐੱਮਐੱਸ ਗੋਲਵਲਕਰ ਆਪਣੀ ਕਿਤਾਬ 'ਬੰਚ ਆਫ਼ ਥਾਟਸ' ਵਿਚ ਲਿਖਦਾ ਹੈ, ''ਸਾਰੇ ਸਾਮੀ ਧਰਮਾਂ ૶ ਯਹੂਦੀ, ਇਸਾਈ ਤੇ ਇਸਲਾਮ, ਵਿਚ ਪੂਜਾ ਕਰਨ ਦਾ ਤਰੀਕਾ ਸਿਰਫ਼ ਇਕ ਹੈ, ਇਨ੍ਹਾਂ ਧਰਮਾਂ ਕੋਲ ਸਿਰਫ਼ ਇਕ ਇਕ ਪੈਗੰਬਰ ਹੈ, ਇਕ ਗ੍ਰੰਥ ਤੇ ਇਕ ਪਰਮਾਤਮਾ, ਉਸ ਪਰਮਾਤਮਾ ਕੋਲ ਜਾਣ ਤੋਂ ਬਿਨਾ ਮਨੁੱਖੀ ਆਤਮਾ ਦੀ ਮੁਕਤੀ ਦਾ ਕੋਈ ਮਾਰਗ ਨਹੀਂ। ਇਹ ਸਮਝਣ ਲਈ ਕੋਈ ਜ਼ਿਆਦਾ ਅਕਲ ਦੀ ਜ਼ਰੂਰਤ ਨਹੀਂ ਕਿ ਇਹ ਤਰਕ ਕਿੰਨਾ ਬੇਤੁਕਾ/ਬੇਹੂਦਾ ਹੈ। ૴ ਸਾਮੀ ਵਿਚਾਰਧਾਰਾਵਾਂ ਅਨੁਸਾਰ ਬਣੇ ਧਰਮ ਦੇ ਸੰਕਲਪ ਨੇ ਅਸਹਿਣਸ਼ੀਲਤਾ ਵਧਾਈ ਅਤੇ ਲੋਕਾਂ ਨੂੰ ਵੰਡ ਦਿੱਤਾ ਹੈ।''
      ਇਸੇ ਕਿਤਾਬ ਵਿਚ ਗੋਲਵਲਕਰ ਲਿਖਦਾ ਹੈ, ''ਅਸੀਂ ਵੇਖਿਆ ਹੈ ਕਿ ਸਿਰਫ਼ ਹਿੰਦੂਆਂ ਦੀ ਸਾਂਝੀਵਾਲਤਾ ਵਾਲੀ ਸੋਚ ਹੀ ਮਨੁੱਖੀ ਸਾਂਝੀਵਾਲਤਾ ਦਾ ਆਧਾਰ ਹੋ ਸਕਦੀ ਹੈ। ૴ ਇਹ ਗਿਆਨ ਸਿਰਫ਼ ਹਿੰਦੂਆਂ ਦੀ ਸਪੁਰਦਗੀ ਵਿਚ ਰਿਹਾ ਹੈ। ਇਹ ਦੈਵੀ ਦੇਣ ਹੈ, ਅਸੀਂ ਕਹਿ ਸਕਦੇ ਹਾਂ ਕਿ ਤਕਦੀਰ ਨੇ ਇਹ ਜ਼ਿੰਮੇਵਾਰੀ ਹਿੰਦੂਆਂ ਨੂੰ ਸੌਂਪੀ૴ ਇਤਿਹਾਸ ਗਵਾਹ ਹੈ ਕਿ ਸਿਰਫ਼ ਤੇ ਸਿਰਫ਼ ਇਹੀ ਧਰਤੀ (ਭਾਵ ਭਾਰਤ) ਹੈ ਜਿੱਥੇ ਪੁਰਾਤਨ ਸਮਿਆਂ ਤੋਂ ਚਿੰਤਕਾਂ ਅਤੇ ਫ਼ਿਲਾਸਫ਼ਰਾਂ ਤੇ ਸਾਧੂਆਂ-ਸੰਤਾਂ ਨੇ ਮਨੁੱਖੀ ਸੁਭਾਓ ਦੇ ਡੂੰਘੇ ਰਹੱਸ ਨੂੰ ਜਾਣਨ ਲਈ ਆਤਮਾ ਦੇ ਸੰਸਾਰ ਵਿਚ ਡੂੰਘੀਆਂ ਤਾਰੀਆਂ ਲਾਈਆਂ ਅਤੇ ਮਹਾਨ ਸਾਂਝੀਵਾਲਤਾ ਦੇ ਸਿਧਾਂਤ ਦੀ ਖੋਜ ਕੀਤੀ, ਉਸ ਨੂੰ ਸੰਪੂਰਨਤਾ ਬਖ਼ਸ਼ੀ ૴ ਪੱਛਮੀ ਲੋਕ ਆਤਮਾ ਦੇ ਸੰਸਾਰ ਦੇ ਗਿਆਨ ਅਤੇ ਅਨੁਭਵ ਤੋਂ ਅਣਜਾਣ ਰਹੇ ਹਨ।'' ਸਿਰਫ਼ ਇਕ ਹੀ ਧਰਮ ਨੂੰ ਸਾਰੀ ਰੂਹਾਨੀ ਉੱਤਮਤਾ ਦਾ ਮਾਲਕ ਦੱਸਣਾ ਅਤੇ ਲਿਖਤ ਵਿਚ ਇਸ 'ਤੇ ਜ਼ੋਰ ਦੇਣਾ ਕਿਸ ਤਰ੍ਹਾਂ ਦੀ ਅਤੇ ਕਿਨ੍ਹਾਂ ਸਮਿਆਂ ਦੀ ਸੋਚ ਹੈ? ਕੀ ਦੂਸਰੇ ਧਰਮਾਂ ਨੂੰ ਹੀਣੇ ਦਰਸਾ ਕੇ ਸਮਾਜਿਕ ਏਕਤਾ ਕਾਇਮ ਕਰਨੀ ਸੰਭਵ ਹੈ?
      ਇਸ ਤਰ੍ਹਾਂ ਦੀ ਮਾਨਸਿਕਤਾ ਸਿਰਫ਼ ਸ਼ਬਦਾਂ ਰਾਹੀਂ ਹੀ ਪੇਸ਼ ਨਹੀਂ ਕੀਤੀ ਗਈ ਸਗੋਂ ਇਸ ਨੂੰ ਅਮਲੀਜਾਮਾ ਵੀ ਪਹਿਨਾਇਆ ਗਿਆ। 1947 ਤੋਂ ਪਹਿਲਾਂ ਕੀਤੇ ਗਏ ਇਸ ਤਰ੍ਹਾਂ ਦੇ ਪ੍ਰਚਾਰ ਨੇ ਫ਼ਿਰਕੂ ਪਾੜੇ ਨੂੰ ਵਧਾਇਆ ਅਤੇ ਇਹ ਅਮਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਜਾਰੀ ਰਿਹਾ। ਪਿਛਲੇ ਕੁਝ ਵਰ੍ਹਿਆਂ ਤੋਂ ਹਜੂਮੀ ਹਿੰਸਾ ਰਾਹੀਂ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਮਾਰ-ਕੁਟਾਈ ਵਿਚ ਕਈ ਲੋਕਾਂ ਦੀ ਮੌਤ ਹੋ ਗਈ, ਕਈਆਂ ਤੋਂ ਜ਼ਬਰਦਸਤੀ 'ਜੈ ਸ਼੍ਰੀ ਰਾਮ' ਅਤੇ ਅਜਿਹੇ ਹੋਰ ਨਾਅਰੇ ਲਗਵਾਏ ਗਏ ਅਤੇ ਕਈਆਂ ਨੂੰ ਪਾਕਿਸਤਾਨ ਚਲੇ ਜਾਣ ਲਈ ਕਿਹਾ ਗਿਆ। ਕੀ ਕੋਈ ਦੱਸੇਗਾ ਕਿ ਇਹ ਕਿਹੜੇ ਯੁੱਗ ਦੀ ਮਾਨਸਿਕਤਾ ਹੈ?
  ਘੱਟਗਿਣਤੀ ਫ਼ਿਰਕੇ ਦੇ ਨਾਲ ਨਾਲ ਦਲਿਤਾਂ ਅਤੇ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 'ਲਵ ਜੇਹਾਦ' ਦੇ ਪ੍ਰਚਾਰ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਘੱਟਗਿਣਤੀ ਫ਼ਿਰਕੇ ਦੇ ਨੌਜਵਾਨ ਜਾਣ-ਬੁੱਝ ਕੇ ਬਹੁਗਿਣਤੀ ਫ਼ਿਰਕੇ ਦੀਆਂ ਲੜਕੀਆਂ ਨੂੰ ਭਰਮਾਉਂਦੇ, ਆਪਣੇ ਜਾਲ ਵਿਚ ਫਸਾਉਂਦੇ ਅਤੇ ਧਰਮ ਬਦਲ ਕੇ ਨਿਕਾਹ ਕਰਨ ਲਈ ਮਜਬੂਰ ਕਰਦੇ ਹਨ। ਇਸੇ ਤਰ੍ਹਾਂ ਭਾਜਪਾ ਅਤੇ ਸੰਘ ਪਰਿਵਾਰ ਨਾਲ ਜੁੜੇ ਆਗੂਆਂ ਨੇ ਵੱਖ ਵੱਖ ਸਮਿਆਂ 'ਤੇ ਕੁੜੀਆਂ ਤੇ ਔਰਤਾਂ ਦੇ ਪਹਿਰਾਵੇ ਅਤੇ ਹੋਰ ਵਿਹਾਰ ਉੱਤੇ ਜ਼ਾਬਤੇ ਲਾਗੂ ਕਰਨ ਦੀ ਗੱਲ ਵੀ ਕੀਤੀ ਹੈ। ਉਨ੍ਹਾਂ ਦੇ ਇਨ੍ਹਾਂ ਬਿਆਨਾਂ ਵਿਚ ਪਿਤਰੀ ਸੱਤਾ ਨੂੰ ਪ੍ਰਵਾਨ ਕਰਦੀ ਮਰਦ-ਪ੍ਰਧਾਨ ਸੋਚ ਸਪਸ਼ਟ ਦਿਖਾਈ ਦਿੰਦੀ ਹੈ। ਕੀ ਇਹ ਇੱਕੀਵੀਂ ਸਦੀ ਵਾਲੀ ਆਧੁਨਿਕ ਦੂਰ-ਦ੍ਰਿਸ਼ਟੀ ਹੈ?
      ਦੇਸ਼ ਵਾਸੀ ਅਜੇ ਭੁੱਲੇ ਨਹੀਂ ਹੋਣਗੇ ਕਿ ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਸ਼ਨ ਦਿੰਦਿਆਂ ਕਿਹਾ ਸੀ ਕਿ ਉਹ ਅਜਿਹੇ ਆਗੂ ਹਨ, ਜੋ ਦੁਸ਼ਮਣ ਨੂੰ ਘਰ ਵਿਚ ਜਾ ਕੇ ਮਾਰਨ ਵਿਚ ਵਿਸ਼ਵਾਸ ਰੱਖਦੇ ਹਨ। ਕੁਝ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਹਦੀ ਪਾਰਟੀ 'ਸਾਰੇ ਘੁਸਪੈਠੀਆਂ ਨੂੰ ਬਾਹਰ ਸੁੱਟ ਦੇਵੇਗੀ' ਪਰ ਨਾਲ ਹੀ ਦੱਸਿਆ ਕਿ ਕਿਸੇ ਹਿੰਦੂ, ਸਿੱਖ, ਜੈਨੀ ਜਾਂ ਬੋਧੀ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਸਰਕਾਰ ਇਕ ਨਵੇਂ ਬਿਲ ਰਾਹੀਂ ਉਨ੍ਹਾਂ ਨੂੰ ਨਾਗਰਿਕਤਾ ਦੇ ਦੇਵੇਗੀ। ਅਸੀਂ ਵੇਖ ਸਕਦੇ ਹਾਂ ਬਾਕੀ ਕੌਣ ਬਚਦੇ ਹਨ? ਸਪੱਸ਼ਟ ਹੈ ਮੁਸਲਮਾਨ। ਕੀ ਇਸ ਤਰ੍ਹਾਂ ਦੀ ਸੋਚ ਸਾਂਝੀਵਾਲਤਾ ਵਧਾਉਣ ਵਾਲੀ ਹੈ?
      ਮੱਧਕਾਲੀਨ ਸਮਿਆਂ ਵਿਚ ਹਾਵੀ ਸੋਚ ਬਾਦਸ਼ਾਹੀ ਤੇ ਜਾਗੀਰਦਾਰੀ ਨਿਜ਼ਾਮ ਦੀ ਹਾਮੀ ਭਰਦੀ ਸੀ। ਹਾਕਮ ਧਿਰਾਂ ਪ੍ਰਚਲਿਤ ਧਾਰਮਿਕ ਸੋਚ ਨੂੰ ਵੀ ਆਪਣੇ ਹੱਕ ਵਿਚ ਭੁਗਤਾਉਣ ਵਿਚ ਸਫ਼ਲ ਹੋ ਜਾਂਦੀਆਂ ਸਨ। ਬਹੁਤ ਵਾਰ ਮੱਧਕਾਲੀਨ ਸਮਿਆਂ ਦੀ ਸੋਚ ਨੂੰ ਜਾਗੀਰਦਾਰੀ ਸੋਚ ਨਾਲ ਸਮਰੂਪ ਕਰਕੇ ਵੀ ਵੇਖਿਆ ਜਾਂਦਾ ਹੈ। ਇਸ ਤਰ੍ਹਾਂ ਕਰਨਾ ਕਿਸੇ ਵੀ ਸਮੇਂ ਦੀ ਜਟਿਲ ਸੋਚ ਦਾ ਸਾਧਾਰਨੀਕਰਨ ਅਤੇ ਉਸ ਦੀ ਗੁੰਝਲਤਾ ਤੋਂ ਪਿੱਛਾ ਛੁਡਾਉਣ ਦੇ ਬਰਾਬਰ ਹੈ। ਵੱਖੋ-ਵੱਖਰੇ ਸਮਿਆਂ ਵਿਚ ਮਨੁੱਖਤਾ ਦੇ ਸਾਹਮਣੇ ਵੱਖ ਵੱਖ ਸਵਾਲ ਪੇਸ਼ ਹੁੰਦੇ ਹਨ ਅਤੇ ਮਨੁੱਖਤਾ ਉਨ੍ਹਾਂ ਦੇ ਜਵਾਬ ਲੱਭਦੀ ਹੈ। ਜਿਨ੍ਹਾਂ ਸਮਿਆਂ ਨੂੰ ਮੱਧਕਾਲੀਨ ਸਮੇਂ ਕਿਹਾ ਜਾਂਦਾ ਹੈ, ਉਨ੍ਹਾਂ ਦੌਰਾਨ ਸਾਡੇ ਦੇਸ਼ ਵਿਚ ਭਗਤੀ ਲਹਿਰ ਦੇ ਮਹਾਨ ਸੰਤ ਤੇ ਚਿੰਤਕ ૶ ਕਬੀਰ, ਨਾਮਦੇਵ, ਰਵਿਦਾਸ, ਪੀਪਾ, ਹੋਰ ਭਗਤ, ਗੁਰੂ ਨਾਨਕ ਦੇਵ ਅਤੇ ਹੋਰ ਸਿੱਖ ਗੁਰੂ ਪੈਦਾ ਹੋਏ ਜਿਨ੍ਹਾਂ ਦੀ ਸੋਚ ਲੋਕ-ਪੱਖੀ ਤੇ ਇਨਕਲਾਬੀ ਸੀ। ਇਸ ਤਰ੍ਹਾਂ ਮੱਧਕਾਲੀਨ ਸਮਿਆਂ ਦੀ ਸੋਚ ਇਕੋ ਰੰਗਤ ਵਾਲੀ ਨਹੀਂ ਸੀ ਅਤੇ ਸੋਚਣ ਦੇ ਕਿਸੇ ਤਰੀਕੇ ਨੂੰ ਕਿਸੇ ਕਾਲ ਨਾਲ ਜੋੜਣਾ ਬਹੁਤਾ ਜਾਇਜ਼ ਜਾਂ ਠੀਕ ਨਹੀਂ ਹੋਵੇਗਾ। ਇਸ ਨਾਲੋਂ ਇਹ ਪਰਖਿਆ ਜਾਣਾ ਜ਼ਿਆਦਾ ਜ਼ਰੂਰੀ ਹੈ ਕਿ ਕਿਹੜੀ ਸੋਚ ਲੋਕ-ਪੱਖੀ ਹੈ ਜਾਂ ਲੋਕ-ਵਿਰੋਧੀ; ਸਾਂਝੀਵਾਲਤਾ ਨੂੰ ਵਧਾਉਂਦੀ ਹੈ ਜਾਂ ਫ਼ਿਰਕੂ ਨਫ਼ਰਤ ਪੈਦਾ ਕਰਦੀ ਹੈ, ਅਮਨ-ਚੈਨ ਦਾ ਸੁਨੇਹਾ ਦਿੰਦੀ ਹੈ ਜਾਂ ਤਰਕਹੀਣ ਜੰਗਾਂ ਦਾ।
      ਪਾਕਿਸਤਾਨ ਇਸ ਕਰਕੇ ਕੁੜਿੱਕੀ ਵਿਚ ਫਸਿਆ ਹੋਇਆ ਹੈ ਕਿਉਂਕਿ ਉਸ ਦੇਸ਼ ਦੀ ਬੁਨਿਆਦ ਹੀ ਧਰਮ ਦੇ ਆਧਾਰ 'ਤੇ ਰੱਖੀ ਗਈ। ਧਰਮ ਦੇ ਆਧਾਰ 'ਤੇ ਬਣੇ ਇਸ ਦੇਸ਼ ਵਿਚ ਨਾ ਤਾਂ ਸੰਵਿਧਾਨ ਜਲਦੀ ਬਣਿਆ ਅਤੇ ਨਾ ਹੀ ਸਿਆਸੀ ਸਰਕਾਰ ਜ਼ਿਆਦਾ ਦੇਰ ਤਕ ਚੱਲੀ। ਫ਼ੌਜ ਨੇ ਰਾਜ-ਪ੍ਰਬੰਧ 'ਤੇ ਕਬਜ਼ਾ ਕਰ ਲਿਆ ਅਤੇ ਧਰਮ ਦੇਸ਼ ਦੀ ਏਕਤਾ ਨੂੰ ਕਾਇਮ ਨਾ ਰੱਖ ਸਕਿਆ। 1971 ਵਿਚ ਪਾਕਿਸਤਾਨ ਦੇ ਦੋ ਹਿੱਸਿਆਂ ਵਿਚ ਵੰਡੇ ਜਾਣ ਦੇ ਬਾਵਜੂਦ ਉੱਥੇ ਧਾਰਮਿਕ ਕੱਟੜਤਾ ਦਾ ਰੁਝਾਨ ਜਾਰੀ ਰਿਹਾ ਜਿਸ ਵਿਚ ਹਿੰਦੂਆਂ, ਸਿੱਖਾਂ, ਅਹਿਮਦੀਆ ਤੇ ਸ਼ੀਆ ਫ਼ਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਲਈ ਨਫ਼ਰਤ ਦੀ ਮਾਨਸਿਕਤਾ ਤੇ ਭਾਸ਼ਾ ਅਨੁਸਾਰ ਬੋਲਣਾ ਪਾਕਿਸਤਾਨੀ ਆਗੂਆਂ ਦੀ ਮਜਬੂਰੀ ਤਾਂ ਹੋ ਸਕਦੀ ਹੈ, ਪਰ ਆਪਣੇ ਆਪ ਨੂੰ ਆਧੁਨਿਕ ਅਖਵਾਉਣ ਵਾਲੇ ਸਾਡੇ ਆਗੂ ਕਿਹੜੇ ਸਮਿਆਂ ਦੀ ਮਾਨਸਿਕਤਾ ਵਿਚ ਜਿਊਂ ਰਹੇ ਹਨ?
      ਦੂਸਰਿਆਂ ਦੀ ਆਲੋਚਨਾ ਕਰਨੀ ਬਹੁਤ ਸੌਖੀ ਹੁੰਦੀ ਹੈ। ਪਾਕਿਸਤਾਨ ਦੀ ਸਰਕਾਰ, ਫ਼ੌਜ ਅਤੇ ਉੱਥੋਂ ਦੇ ਦਹਿਸ਼ਤਗਰਦ ਲੰਮੇ ਸਮੇਂ ਤੋਂ ਅਜਿਹੀ ਭਾਸ਼ਾ ਵਰਤ ਰਹੇ ਹਨ ਜਿਹੜੀ ਨਫ਼ਰਤ ਫੈਲਾਉਂਦੀ ਅਤੇ ਸਮਾਜ ਨੂੰ ਵੰਡਦੀ ਹੈ। ਇਹੋ ਜਿਹੀ ਭਾਸ਼ਾ ਅਤੇ ਸੋਚ ਦਾ ਜਿੰਨਾ ਵੀ ਵਿਰੋਧ ਕੀਤਾ ਜਾਏ, ਘੱਟ ਹੈ। ਗੱਲ ਸਿਰਫ਼ ਵਿਰੋਧੀਆਂ ਦੀ ਆਲੋਚਨਾ ਕਰਨ ਨਾਲ ਹੀ ਖ਼ਤਮ ਨਹੀਂ ਹੋਣੀ, ਸਾਨੂੰ ਇਹ ਵੀ ਸੋਚਣਾ ਪੈਣਾ ਹੈ ਕਿ ਸੰਘ ਪਰਿਵਾਰ ਅਤੇ ਇਸ ਨਾਲ ਜੁੜੇ ਸੰਗਠਨ ਅਤੇ ਸੱਤਾਧਾਰੀ ਪਾਰਟੀ ਦੇ ਆਗੂ ਕਿਹੋ ਜਿਹੀ ਭਾਸ਼ਾ ਵਰਤ ਰਹੇ ਹਨ ਅਤੇ ਕਿਸ ਤਰ੍ਹਾਂ ਦੀ ਸੋਚ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੀ ਅਜਿਹੀ ਭਾਸ਼ਾ ਤੇ ਸੋਚ ਨਾਲ ਦੇਸ਼ ਵਿਚ ਫ਼ਿਰਕੂ ਪਾੜੇ ਵਧ ਰਹੇ ਹਨ ਤੇ ਹਜੂਮੀ ਹਿੰਸਾ ਜਿਹੇ ਵਰਤਾਰਿਆਂ ਨੂੰ ਬਲ ਮਿਲ ਰਿਹਾ ਹੈ। ਸਮੇਂ ਦੀ ਮੰਗ ਹੈ ਕਿ ਸਾਂਝੀਵਾਲਤਾ ਅਤੇ ਭਾਈਚਾਰਕ ਏਕਤਾ ਬਣਾਈ ਰੱਖਣ ਲਈ ਸੰਘ ਪਰਿਵਾਰ ਤੇ ਭਾਜਪਾ ਵੱਲੋਂ ਵਰਤੀ ਅਤੇ ਪ੍ਰਚਾਰੀ ਜਾ ਰਹੀ ਭਾਸ਼ਾ ਤੇ ਸੋਚ ਦਾ ਡਟ ਕੇ ਵਿਰੋਧ ਕੀਤਾ ਜਾਏ।