ਲੋਕਤੰਤਰ ਅਲਾਮਤਾਂ ਤੋਂ ਮੁਕਤ ਕਿਵੇਂ ਹੋਵੇ - ਸ਼ਾਮ ਸਿੰਘ ਅੰਗ-ਸੰਗ

ਭਾਵੇਂ ਭਾਰਤ ਦਾ ਲੋਕਤੰਤਰ ਵਿਸ਼ਵ ਭਰ ਵਿੱਚ ਵੱਡਾ ਅਤੇ ਵਿਸ਼ਾਲ ਗਰਦਾਨਿਆ ਜਾਂਦਾ ਹੈ, ਪਰ ਇਹ ਅਜੇ ਆਪਣੇ ਬਚਪਨੇ ਦੁਆਲੇ ਗੇੜੇ ਕੱਢਣ ਤੋਂ ਉੱਪਰ ਨਹੀਂ ਉੱਠ ਸਕਿਆ। ਅਜਿਹਾ ਹੋਣ ਦੇ ਕਈ ਕਾਰਨ ਹਨ, ਜਿਨ੍ਹਾਂ ਦਾ ਹਰ ਹਾਲਤ ਵਿੱਚ ਨਿਪਟਾਰਾ ਕਰਨ ਦੀ ਲੋੜ ਹੈ, ਪਰ ਇਸ ਕਾਰਜ ਲਈ ਕੋਈ ਸੁਹਿਰਦਤਾ ਨਾਲ ਮੈਦਾਨ ਵਿੱਚ ਉੱਤਰਨ ਵਾਸਤੇ ਤਿਆਰ ਨਹੀਂ ਹੋ ਰਿਹਾ। ਇਹ ਕਾਰਜ ਸੌਖਾ ਵੀ ਨਹੀਂ।
      ਅਨਪੜ੍ਹਤਾ ਕਾਰਨ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਲੋਕਤੰਤਰ ਕਿਸ ਬਲਾਅ ਦਾ ਨਾਂਅ ਹੈ ਅਤੇ ਇਹ ਉਨ੍ਹਾਂ ਵਾਸਤੇ ਕੀ ਕਰਨ ਲੱਗ ਪਵੇਗਾ। ਉਹ ਇਹ ਵੀ ਨਹੀਂ ਜਾਣਦੇ ਕਿ ਇਹ ਲੋਕਾਂ ਦੀ, ਲੋਕਾਂ ਦੁਆਰਾ ਲੋਕਾਂ ਵਾਸਤੇ ਅਜਿਹੀ ਰਾਜ ਪ੍ਰਬੰਧ ਪ੍ਰਣਾਲੀ ਹੈ, ਜਿਸ ਦੇ ਉਹ ਸਿੱਧੇ ਤੌਰ 'ਤੇ ਭਾਈਵਾਲ ਵੀ ਹਨ, ਲਾਹੇਵਾਲ ਵੀ। ਇਸ ਦਾ ਪਤਾ ਵਿੱਦਿਆ ਤੋਂ ਵੀ ਲੱਗ ਸਕਦਾ ਹੈ, ਸਮਾਜ ਨੂੰ ਪੜ੍ਹਨ ਨਾਲ ਵੀ।
      ਵਿੱਦਿਆ ਦੀ ਅਣਹੋਂਦ ਕਾਰਨ ਸੂਝ-ਬੂਝ ਪ੍ਰਾਪਤ ਨਹੀਂ ਹੁੰਦੀ, ਜਿਸ ਕਾਰਨ ਸਮੇਂ-ਸਮੇਂ ਦੀਆਂ ਜਾਣਕਾਰੀਆਂ ਦਾ ਪਤਾ ਨਹੀਂ ਲੱਗਦਾ। ਜਾਣਕਾਰੀਆਂ ਅਤੇ ਗਿਆਨ ਬਗ਼ੈਰ ਦੇਸ਼, ਸੂਬੇ ਦਾ ਨਾਗਰਿਕ ਆਮ ਜਿਹੀ ਸਿਆਣਪ ਤੋਂ ਵੀ ਦੂਰ ਰਹਿ ਜਾਂਦਾ ਹੈ, ਜਿਸ ਕਾਰਨ ਉਹ ਸਿਆਸਤ ਦੀਆਂ ਤਾਂ ਕੀ, ਸਮਾਜ ਦੀਆਂ ਬਾਰੀਕੀਆਂ ਵੀ ਨਹੀਂ ਸਮਝ ਸਕਦਾ।
     ਗ਼ਰੀਬੀ ਨੇ ਮੁਲਕ ਮਾਰਿਆ ਪਿਆ ਹੈ, ਕਿਉਂਕਿ ਪੂਰੇ ਮੁਲਕ ਵਿੱਚ ਮੁੱਠੀ ਭਰ ਲੋਕ ਦੌਲਤ ਅਤੇ ਪਦਾਰਥਾਂਅਤੇ ਸਾਧਨਾਂ ਉੱਤੇ ਸਵਾਰ ਹੋਈ ਬੈਠੇ ਹਨ, ਜਿਨ੍ਹਾਂ 'ਤੇ ਕੋਈ ਰੋਕ-ਟੋਕ ਨਹੀਂ। ਕਿਸੇ ਨੂੰ ਝੁੱਗੀ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਕਿਧਰੇ ਵੱਡੇ ਸ਼ਹਿਰ ਦੀ ਬਹੁ-ਮੁੱਲੀ ਜ਼ਮੀਨ 'ਤੇ ਚਾਰ ਜੀਆਂ ਦਾ ਪਰਵਾਰ 300 ਕਮਰਿਆਂ ਦੇ ਘਰ ਵਿੱਚ ਰਹਿ ਰਿਹਾ ਹੈ।
     ਅਜਿਹਾ ਕੁਝ ਇਸ ਲਈ ਹੋ ਰਿਹਾ ਹੈ, ਕਿੳਂਂਕਿ ਹੁਕਮਰਾਨਾਂ ਦੀਆਂ ਨੀਤੀਆਂ ਵਿੱਚ ਅਸਾਵੇਂਪਣ ਨੂੰ ਪੂਰੀ ਪ੍ਰਵਾਨਗੀ ਵੀ ਹੈ ਅਤੇ ਬੇਪਰਵਾਹ ਖੁੱਲ੍ਹ ਵੀ। ਜਿਹੜੇ ਬੇਵੱਸ ਗ਼ਰੀਬ ਆਪਣਾ ਮਕਾਨ ਤੱਕ ਬਣਾਉਣ ਦੇ ਵੀ ਸਮਰੱਥ ਨਹੀਂ, ਉਨ੍ਹਾਂ ਵਾਸਤੇ ਲੋਕਤੰਤਰੀ ਸਰਕਾਰ ਕੋਲ ਕੋਈ ਸਕੀਮ ਨਹੀਂ, ਜਿਸ ਕਰ ਕੇ ਉਨ੍ਹਾਂ ਕੋਲ ਸਬਰ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ।
      ਲੋਕਤੰਤਰ ਦੀ ਪ੍ਰਣਾਲੀ ਬਾਰੇ ਜਾਣਕਾਰੀ ਦੇਣ ਲਈ ਕੋਈ ਪ੍ਰਬੰਧ ਨਹੀਂ, ਜਿੱਥੇ ਗ਼ਰੀਬਾਂ, ਅਨਪੜ੍ਹਾਂ ਅਤੇ ਬੇਸਮਝ ਲੋਕਾਂ ਨੂੰ ਸੂਝ-ਬੂਝ ਪ੍ਰਦਾਨ ਕੀਤੇ ਜਾਣ ਦਾ ਇੰਤਜ਼ਾਮ ਹੋਵੇ। ਇਸ ਸੂਝ-ਬੂਝ ਦੀ ਰੋਸ਼ਨੀ ਕਰਨ ਦੀ ਲਾਜ਼ਮੀ ਜ਼ਰੂਰਤ ਹੈ, ਤਾਂ ਕਿ ਲੋਕਾਂ ਨੂੰ ਲੰਮੀ ਉਡੀਕ ਨਾ ਕਰਨੀ ਪਵੇ, ਜਦ ਅਨੁਭਵ ਦੀ ਪਕਿਆਈ ਹਾਸਲ ਹੋ ਸਕੇ।
      ਅਗਲੀ ਅਲਾਮਤ ਜਾਤ-ਪਾਤ ਹੈ, ਜਿਸ ਨੇ ਲੋਕਾਂ ਨੂੰ ਸਰੀਰਕ ਪੱਖੋਂ ਵੀ ਦੂਰ ਕੀਤਾ ਹੋਇਆ ਹੈ ਅਤੇ ਮਾਨਸਿਕ ਪੱਖੋਂ ਕੰਗਾਲ ਵੀ। ਇੱਥੋਂ ਤੱਕ ਕਿ ਸਮਾਜ ਦੇ ਕੁਝ ਵਰਗਾਂ ਨੂੰ ਧਾਰਮਿਕ ਸਥਾਨਾਂ ਵਿੱਚ ਜਾਣ ਤੋਂ ਵਰਜਿਆ ਜਾ ਰਿਹਾ ਹੈ, ਤਾਂ ਕਿ ਉਹ ਸਥਾਨ ਕਿਤੇ ਅਪਵਿੱਤਰ ਹੀ ਨਾ ਹੋ ਜਾਣ। ਜਿੱਥੇ ਸ਼ਰਧਾਲੂ ਨਹੀਂ ਜਾ ਸਕਦੇ, ਉੱਥੇ ਰੱਬ ਨੇ ਕੀ ਲੈਣ ਆਉਣਾ?
      ਜਾਤ-ਪਾਤ ਦਾ ਕੋਈ ਆਧਾਰ ਵੀ ਨਹੀਂ। ਇੱਕ ਆਦਮੀ ਦੇ ਜ਼ਿਹਨ ਦੀ ਵੰਡ-ਪਾਊ ਅਤੇ ਅਸਾਵੀਂ ਸੋਚ ਨੇ ਸਮੁੱਚੇ ਸਮਾਜ ਨੂੰ ਅਸਮਾਨਤਾ ਦੇ ਰੰਗ ਵਿੱਚ ਅਜਿਹਾ ਰੰਗਿਆ ਕਿ ਸਦੀਆਂ ਬੀਤਣ ਤੋਂ ਬਾਅਦ ਵੀ ਮਨੁੱਖੀ ਬਰਾਬਰੀ ਵਾਸਤੇ ਕੋਈ ਰਾਹ ਨਹੀਂ ਲੱਭਦਾ। ਜਿਹੜੇ ਆਪਣਾ ਰਾਹ ਆਪ ਬਣਾਉਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਨਾਲ ਵੀ ਕੋਈ ਨਹੀਂ ਤੁਰਦਾ।
      ਧਰਮਾਂ ਦਾ ਗਲਬਾ ਭਾਰਤ ਭਰ ਵਿੱਚ ਏਨਾ ਹੈ, ਜਿਵੇਂ ਕਿ ਰੱਬ ਸਿਰਫ਼ ਇਸੇ ਦੇਸ਼ ਵਿੱਚ ਰਹਿੰਦਾ ਹੋਵੇ ਅਤੇ ਉਸ ਦੀ ਜ਼ਰੂਰਤ ਵੀ ਕੇਵਲ ਇੱਥੇ ਦੇ ਲੋਕਾਂ ਨੂੰ ਹੀ ਬਹੁਤੀ ਹੋਵੇ। ਧਰਮਾਂ ਦੇ ਦਖ਼ਲ ਅਤੇ ਭੂਮਿਕਾ ਨੇ ਲੋਕਤੰਤਰ ਨੂੰ ਉਸ ਦੇ ਨਿਰਪੱਖ ਅਤੇ ਨਿਰਮਲ ਰਾਹ ਉੱਤੇ ਤੁਰਨ ਹੀ ਨਹੀਂ ਦਿੱਤਾ। ਧਰਮ ਦੇ ਆਧਾਰ 'ਤੇ ਚੁਣ ਹੋਇਆ ਧਰਮੀਆਂ ਦੀ ਗੱਲ ਹੀ ਕਰੇਗਾ।
      ਜਾਤ-ਪਾਤੀ ਪ੍ਰਣਾਲੀ ਵਾਲਾ ਸਮਾਜ ਅੱਗੇ ਉੱਪ-ਜਾਤਾਂ ਅਤੇ ਗੋਤਾਂ ਵਿੱਚ ਇਸ ਹੱਦ ਤੱਕ ਵੰਡਿਆ ਹੋਇਆ ਹੈ ਕਿ ਲੋਕ ਉਨ੍ਹਾਂ ਦੇ ਦਾਇਰਿਆਂ ਵਿੱਚ ਹੀ ਤੁਰਦੇ ਹਨ, ਉਨ੍ਹਾਂ ਤੋਂ ਬਾਹਰ ਨਿਕਲਣ ਲਈ ਤਿਆਰ ਨਹੀਂ ਹੁੰਦੇ। ਅਜਿਹਾ ਹੋਣ ਨਾਲ ਲੋਕਤੰਤਰ ਦਾ ਅਸਲੀ ਰੰਗ ਪ੍ਰਗਟ ਹੀ ਨਹੀਂ ਹੋਣ ਦਿੱਤਾ ਜਾਂਦਾ। ਫਿਰ ਕਿੱਥੋਂ ਲੱਭੇਗਾ ਲੋਕਤੰਤਰ?
      ਰਾਜਸੀ ਨੇਤਾ ਆਪਣੇ ਸਵਾਰਥਾਂ ਅਤੇ ਮੰਡਿਆਂ-ਪੂੜਿਆਂ ਕਾਰਨ ਇਨ੍ਹਾਂ ਸਾਰੀਆਂ ਅਲਾਮਤਾਂ ਨੂੰ ਵਰਤਦਿਆਂ ਆਪੋ-ਆਪਣੇ ਧੜੇ ਕਾਇਮ ਕਰ ਲੈਂਦੇ ਹਨ, ਜਿਨ੍ਹਾਂ ਦੇ ਆਸਰੇ ਵਰ੍ਹਿਆਂ-ਵਰ੍ਹਿਆਂ ਤੱਕ ਖੱਟਦੇ ਰਹਿੰਦੇ ਹਨ ਅਤੇ ਮਾਰ ਨਹੀਂ ਖਾਂਦੇ। ਹਾਂ, ਉਹ ਤਾਂ ਤਰ ਜਾਂਦੇ ਹਨ, ਪਰ ਲੋਕਤੰਤਰ ਗੋਤੇ ਖਾਣ ਬਿਨਾਂ ਨਹੀਂ ਰਹਿੰਦਾ।
     ਲੋਕਾਂ 'ਚੋਂ ਉੱਠੇ ਲੋਕਾਂ ਦੇ ਪ੍ਰਤੀਨਿਧਾਂ ਨੂੰ ਚਾਹੀਦਾ ਹੈ ਕਿ ਉਹ ਹੋਰ ਅਲਾਮਤਾਂ, ਬੁਰਾਈਆਂ ਅਤੇ ਊਣਤਾਈਆਂ ਤੋਂ ਬਿਨਾਂ ਪਹਿਲਾਂ ਉੱਪਰ ਬਿਆਨੀਆਂ ਅਲਾਮਤਾਂ ਨੂੰ ਦੂਰ ਕਰਨ ਦਾ ਉਪਰਾਲਾ ਕਰਨ ਤਾਂ ਲੋਕਤੰਤਰ ਵਿੱਚ ਲੋਕ ਉਨ੍ਹਾਂ ਦੇ ਮਗਰ ਲੱਗ ਕੇ ਤੁਰ ਪੈਣਗੇ, ਜਿਸ ਕਾਰਨ ਲੋਕਤੰਤਰ ਅਲਾਮਤਾਂ ਤੋਂ ਮੁਕਤੀ ਦੇ ਰਾਹ ਪਵੇਗਾ।
     ਭ੍ਰਿਸ਼ਟਾਚਾਰ ਅਜਿਹੀ ਅਲਾਮਤ ਹੈ, ਜਿਸ ਤੋਂ ਤਾਂ ਰੱਬ ਨੂੰ ਵੀ ਨਹੀਂ ਬਖਸ਼ਿਆ ਗਿਆ। ਉਸ ਵਾਸਤੇ ਧਰਮ ਸਥਾਨਾਂ 'ਤੇ ਮਾਇਆ ਚੜ੍ਹਾਈ ਜਾਂਦੀ ਹੈ, ਗਹਿਣੇ ਚੜ੍ਹਾਏ ਜਾਂਦੇ ਹਨ, ਤਾਂ ਜੁ ਉਸ ਦੇ ਇਵਜ਼ ਵਿੱਚ ਕੁਝ ਹਾਸਲ ਕੀਤਾ ਜਾ ਸਕੇ। ਚੋਰਾਂ ਨੂੰ ਮੋਰ ਕਹਿਣ ਵਾਂਗ ਚੋਰਾਂ ਨੂੰ ਧਰਮ ਅਸਥਾਨਾਂ ਵਿੱਚ ਵੀ ਚੋਰੀ ਕਰਨ ਤੋਂ ਡਰ ਨਹੀਂ ਲੱਗਦਾ, ਹੱਦ ਪਾਰ ਕਰਨ ਤੋਂ ਨਹੀਂ ਡਰਦੇ।
ਇੱਕੀਵੀਂ ਸਦੀ ਵਿੱਚ ਸਭ ਖੇਤਰਾਂ ਨੇ ਤਰੱਕੀ ਕੀਤੀ ਹੈ, ਜਿਸ ਕਾਰਨ ਭਾਰਤ ਦੇ ਹੁਕਮਰਾਨਾਂ ਨੂੰ ਵੀ ਜਾਗਣ ਦੀ ਲੋੜ ਹੈ ਅਤੇ ਲੋਕਾਂ ਨੂੰ ਵੀ। ਹੱਕਦਾਰਾਂ ਨੂੰ ਹੱਕ ਮਿਲਣ, ਦਿੱਤੇ ਜਾਣ, ਪਰ ਨਾ-ਹੱਕਿਆਂ ਨੂੰ ਬੇਲੋੜੀਆਂ ਰਿਆਇਤਾਂ ਦੇਣ ਨਾਲ ਹੱਕਦਾਰਾਂ ਦੇ ਮਨਾਂ ਵਿੱਚ ਰੋਹ ਪੈਦਾ ਹੋਣਾ ਕੁਦਰਤੀ ਗੱਲ ਹੈ, ਜੋ ਨਹੀਂ ਦੇਣੀਆਂ ਚਾਹੀਦੀਆਂ।
     ਹਾਂ, ਸਰਕਾਰ ਦਾ ਏਨਾ ਫ਼ਰਜ਼ ਜ਼ਰੂਰ ਹੈ ਕਿ ਉਹ ਸਮਾਜ ਦੇ ਹਰ ਵਰਗ ਦਾ ਖ਼ਿਆਲ ਕਰੇ ਅਤੇ ਸੰਤੁਸ਼ਟ ਕਰਨ ਦਾ ਹਰ ਹੀਲਾ ਕਰਨ ਦਾ ਉਪਰਾਲਾ ਕਰੇ, ਤਾਂ ਕਿ ਕਿਸੇ ਦੇ ਜ਼ਿਹਨ ਵਿੱਚ ਵੀ ਸਰਕਾਰ ਪ੍ਰਤੀ ਰੋਹ ਨਾ ਜਾਗੇ, ਜੋ ਬਾਅਦ 'ਚ ਵਿਦਰੋਹ ਬਣ ਜਾਵੇ। ਇਸ ਤਰ੍ਹਾਂ ਦੇ ਜਤਨਾਂ ਨਾਲ ਹੀ ਲੋਕਤੰਤਰ ਅਲਾਮਤਾਂ ਤੋਂ ਬਚੇਗਾ।

ਲਤੀਫ਼ੇ ਦਾ ਚਿਹਰਾ-ਮੋਹਰਾ
ਵਿਗਿਆਨੀਆਂ ਅਤੇ ਤਕਨਾਲੋਜੀ ਵਾਲਿਆਂ ਨੇ ਮਿਹਨਤ ਤੇ ਦਿਮਾਗ਼ ਵਰਤ ਕੇ ਕੰਪਿਊਟਰ ਈਜਾਦ ਕੀਤਾ, ਪਰ ਭਾਰਤ ਦੇ ਜੋਤਸ਼ੀਆਂ ਨੇ ਅਣਵਿਗਿਆਨਕ ਕਮਾਲ ਕੀਤੀ ਕਿ ਉਸ ਨੂੰ ਵੀ ਟੇਵੇ ਅਤੇ ਕੁੰਡਲੀਆਂ ਬਣਾਉਣੀਆਂ ਸਿਖਾ ਦਿੱਤੀਆਂ।

ਸੰਪਰਕ : 98141-13338

19 Sep 2018