ਧੀਆਂ ਦੀ ਵੇਦਨ - ਸਵਰਾਜਬੀਰ

ਪਿਛਲੇ ਦਿਨੀਂ ਅਖ਼ਬਾਰਾਂ ਵਿਚ ਦਿਲ ਦਹਿਲਾ ਦੇਣ ਵਾਲੀ ਖ਼ਬਰ ਛਪੀ ਕਿ ਇਕ ਨਾਨੀ ਨੇ ਆਪਣੀਆਂ ਨਵਜੰਮੀਆਂ ਜੌੜੀਆਂ ਦੋਹਤੀਆਂ ਨੂੰ ਜਿਊਂਦੇ-ਜੀਅ ਨਹਿਰ ਵਿਚ ਸੁੱਟ ਦਿੱਤਾ। ਇਸ ਜੁਰਮ ਵਿਚ ਕੁੜੀਆਂ ਦਾ ਮਾਮਾ ਵੀ ਸ਼ਾਮਲ ਸੀ। ਪੰਜਾਬੀਆਂ ਨੂੰ ਆਪਣੇ ਇਤਿਹਾਸ 'ਤੇ ਬੜਾ ਮਾਣ ਹੈ। ਇਹ ਇਤਿਹਾਸ ਹਮਲਾਵਰਾਂ ਤੇ ਜਾਬਰਾਂ ਨਾਲ ਲੋਹਾ ਲੈਣ ਦਾ ਇਤਿਹਾਸ ਹੈ। ਪੰਜਾਬੀਆਂ ਨੂੰ ਆਪਣੇ ਆਪ 'ਤੇ ਵੀ ਬੜਾ ਮਾਣ ਹੈ, ਮਾਣ ਵੀ ਤੇ ਅਭਿਮਾਨ ਵੀ। ਇਸ ਮਾਣ-ਅਭਿਮਾਨ ਨੂੰ ਸਿਰਜਣ ਵਿਚ ਵੱਡਾ ਹਿੱਸਾ ਪੰਜਾਬੀ ਮਰਦ ਦਾ ਹੈ, ਔਰਤ ਦਾ ਵੀ ਹੈ, ਪਰ ਘੱਟ ਅਤੇ ਗੌਣ। ਇਹ ਤਾਣੀਆਂ ਬੁਣਦਿਆਂ-ਬੁਣਦਿਆਂ ਪੰਜਾਬ ਦੇ ਮਰਦ-ਪ੍ਰਧਾਨ ਸਮਾਜ ਨੇ ਘੁੱਪ ਹਨੇਰਾ ਵੀ ਸਿਰਜਿਆ ਹੈ, ਬੁਣਿਆ ਹੈ: ਇਸ ਵਿਸ਼ਵਾਸ ਨੂੰ ਸੱਚ ਵਰਗਾ ਬਣਾਉਣ ਦਾ ਹਨੇਰਾ ਕਿ ਔਰਤ ਤਾਂ ਹੀ ਸਮਾਜਿਕ ਸਨਮਾਨ ਦੀ ਅਧਿਕਾਰੀ ਹੈ, ਜੇ ਉਹ ਪੁੱਤਰ ਜਣੇ। ਉਹ ਤਾਂ ਹੀ ਪੂਰਨ ਔਰਤ ਹੈ, ਜੇ ਪੁੱਤ ਜੰਮੇ।
ਲੋਕ ਗੀਤਾਂ ਵਿਚ ਪੁੱਤਰ ਤੇ ਵੀਰ ਮੰਗਣ ਵਾਲੇ ਗੀਤਾਂ ਦੀ ਭਰਮਾਰ ਹੈ। ਪੁੱਤਰ ਜੰਮਣ ਵਾਲੀਆਂ ਮਾਵਾਂ ਦੇ ਸੋਹਲੇ ਗਾਏ ਜਾਂਦੇ ਨੇ ਤੇ ਗਾਉਂਦੀਆਂ ਵੀ ਔਰਤਾਂ ਹਨ, 'ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ', 'ਪੁੱਤਰਾਂ ਬਾਝ ਨਾ ਸੋਂਹਦੀਆਂ ਮਾਵਾਂ ਭਾਵੇਂ ਲੱਖ ਦੌਲਤਾਂ ਭਰੀਆਂ ਹੋਣ', 'ਉਸਰੀ ਏ ਕੋਠੀ ਚੂਨੇਦਾਰ ਪੁੱਤਰਾਂ ਬਾਝੋਂ ਨਹੀਂ ਸਜਦੀ', 'ਇਕ ਲੱਖ ਦੇਵਾਂ, ਦੇਵਾਂ ਲੱਖ ਚਾਰ, ਪੁੱਤਰ ਲਿਆ ਕਿ ਕਿਸੇ ਹੱਟ ਤੋਂ, ਗੋਰੀਏ ਇਕ ਲੱਖ ਦੇ, ਭਾਵੇਂ ਦੇ ਲੱਖ ਚਾਰ, ਕਰਮਾਂ ਬਾਝੋਂ ਪੁੱਤਰ ਨਹੀਂ ਲੱਭਦੇ', 'ਦੁੱਧ ਪੁੱਤ ਤੇ ਖਸਮ ਘਰ ਤੇਰੇ, ਤੂੰ ਰੱਬ ਕੋਲੋਂ ਕੀ ਮੰਗਦੀ' ਤੇ 'ਇਕ ਵੀਰ ਦੇਈਂ ਵੇ ਰੱਬਾ', 'ਭੈਣਾਂ ਰੋਂਦੀਆਂ ਪਛੋਕੜ ਖੜ੍ਹ ਕੇ ਜਿਨ੍ਹਾਂ ਦੇ ਘਰ ਵੀਰ ਨਹੀਂ', 'ਪੁੱਤਰਾਂ ਦੀਆਂ ਮਾਵਾਂ ਦੇ ਵੱਡੇ ਵੱਡੇ ਮਾਣ, ਮੈਂ ਵੇ ਕਿਸੇ ਦੀ ਕੀ ਲੱਗਦੀ?' ਤੇ ਹੋਰ ਬਹੁਤ ਸਾਰੇ। ਸਾਰੀਆਂ ਲੋਰੀਆਂ ਪੁੱਤਾਂ ਤੇ ਵੀਰਾਂ ਲਈ ਹਨ - 'ਲੋਰੀ ਮਲੋਰੀ, ਦੁੱਧ ਦੀ ਕਟੋਰੀ, ਪੀ ਲੈ ਨਿੱਕਿਆ ਲੋਕਾਂ ਤੋਂ ਚੋਰੀ', 'ਸੌਂ ਜਾ ਰਾਜਾ, ਸੌਂ ਜਾ ਵੇ', 'ਲੋਰੀ ਲਾਲ ਨੂੰ ਦੇਵਾਂ', 'ਕਾਕੜਾ ਖਿਡਾਨੀ ਆਂ, ਚਾਰ ਬੂਟੇ ਪਾਨੀ ਆਂ', 'ਉੱਡ ਨੀ ਚਿੜੀਏ ਉੱਡ ਵੇ ਕਾਵਾਂ, ਮੇਰੀ ਬੱਚੀ ਖੇਡੇ ਨਾਲ ਭਰਾਵਾਂ', 'ਵੀਰੇ ਦੇ ਘਰ ਹੋਇਆ ਪੁੱਤਰ...' ਹਜ਼ਾਰਾਂ ਲੋਰੀਆਂ ਨੇ। ਧੀ ਦੇ ਨਾਂ ਸ਼ਾਇਦ ਕੋਈ ਇਕ-ਅੱਧੀ ਹੀ ਆਉਂਦੀ ਹੈ (ਸੁਣ ਨੀ ਬੱਚੀ ਲੋਰੀ, ਤੈਨੂੰ ਦਿਆਂ ਗੰਨੇ ਦੀ ਪੋਰੀ)। ਪੂਰਾ ਸੰਸਾਰ ਪੁੱਤਰ ਨਾਲ ਬਣਦਾ ਹੈ 'ਅੱਲ੍ਹੜ ਬੱਲੜ੍ਹ ਬਾਵੇ ਦਾ ਬਾਵਾ ਕਣਕ ਲਿਆਵੇਗਾ, ਬਾਵੀ ਮੰਨ ਪਕਾਏਗੀ ਬਾਵਾ ਬੈਠਾ ਖਾਏਗਾ'। ਇਨ੍ਹਾਂ ਦਾ ਕੋਈ ਅੰਤ ਨਹੀਂ। 'ਛਾਤੀ ਤੇਰੀ ਪੁੱਤ ਮੰਗਦੀ, ਤੇਰੇ ਪੱਟ ਮੰਗਣ ਮੁਕਲਾਵਾ' ਵਰਗਾ ਲੋਕ ਬੋਲ ਔਰਤ ਦੀ ਇੰਦਰਆਈ ਤਾਂਘ ਨੂੰ ਏਨੀ ਮਾਰਮਿਕਤਾ ਨਾਲ ਕਹਿੰਦਾ ਹੋਇਆ ਵੀ ਉਹਦੀ ਪੂਰਨਤਾ ਪੁੱਤਾਂ ਨਾਲ ਹੀ ਕਰਦਾ ਏ। ਹੋ ਸਕਦਾ ਹੈ ਜੰਗਾਂ ਨਾਲ ਜੂਝਦੇ ਪੰਜਾਬ ਵਿਚ ਪੁੱਤਰਾਂ ਦੀ ਲੋੜ ਰਹੀ ਵੀ ਜ਼ਿਆਦਾ ਹੋਵੇ ਤੇ ਮਹਿਸੂਸ ਵੀ ਜ਼ਿਆਦਾ ਤੀਬਰਤਾ ਨਾਲ ਕੀਤੀ ਗਈ ਹੋਵੇ। ਇਸ ਸਭ ਕੁਝ ਦਾ ਨਤੀਜਾ ਪੁੱਤਰ ਮਹਿਮਾ ਵਿਚ ਨਿਕਲਦਾ ਹੈ।
         ਇਹ ਸਮਾਜਿਕ ਅਤੇ ਸੱਭਿਆਚਾਰਕ ਦਬਾਓ ਹੈ ਜਿਸ ਨੇ ਇਸ ਸੋਚ, ਕਿ ਪੁੱਤਰ ਬਿਨਾ ਔਰਤ ਅਧੂਰੀ ਹੈ, ਨੂੰ ਪੰਜਾਬੀ ਔਰਤ ਦੀਆਂ ਤੜਫ਼ਦੀਆਂ ਆਂਦਰਾਂ 'ਚੋਂ ਉੱਠਦੀ ਆਵਾਜ਼ ਬਣਾ ਦਿੱਤਾ ਹੈ। ਇਹ ਸੋਚ ਉਹਦੀ ਹੋਂਦ ਦਾ ਹਿੱਸਾ ਬਣ ਗਈ ਹੈ। ਕਈ ਵਿਦਵਾਨਾਂ ਅਨੁਸਾਰ ਪੰਜਾਬੀ ਔਰਤਾਂ ਦੇ ਮਨ ਵਿਚ ਮਰਦ ਬੱਚਾ ਜਨਮ ਦੀ ਖਾਹਿਸ਼ ਤੱਤਮੂਲਕ (Elemental) ਹੈ ਜਾਂ ਤੱਤਮੂਲਕ ਬਣ ਗਈ ਹੈ, ਇਹ ਧਾਰਨਾ ਗ਼ਲਤ ਹੈ। ਇਸ ਨੂੰ ਤੱਤਮੂਲਕ ਬਣਾ ਕੇ ਪੇਸ਼ ਕਰਨ ਦਾ ਸਿਹਰਾ ਸਾਡੇ ਸਮਾਜ ਵਿਚ ਸਦੀਆਂ ਤੋਂ ਪ੍ਰਚਲਿਤ ਮਰਦ-ਪ੍ਰਧਾਨ ਸਮਾਜ ਅਤੇ ਮਰਦ-ਪ੍ਰਧਾਨ ਸੋਚ ਨੂੰ ਜਾਂਦਾ ਹੈ।

ਮਿਥਿਹਾਸ ਵਿਚ ਪੁੱਤ ਨਾਮ ਦੇ ਇਕ ਨਰਕ ਦਾ ਜ਼ਿਕਰ ਆਉਂਦਾ ਹੈ ਜਿਸ ਵਿਚ ਬੇਔਲਾਦ ਮਨੁੱਖਾਂ ਨੂੰ ਮਰਨ ਪਿੱਛੋਂ ਤਸੀਹੇ ਦਿੱਤੇ ਜਾਂਦੇ ਹਨ। ਪੁੱਤਰ ਨਰਕ ਰੱਖਿਅਕ ਹੈ। ਪੁੱਤਰ ਦੇ ਜਨਮ ਨਾਲ ਮਾਂ-ਪਿਓ ਦਾ ਉਧਾਰ ਹੁੰਦਾ ਹੈ। ਪਿਤਰੀ (ਮਰਦ-ਪ੍ਰਧਾਨ) ਸਮਾਜ ਵਿਚ ਸਭ ਕੁਝ ਮਰਦ ਦੇ ਇਰਦ-ਗਿਰਦ ਹੀ ਘੁੰਮਦਾ ਹੈ। ਅਜਿਹੇ ਸਮਾਜ ਵਿਚ ਧੀ ਪ੍ਰਤੀ ਘ੍ਰਿਣਾ ਵੀ ਜਨਮ ਲੈਂਦੀ ਹੈ। ਧੀ ਦਾ ਜੰਮਣਾ ਅਸ਼ੁਭ ਸਮਝਿਆ ਜਾਣ ਲੱਗਦਾ ਹੈ। ਕੁੜੀਮਾਰ ਘਰਾਣੇ ਹੋਂਦ ਵਿਚ ਆਉਂਦੇ ਹਨ। ਕੁਝ ਦੋਸ਼ ਬਾਹਰ ਤੋਂ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਦਿੱਤਾ ਜਾਂਦਾ ਹੈ ਕਿ ਉਹ ਧੀਆਂ, ਭੈਣਾਂ ਅਤੇ ਘਰਵਾਲੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ। ਧੀ ਭੈਣ ਅਣਖ ਦੀ ਪ੍ਰਤੀਕ ਬਣਦੀ ਹੈ। ਉਸ ਦੀ ਰੱਖਿਆ ਲਈ ਪੁੱਤਰ ਦੀ ਜ਼ਰੂਰਤ ਹੈ। ਵੰਸ਼ ਦਾ ਨਾਂ ਚੱਲਦਾ ਰੱਖਣ ਲਈ ਪੁੱਤਰ ਦੀ ਜ਼ਰੂਰਤ ਹੈ। ਜ਼ਮੀਨ ਜਾਇਦਾਦ ਆਪਣੇ ਘਰ ਵਿਚ ਰਹੇ, ਉਸ ਲਈ ਪੁੱਤਰਾਂ ਦੀ ਜ਼ਰੂਰਤ ਹੈ।
ਵਿਦਵਾਨਾਂ ਦਾ ਮੱਤ ਹੈ ਕਿ ਸੰਸਾਰ ਵਿਚ ਪਹਿਲੇ ਸਮਾਜ ਮਾਤਾ-ਪ੍ਰਧਾਨ ਸਨ। ਇਹ ਕਿਆਸ ਕੀਤਾ ਜਾਂਦਾ ਹੈ ਕਿ ਸਾਡੇ ਸਮਾਜ ਵੀ ਸ਼ਾਇਦ ਪਹਿਲਾਂ ਪਹਿਲਾਂ ਮਾਤਾ-ਪ੍ਰਧਾਨ ਸਮਾਜ ਹੀ ਸਨ। ਦਲੀਲ ਦਿੱਤੀ ਜਾਂਦੀ ਹੈ ਜਦ ਪਿਤਾ-ਪ੍ਰਧਾਨ ਜਾਂ ਪਿਤਰੀ ਸਮਾਜ ਮਾਤਾ-ਪ੍ਰਧਾਨ ਸਮਾਜਾਂ ਤੋਂ ਵਿਕਸਿਤ ਹੁੰਦਾ ਹੈ ਤਾਂ ਇਸ ਵਿਕਾਸ ਵਿਚ ਔਰਤ ਨੂੰ ਦਬਾਇਆ ਜਾਂਦਾ ਹੈ, ਜਦ ਪਿਤਰੀ (ਮਰਦ-ਪ੍ਰਧਾਨ) ਸਮਾਜ ਮਾਤਾ-ਪ੍ਰਧਾਨ ਸਮਾਜ ਨੂੰ ਪਲਟਦੇ ਨੇ ਤਾਂ ਬੜੀ ਕਰੂਰਤਾ ਨਾਲ ਪਲਟਦੇ ਨੇ। ਔਰਤ ਘ੍ਰਿਣਾ ਦਾ ਪਾਤਰ ਬਣਦੀ ਹੈ, ਸਾਰੇ ਦੋਸ਼ ਉਸ ਵਿਚ ਹਨ। ਮਰਦ ਗੁਣਾਂ ਦੀ ਗੁਥਲੀ 'ਬਣ' ਜਾਂਦਾ ਹੈ।
ਨਤੀਜਾ ਇਹ ਨਿਕਲਦਾ ਹੈ ਕਿ ਪੁੱਤਰ ਦਾ ਜੰਮਣਾ ਸ਼ੁਭ ਹੋ ਜਾਂਦਾ ਹੈ, ਧੀ ਦਾ ਜੰਮਣਾ ਅਸ਼ੁਭ। ਧੀ ਨੂੰ ਪੱਥਰ ਕਿਹਾ ਜਾਂਦਾ ਹੈ। ਜੋ ਔਰਤ ਪੁੱਤਰ ਨਹੀਂ ਜੰਮਦੀ, ਉਸ ਨੂੰ ਅਸ਼ੁਭ ਸਮਝਿਆ ਜਾਂਦਾ ਹੈ। ਸਾਰੀ ਲੋਕ ਸਮਝ, ਲੋਕ ਗੀਤ ਤੇ ਸਮਾਜਿਕਤਾ ਏਸੇ ਅਨੁਸਾਰ ਉਸਰਦੇ ਹਨ। ਪੁੱਤਰ ਦੇ ਜੰਮਣ 'ਤੇ ਢੋਲ ਵੱਜਦੇ ਤੇ ਭੰਗੜੇ ਪੈਂਦੇ ਹਨ, ਦਾਦੀ-ਦਾਦੇ ਦੀ ਖ਼ੁਸ਼ੀ ਸੰਭਾਲਿਆਂ ਨਹੀਂ ਸੰਭਲਦੀ। ਧੀ ਦੇ ਜੰਮਣ 'ਤੇ ਮਾਂ-ਪਿਓ, ਦਾਦੀ-ਦਾਦਾ ਸਿਰ ਫੜ ਲੈਂਦੇ ਹਨ।
ਇਸ ਦਾ ਵਰਤਾਰਾ ਜ਼ਿਆਦਾ ਕਰਕੇ ਅਵਚੇਤਨ ਦੀ ਪੱਧਰ 'ਤੇ ਵਾਪਰਦਾ ਹੈ। ਉਦਾਹਰਨ ਦੇ ਤੌਰ 'ਤੇ ਪੰਜਾਬੀ ਸਮਾਜ ਵਿਚ ਪ੍ਰਚਲਿਤ ਸਮਾਜਿਕ ਸੂਝ-ਸਮਝ ਅਨੁਸਾਰ ਆਮ ਬੰਦੇ ਦੇ ਵਿਚਾਰ ਇਸ ਤਰ੍ਹਾਂ ਦੇ ਬਣਦੇ ਹਨ : ਇਹ ਦੁਨੀਆ ਭਰਮ ਛਲਾਵਾ ਹੈ, ਮਾਇਆ ਹੈ, ਸਰੀਰ ਮਰ ਜਾਂਦਾ ਹੈ, ਆਤਮਾ ਨਹੀਂ, ਇਸ ਦੁਨੀਆ ਦਾ ਭਵਸਾਗਰ ਪਾਰ ਕਰਨ ਲਈ ਪੁੱਤਰ ਦੀ ਜ਼ਰੂਰਤ ਹੈ, ਪੁੱਤਰ ਬਿਨਾਂ ਸਮਾਜ ਵਿਚ ਕੋਈ ਇੱਜ਼ਤ ਨਹੀਂ, ਪੁੱਤਰ ਨਾਲ ਹੀ ਕੁਲ ਤੁਰਦੀ ਤੇ ਬੰਦੇ ਦੀ ਦੁਨੀਆ ਵਿਚ ਜੜ੍ਹ ਲੱਗਦੀ ਹੈ, ਪੁੱਤਰ ਬਿਨਾਂ ਨਾ ਮਾਂ ਦੀ ਕੋਈ ਹੋਂਦ ਹੈ ਨਾ ਪਿਉ ਦੀ। ਅਸੀਂ ਅਵੇਸਲੇ ਰਹਿ ਜਾਂਦੇ ਹਾਂ ਕਿ ਇਹ ਵਿਚਾਰਧਾਰਾ ਉਸ ਮਰਦ-ਪ੍ਰਧਾਨ (ਪਿਤਰੀ) ਵਿਚਾਰਧਾਰਾ ਦਾ ਹਿੱਸਾ ਹੈ ਜੋ ਸਾਨੂੰ ਦਮਨਕਾਰੀ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਰਿਸ਼ਤਿਆਂ ਵਿਚ ਦਬਾ ਕੇ ਰੱਖਦੀ ਹੈ। ਅਸੀਂ ਇਸ ਵਿਚਾਰਧਾਰਾ ਨੂੰ ਸੁੱਤੇ-ਸਿੱਧ ਸਵੀਕਾਰ ਕਰ ਲੈਂਦੇ ਹਾਂ ਅਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਸੱਚ ਸਮਝਣ ਲੱਗਦੇ ਹਾਂ। ਸਮਾਜਿਕ ਦਬਾਓ ਏਨਾ ਹੈ ਕਿ ਕਈ ਵਾਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੀ ਇਹ ਸੋਚ ਠੀਕ ਨਹੀਂ, ਪਰ ਇਸ ਵਿਸ਼ਵਾਸ ਦੀਆਂ ਜੜ੍ਹਾਂ ਮਨ ਵਿਚ ਏਨੀਆਂ ਡੂੰਘੀਆਂ ਲੱਗ ਚੁੱਕੀਆਂ ਹੁੰਦੀਆਂ ਹਨ ਕਿ ਅਸੀਂ ਲੱਖ ਯਤਨ ਕਰਕੇ ਵੀ ਇਸ ਨੂੰ ਆਪਣੇ ਮਨ 'ਚੋਂ ਕੱਢ ਨਹੀਂ ਸਕਦੇ। ਸਮਾਜ ਉੱਤੇ ਗਾਲਬ ਸੋਚ (ਵਿਚਾਰਧਾਰਾ) ਦੁਆਰਾ ਸਿਰਜਿਆ ਸੱਚ ਸਾਡੀ ਜ਼ਿੰਦਗੀ ਦਾ ਸੱਚ ਬਣ ਜਾਂਦਾ ਹੈ।
       ਅਲਤਿਊਸਰ ਅਨੁਸਾਰ ਵਿਚਾਰ ਕੀਤਾ ਜਾਵੇ ਤਾਂ ਮਰਦ-ਪ੍ਰਧਾਨ (ਪਿਤਰੀ) ਵਿਚਾਰਧਾਰਾ, ਵਿਚਾਰਧਾਰਕ ਸੱਤਾ ਸੰਸਥਾਵਾਂ-ਪਰਿਵਾਰਾਂ, ਧਾਰਮਿਕ ਅਸਥਾਨਾਂ, ਵਿਦਿਅਕ ਅਦਾਰਿਆਂ, ਮੀਡੀਆ ਆਦਿ ਰਾਹੀਂ ਕਾਇਮ ਰੱਖੀ ਜਾਂਦੀ ਹੈ। ਇਸ ਵਿਚ ਮੁੱਖ ਹਿੱਸਾ ਪਰਿਵਾਰ ਤੇ ਧਾਰਮਿਕ ਸੱਤਾ ਸੰਸਥਾਵਾਂ ਦਾ ਹੈ। ਪਰਿਵਾਰ ਤੇ ਧਾਰਮਿਕ ਸੱਤਾ ਸੰਸਥਾਵਾਂ ਵਿਚਾਰਧਾਰਾ/ਸਮਾਜਿਕ ਸੂਝ-ਬੂਝ ਦਾ ਉਹ ਮੱਕੜਜਾਲ ਬੁਣਦੀਆਂ ਹਨ ਜਿਨ੍ਹਾਂ ਵਿਚ ਜਕੜੇ ਹੋਏ ਮਰਦ ਤੇ ਔਰਤ ਦੋਵੇਂ ਇਹ ਵਿਚਾਰ ਆਤਮਸਾਤ ਕਰ ਲੈਂਦੇ ਹਨ ਕਿ ਪੁੱਤਰ ਬਿਨਾਂ ਗਤੀ ਨਹੀਂ ਹੋਣੀ। ਇਹ ਵਿਚਾਰ ਉਨ੍ਹਾਂ ਦੇ ਮਨਾਂ ਵਿਚ ਏਨਾ ਡੂੰਘਾ ਧਸ ਜਾਂਦਾ ਹੈ ਕਿ ਲਗਭਗ ਤੱਤਮੂਲਕ (Elemental) ਲੱਗਣ ਲੱਗ ਪੈਂਦਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਵਿਚਾਰ ਇਕ ਖ਼ਾਸ ਤਰ੍ਹਾਂ ਦੀ ਸਮਾਜਿਕ ਅਤੇ ਭੌਤਿਕ ਬਿਸਾਤ (ਲੜਾਈਆਂ ਵਿਚ ਮਰਦਾਂ ਦੀ ਭੂਮਿਕਾ, ਪਰਿਵਾਰ ਦੀ ਰੱਖਿਆ, ਮਰਦਾਂ ਦੀ ਜ਼ਿੰਮੇਵਾਰੀ ਹੋਣਾ, ਬਾਅਦ ਵਿਚ ਖੇਤੀ ਪ੍ਰਧਾਨ ਸਮਾਜ ਵਿਚ ਮਰਦਾਂ ਦੀ ਭੂਮਿਕਾ) 'ਤੇ ਉਸਰਿਆ ਹੋਇਆ ਹੈ। ਬਾਅਦ ਵਿਚ ਇਹ ਵਿਚਾਰ ਉਸ ਬਿਸਾਤ ਤੋਂ ਵੱਖਰਾ ਹੋ ਕੇ ਸਾਡੇ ਮਨਾਂ 'ਤੇ ਏਦਾਂ ਪ੍ਰਭਾਵ ਪਾਉਂਦਾ ਹੈ ਕਿ ਇਹ ਇਕ ਆਜ਼ਾਦ ਹੋਂਦ ਵਾਲਾ ਵਿਚਾਰ ਹੈ, ਸਦੀਵੀ ਸੱਚ ਹੈ।
ਪ੍ਰਸ਼ਨ ਇਹ ਹੈ ਕਿ ਜੇ ਇਹ ਵਿਚਾਰ ਸੁੱਤੇ-ਸਿੱਧ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਇਸ ਦੇ ਵਿਰੁੱਧ ਸੰਘਰਸ਼ ਕਿਵੇਂ ਹੋ ਸਕਦਾ ਹੈ? ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਵਿਚਾਰਧਾਰਾ (ਸਮਾਜਿਕ ਸੂਝ-ਬੂਝ) ਦਾ ਵਿਕਾਸ ਤੇ ਉਸ ਨੂੰ ਕਾਇਮ ਰੱਖੇ ਜਾਣ ਦਾ ਅਮਲ ਵਿਚਾਰਧਾਰਕ ਸੱਤਾ ਸੰਸਥਾਵਾਂ (ਪਰਿਵਾਰ, ਧਾਰਮਿਕ ਅਸਥਾਨ, ਮੀਡੀਆ, ਵਿੱਦਿਅਕ ਅਦਾਰੇ) ਵਿਚ ਹੁੰਦਾ ਹੈ ਤਾਂ ਉਸ ਵਿਰੁੱਧ ਸੰਘਰਸ਼ ਵੀ ਇਨ੍ਹਾਂ ਸੰਸਥਾਵਾਂ ਵਿਚ ਹੀ ਹੁੰਦਾ ਹੈ। ਇਹ ਸੋਚ ਸਿਰਫ਼ ਆਧੁਨਿਕ ਕਹੀ ਜਾਂਦੀ ਵਿੱਦਿਆ ਦੇ ਪਸਾਰ ਰਾਹੀਂ ਆਪਣੇ ਆਪ ਖ਼ਤਮ ਨਹੀਂ ਹੋਣੀ। ਪੰਜਾਬ ਦੇ ਮਰਦਾਂ ਤੇ ਔਰਤਾਂ ਨੂੰ ਇਸ ਦਮਨਕਾਰੀ ਸੋਚ ਵਿਰੁੱਧ ਸੁਚੇਤ ਜੱਦੋਜਹਿਦ ਕਰਨੀ ਪੈਣੀ ਹੈ। ਔਰਤਾਂ ਦੀ ਬਰਾਬਰੀ ਦੇ ਸੰਕਲਪ ਪ੍ਰਤੀ ਚੇਤਨਾ ਪੈਦਾ ਕਰਨੀ ਇਕ ਵੱਡੀ ਚੁਣੌਤੀ ਹੈ। ਇਹ ਤਾਂ ਹੀ ਸੰਭਵ ਹੈ ਜੇ ਪੰਜਾਬ ਦੀਆਂ ਔਰਤਾਂ ਤੇ ਮਰਦਾਂ ਦੇ ਮਨ ਇਸ ਬਾਰੇ ਚਿੰਤਤ ਹੋਣ ਅਤੇ ਇਸ ਵਰਤਾਰੇ ਦੇ ਅਮਾਨਵੀ ਪਹਿਲੂਆਂ ਨੂੰ ਪਛਾਣ ਕੇ ਇਸ ਸੋਚ ਨੂੰ ਆਪਣੇ ਮਨਾਂ ਵਿਚੋਂ ਉਖਾੜ ਕੇ ਸੁੱਟਣ ਲਈ ਜੱਦੋਜਹਿਦ ਕਰਨ। ਪੰਜਾਬ ਦੀਆਂ ਧੀਆਂ ਨੂੰ ਇਸ ਲੜਾਈ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣੀ ਪੈਣੀ ਹੈ। ਜੇ ਪੰਜਾਬੀ ਸਮਾਜ ਨੇ ਸੱਚਮੁੱਚ ਗੁਰਾਂ ਦੇ ਨਾਂ 'ਤੇ ਜਿਊਂਦਾ ਪੰਜਾਬ ਬਣਨਾ ਹੈ ਤਾਂ ਸਾਨੂੰ ਸਾਰਿਆਂ ਨੂੰ ਇਸ ਸੰਘਰਸ਼ ਵਿਚ ਹਿੱਸਾ ਪਾਉਣਾ ਪਵੇਗਾ। ਇਹ ਸੰਘਰਸ਼ ਸਾਡੇ ਘਰਾਂ, ਸਕੂਲਾਂ, ਕਾਲਜਾਂ, ਧਾਰਮਿਕ ਅਸਥਾਨਾਂ ਅਤੇ ਹੋਰ ਅਦਾਰਿਆਂ ਵਿਚ ਹੋਵੇਗਾ।