15 ਅਕਤੂਬਰ 2019 ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰ-ਪੁਰਬ ਤੇ ਵਿਸ਼ੇਸ਼ : ਅਨਾਥਾਂ ਦੇ ਨਾਥ ਗੁਰੂ ਰਾਮਦਾਸ - ਡਾ. ਜਸਵਿੰਦਰ ਸਿੰਘ
ਆਪ ਦਾ ਜਨਮ 1534 ਈ. ਨੂੰ ਸੋਢੀ ਹਰਿਦਾਸ ਜੀ ਦੇ ਘਰ ਲਾਹੌਰ ਨਗਰ ਦੀ ਚੂਨਾ-ਮੰਡੀ ਬਸਤੀ ਵਿਚ ਹੋਇਆ । ਆਪ ਜੀ ਦਾ ਨਾਂ ' ਰਾਮਦਾਸ' ਸੀ , ਪਰ ਘਰ ਵਿਚ ਸਭ ਤੋਂ ਵੱਡਾ ਪੁੱਤਰ ਹੋਣ ਕਾਰਣ ਆਪ ਨੂੰ ' ਜੇਠਾ ' ਨਾਂ ਨਾਲ ਸੰਬੋਧਿਤ ਕੀਤਾ ਜਾਂਦਾ ਸੀ। ਆਪ ਕੇਵਲ ਸੱਤਾਂ ਸਾਲਾਂ ਦੇ ਸਨ ਕਿ ਆਪ ਦੀ ਪਹਿਲਾਂ ਮਾਤਾ ਅਤੇ ਫਿਰ ਪਿਤਾ ਦਾ ਦੇਹਾਂਤ ਹੋ ਗਿਆ । ਇਸ ਤਰ੍ਹਾਂ ਯਤੀਮ ਹੋਏ ਬੱਚੇ ਨੂੰ ਨਾਨੀ ਲਾਹੌਰ ਤੋਂ ਆਪਣੇ ਪਿੰਡ ਬਾਸਰਕੇ ਲੈ ਆਈ । ਉਥੇ ਪਰਿਵਾਰਿਕ ਜ਼ਿੰਮੇਵਾਰੀਆਂ ਵਿਚ ਆਪਣਾ ਯੋਗਦਾਨ ਪਾਉਣ ਲਈ ਆਪ ਨੇ ਘੁੰਙਣੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ । ਜਦੋਂ ਆਪ ਦੀ ਉਮਰ 12 ਵਰ੍ਹਿਆਂ ਦੀ ਹੋਈ ਤਾਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਬਾਸਰਕੇ ਦੀ ਸੰਗਤ ਨਾਲ ਆਪ ਗੋਇੰਦਵਾਲ ਆਏ ਅਤੇ ਅਜਿਹੇ ਪ੍ਰਭਾਵਿਤ ਹੋਏ ਕਿ ਬਾਸਰਕੇ ਪਰਤਣ ਦਾ ਵਿਚਾਰ ਤਿਆਗ ਕੇ ਸਦਾ ਲਈ ਉਥੇ ਗੁਰੂ-ਸੇਵਾ ਵਿਚ ਮਗਨ ਰਹਿਣ ਲਗ ਗਏ । ਗੁਰੂ-ਸੇਵਾ ਆਪ ਦੇ ਜੀਵਨ ਦਾ ਮੁੱਖ ਮਨੋਰਥ ਬਣ ਗਈ ।ਆਪ ਦੀ ਅਦੁੱਤੀ ਸੇਵਾ , ਧਾਰਮਿਕ ਸਾਧਨਾ ਅਤੇ ਹਲੀਮ ਸ਼ਖ਼ਸੀਅਤ ਤੋਂ ਗੁਰੂ ਅਮਰਦਾਸ ਜੀ ਇਤਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੀ ਸੁਪੁੱਤਰੀ ਬੀਬੀ ਭਾਨੀ ਨਾਲ ਸੰਨ 1553 ਈ. ਵਿਚ ਵਿਆਹ ਕਰ ਦਿੱਤਾ ।ਲਤੀਫ ਦੇ ਕਹਿਣ ਅਨੁਸਾਰ ਉਨ੍ਹਾ ਦਾ ਨਾਂ ਮੋਹਨੀ ਸੀ ਪਰ ਸਦਾ ਭਾਣੇ ਵਿਚ ਰਹਿਣ ਕਾਰਨ ਭਾਨੀ ਪੈ ਗਿਆ ।
ਕਬ ਪਹਰ ਰਾਤ ਰਹੈ ਅੰਮ੍ਰਿਤ ਵੇਲਾ ।
ਗੁਰ ਕਰੈ ਇਸ਼ਨਾਨ ਭਗਤ ਸੁਖ ਕੇਲਾ ।
ਤਿਸੀ ਸਮੇਂ ਬੀਬੀ ਜੀ ਦਰਸ਼ਨ ਕਰੈ ।
ਗੁਰ ਕੀ ਭਗਤ ਸਦ ਹਿਰਦੈ ਧਰੈ । (ਮਹਿਮਾ ਪ੍ਰਕਾਸ਼)
ਆਪ ਨੇ ਇਕ ਸਫਲ ਗ੍ਰਿਹਸਥੀ ਦੇ ਨਾਲ ਨਾਲ ਅਧਿਆਤਮਿਕ ਸਾਧਨਾ ਵੀ ਪੂਰੀ ਸ਼ਿਦਤ ਅਤੇ ਨਿਸ਼ਠਾ ਨਾਲ ਨਿਭਾਈ।ਆਪ ਜੀ ਦੇ ਘਰ ਤਿੰਨ ਪੁੱਤਰਾਂ ਪ੍ਰਿਥੀਚੰਦ , ਮਹਾਂਦੇਵ ਅਤੇ ਅਰਜਨ ਦੇਵ ਨੇ ਜਨਮ ਲਿਆ । ਪ੍ਰਿਥੀਚੰਦ ਸ਼ੁਰੂ ਤੋਂ ਹੀ ਪਿਤਾ-ਗੁਰੂ ਦੇ ਆਦੇਸ਼ਾਂ ਦੀ ਪਾਲਨਾ ਕਰਨ ਅਤੇ ਅਧਿਆਤਮੀ ਰੁਚੀ ਵਾਲਾ ਜੀਵਨ ਬਤੀਤ ਕਰਨ ਦੀ ਥਾਂ ਪ੍ਰਭੁਤਾ ਦਾ ਪ੍ਰਦਰਸ਼ਨ ਕਰਦਾ ਸੀ ਅਤੇ ਗੁਰੂ ਜੀ ਲਈ ਕਈ ਪ੍ਰਕਾਰ ਦੇ ਕਲੇਸ਼ਾਂ ਦਾ ਕਾਰਣ ਬਣਦਾ ਸੀ । ਕਈ ਵਾਰ ਪਰਿਵਾਰਿਕ ਅਤੇ ਸੰਪੱਤੀ ਸੰਬੰਧੀ ਮਾਮਲਿਆਂ ਨੂੰ ਲੈ ਕੇ ਗੁਰੂ ਜੀ ਨਾਲ ਤਕਰਾਰ ਵੀ ਕਰਦਾ ਸੀ । ਇਸ ਸੰਬੰਧੀ ਆਪ ਦੀ ਬਾਣੀ ਵਿਚ ਸੰਕੇਤ ਮਿਲ ਜਾਂਦੇ ਹਨ-
ਕਾਹੈ ਪੂਤ ਝਗਰਤ ਹਉ ਸੰਗਿ ਬਾਪ ।
ਜਿਨ ਕੇ ਬਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ।ਅੰਗ 1200
ਦੂਜਾ ਪੁੱਤਰ , ਮਹਾਂਦੇਵ ਬੇਲਾਗ ਬਿਰਤੀ ਵਾਲਾ ਸੀ । ਤੀਜੇ ਸੁਪੁੱਤਰ ਅਰਜਨ ਦੇਵ ਨੂੰ ਨਾਨਾ ਗੁਰੂ ਅਮਰਦਾਸ ਜੀ ਦਾ ' ਦੋਹਿਤਾ-ਬਾਣੀ ਕਾ ਬੋਹਿਥਾ' ਹੋਣ ਦਾ ਵਰਦਾਨ ਪ੍ਰਾਪਤ ਸੀ ।ਗੁਰੂ ਰਾਮਦਾਸ ਜੀ ਦਾ ਵਿਅਕਤਿਤਵ ਇਕ ਸਚੇ ਸਾਧਕ ਦਾ ਬਿੰਬ ਪ੍ਰਸਤੁਤ ਕਰਦਾ ਹੈ । ਜਦੋਂ ਆਪ ਜੀ ਗੁਰੂ ਅਮਰਦਾਸ ਜੀ ਦੀ ਸ਼ਰਣ ਵਿਚ ਆਏ ਅਤੇ ਮਕਬੂਲ ਚੜ੍ਹੇ ਤਾਂ ਸ਼ੁਕਰਾਨੇ ਵਜੋਂ ਜੋ ਭਾਵ ਪ੍ਰਗਟਾਏ ,ਉਹ ਸਚਮੁਚ ਨਿਮਰਤਾ ਦਾ ਮਰਮ-ਸਪਰਸ਼ੀ ਚਿਤ੍ਰਣ ਹੈ-
ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ।
ਤੂੰ ਗੁਰ ਪਿਤਾ ਤੂੰ ਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ।
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ।
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ । ਅੰਗ 167
ਜਦੋਂ ਅਸੀਂ ਨਿਮਰਤਾ ਦੀ ਗੱਲ ਕਰਦੇ ਹਾਂ ਤਾਂ ਬਾਬਾ ਸ੍ਰੀ ਚੰਦ ਜੀ ਅਤੇ ਗੁਰੂ ਰਾਮਦਾਸ ਜੀ ਦਾ ਮਿਲਾਪ ਯਾਦ ਆ ਜਾਂਦਾ ਹੈ ।ਸ੍ਰੀ ਚੰਦ ਜੀ ਨੇ ਗੁਰੂੁ ਜੀ ਜੀ ਦਾ ਦਾੜ੍ਹਾ ਵੇਖ ਕੇ ਕਿਹਾ ਸੀ ਕਿ ਇਹ ਕਿਸ ਲਈ ਵਧਾਇਆ ਹੈ?
ਸਿਰੀਚੰਦ ਬੋਲੇ ਤਤਕਾਲੂ ।ਕਰਤਿ ਪਰਖਣਾ ਪਰੇਮ ਦਿਆਲੂ ।
ਇਤਨਾ ਦਾੜ੍ਹਾ ਕੈਸ ਬਧਾਯੋ? ਸੁਨਿਕੇ ਸਤਿਗੁਰ ਭੇ ਨਿੰਮਾਯੋ ।
ਤਾਂ ਗੁਰੁੂ ਜੀ ਨੇ ਉਤਰ ਦਿਤਾ ਕਿ ਆਪ ਦੇ ਚਰਨਾਂ ਨੂੰ ਪ੍ਰੇਮ ਨਾਲ ਪੂੰਝਣ ਵਾਸਤੇ ਵਧਾਇਆ ਹੈ । ਭਾਈ ਸੰਤੋਖ ਜੀ ਆਪਣੀ ਰਚਨਾ ਵਿੱਚ ਲਿਖਦੇ ਹਨ:
ਚਰਨ ਗਹੇ ਕਰਿ ਪ੍ਰੇਮ ਸੋਂ ਪੋਂਛਹਿ ਬਾਰੰਬਾਰ ।
ਇਸ ਹੀ ਹੇਤੁ ਵਧਾਤਿ ਭੇ,ਸੁਨੀਏ ਗੁਰ ਸੁਤ ਦਯਾਰ।
ਗੁਰੂ ਦੀ ਆਗਿਆ ਦਾ ਪਾਲਨ ਕਰਨ ਵਿਚ ਆਪ ਦਾ ਕੋਈ ਮੁਕਾਬਲਾ ਨਹੀਂ ਸੀ । ਇਸੇ ਆਗਿਆ- ਪਾਲਨ ਦੀ ਰੁਚੀ ਕਾਰਣ ਆਪ ਇਕ ਯਤੀਮ ਬੱਚੇ ਤੋਂ ਅਧਿਆਤਮਿਕ ਤੌਰ ' ਤੇ ਯਤੀਮਾਂ ਦੇ ਸਰਪ੍ਰਸਤ ਬਣ ਸਕੇ । ਰਾਏ ਬਲਵੰਡ ਅਤੇ ਸਤੈ ਡੂਮ ਅਨੁਸਾਰ ਆਪ ਦਾ ਗੁਰੂ-ਪਦ ਪ੍ਰਾਪਤ ਕਰਨਾ ਇਕ ਕਰਾਮਾਤ ਸੀ । ਅਸਲ ਵਿਚ ਪ੍ਰਭੂ ਜਿਸ ਨੂੰ ਪੈਦਾ ਕਰਦਾ ਹੈ , ਉਸ ਨੂੰ ਸੰਵਾਰਦਾ ਵੀ ਹੈ-
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ।
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ । ਅੰਗ 968
ਗੁਰੂ ਰਾਮਦਾਸ ਜੀ ਇਕ ਚੰਗੇ ਵਿਵਸਥਾਪਕ ਅਤੇ ਨਿਰਮਾਤਾ ਵੀ ਸਨ । ਗੋਇੰਦਵਾਲ ਵਿਚ ਬਾਉਲੀ ਅਤੇ ਗੁਮਟਾਲਾ, ਸੁਲਤਾਨਵਿੰਡ ਆਦਿ ਪਿੰਡਾਂ ਦੀ ਜ਼ਮੀਨ ਖ਼ਰੀਦ ਕੇ ' ਗੁਰ ਕਾ ਚਕ ' ਨਗਰ ਅਤੇ ਸਰੋਵਰ ਦਾ ਨਿਰਮਾਣ ਆਪ ਦੀ ਲਗਨ ਦਾ ਫਲ ਹੈ, ਜਿਵੇਂ ਕਿ ਭਾਈ ਗੁਰਦਾਸ ਜੀ ਲਿਖਦੇ ਹਨ;
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ ।
ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚਿ ਜੋਤਿ ਜਗਾਵੈ । ਵਾਰ 1 ਪਉੜੀ 47
ਗੁਰੂ ਜੀ ਨੇ ਸਿੱਖ ਦੇ ਦਿਨ ਦਾ ਵਿਵਰਣ ਦੇ ਕੇ ਨਵੇਂ ਸਿੱਖ ਸਭਿਆਚਾਰ ਦਾ ਬਿੰਬ ਪ੍ਰਸਤੁਤ ਵੀ ਕੀਤਾ।
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ।
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ ।ਅੰਗ 305-6
' ਸਵਈਏ ਮਹਲੇ ਚਉਥੇ ਕੇ' ਵਿਚ ਭੱਟ ਕਵੀਆਂ ਨੇ ਗੁਰੂ ਜੀ ਵਿਚ ਪਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਅਤੇ ਸਮਰਥਤਾਵਾਂ ਦਾ ਆਰੋਪ ਕਰਕੇ ਬੜੇ ਸੁੰਦਰ ਢੰਗ ਨਾਲ ਚਿਤ੍ਰਣ ਕੀਤਾ ਹੈ ਅਤੇ ਜਿਗਿਆਸੂਆਂ ਨੂੰ ਦਸਿਆ ਹੈ ਕਿ ਗੁਰੂ ਰਾਮਦਾਸ ਜੀ ਕਲਿਯੁਗ ਅੰਦਰ ਭਵਸਾਗਰ ਤੋਂ ਤਾਰਨ ਵਿਚ ਸਮਰਥ ਅਜਿਹੀ ਸ਼ਖ਼ਸੀਅਤ ਹਨ, ਜਿਸ ਦੇ ਸ਼ਬਦ ਸੁਣਦਿਆਂ ਹੀ ਸਮਾਧੀ ਲਗ ਜਾਂਦੀ ਹੈ । ਉਸ ਦੁਖ-ਨਾਸ਼ਕ ਅਤੇ ਸੁਖਦਾਇਕ ਸ਼ਕਤੀ ਦਾ ਕੇਵਲ ਧਿਆਨ ਧਰਨ ਨਾਲ ਹੀ ਉਹ ਨੇੜੇ ਪ੍ਰਤੀਤ ਹੋਣ ਲਗਦੀ ਹੈ-
ਤਾਰਣ ਤਰਣ ਸਮ੍ਰਥੁ ਕਲਿਜੁਗਿ ਸੁਨਤ ਸਮਾਧਿ ਸਬਦ ਜਿਸੁ ਕੇਰੇ ।
ਫੁਨਿ ਦੁਖਨਿ ਨਾਸੁ ਸੁਖਦਾਯਕੁ ਸੂਰਉ ਜੋ ਧਰਤ ਧਿਆਨੁ ਬਸਤ ਤਿਹ ਨੇਰੇ । ਅੰਗ 1400
ਗੁਰੂ ਰਾਮਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਆਏ 31 ਰਾਗਾਂ ਵਿਚੋਂ 30 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ ਹੈ ।ਗੁਰੂ ਰਾਮਦਾਸ ਜੀ ਨੇ ਜੋ ਅਧਿਆਤਮਿਕ ਵਿਚਾਰ ਆਪਣੀ ਬਾਣੀ ਰਾਹੀਂ ਪੇਸ਼ ਕੀਤੇ , ਉਨ੍ਹਾਂ ਦਾ ਮੂਲ ਆਧਾਰ ਗੁਰੂ-ਪਰੰਪਰਾ ਤੋਂ ਪ੍ਰਾਪਤ ਜੀਵਨ- ਦਰਸ਼ਨ ਹੈ ।ਅਧਿਆਤਮਿਕ ਸਾਧਨਾ ਵਿਚ ਬ੍ਰਹਮ ਦੇ ਮੁੱਖ ਤੌਰ' ਤੇ ਦੋ ਰੂਪਾਂ ਦੀ ਕਲਪਨਾ ਹੋਈ ਹੈ- ਨਿਰਗੁਣ ਅਤੇ ਸਗੁਣ । ਗੁਰੂ ਰਾਮਦਾਸ ਜੀ ਨੇ ਗੁਰੂ-ਪਰੰਪਰਾ ਅਨੁਸਾਰ ਨਿਰਗੁਣ ਨਿਰਾਕਾਰ ਬ੍ਰਹਮ ਪ੍ਰਤਿ ਆਪਣੀ ਆਸਥਾ ਪ੍ਰਗਟ ਕੀਤੀ ਹੈ । ਉਨ੍ਹਾਂ ਅਨੁਸਾਰ ਪਰਮਾਤਮਾ ਆਦਿ ਪੁਰਖ , ਅਪਰ- ਅਪਾਰ , ਸ੍ਰਿਸ਼ਟੀ-ਕਰਤਾ , ਅਦੁੱਤੀ , ਯੁਗਾਂ-ਯੁਗਾਂਤਰਾਂ ਤਕ ਇਕੋ ਇਕ , ਸਦੀਵੀ ਅਤੇ ਸਥਿਰ ਹੈ-
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ।
ਤੂੰ ਜੁਗੁ ਏਕੋ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ । ਅੰਗ 348
ਗੁਰੂ ਜੀ ਨੇ ਆਪਣੀ ਧਰਮ ਸਾਧਨਾ , ਸੰਪੰਨ ਕਰਨ ਲਈ ਗੁਰੂ , ਸਾਧ ਸੰਗਤ , ਨਾਮ ਸਿਮਰਨ, ਸਦ-ਵ੍ਰਿੱਤੀਆਂ ਨੂੰ ਅਪਣਾਉਣ ਅਤੇ ਦੁਰ-ਵ੍ਰਿੱਤੀਆਂ ਨੂੰ ਤਿਆਗਣ ਲਈ ਥਾਂ ਥਾਂ' ਤੇ ਬਲ ਦਿੱਤਾ ਹੈ । ਇਸ ਪ੍ਰਕਾਰ ਦੀ ਧਰਮ-ਵਿਧੀ ਨੂੰ ਅਪਣਾਉਣ ਤੋਂ ਇਲਾਵਾ ਗੁਰੂ ਰਾਮਦਾਸ ਜੀ ਨੇ ਸਮਾਜਿਕ ਤੌਰ' ਤੇ ਵੀ ਮਨੁੱਖ ਨੂੰ ਸਚੇਤ ਕੀਤਾ ਹੈ। ਵਰਣਾ ਨੂੰ ਕਿਸੇ ਪ੍ਰਕਾਰ ਦਾ ਕੋਈ ਮਹੱਤਵ ਨ ਦਿੰਦੇ ਹੋਇਆਂ ਆਪਣੇ ਆਪ ਨੂੰ ਜਾਤਿ-ਪਾਤਿ ਦੀਆਂ ਸੀਮਾਵਾਂ ਤੋਂ ਪਰੇ ਮੰਨਿਆ ਹੈ:
ਹਮਰੀ ਜਾਤਿ ਪਾਤਿ ਗੁਰ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ।ਅੰਗ 731
ਅਸਲ ਵਿਚ , ਚੌਹਾਂ ਜਾਤਾਂ ਵਿਚੋਂ ਉਹੀ ਪ੍ਰਧਾਨ ਹੈ ਜੋ ਹਰਿ- ਭਗਤੀ ਵਿਚ ਰੁਚੀ ਰਖੇ । ਸਤਿਸੰਗਤ ਵਿਚ ਜਾਣ ਨਾਲ ਪਤਿਤ ਵੀ ਪ੍ਰਵਾਨ ਚੜ੍ਹ ਜਾਂਦੇ ਹਨ । ਜਿਸ ਦੇ ਹਿਰਦੇ ਵਿਚ ਪਰਮਾਤਮਾ ਵਸਦਾ ਹੈ , ਉਹੀ ਉੱਚਾ ਅਤੇ ਸੁੱਚਾ ਹੈ । ਨੀਚ ਜਾਤਿ ਵਾਲਾ ਸੇਵਕ ਤਾਂ ਸਭ ਤੋਂ ਜ਼ਿਆਦਾ ਸ੍ਰੇਸ਼ਠ ਹੈ । ਇਸ ਤਰ੍ਹਾਂ ਹਰਿ-ਭਗਤੀ ਦੇ ਖੇਤਰ ਵਿਚ ਜਾਤਿ-ਭੇਦ- ਭਾਵ ਨੂੰ ਗੁਰੂ ਜੀ ਨੇ ਵਿਅਰਥ ਦਸ ਕੇ ਤਥਾ-ਕਥਿਤ ਨੀਚ ਜਾਤਾਂ ਵਾਲੇ ਸਾਧਕਾਂ ਨੂੰ ਜ਼ਿਆਦਾ ਗੌਰਵਸ਼ਾਲੀ ਦਸਿਆ ਹੈ-
ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੇ ਹਿਰਦੈ ਵਸਿਆ ਭਗਵਾਨੁ ।
ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ । ਅੰਗ 861
ਗੁਰੂ ਰਾਮਦਾਸ ਜੀ ਨੇ ਸਮਾਜਿਕ ਵਿਕਾਸ ਵਿਚ ਸੇਵਾ ਦੀ ਵਿਸ਼ੇਸ਼ ਦੇਣ ਮੰਨੀ ਹੈ ।ਹਉਮੈ ਵਿਚ ਆਪਣੇ ਆਪ ਲਈ ਜੀਵਿਆ ਜਾਂਦਾ ਹੈ, ਪਰ ਸੇਵਾ ਦੀ ਬਿਰਤੀ ਦੇ ਵਿਕਾਸ ਨਾਲ ਦੂਜਿਆਂ ਲਈ ਜੀਵਿਆ ਜਾਂਦਾ ਹੈ । ਅਸਲ ਸੇਵਾ ਉਹ ਹੈ ਜਿਸ ਨੂੰ ਪਰਮਾਤਮਾ ਵਲੋਂ ਪੂਰੀ ਸਵੀਕ੍ਰਿਤੀ ਪ੍ਰਾਪਤ ਹੋਵੇ-
ਵਿਚਿ ਹਉਮੈ ਸੇਵਾ ਥਾਇ ਨ ਪਾਏ । ਜਨਮਿ ਮਰੈ ਫਿਰਿ ਆਵੈ ਜਾਏ ।
ਸੋ ਤਪ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ । ਅੰਗ 1070-71
ਇਸ ਦੇ ਨਾਲ ਗੁਰੁ ਜੀ ਨੇ ਅਨੰਦ ਵਿਆਹ ਦੀ ਰਸਮ ਨੂੰ ਹੋਰ ਪੱਕਿਆਂ ਕਰਨ ਲਈ ਸੂਹੀ ਰਾਗ ਵਿਚ ਚਾਰ ਲਾਵਾਂ ਉਚਾਰੀਆਂ, ਜਿਨ੍ਹਾਂ ਰਾਹੀਂ ਜੀਵਨ ਸਫਰ ਵਿੱਚ ਦੰਪਤੀ ਨੂੰ ਕਾਮਯਾਬੀ ਦਾ ਰਸਤਾ ਮਿਲਦਾ ਹੈ।ਗੁਰੁ ਜੀ ਨੇ ਸੰਸਾਰ ਵਿੱਚ ਚੰਗੀ ਤਰ੍ਹਾਂ ਰਹਿਣ ਦੀ ਜਾਚ ਵੀ ਦੱਸੀ। ਜੋੜੇ ਨੂੰ ਯਾਦ,ਨਿਰਮਲ ਭਉ,ਵਿਛੋੜੇ,ਬਿਰਹਾ ਤੇ ਸਹਿਜ ਅਵਸਥਾ ਵਿੱਚ ਵਿਚਰਨ ਦੀ ਜਾਚ ਇਨ੍ਹਾਂ ਚਾਰ ਲਾਵਾਂ ਰਾਹੀ ਦਰਸਾਈ ਗਈ ਹੈ।
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥ ਅੰਗ 773
ਗੁਰੂ ਰਾਮਦਾਸ ਜੀ ਦੀ ਬਾਣੀ , ਵਿਚਾਰਧਾਰਿਕ ਦ੍ਰਿਸ਼ਟੀ ਤੋਂ ਗੁਰੂ ਨਾਨਕ ਬਾਣੀ ਦੀ ਵਿਚਾਰਧਾਰਾ ਦਾ ਹੀ ਵਿਕਾਸ ਕਰਦੀ ਹੈ । ਕਈ ਪ੍ਰਸੰਗਾਂ ਵਿਚ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ ਕਿਸੇ ਪੂਰਵ- ਵਰਤੀ ਗੁਰੂ ਦੇ ਸ਼ਬਦ ਅਥਵਾ ਸਲੋਕ ਦੀ ਆਪਣੇ ਢੰਗ ਨਾਲ ਵਿਆਖਿਆ ਕਰ ਰਹੇ ਹਨ । ਅਸਲ ਵਿਚ , ਗੁਰਬਾਣੀ ਵਿਚ ਅਨੇਕ ਅਧਿਆਤਮਿਕ ਤੱਥ ਬਾਰ ਦੋਹਰਾਏ ਗਏ ਹਨ ਤਾਂ ਜੋ ਜਿਗਿਆਸੂ ਦੀ ਮਾਨਸਿਕਤਾ ਨੂੰ ਬਦਲਿਆ ਜਾ ਸਕੇ । ਇਸ ਤਰ੍ਹਾਂ ਸਾਰੀ ਬਾਣੀ ਦੇ ਉਪਦੇਸ਼ਾਂ ਅਤੇ ਸੰਦੇਸ਼ਾਂ ਵਿਚ ਇਕ ਖ਼ਾਸ ਕਿਸਮ ਦੀ ਸਾਂਝ ਹੈ , ਪਰ ਹਰ ਗੁਰੂ ਅਥਵਾ ਭਗਤ ਦੇ ਕਹਿਣ ਦਾ ਆਪਣਾ ਅੰਦਾਜ਼ ਹੈ ਅਤੇ ਇਹ ਅੰਦਾਜ਼ ਸ਼ੈਲੀ , ਬਿੰਬ , ਪ੍ਰਤੀਕ , ਭਾਸ਼ਾ ਆਦਿ ਕਾਵਿ-ਸੋਹਜ ਦੇ ਸਾਧਨਾਂ ਉਤੇ ਨਿਰਭਰ ਕਰਦਾ ਹੈ ।ਗੁਰੂ ਜੀ ਨੇ ਸਪੱਸ਼ਟ ਸਵੀਕਾਰ ਕੀਤਾ ਹੈ ਕਿ ਉਹ ਜੋ ਕੁਝ ਬੋਲ ਅਥਵਾ ਲਿਖ ਰਹੇ ਹਨ , ਉਸ ਪਿਛੇ ਬ੍ਰਹਮੀ ਪ੍ਰੇਰਣਾ ਹੈ-
ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ । ਅੰਗ 606
ਡਾ. ਜਸਵਿੰਦਰ ਸਿੰਘ
ਸਿੱਖ ਸੈਂਟਰ,ਸਿੰਘਾਪੁਰ
ਮੋਬਾਇਲ ਨੰ. +65 98951996