ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ - ਗੁਰਚਰਨ ਸਿੰਘ ਨੂਰਪੁਰ

ਹਰ ਬੋਲੀ ਆਪਣੇ ਸਬੰਧਿਤ ਖਿੱਤੇ ਦੇ ਲੋਕਾਂ ਦੀ ਹਜ਼ਾਰਾਂ ਸਾਲਾਂ ਦੀ ਲੰਮੀ ਸਾਧਨਾ ਤੋਂ ਬਾਅਦ ਪੈਦਾ ਹੁੰਦੀ ਹੈ। ਹਰ ਬੋਲੀ ਵਿਚ ਨਵੇਂ ਸ਼ਬਦ ਜੁੜਦੇ ਰਹਿੰਦੇ ਹਨ ਅਤੇ ਪੁਰਾਣੇ ਸ਼ਬਦ ਲੋਕ-ਚੇਤਿਆਂ 'ਚੋਂ ਵਿਸਰਦੇ ਰਹਿੰਦੇ ਹਨ। ਹਰ ਬੋਲੀ ਦੇ ਸ਼ਬਦਾਂ, ਵਾਕਾਂ, ਅਖ਼ਾਣਾਂ, ਮੁਹਾਵਰਿਆਂ, ਲੋਕ-ਬੋਲੀਆਂ, ਲੋਕ-ਗੀਤਾਂ, ਲੋਕ-ਕਹਾਣੀਆਂ ਦਾ ਆਪਣਾ ਰੰਗ ਹੁੰਦਾ ਹੈ। ਕੋਈ ਬੋਲੀ ਜਦੋਂ ਮਰਦੀ ਹੈ ਤਾਂ ਇਹ ਰੰਗ ਵੀ ਫਿੱਕੇ ਪੈਂਦੇ-ਪੈਂਦੇ ਹੌਲੀ-ਹੌਲੀ ਅਲੋਪ ਹੋ ਜਾਂਦੇ ਹਨ। ਇਹ ਸੱਚ ਹੈ ਕਿ ਵਿਸ਼ਵ ਦੀਆਂ ਕੁਝ ਐਸੀਆਂ ਬੋਲੀਆਂ ਹਨ ਜੋ ਸਮੇਂ ਦੀ ਗਰਦ ਵਿਚ ਗਵਾਚ ਗਈਆਂ ਅਤੇ ਕੁਝ ਗਵਾਚ ਰਹੀਆਂ ਹਨ। ਅਣਵੰਡਿਆ ਪੰਜਾਬ ਅੱਜ ਦੇ ਪੰਜਾਬ ਨਾਲੋਂ ਖੇਤਰਫਲ ਦੇ ਪੱਖੋਂ ਕਿਤੇ ਵਿਸ਼ਾਲ ਸੀ ਪੰਜਾਬੀ ਬੋਲੀ ਕਿੰਨੀ ਮਹਾਨ ਬੋਲੀ ਹੈ, ਇਸ ਦਾ ਪਤਾ ਹੁਣ ਤੱਕ ਦੀਆਂ ਹੋਈਆਂ ਖੋਜਾਂ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਮਹਾਨ ਬੋਲੀ ਦੀਆਂ ਕੋਈ 26 ਉੱਪਬੋਲੀਆਂ ਹਨ। ਮਾਝੀ, ਮਲਵਈ, ਦੋਆਬੀ, ਪੁਆਧੀ, ਬਾਗੜੀ, ਭਟਨੇਰੀ, ਕਾਂਗੜੀ, ਚੰਬਿਆਲੀ, ਡੋਗਰੀ, ਪਹਾੜੀ, ਬਿਲਾਸਪੁਰੀ, ਲਹਿੰਦੇ ਪੰਜਾਬ ਵਿਚ ਸਰਾਇਕੀ, ਰਿਆਸਤੀ (ਬਹਾਵਲਪੁਰ ਰਿਆਸਤ ਦੇ ਆਸ-ਪਾਸ), ਡੇਰੇਵਾਲੀ (ਸਿੰਧ ਦਰਿਆ ਤੋਂ ਪਾਰ), ਬਲੋਚੀ, ਜਾਫਰੀ, ਜੰਡਾਲੀ, ਛਾਛੀ (ਸਿੰਧ ਦਰਿਆ ਆਸ-ਪਾਸ ਵਸਦੇ ਛੱਛ ਲੋਕਾਂ ਦੀ ਬੋਲੀ), ਘੇਬੀ (ਅਟਕ ਦਰਿਆ ਦੇ ਇਕ ਇਲਾਕੇ ਵਿਚ ਘੇਬਾ ਲੋਕਾਂ ਦੀ ਬੋਲੀ, ਕੋਹਾਟੀ (ਜਿਹਲਮ ਦਰਿਆ ਤੋਂ ਪਾਰ ਖ਼ੈਬਰ ਪਖ਼ਤੂਨ ਜ਼ਿਲ੍ਹੇ ਕੋਹਾਟੀ ਦੀ ਬੋਲੀ), ਝੰਗਵੀ (ਝਨਾਂ ਅਤੇ ਜਿਹਲਮ ਦੇ ਸੰਗਮ ਦਾ ਇਲਾਕਾ, ਇਸ ਤੋਂ ਇਲਾਵਾ ਸ਼ਾਹਪੁਰੀ, ਪੋਠੋਹਾਰੀ, ਹਿੰਦਕੋ, ਧਾਨੀ ਆਦਿ ਪੰਜਾਬੀ ਭਾਸ਼ਾ ਦੀਆਂ ਉਪਬੋਲੀਆਂ ਹਨ। ਜਿਸ ਭਾਸ਼ਾ ਦੀਆਂ 26 ਉੱਪਬੋਲੀਆਂ ਹੋਣ, ਉਹ ਕਿੰਨੀ ਵਿਸ਼ਾਲ ਹੋਵੇਗੀ। ਭਾਸ਼ਾ ਸਬੰਧੀ ਹੋਈਆਂ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ, ਹਿੰਦੀ ਤੋਂ ਵੀ ਕਿਤੇ ਵੱਧ ਪੁਰਾਣੀ ਬੋਲੀ ਹੈ ਅਤੇ ਏਸ਼ੀਆ ਦੇ ਇਕ ਵਿਸ਼ਾਲ ਇਲਾਕੇ ਦੀ ਬੋਲੀ ਹੈ। ਪਾਕਿਸਤਾਨ ਦੇ ਪਿਸ਼ਾਵਰ ਇਲਾਕੇ ਤੋਂ ਲੈ ਕੇ ਸਿਰਸਾ ਹਿਸਾਰ ਤੋਂ ਅਗਾਂਹ ਹਰਿਆਣਾ ਦੇ ਭਵਾਨੀ ਤੱਕ ਅਤੇ ਸ੍ਰੀਨਗਰ, ਡਲਹੌਜ਼ੀ ਅਤੇ ਕਾਂਗੜਾ ਤੋਂ ਲੈ ਕੇ ਪਾਕਿਸਤਾਨ ਦੇ ਹੈਦਰਾਬਾਦ ਕਰਾਚੀ ਤੱਕ ਪੰਜਾਬੀ ਜ਼ਬਾਨ ਨੂੰ ਬੋਲਣ ਵਾਲੇ ਵਸਦੇ ਹਨ। ਪੰਜਾਬੀ ਬੋਲੀ ਹੀ ਨਹੀਂ ਸਗੋਂ ਹੱਥ ਲਿਖਤਾਂ ਦਾ ਇਤਿਹਾਸ ਪੁਰਾਤਨ ਸਮੇਂ ਹੜੱਪਾ ਅਤੇ ਸਿੰਧੂ ਘਾਟੀ ਦੀਆਂ ਸੱਭਿਆਤਾਵਾਂ ਤੋਂ ਮਿਲੇ ਸ਼ਿਲਾਲੇਖਾਂ ਅਤੇ ਹੱਥ ਲਿਖਤਾਂ ਤੋਂ ਵੀ ਮਿਲਦਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਲਿਪੀ ਨੂੰ ਵਿਸ਼ੇਸ਼ ਤਰਤੀਬ ਦਿੱਤੀ, ਇਸ ਨੂੰ ਚਾਰ ਚੰਨ ਲਾਏ ਅਤੇ ਇਸ ਲਿਪੀ ਨੂੰ ਉਸ ਸਮੇਂ 'ਗੁਰਮੁਖੀ ਲਿਪੀ' ਆਖਿਆ ਜਾਣ ਲੱਗਾ।
        ieho bolI hY ijs ivc bfbf PrId jI ny ikhf PrIdf bury df Blf kir gusf min n hZfie, dyhI rogu n lgeI plY sBu ikCu pfie] ieho bolI hY ijs ivc vwizafˆ rMGVfˆ jfbrfˆ dI tYˆa mMnx dI bjfey AunHfˆ nUM AunHfˆ dI aslIaq dy rUbrU kridafˆ bfbf buwlHy Èfh horfˆ ny iliKaf ‘rMGV nfloN iKMKr cMgf ijs `qy pYr GsfeIdf.`
ਇਹ ਕੌਣ ਹਨ ਜੋ ਪੰਜਾਬੀ ਬੋਲਦੇ ਹਨ? ਜਦੋਂ ਇਹ ਸਵਾਲ ਪੈਦਾ ਹੁੰਦਾ ਹੈ ਕਿਹਾ ਜਾਵੇਗਾ ਇਸ ਧਰਤੀ 'ਤੇ ਰਹਿਣ ਵਾਲੇ ਉਹ ਲੋਕ ਹਨ ਜੋ ਦੁਨੀਆ ਨੂੰ ਜੇਤੂ ਹੋਣ ਦਾ ਭਰਮ ਪਾਲਣ ਵਾਲੇ ਸਿਕੰਦਰ ਨੂੰ ਧੂਲ ਚਟਾ ਕੇ ਪਿਛਾਂਹ ਮੁੜਨ ਲਈ ਮਜਬੂਰ ਕਰ ਸਕਦੇ ਹਨ। ਇਸ ਧਰਤੀ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਪੈਦਾ ਹੋਏ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਨਹੀਂ, ਹਿੰਦੁਸਤਾਨ ਨੂੰ ਹੀ ਨਹੀਂ, ਬਲਕਿ ਪੂਰੀ ਦੁਨੀਆ ਨੂੰ ਮਾਨਵਤਾ ਦਾ ਪੈਗਾਮ ਦਿੱਤਾ। ਪੰਜਾਬੀ ਦਾ ਵਿਰਸਾ ਉਹ ਮਹਾਨ ਵਿਰਸਾ ਹੈ ਜਿਸ ਵਿਚ ਉਹ ਕੇਵਲ ਆਪਣੇ ਲਈ ਨਹੀਂ ਬਲਕਿ ਦੂਜਿਆਂ ਲਈ ਵੀ ਕੁਰਬਾਨੀਆਂ ਦਿੰਦੇ ਰਹੇ ਹਨ। ਦੁਨੀਆ ਵਿਚ ਸ਼ਾਇਦ ਹੀ ਅਜਿਹੀ ਕੋਈ ਮਿਸਾਲ ਹੋਵੇ ਜਦੋਂ ਸ਼ਹਾਦਤ ਦੇਣ ਵਾਲਾ ਕਾਤਲ ਕੋਲ ਸੈਂਕੜੇ ਮੀਲਾਂ ਦਾ ਸਫ਼ਰ ਕਰ ਕੇ ਆਪ ਪਹੁੰਚਿਆ ਹੋਵੇ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਇਹ ਮਿਸਾਲ ਕਾਇਮ ਕੀਤੀ। ਦਸਵੀਂ ਪਾਤਿਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕਰ ਕੇ ਇਕ ਨਵੀਂ ਕੌਮ ਦੀ ਸਿਰਜਣਾ ਕੀਤੀ। ਇਹ ਆਪਣੀ ਜ਼ਬਾਨ ਅਤੇ ਸਾਹਿਤ ਨਾਲ ਪਿਆਰ ਦਾ ਹੀ ਨਤੀਜਾ ਸੀ ਕਿ ਗੁਰੂ ਜੀ ਹੋਰ ਜ਼ਬਾਨਾਂ ਦੇ ਵਿਦਵਾਨ ਵੀ ਸਨ। ਉਨ੍ਹਾਂ ਦੇ ਦਰਬਾਰ ਵਿਚ 52 ਕਵੀ ਸਨ। ਮੁਰਦਾ ਹੋ ਚੁੱਕੀਆਂ ਜ਼ਮੀਰਾਂ ਗੁਰੂ ਸਹਿਬ ਦੇ ਬੋਲਾਂ ਨਾਲ ਜਾਗੀਆਂ। ਬਾਬਰਾਂ, ਜਾਬਰਾਂ, ਨਾਦਰਾਂ ਅਤੇ ਅਬਦਾਲੀਆਂ ਨਾਲ ਲੋਹਾ ਲੈਣ ਲਈ ਸਿਰ ਤਲੀ 'ਤੇ ਧਰਨ ਵਾਲੇ ਸੂਰਬੀਰ ਪੈਦਾ ਹੋਏ। ਈਰਾਨ ਦਾ ਬਾਦਸ਼ਾਹ ਨਾਦਰਸ਼ਾਹ ਕੋਈ 3 ਮਹੀਨੇ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਲੁੱਟ-ਮਾਰ ਕਰਦਾ ਆਗਰੇ ਅਤੇ ਮਥਰੇ ਤੱਕ ਗਿਆ। ਉਸ ਨੇ ਮੰਦਰਾਂ 'ਚੋਂ ਸੋਨਾ, ਚਾਂਦੀ ਤੇ ਹੀਰੇ ਜਵਾਹਰਾਤ ਲੁੱਟੇ, ਨੌਜਵਾਨ ਲੜਕੀਆਂ ਨੂੰ ਬੰਦੀ ਬਣਾਇਆ। ਦਿੱਲੀ ਵਿਚ ਕਈ ਦਿਨ ਕਤਲੇਆਮ ਕੀਤਾ। ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹਦੇ ਸਾਹਮਣੇ ਸਿਰ ਚੁੱਕੇ। ਹਿੰਦੁਸਤਾਨ ਦਾ ਮਾਲ-ਅਸਬਾਬ ਲੁੱਟ ਕੇ ਜਦੋਂ ਉਹ ਵਾਪਸ ਈਰਾਨ ਜਾ ਰਿਹਾ ਸੀ ਤਾਂ ਪੰਜਾਬੀਆਂ ਨੇ ਉਹਦੀ ਫ਼ੌਜ 'ਤੇ ਗੁਰੀਲਾ ਹਮਲੇ ਕਰ ਕੇ ਉਹਦਾ ਸਾਰਾ ਮਾਲ ਅਸਬਾਬ ਖੋਹ ਲਿਆ ਤੇ ਬਹੂ-ਬੇਟੀਆਂ ਨੂੰ ਉਹਦੀ ਕੈਦ 'ਚੋਂ ਛਡਵਾ ਕੇ ਘਰੋ-ਘਰੀਂ ਪਹੁੰਚਾਇਆ। ਟੁੱਟੇ ਹੌਸਲੇ ਅਤੇ ਭਰੇ ਮਨ ਨਾਲ ਉਹ ਜੰਮੂ ਕਸ਼ਮੀਰ ਦੇ ਇਲਾਕੇ ਅਖਨੂਰ ਪਹੁੰਚਿਆ। ਉਸ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਆਪਣੇ ਦਰਬਾਰ ਵਿਚ ਤਲਬ ਕੀਤਾ ਤੇ ਪੁੱਛਿਆ ਕਿ ਇਹ ਕੌਣ ਲੋਕ ਹਨ? ਕਿੱਥੋਂ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੇ ਮੇਰੀ ਤਿੰਨ ਮਹੀਨਿਆਂ ਦੀ ਦੌਲਤ ਨੂੰ ਰਾਤੋ-ਰਾਤ ਖੋਹ ਲਿਆ ਹੈ? ਨਾਦਰਸ਼ਾਹ ਦੇ ਦਰਬਾਰ ਵਿਚ ਸਿਰ ਝੁਕਾ ਕੇ ਗਲ ਪੱਲਾ ਪਾ ਕੇ ਜ਼ਕਰੀਆ ਖਾਨ ਬੋਲਿਆ, 'ਜਹਾਨ ਪਨਾਹ, ਇਹ ਸਿੱਖ ਫਕੀਰਾਂ ਦੇ ਟੋਲੇ ਹਨ। ਅਸੀਂ ਇਨ੍ਹਾਂ ਨੂੰ ਮੁਕਾਉਂਦੇ ਮੁੱਕ ਗਏ ਪਰ ਇਹ ਨਹੀਂ ਮੁੱਕੇ। ਇਨ੍ਹਾਂ ਦਾ ਘਰ ਘੋੜਿਆਂ ਦੀਆਂ ਕਾਠੀਆਂ ਹਨ।' ਜ਼ਕਰੀਆਂ ਖਾਨ ਦੇ ਮੂੰਹੋਂ ਅਜਿਹੇ ਬੋਲ ਸੁਣ ਕੇ ਨਾਦਰਸ਼ਾਹ ਭੈਭੀਤ ਹੋ ਗਿਆ। ਉਸ ਕਿਹਾ, 'ਜਲਦੀ ਹੀ ਇਹ ਲੋਕ ਤੁਹਾਡੇ ਤੋਂ ਪੰਜਾਬ ਦਾ ਰਾਜ-ਭਾਗ ਖੋਹ ਲੈਣਗੇ।'
ਪੰਜਾਬੀ ਬੋਲੀ ਹੀ ਇਕੋ-ਇਕ ਦੁਨੀਆ ਦੀ ਅਜਿਹੀ ਬੋਲੀ ਹੈ ਜਿਸ ਵਿਚ 'ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ' ਵਰਗੇ ਅਖਾਣ ਘੜੇ ਗਏ। ਪੰਜਾਬ ਦੇ ਲੋਕ ਉਹ ਲੋਕ ਹਨ ਜੋ ਮੈਦਾਨ-ਏ-ਜੰਗ ਵਿਚ ਸ਼ਰਾਬੀ ਹਾਥੀਆਂ ਨਾਲ ਭਿੜ ਸਕਦੇ ਹਨ। ਮੁੱਠੀ ਭਰ ਗਿਣਤੀ ਹੋਣ ਦੇ ਬਾਵਜੂਦ ਸਾਰਾਗ੍ਹੜੀ ਦੇ ਯੁੱਧ ਵਿਚ ਹਜ਼ਾਰਾਂ ਨਾਲ ਲੋਹਾ ਲੈਣ ਦੀ ਜੁਅੱਰਤ ਰੱਖਦੇ ਹਨ। ਦੁਨੀਆ ਦੀ ਜੇਤੂ ਅੰਗਰੇਜ਼ ਕੌਮ ਦਾ ਜਦੋਂ ਦਸਤਪੰਜਾ ਪੰਜਾਬੀਆਂ ਨਾਲ ਪਿਆ ਤਾਂ ਉਸ ਸਮੇਂ ਤੱਕ ਉਹ ਲਗਪਗ ਸਾਰੇ ਹਿੰਦੁਸਤਾਨ ਨੂੰ ਜਿੱਤ ਚੁੱਕੇ ਸਨ। ਇਸੇ ਲਈ ਪੰਜਾਬੀ ਕਵੀ ਸ਼ਾਹ ਮੁਹੰਮਦ ਨੇ ਇਸ ਜੰਗ ਨੂੰ ਹਿੰਦ ਅਤੇ ਪੰਜਾਬ ਦਰਮਿਆਨ ਹੋਣ ਵਾਲੀ ਜੰਗ ਕਿਹਾ ਸੀ। ਪੰਜਾਬ ਦੇ ਮਹਾਨ ਲੋਕ ਜਿਨ੍ਹਾਂ ਵਿਚ ਹਿੰਦੂ, ਮੁਸਲਮਾਨ ਅਤੇ ਸਿੱਖ ਲਗਪਗ ਸਾਰੀਆਂ ਕੌਮਾਂ ਦੇ ਲੋਕ ਸਨ, ਏਨੀ ਬਹਾਦਰੀ ਨਾਲ ਲੜੇ ਕਿ ਇਨ੍ਹਾਂ ਯੋਧਿਆਂ ਨੇ ਅੰਗਰੇਜ਼ੀ ਫ਼ੌਜ ਨੂੰ ਭੈਭੀਤ ਕਰ ਦਿੱਤਾ। ਜੰਗੀ ਮੁਹਿੰਮਾਂ ਦਾ ਸ਼ੌਕੀਨ ਲਾਰਡ ਹਾਰਡਿੰਗ (ਵਾਇਸਰਾਇ ਹਿੰਦ) ਖੁਸ਼ੀ-ਖੁਸ਼ੀ ਪੰਜਾਬੀਆਂ ਨਾਲ ਲੜਨ ਆਇਆ। ਦੋ ਦਿਨ ਦੀ ਲੜਾਈ ਤੋਂ ਬਾਅਦ ਉਸ ਨੇ ਉਹ ਤਲਵਾਰ, ਜੋ ਯੂਰਪ ਵਿਚ ਨਿਪੋਲੀਅਨ ਖਿਲਾਫ਼ ਜੰਗ ਲੜਦਿਆਂ ਉਸ ਨੂੰ ਇਨਾਮ ਵਜੋਂ ਹਾਸਲ ਹੋਈ ਸੀ, ਆਪਣੇ ਪੁੱਤਰ ਚਾਰਲਸ ਹਾਰਡਿੰਗ ਨੂੰ ਦੇ ਕੇ ਵਾਪਸ ਮੁੱਦਕੀ ਭੇਜ ਦਿੱਤਾ, ਨਾਲ ਇਹ ਹਦਾਇਤ ਕੀਤੀ ਕਿ ਸਾਡਾ ਇੱਥੋਂ ਜਿੱਤ ਕੇ ਨਿਕਲਣਾ ਹੁਣ ਲਗਪਗ ਅਸੰਭਵ ਹੈ। ਜੇਕਰ ਹਾਰ ਹੋ ਗਈ ਤਾਂ ਉਸ ਦੇ ਸਾਰੇ ਨਿੱਜੀ ਕਾਗਜ਼ ਸਾੜ ਦਿੱਤੇ ਜਾਣ। ਇਤਿਹਾਸ ਦੇ ਇਸ ਕਾਂਡ ਸਬੰਧੀ ਕਵੀ ਸ਼ਾਹ ਮੁਹੰਮਦ ਲਿਖਦਾ ਹੈ :


ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ, ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ।
ਸਿੰਘ ਸੂਰਮੇ ਆਣ  ਮੈਦਾਨ ਲੱਥੇ, ਗੰਜ  ਲਾਹ ਸੁੱਟੇ ਉਹਨਾਂ ਗੋਰਿਆਂ ਦੇ।

     ਦੋ ਦਿਨ ਦੀ ਲਹੂ ਵੀਟਵੀਂ ਲੜਾਈ ਤੋਂ ਬਾਅਦ ਤੀਜੇ ਦਿਨ ਪੰਜਾਬੀ ਜਦੋਂ ਜਨਰਲ ਹਿਊ ਗੱਫ ਅਤੇ ਲਾਰਡ ਹਾਰਡਿੰਗ ਨੂੰ ਘੇਰ ਲੈਣ ਲਈ ਬੇਤਾਬ ਹੋ ਰਹੇ ਸਨ ਤਾਂ ਐਨ ਇਸੇ ਮੌਕੇ ਯੂ. ਪੀ. ਦੇ ਦੋ ਗਦਾਰਾਂ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਬਿਗਲਰਾਂ ਨੂੰ ਹੁਕਮ ਕੀਤਾ ਕਿ ਉਹ ਫ਼ੌਜ ਨੂੰ ਪਿਛਾਹ ਮੁੜਨ ਦਾ ਬਿਗਲ ਵਜਾਉਣ। ਦੋ ਗਦਾਰਾਂ ਕਰ ਕੇ ਪੰਜਾਬ ਸਮੇਤ ਹਿੰਦੁਸਤਾਨ ਦੀ ਕਿਸਮਤ ਸੌਂ ਗਈ ਅਤੇ ਹਾਰੇ ਅੰਗਰੇਜ਼ ਜਿੱਤ ਦੀਆਂ ਜੱਲ੍ਹੀਆਂ ਪਾਉਣ ਲੱਗ ਪਏ। ਸ਼ਾਇਰ ਨੇ ਲਿਖਿਆ, 'ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।' ਬਾਬਾ ਫਰੀਦ ਤੋਂ ਸ਼ੁਰੂ ਹੁੰਦਾ ਹੋਇਆ, ਸ਼ਾਹ ਮੁਹੰਮਦ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਸ਼ਾਹ ਮੁਹੰਮਦ, ਫਿਰੋਜ਼ਦੀਨ ਸ਼ਰਫ, ਵਾਰਸ ਸ਼ਾਹ, ਗਿਆਨੀ ਦਿੱਤ ਸਿੰਘ, ਗਿ: ਗੁਰਦਿੱਤ ਸਿੰਘ (ਮੇਰਾ ਪਿੰਡ) ਪ੍ਰੋ: ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਬਟਾਲਵੀ ਵਰਗੇ ਇਸ ਦੇ ਲਾਡਲੇ ਪੁੱਤਰਾਂ ਨੇ ਆਪਣੀ ਜ਼ਬਾਨ ਨੂੰ ਵਿਲੱਖਣ ਰੰਗ ਦਿੱਤੇ। ਪੰਜਾਬੀ ਮਾਂ-ਬੋਲੀ ਦੇ ਪੁੱਤਰਾਂ ਨੇ ਸਮੇਂ-ਸਮੇਂ ਸਿਰ ਇਹਦੀ ਨੁਹਾਰ ਨੂੰ ਹੋਰ ਸਵਾਰਿਆ ਤੇ ਨਿਖਾਰਿਆ। ਪੰਜਾਬੀ ਨੂੰ ਪਿਆਰ ਕਰਨ ਵਾਲੇ ਮਹਿੰਦਰ ਸਿੰਘ ਰੰਧਾਵਾ ਅਤੇ ਦਵਿੰਦਰ ਸਤਿਆਰਥੀ ਵਰਗੇ ਰਿਸ਼ੀ ਪੈਦਾ ਕੀਤੇ। ਰਸੂਲ ਹਮਜ਼ਾਤੋਵ ਦੀ ਕਿਤਾਬ 'ਮੇਰਾ ਦਾਗਿਸਤਾਨ' ਵਿਚ ਇਕ ਮਾਂ ਆਪਣੇ ਵਿਦੇਸ਼ ਗਏ ਪੁੱਤ ਦੀ ਸੁਖ-ਸਾਂਦ ਉਸ ਵਿਅਕਤੀ ਤੋਂ ਪੁੱਛਦੀ ਹੈ ਜੋ ਉਸ ਕੋਲ ਰਹਿ ਕੇ ਵਾਪਸ ਵਤਨ ਆਇਆ ਹੁੰਦਾ ਹੈ। ਗੱਲਾਂ-ਗੱਲਾਂ ਵਿਚ ਉਹ ਪੁੱਛਦੀ ਹੈ ਕਿ ਉਹ ਅਵਾਰ ਬੋਲੀ ਵਿਚ ਗੱਲ ਕਰਦਾ ਸੀ ਜਾਂ ਕਿਸੇ ਹੋਰ ਬੋਲੀ ਵਿਚ? ਤਾਂ ਉਹ ਵਿਅਕਤੀ ਕਹਿੰਦਾ ਹੈ ਕਿ ਉਧਰ ਜਾ ਕੇ ਉਹਦੀ ਬੋਲੀ ਬਦਲ ਗਈ ਹੈ। ਪ੍ਰਦੇਸ ਗਏ ਪੁੱਤ ਦੀ ਮਾਂ ਲੰਮਾਂ ਘੁੰਡ ਕੱਢ ਲੈਂਦੀ ਹੈ ਅਤੇ ਕਹਿੰਦੀ ਹੈ, 'ਰਸੂਲ, ਤੈਨੂੰ ਭੁਲੇਖਾ ਲੱਗਾ ਹੋਵੇਗਾ, ਉਹ ਮੇਰਾ ਪੁੱਤ ਨਹੀਂ ਹੋ ਸਕਦਾ ਜੋ ਮੇਰੀ ਬੋਲੀ ਭੁੱਲ ਗਿਆ ਹੈ।'
       ਅੱਜ ਪੰਜਾਬੀ ਬੋਲੀ ਨਾਲ ਸਾਜਿਸ਼ਾਂ ਹੋ ਰਹੀਆਂ ਹਨ। ਇਹ ਸਾਜਿਸ਼ਾਂ ਅੰਗਰੇਜ਼ ਹਕੂਮਤ ਵੇਲੇ ਵੀ ਹੁੰਦੀਆਂ ਰਹੀਆਂ ਹਨ। ਬੇਗਾਨਿਆਂ ਤੋਂ ਪੰਜਾਬੀ ਨੂੰ ਭਲੇ ਦੀ ਆਸ ਨਹੀਂ ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਮਾਂ ਬੋਲੀ ਸਿਰੋਂ ਖੱਟੀਆਂ ਖਾਣ ਵਾਲੇ ਵੀ ਕਿਸੇ ਹੋਰ ਭਾਸ਼ਾ ਦੇ ਹੋਣ ਵਿਚ ਮਾਣ ਮਹਿਸੂਸ ਕਰਦੇ ਹਨ। ਪੰਜਾਬ ਦੇ ਲੋਕ ਜਿੱਥੇ ਗਏ, ਉੱਥੇ ਇਨ੍ਹਾਂ ਨੇ ਜਿੱਥੇ ਹੋਰ ਬੋਲੀਆਂ ਸਿੱਖੀਆਂ ਉੱਥੇ ਅੱਜ ਹੋਰ ਮੁਲਕਾਂ/ਕੌਮਾਂ ਦੇ ਲੋਕ ਪੰਜਾਬੀ ਬੋਲਣੀ ਵੀ ਸਿੱਖ ਰਹੇ ਹਨ। ਪੰਜਾਬੀ ਜਿੱਥੇ ਕੈਨੇਡਾ ਅਤੇ ਕੁਝ ਹੋਰ ਮੁਲਕਾਂ ਵਿਚ ਸੱਜ-ਧਜ ਰਹੀ ਹੈ, ਉੱਥੇ ਉਹਦੇ ਘਰ ਵਿਚ ਉਹਨੂੰ ਉਹ ਬਣਦਾ ਮਾਣ ਨਹੀਂ ਦਿੱਤਾ ਜਾ ਰਿਹਾ, ਜਿਸ ਦੀ ਉਹ ਹੱਕਦਾਰ ਹੈ। ਪੰਜਾਬ ਦੀ ਹੀ ਧਰਤੀ ਦੇ ਸਕੂਲਾਂ ਵਿਚ ਪੰਜਾਬੀ ਬੱਚਿਆਂ ਨੂੰ ਪੰਜਾਬੀ ਬੋਲਣ ਦੀ ਮਨਾਹੀ ਹੋਵੇ, ਉੱਥੇ ਇਸ ਤੋਂ ਵੱਡੀ ਸ਼ਰਮਨਾਕ ਗੱਲ ਸਾਡੇ ਲਈ ਕੀ ਹੋ ਸਕਦੀ ਹੈ ਭਲਾ? ਆਓ, ਸਾਰੇ ਰਲ ਕੇ ਇਨ੍ਹਾਂ ਸਭ ਲੋਕਾਂ ਨੂੰ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਤੋਂ ਜਾਣੂ ਕਰਾਈਏ ਕਿ ਪੰਜਾਬੀ ਬੋਲੀ ਅਨਪੜ੍ਹਾਂ-ਗਵਾਰਾਂ ਦੀ ਬੋਲੀ ਨਹੀਂ ਬਲਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬੋਲੀ ਹੈ ਜਿਸ ਦੇ ਵਾਰਸਾਂ ਦਾ ਮਾਣ ਮੱਤਾ ਇਤਿਹਾਸ ਹੈ। ਜਿਨ੍ਹਾਂ ਦੀਆਂ ਅੱਖਾਂ ਤੇ ਆਧੁਨਿਕ ਹੋਣ ਦੀ ਧੁੰਦ ਚੜ੍ਹੀ ਹੋਈ ਹੈ ਕਾਮਨਾ ਕਰੋ ਕਿ ਉਨ੍ਹਾਂ ਦੀ ਧੁੰਦ ਜਲਦੀ ਲਹਿ ਜਾਵੇ। ਸਾਨੂੰ ਅੱਜ ਇਹ ਸਮਝਣ ਦੀ ਲੋੜ ਹੈ ਕਿ ਜਿਸ ਖਿੱਤੇ ਦੇ ਲੋਕਾਂ ਤੋਂ ਉਨ੍ਹਾਂ ਦੀ ਬੋਲੀ ਖੋਹ ਲਈ ਜਾਂਦੀ ਹੈ, ਉਹ ਲੋਕ ਸਿਰ ਵਿਹੂਣੇ ਹੋ ਜਾਂਦੇ ਹਨ। ਆਓ, ਅਜਿਹੀਆਂ ਸਾਜਿਸ਼ਾਂ ਦਾ ਪਰਦਾਫਾਸ਼ ਕਰੀਏ। ਪੰਜਾਬੀ ਲਿਖਣ ਬੋਲਣ ਵਿਚ ਮਾਣ ਮਹਿਸੂਸ ਕਰੀਏ।