ਪੰਜਾਬ ਦੀ ਤਸਵੀਰ - ਸਵਰਾਜਬੀਰ

ਤਿੰਨ ਸੌ ਗਿਆਰਾਂ ਭਾਰਤ ਵਾਸੀਆਂ, ਜਿਹੜੇ ਗ਼ੈਰਕਾਨੂੰਨੀ ਤਰੀਕਿਆਂ ਨਾਲ ਮੈਕਸੀਕੋ ਪਹੁੰਚੇ ਸਨ, ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਹੈ। ਅਖ਼ਬਾਰਾਂ ਵਿਚ ਛਪੀਆਂ ਤਸਵੀਰਾਂ ਉਨ੍ਹਾਂ ਦੀ ਕਹਾਣੀ ਦੱਸਦੀਆਂ ਹਨ; ਉੱਥੇ ਉਦਾਸੀ ਤੇ ਬੇਵਸੀ ਹੈ, ਸੁਪਨਿਆਂ ਦੇ ਚੂਰ-ਚੂਰ ਹੋਣ ਤੇ ਜ਼ਿੰਦਗੀ ਦੇ ਜੰਗ ਹਾਰ ਜਾਣ ਦੀ ਘੋਰ ਮਾਯੂਸੀ। ਉਨ੍ਹਾਂ ਦੀਆਂ ਅੱਖਾਂ ਵਿਚ ਉਹ ਲੋਅ ਨਹੀਂ ਦਿਸਦੀ ਜੋ ਪੰਜਾਬੀ ਸ਼ਾਇਰ ਪਾਸ਼ ਅਨੁਸਾਰ ਹਾਰਨ ਤੋਂ ਬਾਅਦ ਕਿਸੇ ਅਣਖੀ ਦੀਆਂ ਆਪਣੇ ਵੈਰੀ ਵੱਲ ਤੱਕਦੀਆਂ ਅੱਖਾਂ ਵਿਚ ਹੁੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਸਰੀਰਿਕ ਭਾਸ਼ਾ ਵਿਚ ਅੱਜ ਦੇ ਪੰਜਾਬ ਵਿਚ ਵਾਪਸ ਆਉਣ ਦਾ ਆਤੰਕ ਸਾਫ਼ ਦਿਖਾਈ ਦਿੰਦਾ ਹੈ। ਉਹ ਤਾਂ ਇਹ ਸੋਚ ਕੇ ਗਏ ਸਨ ਕਿ ਉਨ੍ਹਾਂ ਕਈ ਵਰ੍ਹੇ 'ਸਵਰਗ' ਵਿਚ ਰਹਿਣਾ ਹੈ, ਆਪਣੀ ਭੋਇੰ 'ਤੇ ਵਾਪਸ ਨਹੀਂ ਆਉਣਾ। ਉਸ 'ਸਵਰਗ' ਤਕ ਪਹੁੰਚਣ ਲਈ ਉਨ੍ਹਾਂ ਨੇ ਗ਼ੈਰਕਾਨੂੰਨੀ ਏਜੰਟਾਂ ਨੂੰ 15 ਤੋਂ 25 ਲੱਖ ਰੁਪਏ ਤਕ ਦਿੱਤੇ। ਇਨ੍ਹਾਂ ਮੁੰਡਿਆਂ ਨੂੰ ਪਹਿਲਾਂ ਦੱਖਣੀ ਅਮਰੀਕਾ ਦੇ ਦੇਸ਼ਾਂ ਬਰਾਜ਼ੀਲ, ਪੇਰੂ, ਪਨਾਮਾ, ਇਕੁਆਡੋਰ, ਕੋਸਟਾ ਰੀਕਾ, ਨਿਕਾਰੂਗੁਆ, ਹਾਂਡਰੂਸ, ਗੁਆਟੇਮਾਲਾ ਆਦਿ ਪਹੁੰਚਾਇਆ ਗਿਆ ਅਤੇ ਅਖ਼ੀਰ ਵਿਚ ਮੈਕਸੀਕੋ। ਵੱਖ ਵੱਖ ਦੇਸ਼ਾਂ ਵਿਚ ਸਸਤੇ ਹੋਟਲਾਂ ਵਿਚ ਕਈ ਹਫ਼ਤੇ ਬਿਤਾਉਣ ਮਗਰੋਂ ਉਨ੍ਹਾਂ ਨੂੰ ਪਨਾਮਾ ਦੇ ਸੰਘਣੇ ਜੰਗਲਾਂ ਵਿਚੋਂ ਲੰਘਣਾ ਪਿਆ। ਉਨ੍ਹਾਂ ਨੂੰ ਤਿੰਨ ਦਿਨ ਤਕ ਪਾਣੀ ਨਸੀਬ ਨਹੀਂ ਹੋਇਆ ਤੇ ਉਨ੍ਹਾਂ ਨੇ ਆਪਣੇ ਕੱਪੜਿਆਂ 'ਚੋਂ ਮੁੜ੍ਹਕਾ ਨਿਚੋੜ ਕੇ ਪੀਤਾ। ਇਨ੍ਹਾਂ ਸਫ਼ਰਾਂ ਵਿਚ ਕਈ ਮੌਤਾਂ ਵੀ ਹੋਈਆਂ। ਮੈਕਸੀਕੋ ਪਹੁੰਚਣ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਏਜੰਟ ਇਹ ਦਿਲਾਸਾ ਦਿਵਾਉਂਦੇ ਰਹੇ ਕਿ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਲਈ 'ਪਾਸ' ਮਿਲਣਗੇ ਅਤੇ ਫਿਰ ਉਨ੍ਹਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਾਇਆ ਜਾਏਗਾ। ਮੈਕਸੀਕੋ ਨੇ ਇਹ ਕਾਰਵਾਈ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਓ ਵਿਚ ਆ ਕੇ ਕੀਤੀ ਹੈ ਕਿਉਂਕਿ ਉਹਨੇ ਧਮਕੀ ਦਿੱਤੀ ਸੀ ਕਿ ਜੇਕਰ ਮੈਕਸੀਕੋ ਨੇ ਗ਼ੈਰਕਾਨੂੰਨੀ ਤੌਰ 'ਤੇ ਪਰਵਾਸ ਕਰਨ ਵਾਲਿਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਮੈਕਸੀਕੋ ਦੀ ਸਮੁੱਚੀ ਦਰਾਮਦ 'ਤੇ ਵੱਡੇ ਟੈਕਸ ਲਾਏ ਜਾਣਗੇ।
       ਇਨ੍ਹਾਂ ਮੁੰਡਿਆਂ ਦੀਆਂ ਤਸਵੀਰਾਂ ਅੱਜ ਦੇ ਬੇਵਸ ਪੰਜਾਬ ਦੀਆਂ ਤਸਵੀਰਾਂ ਹਨ। ਇਤਿਹਾਸਕਾਰ ਭਗਵਾਨ ਜੋਸ਼ ਅਨੁਸਾਰ, ''ਤਸਵੀਰ ਤਕਦੀਰ ਦੇ ਕਦਮ ਵਾਂਗ ਹੁੰਦੀ ਹੈ। ਉਹਨੂੰ ਫੇਰ ਮਿਟਾਇਆ ਨਹੀਂ ਜਾ ਸਕਦਾ। ਉਹ ਸਮੇਂ ਦੀ ਪੱਕੀ ਚਸ਼ਮਦੀਦ ਗਵਾਹ ਬਣ ਕੇ ਉਂਝ ਦੀ ਉਂਝ ਖੜ੍ਹੀ ਰਹਿੰਦੀ ਹੈ।'' ਇਨ੍ਹਾਂ ਮੁੰਡਿਆਂ ਦੀਆਂ ਤਸਵੀਰਾਂ ਪੰਜਾਬ ਦੇ ਨੌਜਵਾਨਾਂ ਦੀ ਲਾਚਾਰੀ ਦੀਆਂ ਚਸ਼ਮਦੀਦ ਗਵਾਹ ਹਨ। ਇਨ੍ਹਾਂ ਤਸਵੀਰਾਂ 'ਚੋਂ ਨੌਜਵਾਨਾਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ, ਦਾਦਕਿਆਂ, ਨਾਨਕਿਆਂ, ਭੈਣਾਂ-ਭਰਾਵਾਂ, ਸਭ ਦੀ ਬੇਵਸੀ ਝਲਕਦੀ ਹੈ।
       1980ਵਿਆਂ ਵਿਚ ਪੰਜਾਬ ਨੇ ਵੱਡਾ ਸੰਤਾਪ ਹੰਢਾਇਆ। ਇਸ ਸੰਤਾਪ ਵਿਚ ਬਹੁਤ ਸਾਰੇ ਨੌਜਵਾਨਾਂ ਨੇ ਉਸ ਉਦੇਸ਼ ਲਈ ਕੁਰਬਾਨੀਆਂ ਦਿੱਤੀਆਂ ਅਤੇ ਸਰਕਾਰੀ ਤਸ਼ੱਦਦ ਝੱਲਿਆ ਜਿਸ ਰਾਹੀਂ ਉਹ ਪੰਜਾਬ ਦੀ ਹੋਂਦ ਦਾ ਨਵਾਂ ਸੁਪਨਾ ਘੜਨਾ ਚਾਹੁੰਦੇ ਸਨ। ਮੌਕਾਪ੍ਰਸਤਾਂ ਨੇ ਦੁੱਖ ਦੇ ਉਨ੍ਹਾਂ ਸਮਿਆਂ ਨੂੰ ਵੀ ਵਿਦੇਸ਼ਾਂ ਵੱਲ ਭੱਜਣ, ਜਾਇਦਾਦਾਂ ਬਣਾਉਣ, ਨਾਜਾਇਜ਼ ਕਬਜ਼ੇ ਕਰਨ ਤੇ ਸੱਤਾ ਦੇ ਗਲਿਆਰਿਆਂ ਵਿਚ ਮਜ਼ਬੂਤ ਹੋਣ ਲਈ ਵਰਤਿਆ। ਇਸ ਸਾਰੇ ਵਰਤਾਰੇ ਵਿਚ ਪੰਜਾਬੀ ਬੰਦੇ ਦੀ ਪੰਜਾਬੀ ਹੋਂਦ ਖੱਖੜੀ-ਖੱਖੜੀ ਹੋ ਗਈ। ਉਹਦੀ ਆਪਣੇ ਆਪੇ, ਭੋਇੰ ਅਤੇ ਰਹਿਤਲ ਦੇ ਜ਼ਰਖੇਜ਼ ਹੋਣ ਦੀ ਆਸ ਖ਼ਤਮ ਹੋ ਗਈ। ਪੰਜਾਬੀ ਸਾਂਝੀਵਾਲਤਾ ਨੂੰ 1940ਵਿਆਂ ਅਤੇ ਬਾਅਦ ਵਿਚ 1980ਵਿਆਂ ਨੇ ਖੇਰੂੰ-ਖੇਰੂੰ ਕਰ ਦਿੱਤਾ। ਪੰਜਾਬੀ ਬੰਦਾ ਸਾਂਝੀਵਾਲਤਾ ਦੀ ਥਾਂ ਧਰਮ ਆਧਾਰਿਤ ਪਛਾਣਾਂ 'ਤੇ ਨਿਰਭਰ ਹੋ ਕੇ ਰਹਿ ਗਿਆ।
      ਪੰਜਾਬੀਆਂ ਨੂੰ ਏਨੇ ਦੁੱਖਾਂ ਵਿਚ ਪਾਉਣ ਦੇ ਬਾਵਜੂਦ ਸਿਆਸੀ ਜਮਾਤ ਦੀ ਤਾਕਤ ਅਤੇ ਪੈਸੇ ਲਈ ਲੋਚਾ ਬਰਕਰਾਰ ਹੀ ਨਹੀਂ ਰਹੀ ਸਗੋਂ ਵਧੀ। 1990ਵਿਆਂ ਵਿਚ ਰਿਸ਼ਵਤਖੋਰੀ ਤੇ ਨਸ਼ਿਆਂ ਦੇ ਫੈਲਾਓ ਸਿਖਰਾਂ 'ਤੇ ਪਹੁੰਚੇ, ਪਹੁੰਚੇ ਹੀ ਨਹੀਂ, ਸਗੋਂ ਵੇਲ਼ੇ ਦੀ ਸਿਆਸੀ ਜਮਾਤ ਨੇ ਪਹੁੰਚਾਏ। ਅਫ਼ਸਰਸ਼ਾਹੀ ਤੇ ਪੁਲੀਸ ਇਸ ਵਿਚ ਵੱਡੇ ਭਿਆਲ ਬਣੀਆਂ। ਸਾਡੀ ਸਮੂਹਿਕ ਚੁੱਪ ਅਤੇ ਵਿਰੋਧ ਨਾ ਕਰਨ ਦੀ ਵਧ ਰਹੀ ਆਦਤ ਨੇ ਅਜਿਹੀਆਂ ਤਾਕਤਾਂ ਨੂੰ ਹੋਰ ਸ਼ਕਤੀ ਦਿੱਤੀ। ਪੰਜਾਬੀ ਬੰਦਾ ਮਧੋਲਿਆ ਗਿਆ। ਨਵੀਂ ਸਦੀ ਵਿਚ ਅਜਿਹੀ ਸਿਆਸਤ ਹੋਰ ਮਜ਼ਬੂਤ ਹੋਈ। ਅਰਥਚਾਰਾ ਕੁਝ ਪਰਿਵਾਰਾਂ ਦੇ ਹੱਥਾਂ ਵਿਚ ਸਿਮਟ ਗਿਆ। ਵਿੱਦਿਆ ਦਾ ਰੂਪ ਨਾ ਤੇ ਕਾਰਪੋਰੇਟ ਜਗਤ ਵਾਲਾ ਬਣਿਆ ਅਤੇ ਨਾ ਹੀ ਸਮਝ-ਸਿਆਣਪ ਵਾਲੇ ਵਿਦਿਆਰਥੀ ਪੈਦਾ ਕਰਨ ਵਾਲਾ ਸਗੋਂ ਅਜਿਹਾ, ਜਿਸ ਵਿਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਨਾ ਤਾਂ ਕਾਰਪੋਰੇਟ ਜਗਤ ਦੀਆਂ ਨੌਕਰੀਆਂ ਲੈਣ ਦੇ ਸਮਰੱਥ ਸੀ, ਨਾ ਹੀ ਸਰਕਾਰੀ ਕੰਪੀਟੀਸ਼ਨਾਂ ਵਿਚ ਸਫ਼ਲ ਹੋਣ ਦੇ। ਉਨ੍ਹਾਂ ਦਾ ਕਿਰਤ ਕਰਨ ਵਿਚ ਵੀ ਵਿਸ਼ਵਾਸ ਨਹੀਂ ਸੀ। ਰਿਸ਼ਵਤਖੋਰੀ, ਸਰਕਾਰੀ ਦਫ਼ਤਰਾਂ ਵਿਚ ਆਮ ਆਦਮੀ ਦੀ ਦੁਰਗਤੀ, ਪੁਲੀਸ ਦਾ ਧੌਂਸ ਭਰਿਆ ਵਤੀਰਾ ਤੇ ਨਸ਼ਿਆਂ ਦਾ ਫੈਲਾਓ ਵਧਦੇ ਗਏ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਅਤੇ ਅਰਾਜਕਤਾ ਭਰੇ ਮਾਹੌਲ ਵਿਚੋਂ ਬਚਾਉਣ ਲਈ ਵਿਦੇਸ਼ਾਂ ਵੱਲ ਵੇਖਣ ਤੋਂ ਸਿਵਾਏ ਹੋਰ ਰਾਹ ਨਾ ਰਿਹਾ। ਨਸ਼ਿਆਂ ਦਾ ਫੈਲਾਓ ਗਵਾਂਢੀ ਦੇਸ਼ ਦੀ ਸਾਜ਼ਿਸ਼ ਨਹੀਂ। ਸਾਰੇ ਜਾਣਦੇ ਹਨ ਕਿ ਇਹ ਵਰਤਾਰਾ ਕਿਨ੍ਹਾਂ ਸਿਆਸੀ ਆਗੂਆਂ ਦੀ ਸਰਪ੍ਰਸਤੀ ਵਿਚ ਵਧਿਆ-ਫੁੱਲਿਆ। ਇਸ ਮਾਹੌਲ ਵਿਚ ਪੰਜਾਬ ਦੇ ਮਜ਼ਦੂਰਾਂ ਤੇ ਕਿਸਾਨਾਂ, ਜਿਨ੍ਹਾਂ ਨੇ ਪੁਰਾਣੇ ਸਮਿਆਂ ਵਿਚ ਜਾਬਰਾਂ ਨਾਲ ਲੋਹਾ ਲਿਆ ਸੀ, ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਾ ਪਿਆ। ਨੌਜਵਾਨਾਂ ਦਾ ਨਸ਼ਿਆਂ ਵੱਲ ਜਾਣਾ ਵੀ ਖ਼ੁਦਕੁਸ਼ੀ ਵਾਲੇ ਰਸਤੇ ਉੱਤੇ ਹੀ ਪੈਰ ਧਰਨਾ ਸੀ। ਜੋ ਬਚ ਗਏ, ਉਹ ਵਿਦੇਸ਼ਾਂ ਨੂੰ ਤੁਰ ਪਏ। ਪੰਜਾਬ ਸੱਭਿਆਚਾਰਕ ਤੇ ਬੌਧਿਕ ਖ਼ੁਦਕੁਸ਼ੀ ਦੀ ਰਾਹ 'ਤੇ ਪੈ ਗਿਆ।
      ਕੀ ਮੁੰਡਿਆਂ ਨੂੰ ਧੋਖਾ ਦੇਣ ਵਾਲੇ ਏਜੰਟ ਧੋਖੇਬਾਜ਼ ਹਨ? ਧੋਖੇਬਾਜ਼ ਤਾਂ ਉਹ ਹੈਣ ਈ ਪਰ ਨਾਲ ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਇਨ੍ਹਾਂ ਏਜੰਟਾਂ ਨੇ ਹਜ਼ਾਰਾਂ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਪਹੁੰਚਾਇਆ ਹੈ, ਪਹਿਲਾਂ ਉਨ੍ਹਾਂ ਨੂੰ ਗ਼ੈਰਕਾਨੂੰਨੀ ਬਾਸ਼ਿੰਦਿਆਂ ਵਜੋਂ ਮਾਨਤਾ ਦਿਵਾਈ ਤੇ ਫਿਰ ਵਕੀਲਾਂ ਤੇ ਦਲਾਲਾਂ ਤੋਂ ਖੱਜਲ ਹੋਣ ਬਾਅਦ ਉਨ੍ਹਾਂ ਨੇ ਵਿਦੇਸ਼ਾਂ ਵਿਚ ਸ਼ਹਿਰੀ ਹੋਣ ਦੇ ਹੱਕ ਹਾਸਲ ਕੀਤੇ। ਇਨ੍ਹਾਂ ਧੋਖੇਬਾਜ਼ਾਂ ਦੇ ਕਾਰਨ ਸੈਂਕੜੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਹੋਈ ਪਰ ਨਾਲ ਹੀ ਹਜ਼ਾਰਾਂ ਪਰਿਵਾਰਾਂ ਨੂੰ ਉਹ ਜ਼ਿੰਦਗੀ ਜਿਊਣ ਲਈ ਮਿਲੀ ਜਿਸ ਨੂੰ ਉਹ ਸਵੈਮਾਣ ਤੇ ਆਰਥਿਕ ਸੁਰੱਖਿਆ ਵਾਲੀ ਸਮਝਦੇ ਹਨ। ਇਨ੍ਹਾਂ ਧੋਖੇਬਾਜ਼ਾਂ ਨੇ ਉਹ ਕੰਮ ਕੀਤਾ ਜਿਸ ਨੂੰ ਏਥੋਂ ਦੀ ਸਰਕਾਰ, ਸਿਆਸੀ ਜਮਾਤ ਤੇ ਅਰਥਚਾਰਾ ਕਰਨ ਵਿਚ ਨਾਕਾਮ ਰਹੇ। ਇਸ ਤਰ੍ਹਾਂ ਇਨ੍ਹਾਂ ਏਜੰਟਾਂ ਦੀ ਭੂਮਿਕਾ ਬੜੀ ਜਟਿਲ ਹੋ ਨਿਬੜਦੀ ਹੈ। ਇਕ ਪਾਸੇ ਇਹ ਅਮਰੀਕਾ ਤੇ ਪੱਛਮ ਦੀਆਂ ਸਰਕਾਰਾਂ ਦੁਆਰਾ ਉਸਾਰੇ ਗਏ 'ਸਵਰਗਾਂ' ਵਿਚ ਸੰਨ੍ਹ ਲਾਉਣ ਦੇ ਹਥਿਆਰ ਹਨ, ਮੁੰਡਿਆਂ ਨੂੰ ਉਨ੍ਹਾਂ 'ਸਵਰਗਾਂ' ਵਿਚ ਪਹੁੰਚਾਉਣ ਵਿਚ ਮਦਦ ਕਰਦੇ ਹਨ ਅਤੇ ਦੂਸਰੇ ਪਾਸੇ ਉਸ ਮਦਦ ਦੇ ਇਵਜ਼ ਵਿਚ ਲੋਕਾਂ ਨੂੰ ਲੁੱਟਦੇ ਹਨ। ਵੱਡਾ ਸਵਾਲ ਇਹ ਹੈ ਕਿ ਜਿਸ ਨਿਜ਼ਾਮ ਵਿਚ 'ਧੋਖੇਬਾਜ਼' ਲੋਕਾਂ ਦੇ 'ਮਸੀਹੇ' ਬਣ ਕੇ ਉੱਭਰ ਰਹੇ ਹੋਣ, ਉਸ ਨਿਜ਼ਾਮ ਨੂੰ ਕੀ ਕਿਹਾ ਜਾਵੇ?
      ਇਕ ਹੋਰ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਇਹ ਮੁੰਡੇ ਤੇ ਉਨ੍ਹਾਂ ਦੇ ਮਾਪੇ ਇਨ੍ਹਾਂ ਏਜੰਟਾਂ ਦੀ ਸਹਾਇਤਾ ਨਾਲ ਅਮਰੀਕਾ, ਕੈਨੇਡਾ ਅਤੇ ਪੱਛਮੀ ਯੂਰੋਪ ਦੇ ਦੇਸ਼ਾਂ ਅਤੇ ਸਾਡੇ ਆਪਣੇ ਨਿਜ਼ਾਮ ਵੱਲੋਂ ਲੋਕਾਂ ਦੇ ਧਰਤ ਦੇ ਕਿਸੇ ਵੀ ਕੋਨੇ 'ਤੇ ਵੱਸਣ ਦੇ ਬੁਨਿਆਦੀ ਹੱਕ ਦੀ ਲੜਾਈ ਲੜ ਰਹੇ ਹਨ ਜਿਸ ਨੂੰ ਅਜੋਕੇ ਕਾਨੂੰਨ ਦੀ ਭਾਸ਼ਾ ਵਿਚ ਗ਼ੈਰਕਾਨੂੰਨੀ ਕਿਹਾ ਜਾਂਦਾ ਹੈ। ਇਕ ਹੋਰ ਪੱਧਰ 'ਤੇ ਇਨ੍ਹਾਂ ਮੁੰਡਿਆਂ ਦੀ ਇਹ ਲੜਾਈ ਸਰਕਾਰਾਂ ਦੀ ਲੋਹਮਈ ਸ਼ਕਤੀ ਵਿਰੁੱਧ ਆਪਾਮਾਰੂ ਜੰਗ ਹੈ।
       ਇਹ ਮੁੰਡੇ ਘਰਾਂ ਤੋਂ 'ਜ਼ਿੰਦਗੀ ਦਾ ਯੁੱਧ' ਕਰਨ ਨਿਕਲੇ ਸਨ ਪਰ ਇਨ੍ਹਾਂ ਨੂੰ ਅੱਧ-ਵਿਚਾਲਿਓਂ ਹੀ ਪਰਤਾ ਦਿੱਤਾ ਗਿਆ। ਪਰਤ ਕੇ ਆਉਣ ਵਾਲੇ ਬੰਦੇ ਦੀ ਜ਼ਿੰਦਗੀ ਸੌਖੀ ਨਹੀਂ ਹੁੰਦੀ। ਰੂਹ ਵਿਚ ਅਧੂਰੇ ਸਫ਼ਰ ਦੀ ਚੁਭਣ ਉਸ ਨੂੰ ਜਿਊਣ ਨਹੀਂ ਦਿੰਦੀ। ਅਜਿਹੀਆਂ ਯਾਦਾਂ ਕਿ ਸਫ਼ਰ ਦੇ ਕਿਸੇ ਮਰਹੱਲੇ ਵਿਚ 'ਜੇ ਏਦਾਂ ਹੋ ਜਾਂਦਾ', 'ਉਸ ਨੂੰ ਸਫ਼ਲਤਾ ਮਿਲ ਜਾਂਦੀ' ਜਾਂ 'ਸ਼ਾਇਦ ਜ਼ਿੰਦਗੀ ਤੋਂ ਵੀ ਹੱਥ ਧੋਣੇ ਪੈਂਦੇ' ਉਹਦੇ ਮਨ ਵਿਚ ਅਜਿਹੇ ਜ਼ਖ਼ਮ ਬਣ ਕੇ ਹਾਜ਼ਰ ਰਹਿੰਦੀਆਂ ਹਨ ਜਿਹੜੇ ਕਦੀ ਨਹੀਂ ਭਰਦੇ। ਬੰਦੇ ਨੂੰ ਚਿਤਵਿਆ ਹੋਇਆ ਰਿਜ਼ਕ ਪ੍ਰਾਪਤ ਨਾ ਹੋਣ ਦਾ ਝੋਰਾ ਡੂੰਘਾ ਹੁੰਦਾ ਚਲਾ ਜਾਂਦਾ ਹੈ। ਇਨ੍ਹਾਂ ਮੁੰਡਿਆਂ ਦੀ ਬਾਂਹ ਫੜਨ ਲਈ ਉਸ ਮਜ਼ਬੂਤ ਭਾਈਚਾਰਕ ਸਾਂਝ ਦੀ ਜ਼ਰੂਰਤ ਹੈ ਜਿਹੜੀ ਅੱਜ ਦੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਗ਼ੈਰਹਾਜ਼ਰ ਦਿਸਦੀ ਹੈ।
      ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਖੁਸ਼ੀਆਂ ਮਨਾਉਣ ਦੇ ਨਾਲ ਨਾਲ ਇਹ ਸਵਾਲ ਵੀ ਪੁੱਛਣੇ ਬਣਦੇ ਹਨ ਕਿ ਨਾਨਕ ਦੀ ਭੋਇੰ ਤੇ ਨਾਨਕਪ੍ਰਸਤਾਂ ਦਾ ਵਸਣਾ ਦੁੱਭਰ ਕਿਉਂ ਹੋਇਆ ਪਿਆ ਹੈ? ਕਿਉਂ ਪੰਜਾਬੀ ਬੰਦਾ ਬਾਬਾ ਜੀ ਦੇ ਕਿਰਤ ਦੇ ਸੰਦੇਸ਼ ਤੋਂ ਬੇਗ਼ਾਨਾ ਹੋ ਕੇ ਮੰਡੀ ਤੇ ਪਦਾਰਥਕਤਾ ਦੀ ਜਿੱਲ੍ਹਣ ਵਿਚ ਫਸਦਾ ਜਾ ਰਿਹਾ ਹੈ? ਨੌਜਵਾਨਾਂ ਨੂੰ ਨਸ਼ਿਆਂ ਤੇ ਪਰਦੇਸਾਂ ਵੱਲ ਧੱਕਣ ਲਈ ਜ਼ਿੰਮੇਵਾਰ ਕੌਣ ਹੈ? ਰਿਸ਼ਵਤਖੋਰਾਂ, ਜਿਨ੍ਹਾਂ ਨੂੰ ਬਾਬਾ ਨਾਨਕ ਨੇ ਲਹੂ-ਪੀਣੇ ਤੇ ਮੁਰਦਾਰ ਖਾਣ ਵਾਲੇ ਕਿਹਾ ਸੀ, ਨੂੰ ਸਹਾਰਾ ਤੇ ਓਟ ਕੌਣ ਦੇ ਰਿਹਾ ਹੈ? ਪਰਿਵਾਰਵਾਦ ਕਿਉਂ ਪੰਜਾਬ ਦੇ ਹਿੱਤਾਂ ਤੋਂ ਵੀ ਜ਼ਿਆਦਾ ਪਿਆਰਾ ਹੋ ਗਿਆ ਹੈ? ਵਿਦਿਆਰਥੀਆਂ ਨੂੰ ਸੇਧ ਦੇਣ ਵਾਲੇ ਅਧਿਆਪਕ ਤੇ ਬੁੱਧੀਜੀਵੀ ਕਿੱਥੇ ਹਨ, ਉਹ ਕਿਉਂ ਪੰਜਾਬ ਨੂੰ ਹੁਨਰਵਾਨ, ਪ੍ਰਸ਼ਨ ਪੁੱਛਣ ਵਾਲੇ ਤੇ ਆਪਣੇ ਆਪ ਵਿਚ ਵਿਸ਼ਵਾਸ ਕਰਨ ਵਾਲੇ ਵਿਦਿਆਰਥੀ ਨਹੀਂ ਦੇ ਸਕਦੇ? ਪੰਜਾਬ ਦੀ ਧਰਤੀ ਦੇ ਨਾਲ ਨਾਲ ਏਥੋਂ ਦੀ ਬੌਧਿਕ ਜ਼ਮੀਨ ਕਿਉਂ ਬੰਜਰ ਹੁੰਦੀ ਜਾ ਰਹੀ ਹੈ, ਕੀ ਅਸੀਂ ਸਾਰੇ ਸਮੂਹਿਕ ਰੂਪ ਵਿਚ ਜ਼ਿੰਮੇਵਾਰ ਤੇ ਗੁਨਾਹਗਾਰ ਹਾਂ, ਜੇ ਗੁਨਾਹਗਾਰ ਹਾਂ ਤਾਂ ਅਸੀਂ ਗੁਨਾਹਾਂ ਦਾ ਪਛਤਾਵਾ ਕਿਵੇਂ ਕਰਨਾ ਹੈ? ੳਸੀਂ ਕਿਉਂ ਉਨ੍ਹਾਂ ਸਿਆਸੀ ਆਗੂਆਂ ਦੀ ਫ਼ਸਲ ਉਗਾ ਰਹੇ ਹਾਂ ਜਿਨ੍ਹਾਂ ਕੋਲ ਮੌਕਾਪ੍ਰਸਤੀ, ਕੁਨਬਾ-ਪਰਵਰੀ ਅਤੇ ਪੈਸਾ ਇਕੱਠਾ ਕਰਨ ਤੋਂ ਸਿਵਾਏ ਕੋਈ ਏਜੰਡਾ ਨਹੀਂ? ਅੱਜ ਦੇ ਪੰਜਾਬ ਦੀ ਤਸਵੀਰ ਏਨੀ ਉਦਾਸ ਕਰਨ ਵਾਲੀ ਕਿਉਂ ਹੈ?