ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਸਬੰਧ ਚ ਵੀਹ ਡਾਲਰਾਂ ਦਾ ਵਿਖੇੜਾ ਖੜਾ ਕਰਨਾ ਗਹਿਰੀ ਸਾਜਿਸ਼,ਬਾਦਲਕੇ ਬਣ ਰਹੇ ਨੇ ਮੋਹਰੇ - ਬਘੇਲ ਸਿੰਘ ਧਾਲੀਵਾਲ

ਸਰੋਮਣੀ ਕਮੇਟੀ ਕੇਂਦਰ ਦੀ ਪਿਛਲੱਗ ਬਨਣ ਦੀ ਬਜਾਏ ਕੇਜਰੀਵਾਲ ਸਰਕਾਰ ਦੀ ਤਰਜ ਤੇ ਸਿੱਖ ਸੰਗਤਾਂ ਦਾ ਫੀਸ ਖਰਚਾ ਖੁਦ ਭਰੇ
ਜਦੋ ਤੋ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਗੱਲ ਕਹੀ ਹੈ,ਉਸ ਸਮੇ ਤੋ ਹੀ ਭਾਰਤ ਦੀ ਕੇਂਦਰ ਸਰਕਾਰ ਅਤੇ ਫਿਰਕਾਪ੍ਰਸਤ ਤਾਕਤਾਂ ਨੇ ਹੋ ਹੱਲਾ ਮਚਾਉਣਾ ਸ਼ੁਰੂ ਕੀਤਾ ਹੋਇਆ ਹੈ।ਭਾਰਤ ਅਤੇ ਪਾਿਕਸਤਾਨ ਦੇ ਮਾੜੇ ਕਰਮਾਂ ਨੂੰ ਪਾਕਸਤਾਨ ਅੰਦਰ ਇਮਰਾਨ ਖਾਨ ਦੀ ਸਰਕਾਰ ਉਸ ਮੌਕੇ ਬਣੀ ਜਦੋਂ ਭਾਰਤ ਅੰਦਰ ਆਰ ਐਸ ਐਸ ਦੀ ਫਿਰਕੂ ਸੋਚ ਨੂੰ ਪ੍ਰਣਾਈ  ਭਾਰਤੀ ਜਨਤਾ ਪਾਰਟੀ ਵੱਡੇ ਬਹੁਮੱਤ ਨਾਲ ਕੇਂਦਰ ਤੇ ਕਾਬਜ ਹੈ।ਉਸ ਤੋ ਵੀ ਮਾੜੇ ਭਾਗ ਇਸ ਲਈ ਵੀ ਹਨ ਕਿ ਇਹ ਮੌਕਾ ਉਦੋਂ ਆਇਆ ਹੈ ਜਦੋ ਭਾਰਤੀ ਜਨਤਾ ਪਾਰਟੀ ਆਰ ਐਸ ਐਸ ਦੇ ਮਿਸ਼ਨ ਹਿੰਦੂ ਰਾਸ਼ਟਰ ਦਾ ਸੁਪਨਾ ਪੂਰਾ ਕਰਨ ਦਾ ਮਨ ਬਣਾਈ ਬੈਠੀ ਹੈ ਅਤੇ ਇਸ ਦੀ ਪੂਰਤੀ ਲਈ ਘੱਟ ਗਿਣਤੀਆਂ ਨੂੰ ਭਾਰਤ ਚੋ ਖਤਮ ਕਰਨ ਜਾਂ ਜਬਰ ਜੁਲਮ ਅਤੇ ਧੱਕੇਸ਼ਾਹੀ ਨਾਲ ਅਪਣੇ ਅੰਦਰ ਜਜ਼ਬ ਕਰਨ ਦੀਆਂ ਗੋਦਾਂ ਹੀ ਨਹੀ ਗੁੰਦ ਰਹੀ,ਬਲਕਿ ਇਸ ਤੇ ਬਾਕਾਇਦਾ ਅਮਲ ਵੀ ਸ਼ੁਰੂ ਕਰ ਦਿੱਤਾ ਹੋਇਆ ਹੈ।ਦੇਸ਼ ਅੰਦਰ ਦਲਿਤਾਂ,ਮੁਸਲਮਾਨਾਂ, ਅਤੇ ਸਿੱਖਾਂ ਤੇ ਹੋ ਰਹੇ ਜੁਲਮ ਇਸ ਕਬਾਇਦ ਦਾ ਹੀ ਹਿੱਸਾ ਹਨ।ਭਾਂਵੇ ਇਹ ਮਿਸ਼ਨ ਦੀ ਯੋਜਨਾ ਆਰ ਐਸ ਐਸ ਦੇ ਹੈਡਕੁਆਰਟਰ ਨਾਗਪੁਰ ਵੱਲੋਂ ਬਹੁਤ ਚਿਰ ਪਹਿਲਾਂ ਦੀ ਉਲੀਕੀ ਗਈ ਹੈ,ਜਿਸ ਦੇ ਤਹਿਤ ਪਹਿਲਾਂ ਸ੍ਰੀ ਦਰਬਾਰ ਸਾਹਿਬ ਸਮੇਤ ਸਾਢੇ ਤਿੰਨ ਦਰਜਨ ਗੁਰਦੁਆਰਿਆਂ ਤੇ ਫੌਜੀ ਹਮਲਾ ਕੀਤਾ ਗਿਆ,(ਇਹ ਦੇ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਸ ਮੌਕੇ ਦੇ ਬੇਹੱਦ ਕੱਟੜਪੰਥੀ ਮੰਨੇ ਜਾਂਦੇ ਨੇਤਾ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਬੇਝਿਜਕ ਅਪਣੀ ਪੁਸਤਕ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਮਜਬੂਰ ਕਰਨ ਬਾਰੇ ਸਾਫ ਲਿਖਿਆ ਹੈ,ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਹਿੰਦੂ ਰਾਂਸ਼ਟਰ ਵਾਲੀ ਇਹ ਯੋਜਨਾ ਬਹੁਤ ਸਮਾ ਪਹਿਲਾਂ ਦੀ ਉਲੀਕੀ ਜਾ ਚੁੱਕੀ ਸੀ)ਉੇਸ ਤੋ ਬਾਅਦ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਬਾਵਰੀ ਮਸਜਿਦ ਢਾਹੀ ਗਈ ਅਤੇ ਪੂਰੇ ਮੁਲਕ ਅੰਦਰ ਉਸ ਮੌਕੇ ਤੋ ਹੀ ਸਿੱਖਾਂ ਮੁਸਲਮਾਨਾਂ ਅਤੇ ਦਲਿਤਾਂ ਵਿਰੁੱਧ ਨਫਰਤ ਫੈਲਾ ਕੇ ਨਸਲੀ ਹਮਲੇ ਕਰਵਾਏ ਜਾ ਰਹੇ ਹਨ। ਹੀ ਸਮਝਦਾਰੀ ਅਤੇ ਦੂਰਅੰਦੇਸੀ ਨਾਲ ਚੱਲਣ ਵਾਲੀ ਦੁਨੀਆਂ ਦੀਆਂ ਤਿੰਨ ਸਭ ਤੋ ਸ਼ਕਤੀਸ਼ਾਲੀ ਏਜੰਸੀਆਂ ਚੋ ਇੱਕ ਗਿਣੀ ਜਾਣ ਵਾਲੀ ਏਜੰਸੀ/ਸੰਸਥਾ ਆਰ ਐਸ ਐਸ ਅਪਣੇ ਮਿਸ਼ਨ ਨੂੰ ਪੂਰਾ ਕਰਨ ਹਿੱਤ ਭਾਰਤੀ ਜਨਤਾ ਪਾਰਟੀ ਨੂੰ ਰਾਜਭਾਗ ਤੇ ਕਾਬਜ ਕਰਵਾਉਣ ਲਈ ਲੰਮੇ ਸਮੇ ਤੋਂ ਜਮੀਨ ਤਿਆਰ ਕਰਦੀ ਰਹੀ। ਏਸੇ ਮਿਸ਼ਨ ਤਹਿਤ ਹੀ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਦੇਸ਼ ਅੰਦਰ ਆਰ ਐਸ ਐਸ ਦੀਆਂ ਹਦਾਇਤਾਂ ਤੇ ਦੇਸ਼ ਦੀ ਸਰਮਾਏਦਾਰ ਜਮਾਤ ਵੱਲੋਂ ਭਾਰਤੀ ਮੀਡੀਏ ਨੂੰ ਖਰੀਦਿਆ ਗਿਆ ਅਤੇ ਫਿਰ ਨਿਰੇਂਦਰ ਮੋਦੀ ਨੂੰ ਅਗਲਾ ਪ੍ਰਧਾਨ ਮੰਤਰੀ ਐਲਾਨ ਕਰਕੇ ਦੇਸ਼ ਅੰਦਰ ਫਿਰਕੂ ਨਫਰਤ ਵਾਲੀ ਮੋਦੀ ਲਹਿਰ ਚਲਾਈ ਗਈ,ਜਿਸ ਦੇ ਫਲਸਰੂਪ ਦੇਸ਼ ਦੀ ਰਾਜਸੱਤਾ ਤੇ ਪੂਰਨ ਬਹੁਮੱਤ ਨਾਲ ਕਬਜਾ ਕੀਤਾ ਗਿਆ।ਯਾਦ ਹੋਵੇਗਾ ਕਿ ਕੇਂਦਰ ਵਿੱਚ ਸਰਕਾਰ ਬਣਦਿਆਂ ਹੀ ਸਭ ਤੋ ਪਹਿਲਾਂ ਆਰ ਐਸ ਐਸ ਦੇ ਨੇਤਾਵਾਂ ਦਾ ਬਿਆਨ ਆਇਆ ਸੀ ਕਿ ਦੇਸ਼ ਅੰਦਰ 800 ਸਾਲ ਬਾਅਦ ਹਿੰਦੂ ਸਰਕਾਰ ਹੋਂਦ ਵਿੱਚ ਆਈ ਹੈ।ਆਰ ਐਸ ਐਸ ਦੇ ਇਸ ਬਿਆਨ ਤੇ ਦੇਸ਼ ਦੇ ਸੂਝਵਾਨ ਲੋਕਾਂ ਵੱਲੋਂ ਚਿੰਤਾ ਵੀ ਜਾਹਰ ਕੀਤੀ ਗਈ,ਪਰੰਤੂ ਇਸ ਦੇ ਬਾਵਜੂਦ ਵੀ ਗਾਹੇ ਬਗਾਹੇ ਕੱਟੜਵਾਦੀ ਨੇਤਾਵਾਂ ਦੇ ਫੁੱਟਪਾਉੂ ਤੇ ਨਫਰਤ ਚ ਲਿੱਬੜੇ ਬਿਆਨ ਲਗਾਤਾਰ ਆਉਂਦੇ ਰਹੇ।ਕਦਮ ਦਰ ਕਦਮ ਚੱਲਦੀ ਭਾਜਪਾ ਸਰਕਾਰ ਦਲਿਤਾਂ,ਮੁਸਲਮਾਨਾਂ ਅਤੇ ਸਿੱਖਾਂ ਤੇ ਹਮਲਿਆਂ ਤੋਂ ਬਾਅਦ ਕਸ਼ਮੀਰ ਅੰਦਰ ਜਾ ਦਖਲ ਹੋਈ,ਜਿੱਥੋਂ ਕਸ਼ਮੀਰੀਆਂ ਦੀ ਅਜਾਦੀ ਦੇ ਹੱਕ ਖੋਹੇ ਗਏ ਅਤੇ ਕਸ਼ਮੀਰੀ ਲੋਕਾਂ ਨੂੰ ਉਸ ਸਮੇ ਤੋ ਲੈ ਕੇ ਹੁਣ ਤੱਕ ਘਰਾਂ ਵਿੱਚ ਨਜਰਬੰਦ ਕਰਕੇ ਗੈਰ ਮਨੁੱਖੀ ਜਿੰਦਗੀ ਜਿਉਣ ਲਈ ਮਜਬੂਰ ਕਰਕੇ ਰੱਖਿਆ ਹੋਇਆ ਹੈ।ਸੋ ਇਹ ਸਾਰਾ ਕੁੱਝ ਭਾਰਤੀ ਜਨਤਾ ਪਾਰਟੀ ਵੱਲੋਂ ਅਪਣੀ ਨਾਗਪੁਰੀ ਸੋਚ ਤੇ ਪਹਿਰਾ ਦਿੰਦਿਆਂ ਨਿਸਾਨੇ ਨੂੰ ਸਰ ਕਰਨ ਲਈ ਨਹੀ,ਬਲਕਿ ਨਿਸਾਨੇ ਦੇ ਬਿਲਕੁਲ ਕਰੀਬ ਮਹਿਸੂਸ ਕਰਕੇ ਕੀਤਾ ਜਾ ਰਿਹਾ ਹੈ।ਭਾਰਤ ਸਰਕਾਰ ਵੱਲੋਂ ਕਸ਼ਮੀਰੀਆਂ ਦੇ ਮਨੁੱਖੀ ਅਧਿਕਾਰ ਖੋਹਣ ਦਾ ਜੇ ਕਿਸੇ ਨੇ ਵਿਰੋਧ ਕੀਤਾ ਤਾਂ ਉਹ ਪੰਜਾਬ ਦੇ ਲੋਕ ਹੀ ਹਨ,ਜਿਹੜੇ ਕਸ਼ਮੀਰੀਆਂ ਨਾਲ ਡਟ ਕੇ ਖੜੇ ਹਨ,ਇਹ ਕੇਂਦਰੀ ਹਕੂਮਤ ਨੂੰ ਕਦਾਚਿਤ ਵੀ ਬਰਦਾਸਤ ਨਹੀ ਹੈ,ਖਾਸ ਕਰਕੇ ਉਸ ਸਮੇ ਤਾਂ ਬਿਲਕੁਲ ਵੀ ਨਹੀ ਜਦੋਂ ਉਹ ਅਪਣੇ ਮਿਸ਼ਨ ਨੂੰ ਪੂਰਾ ਕਰਨ ਦਾ ਢੁਕਵਾਂ ਸਮਾ ਬਲਕੁਲ ਕਰੀਬ ਦੇਖ ਰਹੇ ਹੋਣ।ਉਧਰ ਜਦੋਂ ਪਾਕਿਸਤਾਨ ਅੰਦਰ ਇਮਰਾਨ ਖਾਨ ਦੀ ਸਰਕਾਰ ਬਣੀ ਤਾਂ ਨਵਜੋਤ ਸਿੱਧੂ ਨੇ ਉਹਨਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਸੀ,ਇਸੇ ਹੀ ਸਮਾਗਮ ਅੰਦਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਦੀ ਹਾਂਮੀ ਭਰੀ ਗਈ ਸੀ,ਉਦੋਂ ਤੋ ਲੈ ਕੇ ਹੀ ਕੇਂਦਰ ਸਰਕਾਰ ਅਪਣੇ ਆਪ ਨੂੰ ਕੁੜਿੱਕੀ ਵਿੱਚ ਫਸੀ ਮਹਿਸੂਸ ਕਰਦੀ ਹੈ ਤੇ ਕਿਸੇ ਨਾ ਕਿਸੇ ਬਹਾਨੇ ਲਾਂਘਾ ਨਾ ਖੋਲਣ ਦੇ ਰਾਹ ਵੀ ਲੱਭਦੀ ਰਹੀ,ਪਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਕੇਂਦਰ ਕਿਸੇ ਅਜਿਹੀ ਸਾਜਿਸ਼ ਵਿੱਚ ਸਫਲ ਨਾ ਹੋ ਸਕਿਆ,ਅਖੀਰ ਪਾਕਿਸਤਾਨ ਸਰਕਾਰ ਵੱਲੋਂ ਰੱਖੀ ਗਈ ਵੀਹ ਡਾਲਰ ਫੀਸ ਨੂੰ ਹੀ ਮੁੱਦਾ ਬਣਾਇਆ ਜਾ ਰਿਹਾ ਹੈ,ਤਾਂ ਕਿ ਸਿੱਖਾਂ ਅੰਦਰ ਪਾਕਸਤਾਨ ਪ੍ਰਤੀ ਨਫਰਤ ਭਰੀ ਜਾ ਸਕੇ।ਉਹਨਾਂ ਦੀ ਇਸ ਬੇਹੱਦ ਹੀ ਨੀਵੇਂ ਪੱਧਰ ਦੀ ਸਾਜਿਸ਼ ਵਿੱਚ ਬਾਦਲ ਦਲ ਮੋਹਰੇ ਦੀ ਭੂਮਿਕਾ ਅਦਾ ਕਰ ਰਿਹਾ ਹੈ।ਇਹ ਬੇਹੱਦ ਹੀ ਖਤਰਨਾਕ ਤੇ ਚਿੰਤਾਜਨਕ ਵਰਤਾਰਾ ਹੈ ਕਿਉਂਕਿ ਬਾਦਲ ਪਰਿਵਾਰ ਨਾਗਪੁਰ ਭਗਤੀ ਵਿੱਚ ਐਨਾ ਵਫਾਦਾਰੀ ਨਾਲ ਲੀਨ ਹੋ ਚੁੱਕਾ ਹੈ ਕਿ ਉਹਨਾਂ ਨੂੰ ਅਪਣੀ ਕੌਂਮ ਦੇ ਭਲੇ ਬੁਰੇ ਦੀ ਰੱਤੀ ਮਾਤਰ ਵੀ ਚਿੰਤਾ ਨਹੀ,ਬਲਕਿ ਭਾਜਪਾ ਵੱਲੋਂ ਜੁੱਤੀਆਂ ਮਾਰੇ ਜਾਣ ਦੇ ਬਾਵਜੂਦ ਵੀ ਉਹ ਅਪਣੀ ਆਰ ਐਸ ਐਸ ਨਾਲ ਵਫਾਦਾਰੀ ਨੂੰ ਕੌਂਮ ਦਾ ਨੁਕਸਾਨ ਕਰਕੇ ਵੀ ਨਿਭਾਉਣਾ ਚਾਹੁੰਦੇ ਹਨ।ਬੀਤੇ ਦਿਨੀ ਜਦੋਂ ਹਰਿਆਣਾ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਦਲ ਵਿੱਚ ਵਿੱਚ ਚੱਲੀ ਤਕਰਾਰਾਵਾਜੀ ਤੋ ਬਾਅਦ ਤਿੜਕਦੇ ਰਿਸਤਿਆਂ ਦੀ ਚਰਚਾ ਛਿੜੀ ਸੀ,ਤਾਂ ਉਸਤੋ ਬੇਹੱਦ ਉਦਾਸ ਹੋਏ ਸ੍ਰ ਪ੍ਰਕਾਸ ਸਿੰਘ ਬਾਦਲ ਵੱਲੋਂ ਅਪਣੇ ਪੁੱਤਰ ਅਤੇ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਇਹ ਤਰਲਾ ਕਰਨਾ ਕਿ ਮੇਰੇ ਜਿਉਂਦੇ ਜੀਅ ਭਾਜਪਾ ਨਾਲ ਸਾਂਝ ਨਾ ਤੋੜੀ ਜਾਵੇ,ਉਹਨਾਂ ਦੀ ਨਾਗਪੁਰ ਭਗਤੀ ਦਾ ਮੂੰਹ ਬੋਲਿਆ ਸਬੂਤ ਹੈ।ਹੁਣ ਜਦੋ ਭਾਰਤ ਸਰਕਾਰ ਪਾਕਿਸਤਾਨ ਤੋ ਇਹ ਵੀਹ ਡਾਲਰਾਂ ਵਾਲੀ ਸਰਤ ਨੂੰ ਰੱਦ ਕਰਵਾਉਣ ਦੀ ਜਾਣਬੁੱਝ ਕੇ ਜਿੱਦ ਕਰ ਰਹੀ ਹੈ,ਤਾਂ ਘੱਟੋ ਘੱਟ ਉਸ ਤੋ ਪਹਿਲਾਂ ਅਪਣੀ ਪੀਹੜੀ ਹੇਠ ਵੀ ਸੋਟਾ ਜਰੂਰ ਫੇਰਨਾ ਬਣਦਾ ਹੈ।ਪਾਕਸਤਾਨ ਤੋ ਇਹ ਸ਼ਰਤ ਹਟਾਉਣ ਦੀ ਮੰਗ ਕਰਨ ਤੋ ਪਹਿਲਾਂ ਕੀ ਸਾਢੇ ਪੰਜ ਸੌ ਸਾਲਾ ਸਮਾਗਮਾਂ ਵਿੱਚ ਸੁਲਤਾਨਪੁਰ ਲੋਧੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਕੇਂਦਰ ਸਰਕਾਰ ਟੋਲ ਪਲਾਜੇ ਮੁਆਫ ਕਰੇਗੀ ? ਜੇ ਕੇਂਦਰ ਆਪ ਟੋਲ ਪਲਾਜਿਆਂ ਦੀ ਫੀਸ ਮੁਆਫ ਨਹੀ ਕਰ ਸਕਦਾ,ਫਿਰ ਉਹਨਾਂ ਨੂੰ ਪਾਕਸਤਾਨ ਵੱਲੋਂ ਮਹਿਜ ਟੋਲ ਪਲਾਜਿਆਂ ਦੇ ਖਰਚ ਦੇ ਬਰਾਬਰ ਦੀ ਰੱਖੀ ਫੀਸ ਤੇ ਇਹ ਬਗੈਰ ਮਤਲਬ ਦਾ ਬਿਖੇੜਾ ਖੜਾ ਕਰਨ ਤੋਂ ਪਹਿਲਾਂ ਜਰੂਰ ਸੋਚਣਾ ਬਣਦਾ ਹੈ।ਓਧਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਸਲਾਹ ਤੇ ਗੌਰ ਕਰਨੀ ਬਣਦੀ ਹੈ ਕਿ ਉਹ ਅਕਾਲੀ ਦਲ ਬਾਦਲ ਦੀ ਪਿਛਲੱਗ ਬਣਕੇ ਕੇਂਦਰ ਦੇ ਹੱਕ ਵਿੱਚ ਭੁਗਤਣ ਦੀ ਬਜਾਏ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ ਤੇ ਸਿੱਖ ਸੰਗਤਾਂ ਦੀ ਇਹ ਫੀਸ ਦਾ ਪਰਬੰਧ ਕਰਕੇ ਕੌਂਮ ਦੀ ਨੁਮਾਂਇੰਦਾ ਸੰਸ਼ਥਾ ਹੋਣ ਦਾ ਫਰਜ ਅਦਾ ਕਰੇ।

ਬਘੇਲ ਸਿੰਘ ਧਾਲੀਵਾਲ
99142-58142