ਮਾਂ ਬੋਲੀ ਦਾ ਰੁਤਬਾ - ਸੁਖਪਾਲ ਸਿੰਘ ਗਿੱਲ

ਰੁਤਬੇ ਨਾਲ ਕਿਸੇ ਵੀ ਚੀਜ਼ ਦੀ ਪਹਿਚਾਣ ਬਰਕਰਾਰ ਰਹਿੰਦੀ ਹੈ । ਰੁਤਬਾ ਉੱਚਾ - ਸੁੱਚਾ ਰੱਖਣਾ ਹੰਢਾਉਣ  ਵਾਲਿਆ ਦਾ ਫਰਜ਼ ਹੁੰਦਾ ਹੈ । ਮਾਂ ਬੋਲੀ ਪੰਜਾਬੀ ਦਾ ਰੁਤਬਾ ਕਾਇਮ ਰੱਖਣ ਲਈ  ਲੱਖਾਂ ਮਣ ਕਾਗਜ਼ ਤੇ ਸਿਹਾਈ ਖਰਚ ਕੀਤੀ ਜਾ ਚੁਕੀ ਹੈ ।  ਧਰਨੇ , ਮੁਜ਼ਹਾਰੇ, ਡਰਾਮੇ  ਤੇ ਲਾਮਬੰਦੀਆਂ ਵੀ ਕੀਤੀਆਂ ਗਈਆਂ । ਸਭ ਕੁੱਝ ਰਾਜਨੀਤੀ ਵਿੱਚ ਜ਼ਜ਼ਬ ਹੋ ਕੇ ਪਰਨਾਲਾ ਉੱਥੇ ਹੀ ਰਿਹਾ ।  ਮਾਂ ਬੋਲੀ ਨੇ ਅਤੀਤ ਲੱਭਣ ਲਈ ਜਿੱਥੋਂ ਪੈਂਡਾ ਤਹਿ ਕੀਤਾ ਸੀ ਉੱਥੇ ਹੀ ਵਾਪਸ  ਜਾਂਦੀ ਰਹੀ । ਜਿਹਨਾਂ ਤੋਂ ਉਸ ਦੇ ਰੁਤਬੇ ਨੂੰ ਉੱਚੇ ਕਰਨ ਦੀ ਆਸ ਸੀ ਉਹਨਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਰਹੇ। ਫਿਰ ਰੁਤਬੇ ਦੀ ਆਸ ਕਿੱਥੋਂ ? ਖੁਦ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ  ਤਾਂ ਸਾਨੂੰ ਪੰਜਾਬੀ ਦੀ ਪੂਰੀ ਪੈਂਤੀ ਵੀ ਨਹੀਂ ਆਉਂਦੀ । ਇਸ ਸਵਾਲ ਦੇ ਜਵਾਬ ਵਿੱਚ ਮਾਂ ਬੋਲੀ ਪ੍ਰਤੀ ਸਾਰਾ ਨਕਸ਼ਾ ਹੀ ਸਾਫ ਹੋ ਜਾਂਦਾ ਹੈ । ਜ਼ਿੰਮੇਵਾਰ ਅਸੀ ਖੁਦ ਵੀ ਬਣ ਜਾਂਦੇ ਹਾਂ ।     
       ਸਰਕਾਰ ਨੇ ਮਾਂ ਬੋਲੀ ਪ੍ਰਤੀ ਕੁਝ ਨਿਯਮ ਵੀ ਬਣਾਏ ਹਨ , ਪਰ ਫਾਇਲਾਂ ਵਿੱਚ ਦਬ ਜਾਂਦੇ ਹਨ । ਵਾਰਿਸ ਸ਼ਾਹ , ਬੁੱਲੇ ਸ਼ਾਹ , ਸ਼ਿਵ  , ਪਾਤਰ ਤੇ ਸਰਫ਼ ਨੇ ਮਾਂ ਬੋਲੀ ਸੰਭਾਲਣ ਲਈ ਬਣਦਾ ਯੋਗਦਾਨ ਪਾਇਆ । ਇਸੇ ਲਈ ਪੰਜਾਬੀ ਮਾਣਮੱਤੇ ਗਾਇਕ ਗੁਰਦਾਸ ਮਾਨ ਨੇ ਗਾਇਆ ਸੀ "  ਮਾਂ ਬੋਲੀ ਦਾ ਰੁਤਬਾ ਇਸਦੇ ਸ਼ਾਇਰਾ ਕਰਕੇ ਹੈ " । ਇਸ ਤੋ ਇਲਾਵਾ ਇਸ ਮਾਣ ਮੱਤੇ ਗਾਇਕ ਨੇ ਕਦੇ ਯਾਰ ਪੰਜਾਬੀੇ , ਕਦੇ ਪਿਆਰ ਪੰਜਾਬੀ ਤੇ ਕਦੇ ਜ਼ੁਲਮ ਨੂੰ ਰੋਕਣ ਵਾਲੀ ਤਲਵਾਰ ਪੰਜਾਬੀ ਦਾ ਹੋਕਾ ਦਿੱਤਾ । ਮਾਂ ਬੋਲੀ ਦੇ ਸਿਰ ਤੇ ਰਾਜ ਭਾਗ ਸੰਭਾਲੇ ਗਏ । ਬਣਦਾ ਇਕ ਟੁੱਕ ਰੁਤਬਾ ਨਹੀਂ  ਮਿਲ ਸਕਿਆ । ਪੰਜਾਬੀਆਂ ਦੇ ਜਿੰਮੇ ਮਾਂ ਬੋਲੀ ਤੋਂ ਇਲਾਵਾ ਮਾਂ ਨੂੰ ਵਿਸਾਰਨ ਦੇ ਵੀ ਦੋਸ਼ ਲਗ ਰਹੇ ਹਨ । ਇਹ ਸਾਡੀ ਸੱਭਿਅਤਾ ਨੂੰ ਵੀ ਦਾਗਦਾਰ ਕਰ ਰਿਹਾ ਹੈ ।ਅੱਜ ਮਿਲ ਜੁਲ ਕੇ ਹੰਭਲਾ ਮਾਰਨ ਦੀ ਲੋੜ ਹੈ ਕਿ ਮਾਂ ਬੋਲੀ ਨੂੰ ਉੱਚਾ ਰੁਤਬਾ ਦੇਣ ਦਾ ਉਪ ਬੰਦ ਕਰੀਏ ਤਾਂ ਜੋ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਉਹਨਾਂ ਦੀ ਹਾਣੀ ਬਣ ਸਕੇ ।                                                   
       1948 ਭਾਸ਼ਾ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬੀ ਸਭ ਤੋਂ ਵੱਡੀ ਭਾਸ਼ਾ ਸੀ । ਜਨਵਰੀ 1968 ਵਿੱਚ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਨ ਦੀ ਅਧਿਸੂਚਨਾ ਜਾਰੀ ਹੋਈ । ਪਰ ਅੰਗਰੇਜੀ ਵਿੱਚ ਪੱਤਰ ਵਿਹਾਰ  ਅੱਜ ਵੀ ਬੇਰੁੱਖੀ ਜ਼ਾਹਰ ਕਰਦਾ ਹੈ । ਪੰਜਾਬੀ ਦੇ ਮਾਣ ਮੱਤੇ ਸ਼ਾਇਰ ਸੁਰਜੀਤ ਪਾਤਰ ਨੇ ਸਿਰੇ ਦੀ ਕਵਿਤਾ ਜਿਸ ਦਾ ਅੰਤਰੀਵ ਭਾਵ ਜਿੱਥੇ ਮਾਂ ਬੋਲੀ ਬੋਲਣ ਤੇ ਜ਼ੁਰਮਾਨਾ ਹੁੰਦਾ ਹੈ ਲਿਖ ਕੇ ਸਿਰੇ ਤੇ ਗੰਢ ਮਾਰ ਦਿੱਤੀ ।ਇਹ ਕਵਿਤਾ ਸਾਨੂੰ ਚਿੜਨ ਲਈ ਮਜ਼ਬੂਰ ਕਰਦੀ ਹੈ । ਪੰਜਾਬੀ ਜਦੋਂ ਹੋਰ ਕੋਈ ਭਾਸ਼ਾ ਬੋਲਦਾ ਹੈ ਤਾਂ ਝੂਠਾ ਜਿਹਾ ਲੱਗਦਾ ਹੈ । ਆਓ ਲਿਖਤਾਂ ਅਤੇ ਕਲਮਾਂ ਦਾ ਰੁੱਖ ਮੋੜ ਕੇ ਮਾਂ ਬੋਲੀ ਦਾ ਰੁਤਬਾ ਉੱਚਾ ਕਰਨ ਲਈ ਯਤਨ ਆਰੰਭੀਏ । ਸ਼ਾਇਰਾਂ ਦਾ ਸਾਥ ਦੇਣ ਲਈ ਸਰਕਾਰਾਂ ਨਾਲ ਮਿਲ ਕੇ ਮਾਂ ਬੋਲੀ ਦਾ ਰੁਤਬਾ ਉੱਚਾ ਰੱਖੀਏ । 
                             ਸੁਖਪਾਲ ਸਿੰਘ ਗਿੱਲ
                                    9878111445
                                   ਅਬਿਆਣਾ ਕਲਾਂ