ਗੁਰੂ ਨਾਨਕ ਦਾ 'ਕੁਦਰਤ'ਪ੍ਰਤੀ ਦ੍ਰਿਸ਼ਟੀਕੋਣ - ਡਾ.ਨਰਿੰਦਰ ਕੌਰ

ਗੁਰੂ ਨਾਨਕ ਸਾਹਿਬ ਇਕ ਮਹਾਨ ਧਾਰਮਿਕ ਆਗੂ ਅਤੇ ਸਮਾਜ ਸੁਧਾਰਕ ਹੋਣ ਦੇ ਨਾਲ-ਨਾਲ ਅਨੁਭਵੀ ਮਹਾਂਪੁਰਖ ਤੇ ਇੱਕ ਉਚ ਕੋਟੀ ਦੇ ਕਲਾਕਾਰ ਵੀ ਸਨ। ਉਨ੍ਹਾਂ ਦੀ ਰਚਨਾ ਵਿੱਚ ਜਿੱਥੇ ਵਿਸ਼ੇ ਵਸਤੂ ਦੀ ਨਵੀਨਤਾ ਤੇ ਮੌਲਿਕਤਾ ਹੈ, ਉਥੇ ਕਲਾ ਪੱਖੋਂ ਵੀ ਉੱਚਾ ਪੱਧਰ ਕਾਇਮ ਹੈ। ਉਨ੍ਹਾਂ ਨੇ ਇੱਕ ਨਿਪੁਨ ਕਲਾਕਾਰ ਵਾਂਗ ਸਮਾਜ ਵਿੱਚ ਵਿੱਚਰਦੇ ਹੋਏ ਜੀਵਨ ਦੇ ਸੱਚ ਨੂੰ ਘੋਖਿਆ, ਵਾਚਿਆ ਅਤੇ ਧੁਰ ਕੀ ਬਾਣੀ ਵਿੱਚ ਪੇਸ਼ ਵੀ ਕੀਤਾ ਹੈ।ਜਗਿਆਸੂ ਦੇ ਮਨ ਵਿੱਚ ਹਮੇਸ਼ਾ ਹੀ ਇਹ ਜਾਣਨ ਦੀ ਇੱਛਾ ਬਣੀ ਰਹਿੰਦੀ ਹੈ ਕਿ ਪਰਮਾਤਮਾ ਕੀ ਹੈ? ਕਿੱਥੇ ਰਹਿੰਦਾ ਹੈ? ਉਸ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਸ਼੍ਰਿਸਟੀ ਦੀ ਰਚਨਾ ਕਿਸ ਨੇ ਤੇ ਕਿਵੇਂ ਕੀਤੀ? ਮਨੁੱਖ ਕਿਉਂ ਜੱਮਦਾ ਤੇ ਮਰਦਾ ਹੈ? ਮਨੁੱਖ ਦਾ ਸੰਸਾਰ ਵਿੱਚ ਆਉਣ ਦਾ ਕੀ ਉਦੇਸ਼ ਹੈ? ਉਸ ਨੂੰ ਕਿਹੋ ਜਿਹੇ ਕਰਮ ਕਰਨ ਚਾਹੀਦੇ ਹਨ?ਸੱਚ ਕੀ ਹੈ ਤੇ ਕੂੜ ਕੀ ਹੈ?
    ਇਸੇ ਹੀ ਤਰ੍ਹਾਂ ਮਨੁੱਖ ਦੇ ਮਨ ਵਿੱਚ ਕੁਦਰਤ ਦੇ ਰੰਗਾਂ, ਜਗਤ ਦੇ ਜੀਵ, ਜਿਨਸਾਂ ਆਦਿ ਨੂੰ ਜਾਨਣ ਦੀ ਇੱਛਾ ਰਹਿੰਦੀ ਹੈ? ਪਉਣ, ਪਾਣੀ, ਅੱਗ ਧਰਤੀ ਦੀ ਖ਼ਾਕ ਆਦਿ ਸਾਰੇ ਕਿਵੇਂ ਨੇਮ ਵਿੱਚ ਚੱਲਦੇ ਹਨ? ਤੇ ਕਿਵੇਂ ਪ੍ਰਮਾਤਮਾ ਕੁਦਰਤ ਨੂੰ ਆਪਣੇ ਹੁਕਮ ਵਿੱਚ ਚਲਾਉਂਦਾ ਹੈ ਅਤੇ ਸਭ ਦੀ ਸੰਭਾਲ ਕਰਦਾ ਹੈ?
    ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਅਜਿਹੇ ਸੰਕੇਤ ਸਪੱਸ਼ਟ ਮਿਲ ਜਾਂਦੇ ਹਨ, ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਆਪ ਆਪਣੇ ਆਲੇ ਦੁਆਲੇ ਤੋਂ ਕਦਾਚਿਤ ਉਦਾਸੀਨ ਨਹੀਂ ਸਨ। ਭਾਵੇਂ ਉਹਨਾਂ ਦੀ ਮੰਜ਼ਿਲ ਇਸ ਦੁਨੀਆਂ ਤੋਂ ਪਰੇ ਕਿਤੇ ਬਹੁਤ ਦੂਰ ਸੀ, ਪਰ ਉਹ ਦਿਸਦੇ ਜਗਤ ਨਾਲੋਂ ਟੁੱਟੇ ਨਹੀਂ ਸਨ। ਪਉਣਾਂ, ਰੁੱਤਾਂ, ਦਰਿਆਵਾਂ, ਰੁੱਖਾਂ, ਤੱਟਾਂ, ਸੰਘਾਂ, ਖੇਤਾਂ ਅਤੇ ਧੁੱਪਾਂ ਛਾਵਾਂ ਨੂੰ ਉਹਨਾਂ ਦੇ ਧੁਰ ਅੰਦਰ ਤਕ ਮਾਣਿਆ। ਉਹਨਾਂ ਦਾ ਰੂਹਾਨੀ ਸੰਸਾਰ ਦਿਸਦੇ ਨਾਲੋਂ ਅਣਦਿਸਦੇ ਵਿੱਚ ਵਧੇਰੇ ਵਾਪਰ ਰਿਹਾ ਸੀ, ਪਰ ਉਹ ਇਸ ਤੋਂ ਵੱਖਰਾ ਨਹੀਂ ਸੀ।
    ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ 'ਕੁਦਰਤ' ਦੇ ਸਮਾਨਾਰਥਕ ਵਜੋਂ 'ਪ੍ਰਕਿਰਤੀ' ਸ਼ਬਦ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ। ਵਿਗਿਆਨ ਦੇ ਅੰਤਰਗਤ ਕੁਦਰਤ ਤਦੇ ਸਮੁੱਚੇ ਪਸਾਰੇ ਨੂੰ 'ਸ਼੍ਰਿਸ਼ਟੀ' ਵਜੋਂ ਇਕ ਇਕਾਈ ਮੰਨਦਿਆਂ ਹੋਇਆਂ, ਇਸਦੇ ਮੁੱਖ ਰੂਪ ਵਿੱਚ ਤਿੰਨ ਅੰਗ ਮੰਨੇ ਹਨ-ਵਾਯੂ ਮੰਡਲ, ਬਨਸਪਤੀ ਅਤੇ ਨੀਲੇ ਸਾਗਰ ਆਦਿ 
                ਜਦੋਂ ਦਾ ਮਨੁੱਖ ਸੰਸਾਰ ਵਿੱਚ ਆਇਆ ਹੈ ਉਹ ਕੁਦਰਤ ਦੀ ਬੁਝਾਰਤ ਨੂੰ ਸਮਝਣ ਦਾ ਯਤਨ ਕਰ ਰਿਹਾ ਹੈ। ਪਰ ਹਾਲੇ ਤਕ ਕਿਸੇ ਇਕ ਅੰਤਮ ਸਿੱਟੇ ਉੱਤੇ ਨਹੀਂ ਪੁੱਜ ਸਕਿਆ ਹੈ। ਗੁਰੂ ਜੀ ਨੇ ਪਰਮਾਤਮਾ ਦੀ ਏਕਤਾ ਉੱਪਰ ਬਲ ਦਿੱਤਾ ਹੈ ਅਤੇ ਦੱਸਿਆ ਹੈ ਕਿ ਉਸ ਨੇ ਹੀ ਕੁਦਰਤ ਦੀ ਰਚਨਾ ਕੀਤੀ ਹੈ। ਕੁਦਰਤ ਉਸ ਦੇ ਅਧੀਨ ਹੈ। ਇਸ ਦੀ ਸਿਰਜਨਾ ਲਈ ਉਸ ਨੂੰ ਕਿਸੇ ਦਾ ਸਹਾਰਾ ਨਹੀਂ ਲੈਣਾ ਪਿਆ
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਊ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
(ਗੁਰੂ ਗ੍ਰੰਥ ਸਾਹਿਬ, ਪੰਨਾ-463)
ਕੁਦਰਤ ਦੀ ਸਾਜਨਾ ਕਰਕੇ ਕਾਦਰ ਸਮੁੱਚੀ ਕੁਦਰਤ ਦੇ ਵਿਧਾਨ ਨੂੰ ਚਲਾਉਂਦਾ ਹੈ। ਜਿਸ ਪ੍ਰਕਾਰ ਹਿੰਦੂ-ਮੱਤ ਵਿੱਚ ਦੱਸਿਆ ਗਿਆ ਹੈ ਕਿ ਜੀਵਾਂ ਦੇ ਪਾਲਣ ਪੋਸ਼ਣ ਦਾ ਕੰਮ ਵਿਸ਼ਨੂੰ ਦੇਵਾ ਕਰਦਾ ਹੈ ਕੁਦਰਤ ਦੀ ਸਾਜਨਾ ਦਾ ਕਾਰਜ ਬ੍ਰਹਮਾ ਦੁਆਰਾ ਕੀਤਾ ਜਾਂਦਾ ਹੈ। ਇਸ ਧਰਨਾ ਦੇ ਉਲਟ ਗੁਰਮਤਿ ਵਿੱਚਾਰਧਾਰਾ ਅਨੁਸਾਰ ਕੁਦਰਤ ਦਾ ਉਪਜਨ, ਬਿਨਮਨ, ਸੰਚਾਲਨ ਸਭ 'ਕਰਤਾ ਦੁਆਰਾ ਕੀਤਾ ਜਾਂਦਾ ਹੈ। ਉਹ ਆਪ ਹੀ ਸਿਰਜਕ, ਮਾਲਕ ਤੇ ਵਿਨਾਸ਼ ਦਾ ਕਰਤਾ ਹੈ;
ਅੰਡਜ ਜੇਰਜ ਉਤਭੁਜਾ ਖਾਣੀ ਸੇਤਜਾਂਹ॥
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਗਾ॥
ਨਾਨਕ ਕੰਤ ਉਪਾਇਕੈ ਸੰਮਾਲੇ ਸਭਨਾਹ॥
ਜਿਨ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ॥
(ਗੁਰੂ ਗ੍ਰੰਥ ਸਾਹਿਬ, ਪੰਨਾ-467)
    ਗੁਰੁ ਨਾਨਕ ਬਾਣੀ ਵਿੱਚ ਕੁਦਰਤ ਦਾ ਅਸੀਸ, ਬੇਅੰਤਤਾ ਅਤੇ ਵਿਸ਼ਾਲਤਾ ਵਾਲਾ ਸਰੂਪ ਪੇਸ਼ ਹੋਇਆ ਹੈ। ਇਸ ਦਿਸਦੇ ਜਗਤ ਵਿੱਚ ਕੁਦਰਤ ਦਾ ਹੀ ਵਿਸ਼ਾਲ ਪਸਾਰਾ ਪਸਰਿਆ ਹੋਇਆ ਹੈ। ਇਸ ਕੁਦਰਤ ਦੇ ਅਲੌਕਿਕ ਦ੍ਰਿਸ਼ ਅਤੇ ਕ੍ਰਿਸ਼ਮੇ ਕਿਸੇ ਲਈ ਭੈ ਤੇ ਕਿਸੇ ਲਈ ਮੁਖ ਦਾ ਆਧਾਰ ਬਣਦੇ ਹਨ। ਪਾਤਾਲ, ਆਕਾਸ਼ ਸਭ ਪਾਸੇ ਕੁਦਰਤ ਦੇ ਜਲਵੇ ਹੀ ਪ੍ਰਗਟ ਹੋਏ ਹਨ। ਇਹ ਸਮੁੱਚਾ ਜਗਤ ਕਾਦਰ ਦੀ ਕੁਦਰਤ ਹੀ ਹੈ। ਸਮੁੱਚੇ ਗਿਆਨ ਗ੍ਰੰਥ ਕੁਦਰਤ ਦੀ ਵਿੱਚਾਰ ਚਰਚਾ ਦਾ ਭੰਡਾਰ ਹਨ। ਕੁਦਰਤੀ ਨਿਯਮਾਂ ਦੇ ਅੰਤਰਗਤ ਹੀ ਹਵਾ, ਪਾਣੀ ਅਗਨੀ, ਧਰਤੀ ਸਭ ਪ੍ਰਗਟ ਹੋਏ ਹਨ;
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥...
ਸਭ ਤੇਰੀ ਕੁਦਰਤਿ ਤੂੰ ਕਾਦਿਕੁ ਕਰਤਾ ਪਾਕੀ ਨਾਈ ਪਾਕੁ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥    
 (ਗੁਰੂ ਗ੍ਰੰਥ ਸਾਹਿਬ, ਪੰਨਾ-464)
    ਕੁਦਰਤ ਦੀ ਅਸੀਮਤਾ ਮਨੁੱਖ ਦੇ ਚਿੰਤਨ ਵਿੱਚ ਆਉਣ ਵਾਲੀ ਨਹੀਂ ਹੈ। ਇਹ ਪਸਾਰ ਏਨਾ ਵਿਸ਼ਾਲ ਹੈ ਕਿ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਅੱਜ ਦਾ ਦਾਰਸ਼ਨਿਕ ਅਤੇ ਅੱਜ ਦਾ ਵਿਗਿਆਨੀ ਇਹ ਸੋਚ ਸੋਚ ਕੇ ਚਕ੍ਰਿਤ ਨਹੀਂ ਹੁੰਦਾ ਹੈ ਕਿ ਉਸ ਨੇ ਕੀ ਕੀ ਜਾਣ ਲਿਆ ਹੈ ਅਤੇ ਕੀ ਕੀ ਬਣਾ ਲਿਆ ਹੈ, ਸਗੋਂ ਉਹ ਹੈਰਾਨ ਉਸ ਅਨੰਤਤਾ ਵੇਚ ਸੋਚ ਕੇ ਹੁੰਦਾ ਹੈ ਜਿਸ ਬਾਰੇ ਸ਼ਾਇਦ ਕਦੀ ਵੀ ਜਾਣਿਆ ਜਸ ਸਕਣਾ ਸੰਭਵ ਨਹੀਂ। ਜਿੱਥੇ ਤਕ ਸਾਡੀਆਂ ਗਿਆਨ ਇੰਦਰੀਆਂ ਕੰਮ ਕਰਦੀਆਂ ਹਨ ਸਿਰਫ ਉਥੋਂ ਠੀਕ ਹੀ ਕੁਦਰਤ ਹੈ, ਇਹ ਅਜਿਹਾ ਭ੍ਰਾਂਤੀ ਪੂਰਣ ਵਿੱਚਾਰ ਹੈ ਜਿਵੇਂ ਆਖਿਆ ਜਾਵੇ ਕਿ ਜਿੰਨੀ ਥਾਂ ਮੇਰੀਆਂ ਨਿਗਾਹਾਂ ਸਾਹਮਣੇ ਹੈ, ਕੇਵਲ ਇਹੀ ਸਤਿ ਹੈ, ਹੋਰ ਅੱਗੇ ਕੁਝ ਨਹੀਂ।
    ਕੁਦਰਤ ਕਾਦਰ ਦੁਆਰਾ ਸਿਰਕਿਆ ਗਿਆ ਅਨਮੋਲ ਖਜ਼ਾਨਾ ਹੈ ਜਿਸ ਦੀ ਕੀਮਤ ਮਨੁੱਖੀ ਪੈਮਾਨਿਆ ਵਿੱਚ ਅੰਕਿਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਜੇ ਮਨੁੱਖ ਉਸ ਦਾ ਮੁੱਲ ਅੰਕਣ ਵੀ ਲੱਗੇ ਤਾਂ ਵੀ ਉਸ ਇਸ ਦਿਸ਼ਾ ਵਿੱਚ ਕੁਝ ਕਹਿ ਜਾਂ ਦੱਸ ਨਹੀਂ ਸਕਦਾ:
ਕੁਦਰਤਿ ਕਰਿ ਕੈ ਵਸਿਆ ਸੋਇ॥
ਵਖਤੁ ਵੀਚਾਰੇ ਸੁ ਬੰਦਾ ਹੋਇ॥
 (ਗੁਰੂ ਗ੍ਰੰਥ ਸਾਹਿਬ, ਪੰਨਾ-83)
    ਗੁਰਬਾਣੀ ਵਿੱਚ ਕੁਦਰਤ ਦਾ ਸਮੁੱਚਾ ਪਾਸਾਰਾ ਅਕਾਲ ਪੁਰਖ ਦੇ ਹੁਕਮ ਅਧੀਨ ਉਪਜਦਾ, ਬਿਨਸਦਾ ਅਤੇ ਵਿਗਸਦਾ ਦਰਸਾਇਆ ਗਿਆ ਹੈ। ਗੁਰੂ ਸਾਹਿਬਾਨ ਨੇ ਸਮੁੱਚਾ ਪ੍ਰਬੰਧ ਉਸ ਸਰਵ ਸ਼ਕਤੀਮਾਨ ਦੀ ਮੋਤਾ ਅਧੀਨ ਵਿੱਚਰਦਾ ਦਰਸਾਇਆ ਹੈ। ਇੱਥੇ ਅਸੀਂ 'ਹੁਕਮ ਤੋਂ' 'ਭੈ' ਵਿੱਚ ਵਿੱਚਰਨ ਨੂੰ ਇੱਕ ਨਿਯਮ ਵਜੋਂ ਵੀ ਵਾਪਰਦਾ ਮਹਿਸੂਸ ਕਰਦੇ ਹਾਂ;
ਭੈ ਵਿਚਿ ਪਵਣੁ ਵਹੈ ਸਦਵਾਉ॥
ਭੈ ਵਿਚਿ ਚਲਹਿ ਲੇਖ ਦਰੀਆਉ॥...ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥
ਕਹੋ ਕਰੋੜੀ ਚਲਤ ਨ ਅਤੁ॥
(ਗੁਰੂ ਗ੍ਰੰਥ ਸਾਹਿਬ, ਪੰਨਾ-464)
ਮਨੁੱਖ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਉਤਰਨ ਲਈ ਦਸਦੇ ਹਨ, ਕਿ ਪਰਮਾਤਮਾ ਦਾ ਭਉ ਰਖਣਾ ਜਰੂਰੀ ਹੈ ਕਿਉਂਕਿ ਉਸਦਾ ਭਉ ਵੀ ਉਸ ਚਿਤਨਾ ਹੀ ਵੱਡਾ ਅਤੇ ਵਿਆਪਕ ਹੈ। ਜੇ ਮਨੁੱਖ ਉਸ ਦਾ ਭਉ ਨਹੀਂ ਰੱਖੇਗਾ ਤਦ ਉਹ ਅਸਲੀ ਮਾਰਗ ਤੋਂ ਭਟਕ ਸਕਦਾ ਹੈ।
                 ਕਾਦਰ ਅਤੇ ਕੁਦਰਤ ਦੇ ਸੰਬੰਧਾਂ ਵਿਭਿੰਨ ਮੱਤ ਮੌਜੂਦ ਹਨ। ਜਿੰਨ੍ਹਾਂ ਵਿੱਚੋਂ ਮੁੱਖ ਰੂਪ ਵਿੱਚ ਤਿੰਨ ਤਦਾਂ ਦੀਆਂ ਧਾਰਨਾਵਾਂ ਪ੍ਰਗਟ ਹੁੰਦੀਆਂ ਹਨ।ਪਹਿਲੀ ਧਾਰਨਾ ਜਾਂ ਸੋਚ 'ਸਰਬ ਈਸ਼ਵਰਵਾਦ' ਦੀ ਹੈ। ਜਿਸ ਅਨੁਸਾਰ ਕੁਦਰਤ ਕਾਦਰ ਦਾ ਹੀ ਰੂਪ ਹੈ। ਇਹਨਾਂ ਦੋਨਾਂ ਵਿੱਚ ਕੋਈ ਮੌਲਿਕ ਵਖਰੇਵਾਂ ਜਾਂ ਅੰਤਰ ਨਹੀਂ ਹੈ। ਦੂਸਰੇ ਮੱਤ ਅਨੁਸਾਰ ਕੁਦਰਤ ਅਤੇ ਕਾਦਰ ਦਾ ਏਨਾ ਕੂ ਹੀ ਸੰਬੰਧ ਹੈ ਕਿ 'ਕਾਦਰ' ਕੁਦਰਤ ਦਾ ਸਿਰਜਕ ਹੈ ਅਤੇ ਸਿਰਜਨਾਂ ਤੋਂ ਬਾਅਦ ਕੁਦਰਤ ਦੀ ਸੁਤੰਤਰ ਹੋਂਦ ਹੈ। ਤੀਸਰਾ ਮੱਤ ਇਹਨਾਂ ਦੋਹਾਂ ਦਾ ਸਮਾਨ ਆਰਥਿਕ ਸਿਰਜਦਿਆਂ ਹੋਇਆ ਇਹ ਧਾਰਨਾ ਪੇਸ਼ ਕਰਦਾ ਹੈ ਕਿ ਕਾਦਰ (ਕਰਤਾ) ਨੇ ਕੁਦਰਤ ਨੂੰ ਪੈਦਾ ਵੀ ਕੀਤਾ ਹੈ ਅਤੇ ਇਸ ਵਿੱਚ ਮੌਜੂਦ ਵੀ ਹੈ। ਇਹ ਮੌਤ ਕਰਤਾ ਨੂੰ ਕੁਦਰਤ ਵਿੱਚੋਂ ਗੈਰ ਹਾਜ਼ਰ ਨਹੀਂ ਮੰਨਦਾ।
    ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ ਸੰਸਾਰ ਦਾ ਇਕ ਸਿਰਜਣਹਾਰ ਹੈ ਅਤੇ ਕੁਦਰਤ ਦਾ ਅਕਾਲ ਪੁਰਖ ਤੋਂ ਵੱਖਰਾ ਆਪਣਾ ਕੋਈ ਵਜੂਦ ਨਹੀਂ ਹੈ। ਕੁਦਰਤ ਅਕਾਲ ਪੁਰਖ ਦੀ ਸਿਰਜਣਾ ਦਾ ਇਕ ਪਹਿਲੂ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ 'ਉਹ' ਸਿਰਜਣਹਾਰ ਅਤੇ ਸਤਿ ਹੈ। ਉਸ ਦੀ ਸਿਰ ਦੀ ਕੁਦਰਤ ਦਾ ਆਦਿ ਵੀ ਹੈ ਅਤੇ ਅੰਤ ਵੀ ਜਰੂਰ ਹੋਵੇਗਾ। ਕੁਦਰਤ ਦੇ ਵਿਭਿੰਨ ਵਰਤਾਰਿਆ ਪੱਖਾਂ, ਰੰਗਾਂ ਆਦਿ ਨੂੰ 'ਉਹ' ਹੀ ਜਾਣ ਸਕਦਾ ਹੈ;
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।
(ਗੁਰੂ ਗ੍ਰੰਥ ਸਾਹਿਬ, ਪੰਨਾ-8)
ਗੁਰਬਾਣੀ ਵਿੱਚ ਕਾਦਰ ਲਈ 'ਕਰਤਾ' ਅਤੇ 'ਅਕਾਲ ਪੁਰਖ' ਸ਼ਬਦਾਂ ਦਾ ਪ੍ਰਯੋਗ ਹੋਣ ਦੇ ਨਾਲ ਨਾਲ ਉਸ ਨੂੰ ਸੱਚਾ ਪਾਤਸ਼ਾਹ ਵੀ ਸਵੀਕਾਰ ਕੀਤਾ ਗਿਆ ਹੈ। ਇਸ ਲਈ ਕੁਦਰਤ ਨੂੰ ਉਸ ਕਾਦਰ ਦੀ 'ਇਹ ਜਗਾ ਸੱਚੇ ਕੀ ਹੈ ਕੋਠੜੀ" ਵਜੋ ਸਵੀਕਾਰ ਕੀਤਾ ਗਿਆ ਹੈ। ਉਸ ਸੱਚੇ ਦੀ 'ਕੋਠੜੀ' ਨੂੰ ਕੁਦਰਤ ਦਾ ਛਲਾਵਾ ਜਾਂ ਝੂਠ ਕਿਵੇਂ ਕਿਹਾ ਜਾ ਸਕਦਾ ਹੈ:
ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ॥
(ਗੁਰੂ ਗ੍ਰੰਥ ਸਾਹਿਬ, ਪੰਨਾ-463)
      ਕੁਦਰਤ ਅਤੇ ਮਨੁੱਖ ਦਾ ਮੁੱਢ ਮਨੁੱਖ ਦੇ ਜਦੋਂ ਪਹਿਲੀ ਵਾਰ ਅੱਖਾਂ ਖੋਲੀਆਂ ਹੋਣਗੀਆਂ ਤਾਂ ਸਭ ਤੋਂ ਪਹਿਲਾਂ ਦ੍ਰਿਸ਼, ਉਸ ਨੇ ਕੁਦਰਤ ਦਾ ਹੀ ਤਕਿਆ ਹੋਵੇਗਾ। ਮਨੁੱਖ ਦੀ ਆਪਣੇ ਜੀਵਨ ਨਾਲ ਪਹਿਲੀ ਪਹਿਚਾਣ ਅਤੇ ਸਾਂਝ ਸਿਰਜਨ ਵਿੱਚ ਉਸ ਨੂੰ ਪ੍ਰਥਮ ਸਹਿਯੋਗ ਵੀ ਕੁਦਰਤ ਦਾ ਹੀ ਪ੍ਰਾਪਤ ਹੋਇਆ ਹਵੇਗਾ।ਮਨੁੱਖ ਨੂੰ ਜਿਉਣ ਯੋਗ ਕੁਦਰਤ ਨੇ ਹੀ ਬਣਾਇਆ ਹੈ। ਮਨੁੱਖ ਦੀ ਹੋਂਦ ਦਾ ਆਧਾਰ ਹੀ ਕੁਦਰਤ ਹੈ। ਪਾਣੀ, ਹਵਾ, ਬਨਸਪਤੀ, ਦਰਿਆ, ਪਰਬਤ, ਅਗਨੀ, ਮਿੱਟੀ ਆਦਿ ਤੱਤ ਜੀਵਨ ਦੇ ਅਧਾਰ ਤੱਤ ਹਨ। ਇਹ ਸਾਰੇ ਤੱਤ ਕੁਦਰਤ ਦੇ ਅੰਗ ਹਨ ਅਤੇ ਇਹਨਾਂ ਦਾ ਸੰਗਠਿਤ ਰੂਪ ਕੁਦਰਤ ਵਜੋਂ ਉਭਰਦਾ ਹੈ।
    ਗੁਰਬਾਣੀ ਵਿੱਚ ਕੁਦਰਤ ਅਤੇ ਮਨੁੱਖ ਦੇ ਸੰਬੰਧਾਂ ਦੀ ਭਰਪੂਰ ਵਿਆਖਿਆ ਹੋਈ ਹੈ। ਮਨੁੱਖ ਨੂੰ ਹਮੇਸ਼ਾ ਕੁਦਰਤ ਅਤੇ ਕਾਕਾਰ ਦਾ ਰਿਣੀ ਰਹਿਣਾ ਚਾਹੀਦਾ ਹੈ। ਮਨੁੱਖੀ ਸਰੀਰ ਦੀ ਬਣਤ ਵਿੱਚ ਸ਼ਾਮਿਲ ਤੱਤ ਕੁਦਰਤ ਦੀ ਸਾਜਨਾ ਦੇ ਆਧਾਰ ਪੂਰਵਕ ਤੱਤ ਹੀ ਹਨ। 'ਕੁਦਰਤ' ਦੀ ਸਾਜਨਾ ਸੰਬੰਧੀ ਸਮੁੱਚੀ ਸੋਚ ਭਾਵੇਂ ਉਹ ਅਧਿਆਤਮਕ ਹੈ, ਚਾਹੇ ਵਿਗਿਆਨਕ ਹੋਵੇ, ਇਹ ਮੰਨਿਆ ਜਾਂਦਾ ਹੈ ਕਿ ਹਵਾ, ਪਾਣੀ, ਮਿੱਟੀ, ਅੱਗ ਅਤੇ ਆਕਾਸ਼ ਇਹ ਤੱਤ ਕੁਦਰਤ ਦਾ ਆਧਾਰ ਹਨ
ਪੰਚ ਤਤੁ ਮਿਲਿ ਕਾਇਆ ਕੀਨੀ॥
ਤਿਸ ਮਹਿ ਰਾਮ ਰਤਨੁ ਲੂ ਚੀਨੀ॥   
 (ਗੁਰੂ ਗ੍ਰੰਥ ਸਾਹਿਬ, ਪੰਨਾ-1030)
    ਮਨੁੱਖ ਨਿਰੰਤਰ 'ਕੁਦਰਤ' ਦੇ ਵਰਤਾਰੇ ਨੂੰ ਜਾਨਣ ਸਮਝਣ ਲਈ ਯਤਨਸ਼ੀਲ਼ ਹੈ। ਆਪਣੇ ਜੀਵਨ ਦਾ ਲੰਮਾ ਪੈਂਡਾ ਤਹਿ ਕਰਦਿਆਂ ਮਨੁੱਖੀ ਜੀਵ ਨੇ ਕੁਦਰਤ ਦੇ ਵਰਤਾਰੇ ਵਿੱਚ ਨਿਹਿਤ ਨੇਮਾਂ ਨੂੰ ਮਹਿਸੂਸ ਕਰਦੀਆਂ, ਇਹਨਾਂ ਨੂੰ ਜਾਨਣਾ ਥੱਕਣਾ ਸ਼ੁਰੂ ਕੀਤਾ। "ਵਿਗਿਆਨਕ ਲੱਭਤਾਂ ਅਤੇ ਖੋਜਾਂ ਦਾ ਲੰਮਾ ਸਫਰ ਤਹਿ ਕਰਦਿਆਂ ਮਨੁੱਖ ਨੇ ਦੋ ਵੀ ਤਲਾਸ਼ਿਆਂ ਹੈ ਉਸ ਸੰਬੰਧੀ ਵਿਦਵਾਨਾਂ ਦੀ ਇਕ ਰਾਇ ਇਹ ਹੈ ਕਿ ਹਰ ਪ੍ਰਕਾਰ ਦੇ ਵਿਗਿਆਨਕ ਉਪਕਰਣਾਂ ਦਾ ਆਧਾਰ ਕੁਦਰਤ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ। ਵਿਗਿਆਨੀਆਂ ਨੇ ਉਸ ਅਧਾਰ ਨੂੰ ਲੱਭ ਕੇ ਉਸ ਨੂੰ ਆਪਣੇ ਤਜਰਬਿਆਂ ਦੇ ਆਧਾਰ ਤੇ ਪ੍ਰਯੋਗ ਕਰਦਿਆਂ ਅਗਲੇਰੀਆਂ ਪ੍ਰਾਪਤੀਆਂ ਕੀਤੀਆਂ ਹਨ। ਕੁਦਰਤ ਦੇ ਵਰਤਾਰੇ ਵਿੱਚ ਪਸਰੇ ਇਹਨਾਂ ਨੇਮਾਂ ਨੂੰ 'ਗੁਰਬਾਣੀ' ਵਿੱਚ ਅਸੀਂ 'ਹੁਕਮ' ਵਿੱਚ ਬੱਝੇ ਨਿਯਮ ਦੇ ਰੂਪ ਵਿੱਚ ਮੌਜੂਦ ਦੇਖ ਸਕਦੇ ਹਾਂ,"
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥
                                             (ਗੁਰੂ ਗ੍ਰੰਥ ਸਾਹਿਬ, ਪੰਨਾ-464)
ਕੁਦਰਤ ਅਤੇ ਮਨੁੱਖ ਦਾ ਅਟੁੱਟ ਰਿਸ਼ਤਾ ਹੈ। ਆਪਣੇ ਅਸਤਿਤਵ ਦੇ ਹੋਂਦ ਵਿੱਚ ਆਉਣ ਤੋਂ ਨਿਰੰਤਰ ਕੁਦਰਤ ਅਤੇ ਮਨੁੱਖ ਦਾ ਆਪਸੀ ਸਰਿਚਾਰ ਚੋਲਿਆ ਆਉਂਦਾ ਹੈ। ਸਧਾਰਨ ਮਨੁੱਖ, ਵਿਗਿਆਨੀ ਅਤੇ ਕਵੀ ਕੋਈ ਵੀ ਕੁਦਰਤ ਦੀ ਸੀਮਾ ਤੋਂ ਬਾਹਰ ਨਹੀਂ ਕਿਉੇਂਕਿ ਉਹ ਸਭ ਕੁਦਰਤ ਦੀ ਗੋਦ ਵਿੱਚ ਜਨਮਦੇ, ਪਲਦੇ, ਵਿਗਸਦੇ ਅਤੇ ਬਿਨਸਦੇ ਹਨ।
                ਕੁਦਰਤ ਸੰਬੰਧੀ ਗੁਰੂ ਨਾਨਕ ਦੇਵ ਜੀ ਦਾ ਇਹ ਸਿਧਾਂਤ ਸਪੱਸ਼ਟ ਹੁੰਦਾ ਹੈ ਕਿ ਅਕਾਲਪੁਰਖ ਦ੍ਰਿਸ਼ਟਾ ਹੈ ਅਤੇ ਕੁਦਰਤ ਦ੍ਰਿਸ਼। ਪਰ ਦ੍ਰਿਸ਼ਟਾ ਅਤੇ ਦ੍ਰਿਸ਼ ਵੱਖ-ਵੱਖ ਨਹੀਂ ਹਨ । ਜਿਵੇਂ ਕੋਈ ਆਪਣੀਆਂ ਅੱਖਾਂ ਨਾਲ ਆਪਣੇ ਆਪ ਦਾ ਹੀ ਚਿੰਤਨ ਕਰੇ ਇਸੇ ਪ੍ਰਕਾਰ ਕਾਦਰ ਅਤੇ ਕੁਦਰਤ, ਇਕ ਦੂਜੇ ਵਿਚ ਜਜਬ ਹਨ।

ਡਾ.ਨਰਿੰਦਰ ਕੌਰ
ਸੀਕਰੀ, ਹੁਸ਼ਿਆਰਪੁਰ
ਮੋਬਾਇਲ +91 9988138529