ਗਿਣਤੀ ਵਧਦੀ ਜਾਵੇ / ਗ਼ਜ਼ਲ - ਮਹਿੰਦਰ ਸਿੰਘ ਮਾਨ

ਗਿਣਤੀ ਵਧਦੀ ਜਾਵੇ ਬੇਰੁਜ਼ਗਾਰਾਂ ਦੀ,
ਖੌਰੇ ਕਦ ਅੱਖ ਖੁੱਲ੍ਹਣੀ ਹੈ ਸਰਕਾਰਾਂ ਦੀ।

ਯਤਨ ਇਨ੍ਹਾਂ ਨੂੰ ਖੂੰਜੇ ਲਾਣ ਦੇ ਹੋਣ ਬੜੇ,
ਪਰ ਇੱਜ਼ਤ ਵਧਦੀ ਜਾਵੇ ਸਰਦਾਰਾਂ ਦੀ।
ਬਹੁਤੇ ਉੱਥੋਂ ਅੱਖ ਬਚਾ ਕੇ ਜਾਣ ਚਲੇ,
ਜਿੱਥੇ ਚਰਚਾ ਹੋਵੇ ਬਹਾਦਰ ਨਾਰਾਂ ਦੀ।
ਲੋਕੀਂ ਸਿਰ ਤੇ ਚੁੱਕ ਉਨ੍ਹਾਂ ਨੂੰ ਲੈਂਦੇ ਨੇ,
ਜਿਹੜੇ ਬਾਂਹ ਫੜ ਲੈਂਦੇ ਨੇ ਲਾਚਾਰਾਂ ਦੀ।
ਜੋ ਲੋਕਾਂ ਦੇ ਮਸਲੇ ਦੱਸਣ ਹਾਕਮ ਨੂੰ,
ਵਿੱਕਰੀ ਹੋਵੇ ਬਹੁਤ ਉਨ੍ਹਾਂ ਅਖਬਾਰਾਂ ਦੀ।
ਉਹ ਜੱਗ ਤੇ ਆਪਣਾ ਨਾਂ ਚਮਕਾ ਜਾਂਦੇ ਨੇ,
ਜੋ ਪਰਵਾਹ ਨਹੀਂ ਕਰਦੇ ਜਿੱਤਾਂ, ਹਾਰਾਂ ਦੀ।
ਉੱਥੇ ਰਹਿਣੇ ਨੂੰ ਦਿਲ ਨਾ ਕਰੇ  ਮਾੜਾ ਵੀ,
ਜਿੱਥੇ ਗੱਲ ਕਰੇ ਨਾ ਕੋਈ ਪਿਆਰਾਂ ਦੀ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ} 9915803554