ਸਮਾਜਕ ਸਰੋਕਾਰਾਂ ਦਾ ਫਿਲਮਸਾਜ਼ : ਨਕੁਲ ਸਾਹਨੀ - ਸੁਖਵੰਤ ਹੁੰਦਲ
(ਡਾਕੂਮੈਂਟਰੀ ਫਿਲਮਸਾਜ਼ ਨਕੁਲ ਸਾਹਨੀ ਨਵੰਬਰ ਮਹੀਨੇ ਵਿੱਚ ਕੈਨੇਡਾ ਦੀ ਫੇਰੀ 'ਤੇ ਆ ਰਿਹਾ ਹੈ। ਪੇਸ਼ ਹੈ ਉਸ ਦੀ ਸੰਖੇਪ ਜਾਣਪਛਾਣ।)
ਡਾਕੂਮੈਂਟਰੀ ਫਿਲਮਸਾਜ਼ ਨਕੁਲ ਸਾਹਨੀ ਡਾਕੂਮੈਂਟਰੀ ਫਿਲਮਸਾਜ਼ੀ ਦੇ ਖੇਤਰ ਵਿੱਚ ਪਿਛਲੇ ਡੇਢ ਦਹਾਕੇ ਤੋਂ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਹੁਣ ਤੱਕ ਉਹ ਫਿਰਕਾਪ੍ਰਸਤੀ, ਅਣਖ ਖਾਤਰ ਕੀਤੇ ਜਾਂਦੇ ਕਤਲਾਂ, ਮਜ਼ਦੂਰਾਂ ਦੇ ਹੱਕਾਂ ਅਤੇ ਸਮਾਜਕ ਨਿਆਂ ਦੇ ਹੋਰ ਮੁੱਦਿਆਂ 'ਤੇ ਕੁੱਝ ਮਹੱਤਵਪੂਰਨ ਫਿਲਮਾਂ ਬਣਾ ਚੁੱਕਾ ਹੈ।
ਦਿੱਲੀ ਦੇ ਜੰਮਪਲ ਨਕੁਲ ਨੇ ਸੰਨ 2005-06 ਵਿੱਚ ਫਿਲਮ ਐਂਡ ਟੈਲੀਵਿਯਨ ਇੰਸਟੀਚਿਊਟ, ਪੂਨੇ ਤੋਂ ਫਿਲਮ ਡਾਇਰੈਕਸ਼ਨ ਦਾ ਡਿਪਲੋਮਾ ਪਾਸ ਕੀਤਾ। ਫਿਲਮ ਐਂਡ ਟੈਲੀਵਿਯਨ ਇੰਸਟੀਚਿਊਟ ਵਿੱਚ ਹੁੰਦਿਆਂ ਉਸ ਨੇ ਕੁਝ ਛੋਟੀਆਂ ਫਿਲਮਾਂ ਬਣਾਈਆਂ। ਉੱਥੋਂ ਪੜ੍ਹਾਈ ਮੁਕਾਉਣ ਤੋਂ ਬਾਅਦ ਉਸ ਨੇ ਆਪਣੀ ਪਹਿਲੀ ਲੰਬੀ ਡਾਕੂਮੈਂਟਰੀ ਪੰਜਾਬ ਦੇ ਛੇਹਰਟਾ ਖੇਤਰ ਵਿੱਚ ਕੱਪੜੇ ਦੀਆਂ ਮਿੱਲਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਇਤਿਹਾਸ 'ਤੇ ਬਣਾਈ।
ਸੰਨ 2012 ਵਿੱਚ ਉਸ ਵੱਲੋਂ ਬਣਾਈ ਫਿਲਮ "ਇੱਜ਼ਤ ਨਗਰ ਕੀ ਅਸੱਭਿਆ ਬੇਟੀਆਂ' ਉੱਤਰੀ ਭਾਰਤ ਵਿੱਚ 'ਅਣਖ ਖਾਤਰ ਹੁੰਦੇ ਕਤਲਾਂ' ਦਾ ਵਿਰੋਧ ਕਰ ਰਹੀਆਂ ਨੌਜਵਾਨ ਕੁੜੀਆਂ ਦੇ ਸੰਘਰਸ਼ ਅਤੇ ਖੱਪ ਪੰਚਾਇਤਾਂ ਵੱਲੋਂ ਜਾਰੀ ਕੀਤੇ ਜਾਂਦੇ ਫਰਮਾਨਾਂ ਨੂੰ ਕੇਂਦਰ ਵਿੱਚ ਰੱਖ ਕੇ ਬਣਾਈ ਗਈ ਹੈ। ਇਸ ਫਿਲਮ ਵਿੱਚ ਪੰਜ ਜਾਟ ਕੁੜੀਆਂ ਦੀ ਕਹਾਣੀ ਦੱਸੀ ਗਈ ਹੈ ਜਿਹਨਾਂ ਨੇ ਵਿਆਹਾਂ ਦੇ ਮਾਮਲੇ ਵਿੱਚ ਆਪਣੀ ਮਰਜ਼ੀ ਦੇ ਸਾਥੀ ਚੁਣਨ ਦੀ ਅਜ਼ਾਦੀ ਨੂੰ ਦਬਾਉਣ ਲਈ ਸਮਾਜ ਵੱਲੋਂ ਪਰੰਪਰਾ ਅਤੇ ਸ਼ੁੱਧੀ ਦੇ ਨਾਂ 'ਤੇ ਵਰਤੀ ਜਾਂਦੀ ਹਿੰਸਾ ਵਿਰੁੱਧ ਲੜਨ ਦਾ ਹੌਂਸਲਾ ਕੀਤਾ ਹੈ। ਇਨ੍ਹਾਂ ਔਰਤਾਂ ਦੀ ਕਹਾਣੀ ਅਤੇ ਖੱਪ ਪੰਚਾਇਤਾਂ ਦੀ ਸੋਚ, ਫਰਮਾਨਾਂ ਅਤੇ ਹਿੰਸਾ ਨੂੰ ਆਹਮੋ ਸਾਹਮਣੇ ਰੱਖ ਕੇ ਫਿਲਮ ਅਜੋਕੇ ਭਰਤੀ ਸਮਾਜ ਵਿੱਚਲੇ ਦੋਗਲੇਪਣ, ਜਾਤਪਾਤ, ਲਿੰਗਕ ਵਿਤਕਰੇ ਅਤੇ ਮਰਦਾਨਗੀ ਧੋਂਸ ਨੂੰ ਬਹੁਤ ਹੀ ਸ਼ਕਤੀਸ਼ਾਲੀ ਢੰਗ ਨਾਲ ਨੰਗਾ ਕਰਦੀ ਹੈ।
ਹੁਣ ਤੱਕ ਇਹ ਫਿਲਮ ਦੁਨੀਆ ਦੇ ਕਈ ਇੰਟਰਨੈਸ਼ਨਲ ਫਿਲਮ ਫੈਸਟੀਵਲਾਂ ਵਿੱਚ ਦਿਖਾਈ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ: ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ, ਫਿਲਮ ਸਾਊਥ ਏਸ਼ੀਆ (ਨੇਪਾਲ), ਮਿੰਨੀਐਪਲਿਸ ਸੇਂਟ ਪਾਲ ਇੰਟਰਨੈਸ਼ਨਲ ਫਿਲਮ ਫੈਸਟੀਵਲ, ਕੇਰਲਾ ਦਾ ਦਸਵਾਂ ਇੰਟਰਨੈਸ਼ਨਲ ਡਾਕੂਮੈਂਟਰੀ ਐਂਡ ਸ਼ਾਰਟ ਫਿਲਮ ਫੈਸਟੀਵਲ।
ਜਨਵਰੀ 2015 ਵਿੱਚ ਰਿਲੀਜ਼ ਹੋਈ ਉਸ ਦੀ ਅਗਲੀ ਫਿਲਮ 'ਮੁਜੱਫਰ ਨਗਰ ਬਾਕੀ ਹੈ' ਸੰਨ 2013 ਵਿੱਚ ਮੁੱਜਫਰ ਨਗਰ ਵਿੱਚ ਮੁਸਲਮਾਨ ਵਿਰੋਧੀ ਹਿੰਸਾ 'ਤੇ ਕੇਂਦਰਿਤ ਹੈ। ਇਸ ਫਿਲਮ ਵਿੱਚ ਸਾਹਨੀ ਇਸ ਹਿੰਸਾ ਪਿੱਛੇ ਕੰਮ ਕਰਦੇ ਅਤੇ ਇਸ ਹਿੰਸਾ ਤੋਂ ਪ੍ਰਭਾਵਿਤ ਸਿਆਸੀ ਅਤੇ ਸਮਾਜਕ ਵਰਤਾਰਿਆਂ ਨੂੰ ਉਜਾਗਰ ਕਰਦਾ ਹੈ। ਫਿਲਮ ਵਿੱਚ ਜਿੱਥੇ ਸੰਨ 2013 ਵਿੱਚ ਵਾਪਰੀ ਹਿੰਸਾ ਅਤੇ ਉਸ ਦੇ ਮਾਰੂ ਨਤੀਜਆਂ ਨੂੰ ਰਿਕਾਰਡ ਕੀਤਾ ਗਿਆ ਹੈ, ਉਸ ਦੇ ਨਾਲ ਨਾਲ ਇਸ ਕਤਲੇਆਮ ਦੇ ਵੱਖ ਵੱਖ ਪੱਖਾਂ - ਔਰਤ ਵਿਰੁੱਧ ਲਿੰਗਕ ਹਿੰਸਾ, ਫਿਰਕੂ ਵੰਡੀਆਂ ਨੂੰ ਉਭਾਰਨ ਵਿੱਚ ਬੀ ਜੇ ਪੀ-ਆਰ ਆਰ ਐੱਸ ਐੱਸ ਵਰਗੀਆਂ ਹਿੰਦੂ ਰਾਸ਼ਟਰਵਾਦੀ ਸੰਸਥਾਂਵਾਂ ਦੀ ਭੂਮਿਕਾ, ਹਿੰਦੂਤਵਾ ਸਿਆਸਤ ਵਿੱਚ ਵਿਲੀਨ ਹੁੰਦੀ ਜਾਤੀ ਪਛਾਣ, ਇਸ ਇਲਾਕੇ ਵਿੱਚੋਂ ਸ਼ਕਤੀਸ਼ਾਲੀ ਭਾਰਤੀ ਕਿਸਾਨ ਯੂਨੀਅਨ ਦੀ ਟੁੱਟ-ਭੱਜ ਅਤੇ ਦਲਿਤ ਸਿਆਸਤ ਦੀਆਂ ਕਈ ਤਹਿਆਂ ਅਤੇ ਮੁਸਲਮਾਨ ਭਾਈਚਾਰੇ ਦੀ ਬੇਗਾਨਗੀ- ਨੂੰ ਘੋਖਣ ਦਾ ਯਤਨ ਵੀ ਕੀਤਾ ਗਿਆ ਹੈ।
ਅਗਸਤ 2015 ਵਿੱਚ ਦਿੱਲੀ ਯੂਨੀਵਰਸਿਟੀ ਵਿੱਚ ਇਸ ਫਿਲਮ ਨੂੰ ਦਿਖਾਏ ਜਾਣ ਦੇ ਇਕ ਪ੍ਰੋਗਰਾਮ ਨੂੰ ਵਿਦਿਆਰਥੀਆਂ ਦੀ ਸੱਜੇ ਪੱਖੀ ਜਥੇਬੰਦੀ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਨੇ ਭੰਗ ਕਰ ਦਿੱਤਾ ਸੀ ਅਤੇ ਫਿਲਮਸਾਜ਼ ਅਤੇ ਯੂਨੀਵਰਸਿਟੀ ਦੇ ਹੋਰ ਪ੍ਰੋਫੈਸਰਾਂ ਨੂੰ ਆਪਣੇ ਹਮਲੇ ਦਾ ਸ਼ਿਕਾਰ ਬਣਾਇਆ ਸੀ। ਇਸ ਤੋਂ ਬਾਅਦ ਇਸ ਦੇ ਵਿਰੋਧ ਵਿੱਚ ਅਤੇ ਵਿਚਾਰਾਂ ਦੀ ਅਜ਼ਾਦੀ ਦੀ ਹਿਮਾਇਤ ਵਿੱਚ ਪੂਰੇ ਹਿੰਦੁਸਤਾਨ ਵਿੱਚ ਇਸ ਫਿਲਮ ਦੇ 200 ਸ਼ੋਆਂ ਦਾ ਪ੍ਰਬੰਧ ਕੀਤਾ ਗਿਆ। ਉਸ ਤੋਂ ਬਾਅਦ ਹੁਣ ਤੱਕ ਇਹ ਫਿਲਮ ਦੇਸ਼ ਅਤੇ ਵਿਦੇਸ਼ ਵਿੱਚ ਕਈ ਜਾਣੇ ਪਛਾਣੇ ਫਿਲਮ ਫੈਸਟੀਵਲਾਂ ਅਤੇ ਸਮਾਗਮਾਂ ਵਿੱਚ ਦਿਖਾਈ ਜਾ ਚੁੱਕੀ ਹੈ।
ਸੰਨ 2016 ਬਣੀ ਸਾਹਨੀ ਦੀ ਅੱਧੇ ਘੰਟੇ ਦੀ ਛੋਟੀ ਫਿਲਮ 'ਕੈਰਾਨਾ ਸੁਰਖੀਆਂ ਕੇ ਬਾਅਦ' ਸਿਆਸਤਦਾਨਾਂ ਵੱਲੋਂ ਪੱਛਮੀ ਉੱਤਰ ਪ੍ਰਦੇਸ਼ ਦੇ ਖੇਤਰ ਵਿੱਚ ਝੂਠੀਆਂ ਖਬਰਾਂ ਫੈਲਾ ਕੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਤਣਾਅ ਅਤੇ ਝਗੜੇ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਦਾ ਪਾਜ਼ ਉਘਾੜਦੀ ਹੈ। ਜੂਨ 2016 ਵਿੱਚ ਇਸ ਇਲਾਕੇ ਦੇ ਭਾਰਤੀ ਜਨਤਾ ਪਾਰਟੀ ਦੇ ਐੱਮ ਪੀ ਹੁਕਮ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਸ ਇਲਾਕੇ ਦੇ 346 ਹਿੰਦੂ ਪਰਿਵਾਰ ਇਹ ਇਲਾਕਾ ਛੱਡ ਕੇ ਚਲੇ ਗਏ ਹਨ, ਕਿਉਂਕਿ ਮੁਸਲਮਾਨ ਬਹੁਗਿਣਤੀ ਵਾਲੇ ਇਸ ਇਲਾਕੇ ਵਿੱਚ ਮੁਸਲਮਾਨਾਂ ਵੱਲੋਂ ਹਿੰਦੂਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਪਰ ਜਲਦੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਸ ਵੱਲੋਂ ਦਿੱਤੀ ਗਈ 346 ਹਿੰਦੂਆਂ ਦੀ ਲਿਸਟ ਝੂਠੀ ਸੀ। ਫਿਲਮ ਵਿੱਚ ਇਸ ਇਲਾਕੇ ਦੇ ਕਈ ਮੁਸਲਮਾਨ, ਹਿੰਦੂ, ਜੈਨ ਆਦਿ ਧਰਮਾਂ ਦੇ ਲੋਕਾਂ ਨੂੰ ਇੰਟਰਵਿਊ ਕੀਤਾ ਗਿਆ ਹੈ। ਇੰਟਰਵਿਊਆਂ ਵਿੱਚ ਇਹ ਲੋਕ ਇਲਾਕੇ ਦੇ ਸਿਆਸਤਦਾਨਾਂ ਵੱਲੋਂ ਆਪਣੇ ਸੌੜੇ ਹਿੱਤਾਂ ਲਈ ਫੈਲਾਈਆਂ ਜਾਂਦੀਆਂ ਝੂਠੀਆਂ ਖਬਰਾਂ ਦਾ ਖੰਡਨ ਕਰਨ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਦੇ ਅਸਲੀ ਮੁੱਦਿਆਂ ਨੂੰ ਸਾਹਮਣੇ ਲਿਆਉਂਦੇ ਹਨ।
ਸੰਨ 2017 ਵਿੱਚ ਬਣਾਈ ਉਸ ਦੀ ਵੀਹ ਮਿੰਟ ਦੀ ਛੋਟੀ ਫਿਲਮ 'ਸਵਿਤਰੀ ਭੈਣਾਂ' ਅਜ਼ਾਦੀ ਕੂਚ ਮਾਰਚ ਵਿੱਚ ਹਿੱਸਾ ਲੈ ਰਹੀਆਂ ਦੋ ਦਲਿਤ ਭੈਣਾਂ - ਲਕਸ਼ਮੀਬੈਨ ਅਤੇ ਮਧੂਬੈਨ- 'ਤੇ ਕੇਂਦਰਿਤ ਹੈ। ਜੁਲਾਈ 2016 ਵਿੱਚ ਗੁਜਰਾਤ ਦੇ ਕਸਬੇ ਊਨਾ ਵਿੱਚ ਇਕ ਦਲਿਤ ਪਰਿਵਾਰ ਦੇ 7 ਜੀਆਂ ਨੂੰ ਗਊ ਰੱਖਸ਼ਕਾਂ ਵੱਲੋਂ ਜਨਤਕ ਤੌਰ 'ਤੇ ਕੁੱਟਿਆ ਗਿਆ ਸੀ। ਜਦੋਂ ਇਸ ਮਾਰਕੁੱਟ ਵੀਡੀਓ ਸੋਸ਼ਲ ਮੀਡੀਏ 'ਤੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਦੇਖੀ ਗਈ ਤਾਂ ਇਸ ਘਟਨਾ ਵਿਰੁੱਧ ਪੂਰੇ ਸੂਬੇ ਵਿੱਚ ਬਹੁਤ ਸਾਰੇ ਪ੍ਰਦਰਸ਼ਨ ਹੋਏ। ਇਸ ਘਟਨਾ ਤੋਂ ਇਕ ਸਾਲ ਬਾਅਦ ਗੁਜਰਾਤ ਵਿੱਚ ਦਲਿਤਾਂ ਵੱਲੋਂ 'ਅਜ਼ਾਦੀ ਕੂਚ' ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਇਹ ਯਾਤਰਾ ਗੁਜਰਾਤ ਦੇ ਕਈ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਦੀ ਲੰਘੀ। ਫਿਲਮ 'ਸਵਿਤਰੀ ਭੈਣਾਂ' ਇਸ ਯਾਤਰਾ ਵਿੱਚ ਹਿੱਸਾ ਲੈ ਰਹੀਆਂ ਦੋ ਭੈਣਾਂ ਦੇ ਤਜਰਬੇ ਨੂੰ ਰਿਕਾਰਡ ਕਰਦੀ ਹੈ। ਇਕ ਪਾਸੇ ਇਹ ਫਿਲਮ ਦਲਿਤ ਅੰਦੋਲਨ ਵਿੱਚ ਇਨ੍ਹਾਂ ਦੋ ਭੈਣਾਂ ਦੇ ਲੀਡਰ ਬਣ ਕੇ ਉਭਰਨ ਦੀ ਨਿੱਜੀ ਕਹਾਣੀ ਅਤੇ ਜੱਦੋਜਹਿਦ ਨੂੰ ਰਿਕਾਰਡ ਕਰ ਕੇ ਇਸ ਜੱਦੋਜਹਿਦ ਵਿੱਚ ਔਰਤਾਂ ਵੱਲੋਂ ਪਾਏ ਯੋਗਦਾਨ ਨੂੰ ਉਭਾਰਦੀ ਹੈ, ਦੂਜੇ ਪਾਸੇ ਹੋਰ ਔਰਤਾਂ ਨੂੰ ਆਪਣੇ ਹੱਕਾਂ ਲਈ ਜੱਦੋਜਹਿਦ ਕਰਨ ਲਈ ਪ੍ਰੇਰਨਾ ਦਿੰਦੀ ਹੈ।
ਡਾਕੂਮੈਂਟਰੀ ਫਿਲਮਸਾਜ਼ੀ ਤੋਂ ਬਿਨਾਂ ਨਕੁਲ ਸਾਹਨੀ ਪੱਛਮੀ ਉੱਤਰ ਪ੍ਰਦੇਸ਼ ਵਿੱਚ ਇਕ ਚੱਲ-ਚਿੱਤਰ ਅਭਿਆਨ ਨਾਂ ਦਾ ਇਕ ਗਰੁੱਪ ਵੀ ਚਲਾ ਰਿਹਾ ਹੈ। ਇਸ ਗਰੁੱਪ ਦਾ ਮਕਸਦ ਮੁੱਖ ਧਾਰਾ ਮੀਡੀਏ ਵੱਲੋਂ ਅਣਗੌਲੇ ਮੁੱਦਿਆਂ ਨੂੰ ਉਭਾਰਨਾ ਅਤੇ ਜਨਤਕ ਵਿਚਾਰ ਚਰਚਾ ਦੇ ਕੇਂਦਰ ਵਿੱਚ ਲਿਆਉਣਾ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਗਰੁੱਪ ਆਮ ਲੋਕਾਂ ਨਾਲ ਸੰਬੰਧਤ ਮਸਲਿਆਂ 'ਤੇ ਛੋਟੀਆਂ ਡਾਕੂਮੈਂਟਰੀ ਫਿਲਮਾਂ, ਨਿਊਜ਼ ਫੀਚਰ, ਮੁਲਾਕਾਤਾਂ ਅਤੇ ਲਾਈਵ ਬ੍ਰਾਡਕਾਸਟ ਪ੍ਰੋਗਰਾਮ ਤਿਆਰ ਕਰਦਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕਰਨ ਦੇ ਨਾਲ ਨਾਲ ਗਰੁੱਪ ਸਥਾਨਕ ਲੋਕਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕਰਨ ਲਈ ਸਿਖਲਾਈ ਵੀ ਦਿੰਦਾ ਹੈ, ਤਾਂ ਕਿ ਉਹ ਵੀਡੀਓ ਰਾਹੀਂ ਆਪਣੀ ਗੱਲ ਆਪ ਕਹਿ ਸਕਣ।
ਇਹ ਖੁਸ਼ੀ ਦੀ ਗੱਲ ਹੈ ਕਿ ਇਸ ਨਵੰਬਰ ਵਿੱਚ ਨਕੁਲ ਸਾਹਨੀ ਕੈਨੇਡਾ ਦੀ ਫੇਰੀ 'ਤੇ ਆ ਰਿਹਾ ਹੈ। ਕੈਨੇਡਾ ਵਿੱਚ ਉਹ ਆਪਣੀ ਫੇਰੀ ਦੀ ਸ਼ੁਰੂਆਤ, 2 ਨਵੰਬਰ 2019 ਨੂੰ ਯੂਨੀਵਰਿਸਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ 'ਪੈਟਰਨਜ਼ ਆਫ ਪੁਲੀਟੀਕਲ ਵਾਇਲੈਂਸ: 35 ਯੀਅਰਜ਼ ਸਿੰਸ 1984' ਨਾਂ ਦੇ ਸਮਾਗਮ ਵਿੱਚ ਹਿੱਸਾ ਲੈ ਕੇ ਕਰੇਗਾ। ਇਸ ਸਮਾਗਮ ਵਿੱਚ ਉਸ ਦੀ ਫਿਲਮ ਮੁਜੱਫਰ ਨਗਰ ਬਾਕੀ ਹੈ ਦਿਖਾਈ ਜਾਏਗੀ ਅਤੇ ਸਾਹਨੀ ਨਾਲ ਗੱਲਬਾਤ ਕੀਤੀ ਜਾਵੇਗੀ। ਸੈਂਟਰ ਫਾਰ ਇੰਡੀਆ ਐਂਡ ਸਾਊਥ ਏਸ਼ੀਆ ਰਿਸਰਚ ਵੱਲੋਂ ਕੀਤੇ ਜਾ ਰਹੇ ਇਸ ਸਮਾਗਮ ਬਾਰੇ ਹੋਰ ਜਾਣਕਾਰੀ ਇਸ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ: https://cisar.iar.ubc.ca/events/event/patterns-of-political-violence/।
ਕੈਨੇਡਾ ਦੇ ਯੂਨੀਵਰਸਿਟੀ ਖੇਤਰ ਵਿੱਚ ਨਕੁਲ ਸਾਹਨੀ ਦਾ ਦੂਸਰਾ ਪ੍ਰੋਗਰਾਮ 22 ਨਵੰਬਰ 2019 ਨੂੰ ਯੂਨੀਵਰਸਿਟੀ ਆਫ ਟਰਾਂਟੋ, ਮਿਸੀਸਾਗਾ ਵਿਖੇ ਹੋਵੇਗਾ। ਸੈਂਟਰ ਫਾਰ ਸਾਊਥ ਏਸ਼ੀਅਨ ਸਿਵਿਲਾਈਜੇਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਸਾਹਨੀ ਦੀ ਫਿਲਮ ਮੁਜੱਫਰ ਨਗਰ ਬਾਕੀ ਹੈ ਦਿਖਾਈ ਜਾਵੇਗੀ ਅਤੇ ਸਾਹਨੀ ਨਾਲ ਗੱਲਬਾਤ ਕੀਤੀ ਜਾਵੇਗੀ। ਯੂਨੀਵਰਸਿਟੀ ਆਫ ਟਰਾਂਟੋ ਦੇ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਇਸ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ: https://www.eventbrite.ca/e/muzaffarnagar-baaqi-hai-tickets-73689991749
ਯੂਨੀਵਰਸਿਟੀਆਂ ਦੇ ਦਾਇਰੇ ਤੋਂ ਬਿਨਾਂ ਨਕੁਲ ਸਾਹਨੀ ਦੇ ਕਮਿਊਨਿਟੀ ਪ੍ਰੋਗਰਾਮ ਸਰੀ ਵਿੱਚ 3 ਨਵੰਬਰ ਨੂੰ, ਕੈਲਗਰੀ ਵਿੱਚ 15 ਨਵੰਬਰ ਨੂੰ, ਵਿਨੀਪੈੱਗ ਵਿੱਚ 17 ਨਵੰਬਰ ਨੂੰ ਅਤੇ ਟਰਾਂਟੋ ਵਿੱਚ 24 ਨਵੰਬਰ ਨੂੰ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਸਾਹਨੀ ਦੀ ਡਾਕੂਮੈਂਟਰੀ 'ਇੱਜ਼ਤ ਨਗਰ ਕੀ ਅਸੱਭਿਆ ਬੇਟੀਆਂ' ਦਿਖਾਈ ਜਾਵੇਗੀ ਅਤੇ ਸ੍ਰੋਤਿਆਂ ਨੂੰ ਨਕੁਲ ਸਾਹਨੀ ਨਾਲ ਸਵਾਲ-ਜਵਾਬ ਕਰਨ ਦਾ ਮੌਕਾ ਮਿਲੇਗਾ। ਇਨ੍ਹਾਂ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਸਰੀ ਵਿੱਚ (604-644-2470), ਕੈਲਗਰੀ ਵਿੱਚ (403-455-4220 ਜਾਂ 403-681-8689), ਵਿਨੀਪੈੱਗ ਵਿੱਚ (204-914-0355 ਜਾਂ 204-488-6960) ਅਤੇ ਟਰਾਂਟੋ ਵਿੱਚ (416-704-0745 ਜਾਂ 416-881-7202) 'ਤੇ ਫੋਨ ਕੀਤਾ ਜਾ ਸਕਦਾ ਹੈ।
ਨੋਟ: ਇਹ ਲੇਖ ਨਕੁਲ ਸਾਹਨੀ ਵੱਲੋਂ ਭੇਜੀ ਜਾਣਕਾਰੀ ਅਤੇ ਵਿੱਕੀਪੀਡੀਏ 'ਤੇ ਮਿਲਦੀ ਜਾਣਕਾਰੀ ਦੇ ਆਧਾਰ 'ਤੇ ਲਿਖਿਆ ਗਿਆ ਹੈ।
ਵੱਖ ਵੱਖ ਸ਼ਹਿਰਾਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਹੋਰ ਵੇਰਵੇ ਕੱਲ੍ਹ ਦਿੱਤੇ ਜਾਣਗੇ।