ਭਾਰਤੀ ਬੈਂਕ 'ਚ ਪੂੰਜੀ ਦੁਨੀਆਂ ਵਿੱਚ ਸਭ ਤੋਂ ਘਟ ਸੁਰਖਿਅਤ - ਜਸਵੰਤ ਸਿੰਘ 'ਅਜੀਤ'

ਪੰਜਾਬ ਐਂਡ ਮਹਾਰਾਸ਼ਟਰਾ ਕੋ-ਆਪਰੇਟਿਵ (ਪੀਐਮਸੀ) ਬੈਂਕ ਦੇ ਆਰਥਕ ਸੰਕਟ ਵਿੱਚ ਪੈਣ ਤੋਂ ਬਾਅਦ ਬੈਂਕਾਂ ਵਿੱਚ ਜਮ੍ਹਾ ਪੂੰਜੀ ਦੇ ਬੀਮੇ ਦਾ ਸੁਆਲ ਗੰਭੀਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਬੈਂਕ ਵਿੱਚ ਜਮ੍ਹਾ ਪੂੰਜੀ ਫਸ ਜਾਣ ਦੇ ਕਾਰਣ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਬਰਾਂ ਅਨੁਸਾਰ ਬੀਤੇ ਦਿਨੀਂ ਪੈਸੇ ਦੀ ਕਿਲੱਤ ਨਾਲ ਜੂਝ ਰਹੇ ਕੁਝ ਗ੍ਰਾਹਕਾਂ ਦੀ ਮੌਤ ਵੀ ਹੋ ਗਈ ਹੈ। ਇਥੇ ਇਹ ਗਲ ਵਰਨਣਯੋਗ ਹੈ ਕਿ ਭਾਰਤੀ ਬੈਂਕਾਂ ਵਿੱਚ ਜਮ੍ਹਾ ਰਾਸ਼ੀ ਪੁਰ ਗ੍ਰਾਹਕਾਂ ਨੂੰ ਵੱਧ ਤੋਂ ਵੱਧ ਇੱਕ ਲੱਖ ਰੁਪਏ ਦਾ ਬੀਮਾ ਮਿਲਦਾ ਹੈ। ਜਦਕਿ ਬੀਮੇ ਦਾ ਇਹ ਪਧੱਰ ਸੰਸਾਰ ਦੂਸਰੇ ਦੇਸ਼ਾਂ ਵਿੱਚ ਮਿਲਣ ਵਾਲੇ ਬੀਮੇ ਦੇ ਮੁਕਾਬਲੇ ਬਹੁਤ ਹੀ ਘਟ ਹੈ। ਇਹੀ ਨਹੀਂ ਏਸ਼ੀਆਈ ਦੇਸ਼ਾਂ ਅਤੇ ਬ੍ਰਿਕਸ ਸਮੂਹ ਦੇ ਦੇਸ਼ਾਂ ਨਾਲ ਵੀ ਤੁਲਨਾ ਕੀਤੀ ਜਾਏ ਤਾਂ ਵੀ ਭਾਰਤੀ ਬੈਂਕਾਂ ਵਿੱਚਲੇ ਡਿਪਾਜ਼ਿਟ ਦਾ ਬੀਮਾ ਬਹੁਤ ਘਟ ਹੈ। ਮਤਲਬ ਇਹ ਕਿ ਭਾਰਤੀ ਬੈਂਕਾਂ ਵਿਚ ਜਮ੍ਹਾ ਪੂੰਜੀ ਸੰਸਾਰ ਵਿੱਚ ਸਭ ਤੋਂ ਘਟ ਸੁਰਖਿਅਤ ਹੈ। ਇੱਕ ਰਿਪੋਰਟ ਦੇ ਮੁਾਬਕ ਰੂਸ ਵਿੱਚ ਬੈਂਕਾਂ ਦੀ ਜਮ੍ਹਾ ਪੂੰਜੀ ਪੁਰ 13.6 ਲੱਖ ਰੁਪਏ ਦਾ ਬੀਮਾ ਮਿਲਦਾ ਹੈ। ਬ੍ਰਾਜ਼ੀਲ ਵਿੱਚ ਇਹ ਬੀਮਾ ਕਵਰ 45.36 ਲੱਖ ਰੁਪਏ, ਕਨਾਡਾ ਵਿੱਚ 51.2 ਲੱਖ ਰੁਪਏ, ਫਰਾਂਸ ਵਿੱਚ 77.1 ਲੱਖ ਰੁਪਏ, ਜਰਮਨੀ ਅਤੇ ਇਟਲੀ ਵਿੱਚ ਵੀ ਇਤਨਾ ਹੀ ਬੀਮਾ ਕਵਰ ਹੈ। ਬਰਤਾਨੀਆ ਵਿੱਚ ਇਹ 78.7 ਲੱਖ ਰੁਪਏ, ਆਸਟ੍ਰੇਲੀਆ ਵਿੱਚ 1.3 ਕਰੋੜ ਰੁਪਏ ਅਤੇ ਅਮਰੀਕਾ ਵਿਚ ਇਹ ਡਿਪਾਜ਼ਿਟ ਕਵਰ 1.77 ਕਰੋੜ ਰੁਪਏ ਹੈ।

ਆਰਥਕ ਮੰਦੀ ਤੋਂ ਰੇਲਵੇ ਪ੍ਰਭਾਵਤ: ਮਿਲ ਰਹੇ ਸਮਾਚਾਰਾਂ ਅਨੁਸਾਰ ਦੇਸ਼ ਦੀ ਵਿਗੜੀ ਆਰਥਕਤਾ ਵਿੱਚ ਭਾਰਤ ਲਈ ਕੋਈ ਚੰਗੀਆਂ ਖਬਰਾਂ ਨਹੀਂ ਆ ਰਹੀਆਂ। ਬੀਤੇ ਦਿਨੀਂ ਆਰਥਕ ਮੋਰਚੇ ਤੇ ਪਛੜੀ ਮੋਦੀ ਸਰਕਾਰ ਲਈ ਇੱਕ ਹੋ ਝਟਕਾ ਦੇਣ ਵਾਲੀ ਖਬਰ ਆਈ ਹੈ, ਉਹ ਇਹ ਕਿ ਬੀਤੇ ਅਗਸਤ ਦੇ ਮਹੀਨੇ ਵਿੱਚ ਰੇਲਵੇ ਦੀ ਆਮਦਨ 12,000 ਕਰੋੜ ਰੁਪਏ ਘਟ ਹੋਈ ਦਰਜ ਕੀਤੀ ਗਈ ਦਸੀ ਜਾ ਰਹੀ ਹੈ। ਦਸਿਆ ਗਿਆ ਹੈ ਕਿ ਚਾਲੂ ਵਿੱਤੀ ਵਰ੍ਹੇ ਵਿੱਚ ਅਪ੍ਰੈਲ ਅਤੇ ਅਗਸਤ ਦੇ ਮਹੀਨਿਆਂ ਦੌਰਾਨ ਟਿਕਟ ਬੁਕਿੰਗ, ਸਾਮਾਨ ਦੀ ਢੁਲਾਈ ਅਤੇ ਹੋਰ ਕਈ ਮੱਦਾਂ ਵਿੱਚ ਰੇਲਵੇ ਦੀ ਆਮਦਨ ਪਿਛਲੇ ਸਾਲ ਦੇ ਇਸੇ ਹੀ ਸਮੇਂ ਦੌਰਾਨ ਹੋਈ ਆਮਦਨ ਦੀ ਤੁਲਨਾ ਵਿੱਚ 12,000 ਕਰੋੜ ਰੁਪਏ ਘਟ ਰਹੀ ਹੈ। ਰਿਪੋਰਟ ਦੇ ਮੁਤਾਬਕ ਵਿੱਤੀ ਵਰ੍ਹੇ ਦੇ ਪਹਿਲੇ ਪੰਜ ਮਹੀਨਿਆਂ ਵਿੱਚ ਭਾਰਤੀ ਰੇਲਵੇ ਆਪਣੀ ਆਮਦਨ ਦੇ ਵਾਧੇ ਦੇ ਕਿਸੇ ਵੀ ਨਿਸ਼ਾਨੇ ਨੂੰ ਹਾਸਿਲ ਕਰਨ ਵਿੱਚ ਅਸਫਲ ਰਹੀ ਹੈ। ਆਮਦਨ ਵਿੱਚ ਹੋਈ ਇਸ ਘਾਟ ਵਿੱਚ ਰੇਲਵੇ ਮੁਲਾਜ਼ਮਾਂ ਦੀਆਂ ਤਨਖਹਾਂ ਅਤੇ ਪੈਨਸ਼ਨ ਦੇ ਖਰਚ ਨੂੰ ਨਹੀਂ ਜੋੜਿਆ ਗਿਆ ਹੋਇਆ। ਮੰਨਿਆ ਜਾਂਦਾ ਹੈ ਕਿ ਜੇ ਇਨ੍ਹਾਂ ਖਰਚਿਆਂ ਨੂੰ ਵੀ ਇਸ ਵਿੱਚ ਜੋੜ ਦਿੱਤਾ ਜਾਏ ਤਾਂ ਰੇਲਵੇ ਦੀ ਆਮਦਨ ਦੇ ਅੰਕੜੇ ਹੋਰ ਵੀ ਘਟ ਸਕਦੇ ਹਨ। ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਰੇਲਵੇ ਨੇ ਅਗਸਤ ਤਕ ਯਾਤ੍ਰੀ ਸੇਵਾਵਾਂ ਤੋਂ ਹੋਣ ਵਾਲੀ ਆਮਦਨ ਵਿੱਚ 9.65 ਪ੍ਰਤੀਸ਼ਤ ਵਾਧਾ ਹੋਣ ਦਾ ਨਿਸ਼ਾਨਾ ਮਿਥਿਆ ਹੋਇਆ ਸੀ।


ਵਿਦੇਸ਼ੀਂ ਗਿਆ ਭਾਰਤੀ ਪੈਸਾ: ਇੱਕ ਪਾਸੇ ਭਾਰਤ ਸਰਕਾਰ ਪ੍ਰਤੱਖ ਵਿਦੇਸ਼ੀ ਨਿਵੇਸ਼ਕਾਂ (ਐਫਡੀਆਈ) ਦੇ ਨਾਲ-ਨਾਲ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ (ਐਫਪੀਆਈ) ਨੂੰ ਦੇਸ਼ ਵਿੱਚ ਪੂੰਜੀ ਲਾਣ ਲਈ ਸੱਦਾ ਦੇਣ ਦੇ ਨਾਲ ਹੀ ਇਸਦੇ ਲਈ ਉਨ੍ਹਾਂ ਨੂੰ ਆਕ੍ਰਸ਼ਿਤ ਕਰਨ ਲਈ ਕਈ ਸਹੂਲਤਾਂ ਦੇਣ ਦੇ ਐਲਾਨ ਕਰ ਰਹੀ ਹੈ, ਉਥੇ ਹੀ ਭਾਰਤੀਆਂ ਨੇ ਇਸ ਸਾਲ ਜੁਲਾਈ ਵਿੱਚ ਉਦਾਰੀਕਰਣ ਯੋਜਨਾ (ਐਲਆਰਐਸ) ਦੇ ਤਹਿਤ 1.69 ਅਰਬ ਡਾਲਰ, ਬੀਤੇ ਕਿਸੇ ਵੀ ਸਮੇਂ ਤੋਂ ਵੱਧ, ਦੀ ਮਾਸਕ ਰਕਮ ਬਾਹਰ ਭੇਜੀ ਹੈ। ਐਲਆਰਐਸ ਯੋਜਨਾ ਦੇ ਤਹਿਤ ਵਿੱਤੀ ਵਰ੍ਹੇ 2019-2020 ਦੇ ਪਹਿਲੇ ਚਾਰ ਮਹੀਨਿਆ 5.8 ਅਰਬ ਡਾਲਰ ਵਿਦੇਸ਼ ਭੇਜਆ ਜਾ ਚੁਕਾ ਹੈ। ਉਥੇ ਹੀ ਮਈ 2014 ਵਿੱਚ ਨਰੇਂਦਰ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਤੋਂ ਹੁਣ ਤਕ 45 ਅਰਬ ਡਾਲਰ (ਇੱਕ ਡਾਲਰ ਦੇ ਮੁਕਾਬਲੇ 70 ਰੁਪਏ ਦੇ ਹਿਸਾਬ 3.15 ਲੱਖ ਕਰੋੜ ਰੁਪਇਆਂ) ਤੋਂ ਵੱਧ ਵਿਦੇਸ਼ਾਂ ਨੂੰ ਭੇਜੇ ਜਾ ਚੁਕੇ ਹਨ। ਮੋਦੀ ਸਰਕਾਰ ਦੀ ਤੁਲਨਾ ਵਿੱਚ ਯੁਪੀਏ ਸਰਕਾਰ ਦੇ ਦੂਸਰੇ ਕਾਰਜ-ਕਾਲ ਦੌਰਾਨ ਪੰਜ ਸਾਲਾਂ (ਅਪ੍ਰੈਲ-2009 ਤੋਂ ਮਾਰਚ-2014 ਤਕ) ਵਿਦੇਸ਼ ਭੇਜੀ ਗਈ ਕੁਲ ਐਲਆਰਐਸ ਰਾਸ਼ੀ 5.45 ਅਰਬ ਡਾਲਰ ਸੀ।


ਪੈਸੇ ਬਾਹਰ ਭੇਜਣ ਦੇ ਨਿਯਮ: ਦਸਿਆ ਜਾਂਦਾ ਹੈ ਕਿ ਭਾਰਤੀ ਰੀਜ਼ਰਵ ਬੈਂਕ (ਆਰਬੀਆਈ) ਨੇ ਐਲਆਰਐਸ ਤਹਿਤ ਕਿਸੇ ਭਾਰਤੀ ਨੂੰ ਇੱਕ ਵਿੱਤੀ ਵਰ੍ਹੇ ਦੌਰਾਨ ਰੁਜ਼ਗਾਰ ਲਈ ਵਿਦੇਸ਼ ਜਾਣ, ਵਿਦੇਸ਼ਾਂ ਵਿੱਚ ਪੜ੍ਹਾਈ, ਇਲਾਜ, ਰਿਸ਼ਤੇਦਾਰਾਂ ਨੂੰ ਪੈਸੇ ਭੇਜਣ ਜਿਹੀਆਂ ਸਹੂਲਤਾਂ ਦੇ ਤਹਿਤ ਢਾਈ ਲੱਖ ਡਾਲਰ ਬਾਹਰ ਭੇਜਣ ਦਾ ਅਧਿਕਾਰ ਹੈ। ਆਰਬੀਆਈ ਦੇ ਅੰਕੜੇ ਗੁਆਹ ਹਨ ਕਿ ਬੀਤੇ ਪੰਜ ਵਰ੍ਹਿਆਂ ਵਿੱਚ ਐਲਆਰਐਸ ਦੇ ਤਹਿਤ 14 ਬਿਲੀਅਨ ਡਾਲਰ ਦੀ ਰਕਮ ਕੇਵਲ ਯਾਤ੍ਰਾ ਪੁਰ ਵਿਦੇਸ਼ਾਂ ਵਿੱਚ ਖਰਚ ਕੀਤੀ ਗਈ। ਜਦਕਿ ਲਗਭਗ 10.5 ਅਰਬ ਡਾਲਰ ਦੀ ਰਕਮ ਨੇੜਲੇ ਰਿਸ਼ਤੇਦਾਰਾਂ ਦੀ ਦੇਖਭਾਲ ਲਈ ਅਤੇ 10 ਅਰਬ ਡਾਲਰ ਦੀ ਰਕਮ ਪੜ੍ਹਾਈ ਆਦਿ ਲਈ ਭੇਜੀ ਗਈ ਹੈ। ਬਾਕੀ ਦੇ 4.8 ਡਾਲਰ ਦੀ ਰਕਮ ਤੋਹਫਿਆਂ ਦੇ ਰੂਪ ਵਿੱਚ ਅਤੇ 1.9 ਅਰਬ ਡਾਲਰ ਦੀ ਰਕਮ ਵਿਦੇਸ਼ਾਂ ਵਿੱਚ ਇਕਵਿਟੀ ਅਤੇ ਕਰਜ਼ ਵਿੱਚ ਨਿਵੇਸ਼ ਲਈ ਖਰਚ ਕੀਤੀ ਗਈ। ਮੰਨਿਆ ਜਾਂਦਾ ਹੈ ਕਿ ਬੀਤੇ ਪੰਜ ਵਰ੍ਹਿਆਂ ਵਿੱਚ ਐਲਆਰਐਸ ਤਹਿਤ ਜਿਤਨੀ ਰਕਮ ਬਾਹਰ ਭੇਜੀ ਗਈ, ਉਸਨੇ ਉਸੇ ਦੌਰਾਨ ਐਫਪੀਆਈ ਤਹਿਤ ਆਉਣ ਵਾਲੀ ਰਕਮ ਨੂੰ ਜ਼ੀਰੋ ਕਰ ਦਿੱਤਾ।

ਵਿਦੇਸ਼ੀ ਨਿਵੇਸ਼ਕਾਰਾਂ ਨੇ ਕਰੋੜਾਂ ਦੇ ਸ਼ੇਅਰ ਵੇਚੇ:  ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ (ਐਫਪੀਆਈ) ਨੇ ਇਸ ਵਰ੍ਹੇ ਦੀ ਤੀਜੀ ਤਿਮਾਹੀ (ਜੁਲਾਈ-ਸਤੰਬਰ) ਦੌਰਾਨ ਸ਼ੇਅਰ ਬਾਜ਼ਾਰਾਂ ਵਿਚੋਂ 20,000 ਕਰੋੜ ਰੁਪਿਆਂ ਤੋਂ ਵੱਧ (3 ਅਰਬ ਡਾਲਰ) ਦੀ ਪੂੰਜੀ ਕਢ ਲਈ ਹੈ। ਇਹ ਨਿਕਾਸੀ ਅਕਤੂਬਰ-ਦਸੰਬਰ-2016 ਦੀ ਤਿਮਾਹੀ ਤੋ ਬਾਅਦ ਅਰਥਾਤ 3 ਵਰ੍ਹੇ ਬਾਅਦ ਦੀ ਕਿਸੇ ਇੱਕ ਤਿਮਾਹੀ ਵਿੱਚ ਐਫਪੀਆਈ ਦੀ ਸਭ ਤੋਂ ਵੱਡੀ ਨਿਕਾਸੀ ਹੈ। ਅਕਤੂਬਰ-ਦਸੰਬਰ-2016 ਦੀ ਤਿਮਾਹੀ ਵਿੱਚ ਐਫਪੀਆਈ ਨੇ ਸ਼ੇਅਰ ਬਾਜ਼ਾਰ ਵਿੱਚ 31,222 ਕਰੋੜ ਰੁਪਏ (4.6 ਅਰਬ ਡਾਲਰ) ਦੇ ਸ਼ੇਅਰ ਵੇਚੇ ਸਨ। ਇੱਕ ਰਪੋਰਟ ਦੇ ਮੁਤਾਬਕ ਐਫਪੀਆਈ ਨੇ ਚਰਚਤ ਤਿਮਾਹੀ ਵਿੱਚ 26 ਸਤੰਬਰ ਤਕ 21,592 ਕਰੋੜ ਰੁਪਏ (3.09 ਅਰਬ ਡਾਲਰ) ਦੇ ਸ਼ੇਅਰ ਵੇਚੇ ਹਨ। ਹਾਲਾਂਕਿ ਕਾਰਪੋਰੇਟ ਟੈਕਸ ਘਟਾਏ ਜਾਣ ਦੇ ਐਲਾਨ ਤੋਂ ਬਾਅਦ ਐਫਪੀਆਈ ਦੀ ਪੂੰਜੀ ਦੀ ਨਿਕਾਸੀ ਦੀ ਰਫਤਾਰ ਕਾਫੀ ਘਟੀ ਹੈ।

ਪਹਿਲੀ ਛਿਮਾਹੀ ਵਿੱਚ ...: ਦਸਿਆ ਗਿਆ ਹੈ ਕਿ ਇਸ ਵਰ੍ਹੇ ਦੀਆਂ ਪਹਿਲੀਆਂ ਦੋ ਤਿਮਾਹੀਆਂ (ਜਨਵਰੀ-ਜੂਨ) ਵਿੱਚ ਐਫਪੀਆਈ ਨੇ ਭਾਰਤੀ ਬਜ਼ਾਰਾਂ ਵਿੱਚ 79,080 ਕਰੋੜ ਰੁਪਏ (11.3 ਅਰਬ ਡਾਲਰ) ਦੇ ਸ਼ੇਅਰ ਖ੍ਰੀਦੇ ਸਨ। ਉਸਨੇ ਮੋਦੀ ਸਰਕਾਰ ਦੀ ਸੱਤਾ ਵਿੱਚ ਦੁਬਾਰਾ ਵਾਪਸੀ ਹੋਣ ਦੀ ਆਸ ਤੇ ਖੁਸ਼ੀ ਵਿੱਚ ਇਤਨਾ ਵੱਡਾ ਨਿਵੇਸ਼ ਕੀਤਾ ਸੀ। ਰਿਪੋਰਟ ਮੁਤਾਬਕ 5 ਜੁਲਾਈ ਨੂੰ ਬਜਟ ਪੇਸ਼ ਹੋਣ ਤੋਂ ਬਾਅਦ ਵਿਕਾਸ ਵਿੱਚ ਆਈ ਗਿਰਾਵਟ ਅਤੇ ਕੰਪਨੀਆਂ ਦੀ ਆਮਦਨ ਘਟ ਹੋਣ ਦੀ ਚਿੰਤਾ ਕਾਰਣ ਐਫਪੀਆਈ ਨੇ ਤੇਜ਼ੀ ਨਾਲ ਸ਼ੇਅਰ ਬਜ਼ਾਰ ਵਿਚੋਂ ਪੂੰਜੀ ਕਢਣੀ ਸ਼ੁਰੂ ਕਰ ਦਿੱਤੀ। 


 ...ਅਤੇ ਅੰਤ ਵਿੱਚ: ਕਾਫੀ ਸਮਾਂ ਹੋਇਐ, ਮੋਬਾਇਲ ਤੇ ਇੱਕ ਮਿਤ੍ਰ ਦਾ ਸੰਦੇਸ਼ ਆਇਆ, ਜਿਸ ਵਿੱਚ ਉਨ੍ਹਾਂ ਦਸਿਆ ਸੀ ਕਿ 'ਆਂਧਰ ਬੈਕਵਰਡ ਕਲਾਸੇਜ਼ ਕਮਿਸ਼ਨ' ਦੇ ਚੇਅਰਮੈਨ ਜਸਟਿਸ ਪੁਤੂ ਸਵਾਮੀ ਨੇ ਸਿੱਖਾਂ ਦੇ ਇੱਕ ਸਮਾਗਮ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ 'ਅਸੀਂ ਸਿਕਲੀਗਰ ਸਿੱਖਾਂ ਦੇ ਰਹਿਣ-ਸਹਿਣ ਦੀ ਤਰਸਯੋਗ ਹਾਲਤ ਵੇਖ, ਹੈਰਾਨ ਹੁੰਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਿੱਖ ਕਰੋੜਾਂ ਰੁਪਏ ਤਿਉਹਾਰ ਮੰਨਾਉਣ ਲਈ ਖਰਚ ਕਰ ਦਿੰਦੇ ਹਨ, ਪਰ ਸਾਨੂੰ ਇਹ ਗਲ ਸਮਝ ਨਹੀਂ ਆਉਂਦੀ ਕਿ ਉਹ ਕਿਵੇਂ ਤੇ ਕਿਉਂ ਆਪਣੇ ਇਨ੍ਹਾਂ ਭਰਾਵਾਂ ਨੂੰ ਨਜ਼ਰ-ਅੰਦਾਜ਼ ਕਰਦੇ ਚਲੇ ਆ ਰਹੇ ਹਨ'। ਇਹ ਸੰਦੇਸ਼ ਭੇਜਣ ਦੇ ਨਾਲ ਹੀ ਉਸਨੇ ਪੁਛਿਆ ਸੀ ਕਿ ਕੀ ਇਸ ਸੁਆਲ ਦਾ ਜੁਆਬ ਸਿੱਖਾਂ ਦੀ ਕਿਸੇ ਸੰਸਥਾ ਦੇ ਮੁੱਖੀਆਂ ਪਾਸ ਹੈ, ਜੋ ਆਏ ਦਿਨ ਸਿੱਖੀ ਵਿੱਚ ਆ ਰਹੀ ਢਹਿੰਦੀ-ਕਲਾ ਦੀ ਚਰਚਾ ਕਰਦਿਆਂ (ਮਗਰਮੱਛੀ) ਅਥਰੂ ਵਹਾਂਦੇ ਰਹਿੰਦੇ ਹਨ?

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085