ਸਾਂਝੀਵਾਲਤਾ ਦੇ ਦੀਪ - ਸਵਰਾਜਬੀਰ

ਯੂਨਾਨੀ ਆਪਣੇ ਪੁਰਾਤਨ ਸਾਹਿਤ ਅਤੇ ਲਿਖਤ ਇਤਿਹਾਸ ਦੇ ਆਧਾਰ 'ਤੇ ਪੁਰਾਤਨ ਯੂਨਾਨ ਦੀ ਕਲਪਨਾ ਕਰ ਸਕਦੇ ਹਨ। ਪੁਰਾਤਨ ਪੰਜਾਬ ਦੀ ਕਲਪਨਾ ਕਰਨੀ ਬਹੁਤ ਮੁਸ਼ਕਲ ਹੈ। ਪੰਜਾਬ ਵਿਚ ਵੱਖ ਵੱਖ ਥਾਵਾਂ 'ਤੇ ਹੜੱਪਾ ਸੱਭਿਅਤਾ ਦੀਆਂ ਪੈੜਾਂ ਮਿਲਦੀਆਂ ਹਨ ਅਤੇ ਇਹ ਤੱਥ ਉਜਾਗਰ ਹੁੰਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਪੰਜਾਬ ਵਿਚ ਰਹਿਣ ਵਾਲਿਆਂ ਨੇ ਪਿੰਡਾਂ ਦੇ ਨਾਲ ਨਾਲ ਸ਼ਹਿਰ ਵੀ ਵਸਾਏ। ਪਿੰਡਾਂ ਤੇ ਸ਼ਹਿਰਾਂ ਵਿਚ ਬਣਾਈ ਜਾਂਦੀ ਵੱਖਰਤਾ ਬੜੀ ਦਿਲਚਸਪ ਹੈ। ਪੁਰਾਣੀਆਂ ਖੁਦਾਈਆਂ ਵਿਚ ਮਿਲੇ ਵੱਡੇ ਸ਼ਹਿਰਾਂ ਨੂੰ ਸੱਭਿਅਤਾ ਅਤੇ ਵਿਕਾਸ ਦੀਆਂ ਨਿਸ਼ਾਨੀਆਂ ਮੰਨਿਆ ਜਾਂਦਾ ਹੈ। ਸ਼ਹਿਰਾਂ ਦੀ ਹੋਂਦ ਨੂੰ ਸੱਭਿਅਤਾ ਅਤੇ ਵਿਕਾਸ ਨਾਲ ਇਸ ਲਈ ਜੋੜਿਆ ਜਾਂਦਾ ਹੈ ਕਿ ਉੱਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਰਹਿੰਦੇ ਸਨ ਤੇ ਉੱਥੇ ਵਪਾਰ, ਕਲਾ, ਇਮਾਰਤਸਾਜ਼ੀ ਤੇ ਵੱਖ ਵੱਖ ਤਰ੍ਹਾਂ ਦੀਆਂ ਸਨਅਤਾਂ ਅਤੇ ਜ਼ਿੰਦਗੀ ਦੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਪ੍ਰਬੰਧ ਪ੍ਰਫੁੱਲਿਤ ਹੋਏ। ਹੜੱਪਾ ਵਿਚ ਮਿਲੀਆਂ ਸਿਲਾਂ 'ਤੇ ਹੋਈਆਂ ਲਿਖਤਾਂ ਅਜੇ ਤਕ ਪੜ੍ਹੀਆਂ ਨਹੀਂ ਜਾ ਸਕੀਆਂ। ਉਸ ਦੌਰ ਦੇ ਲੋਕਾਂ ਦੇ ਚਿੰਨ੍ਹ ਅੱਜ ਦੇ ਪੰਜਾਬ ਦੇ ਜੀਵਨ ਵਿਚੋਂ ਲੱਭਣੇ ਬਹੁਤ ਮੁਸ਼ਕਲ ਹਨ।
      ਆਰੀਆ ਲੋਕਾਂ ਨਾਲ ਸਬੰਧਿਤ ਦੌਰ ਵਿਚ ਰਿਗਵੇਦ ਵਿਚ ਪੰਜਾਬ ਦੇ ਦਰਿਆਵਾਂ ਤੇ ਭੋਇੰ ਦੇ ਵਰਣਨ ਮਿਲਦੇ ਹਨ। ਰਿਗਵੇਦ ਵਿਚਲੀਆਂ ਕਈਆਂ ਕਹਾਣੀਆਂ (ਜਿਵੇਂ ਉਰਵਸ਼ੀ ਤੇ ਰਾਜਾ ਪੂਰਰਵਾ ਦੀ ਕਹਾਣੀ) ਲੋਕ-ਕਹਾਣੀਆਂ ਵਿਚ ਪ੍ਰਵੇਸ਼ ਕਰ ਜਾਂਦੀਆਂ ਹਨ। ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਇਹ ਕਿਰਦਾਰ ਲੋਕ-ਕਹਾਣੀਆਂ ਤੋਂ ਸੰਸਕ੍ਰਿਤ ਭਾਸ਼ਾ ਵਿਚ ਗਏ ਅਤੇ ਵੇਦਾਂ ਤੇ ਉਨ੍ਹਾਂ ਨਾਲ ਸਬੰਧਿਤ ਹੋਰ ਗ੍ਰੰਥਾਂ ਦੇ ਹਿੱਸੇ ਬਣ ਗਏ। ਰਿਗਵੇਦ ਦੇ ਦੇਵਤਿਆਂ ਦੇ ਨਾਂ ਅੱਜ ਵੀ ਪੰਜਾਬੀਆਂ ਦੀ ਜੀਵਨ-ਜਾਚ ਵਿਚ ਵਰਤੇ ਜਾਂਦੇ ਹਨ। ਉਦਾਹਰਨ ਦੇ ਤੌਰ 'ਤੇ ਰਿਗਵੇਦ ਦੇ ਮੁੱਖ ਦੇਵਤਾ ਇੰਦਰ ਤੇ ਇਸ ਨਾਲ ਜੁੜੇ ਹੋਰ ਕਈ ਸ਼ਬਦ ਸਾਡੇ ਨਾਮ ਰੱਖਣ ਦੀ ਪਰੰਪਰਾ ਵਿਚ ਸੁਤੇ-ਸਿਧ ਸ਼ਾਮਲ ਹਨ। ਉੱਤਰ ਵੈਦਿਕ ਸਮਿਆਂ ਵਿਚ ਰਚੇ ਗਏ ਗ੍ਰੰਥਾਂ ਰਮਾਇਣ, ਮਹਾਭਾਰਤ, ਤੇ ਪੁਰਾਣਾਂ ਵਿਚ ਪੰਜਾਬ ਵੱਖ ਵੱਖ ਤਰ੍ਹਾਂ ਨਾਲ ਮੌਜੂਦ ਹੈ। ਪੰਜਾਬ ਵਿਚ ਰਮਾਇਣ ਨਾਲ ਸਬੰਧਿਤ ਤੀਰਥ ਮਿਲਦੇ ਹਨ, ਘੜਾਮ (ਜ਼ਿਲ੍ਹਾ ਪਟਿਆਲਾ) ਵਿਚ ਭਗਵਾਨ ਰਾਮ ਦੇ ਨਾਨਕੇ ਦੱਸੇ ਜਾਂਦੇ ਹਨ, ਰਿਸ਼ੀ ਵਾਲਮੀਕ ਦਾ ਆਸ਼ਰਮ ਅੰਮ੍ਰਿਤਸਰ 'ਚ ਹੈ, ਲਾਹੌਰ ਦਾ ਸਬੰਧ ਰਾਮ ਦੇ ਪੁੱਤਰ ਲਵ ਤੇ ਕਸੂਰ ਦਾ ਦੂਸਰੇ ਪੁੱਤਰ ਕੁਸ਼ ਨਾਲ ਜੋੜਿਆ ਜਾਂਦਾ ਹੈ।
        ਮਹਾਭਾਰਤ ਤੇ ਪੁਰਾਣਾਂ ਵਿਚਲਾ ਭਗਵਾਨ ਕ੍ਰਿਸ਼ਨ ਪੰਜਾਬ ਦੇ ਲੋਕ-ਗੀਤਾਂ ਵਿਚ ਸਮਾ ਜਾਂਦਾ ਹੈ। ਬਾਬਲ ਧੀ ਨੂੰ ਪੁੱਛਦਾ ਹੈ, ''ਬੇਟੀ ਕਿਹਾ ਵਰ ਲੋੜੀਏ?'' ਤਾਂ ਧੀ ਜਵਾਬ ਦਿੰਦੀ ਹੈ, ''ਬਾਬਲ ਜਿਉਂ ਤਾਰਿਆਂ ਵਿਚੋਂ ਚੰਨ, ਚੰਨਾਂ ਵਿਚੋਂ ਕਾਹਨ ਕਨ੍ਹਈਆ ਵਰ ਲੋੜੀਏ।'' ਕ੍ਰਿਸ਼ਨ ਦੀ ਰਾਣੀ ਰੁਕਮਣੀ ਵੀ ਲੋਕ-ਗੀਤਾਂ ਵਿਚ ਹਾਜ਼ਰ ਹੈ, ''ਰਾਣੀ ਰੁਕਮਣ ਦੇ ਜਾਇਆ ਵੀਰਾ, ਤੈਨੂੰ ਸਦਾ ਵੇ ਸੁਹਾਗ ਸੁਹਾਵੇ।'' ਮਹਾਭਾਰਤ ਵਿਚ ਪੰਜਾਬ ਅਤੇ ਇੱਥੇ ਵਸਦੇ ਲੋਕਾਂ ਦੀਆਂ ਕੌਰਵਾਂ-ਪਾਂਡਵਾਂ ਨਾਲ ਲੜਾਈਆਂ ਅਤੇ ਉਨ੍ਹਾਂ ਵਿਚ ਹੋਏ ਮੇਲ-ਮਿਲਾਪ ਦੇ ਕਿੱਸੇ ਹਨ। ਪਾਂਡਵਾਂ ਦੇ ਇੱਥੇ ਵਸਦੇ ਲੋਕ, ਜਿਨ੍ਹਾਂ ਨੂੰ ਨਾਗ ਕਿਹਾ ਜਾਂਦਾ ਸੀ, ਨਾਲ ਵੱਡੇ ਯੁੱਧ ਹੋਏ। ਨਾਗ ਲੋਕਾਂ ਦੇ ਆਗੂ, ਜਿਨ੍ਹਾਂ ਦੇ ਨਾਂ ਵਾਸੁਕੀ, ਤਕਸ਼ਕ, ਸ਼ੇਸ਼ਨਾਗ ਆਦਿ ਸਨ, ਮਹਾਭਾਰਤ ਅਤੇ ਪੁਰਾਣਾਂ ਦੀਆਂ ਕਥਾਵਾਂ ਵਿਚ ਜਾ ਬਿਰਾਜਦੇ ਹਨ ਅਤੇ ਲੋਕ-ਗਾਥਾਵਾਂ ਵਿਚ ਵੀ ਹਾਜ਼ਰ ਰਹਿੰਦੇ ਹਨ। ਮਹਾਭਾਰਤ ਵਿਚ ਪਾਂਡਵ ਸਮਰਾਟ ਜਨਮੇਜਯ ਦੀ ਅਗਵਾਈ ਵਿਚ ਜਨਮੇਜੇ ਨਾਗ (ਸੱਪ) ਲੋਕਾਂ ਨਾਲ ਹੋਏ ਯੁੱਧ ਨੂੰ ਪ੍ਰਤੀਕਾਤਮਕ ਤੌਰ 'ਤੇ ਸਪੱਸਤਰ ਯੱਗ (ਸੱਪਾਂ ਨੂੰ ਸਾੜ੍ਹਨ ਵਾਲਾ ਯੱਗ) ਦੇ ਤੌਰ 'ਤੇ ਚਿਤਵਿਆ ਜਾਂਦਾ ਹੈ ਜਦੋਂਕਿ ਸਦੀਆਂ ਬਾਅਦ ਲੋਕਾਂ ਵਿਚ ਚਲੀ ਆਉਂਦੀ ਕਹਾਣੀ ਨੂੰ ਅੰਬਾਲੇ ਦੇ ਲਾਗਲੇ ਪਿੰਡ ਬਿਬਯਾਲ ਦੇ ਦੋ ਮਜ਼੍ਹਬੀ ਸਿੱਖ ਅੰਗਰੇਜ਼ ਹਾਕਮ ਆਰ.ਸੀ. ਟੈਂਪਲ ਨੂੰ ਵੱਖਰੀ ਤਰ੍ਹਾਂ ਸੁਣਾਉਂਦੇ ਹਨ। ਪੰਜਾਬੀਆਂ ਦੇ ਨਾਮ ਮਹਾਭਾਰਤ ਅਤੇ ਰਮਾਇਣ ਦੇ ਕਿਰਦਾਰਾਂ 'ਤੇ ਵੀ ਹਨ।
      ਪੰਜਾਬ ਦੇ ਲੋਕ-ਜੀਵਨ ਤੇ ਲੋਕ-ਗਾਥਾਵਾਂ ਦੇ ਸੰਸਕ੍ਰਿਤ ਵਿਚ ਪ੍ਰਵੇਸ਼ ਦੀਆਂ ਉਲਟੀਆਂ ਪੈੜਾਂ ਨੂੰ ਲੱਭਣਾ ਬਹੁਤ ਮੁਸ਼ਕਲ ਹੈ। ਇਹ ਮੁਸ਼ਕਲ ਬੁੱਧ ਅਤੇ ਜੈਨ ਧਰਮਾਂ ਨਾਲ ਸਬੰਧਿਤ ਸਾਹਿਤ ਵਿਚ ਵੀ ਪੇਸ਼ ਆਉਂਦੀ ਹੈ। ਕਿਸੇ ਵੇਲੇ ਪੰਜਾਬ ਬੁੱਧ ਧਰਮ ਦਾ ਵੱਡਾ ਕੇਂਦਰ ਬਣਿਆ। ਬੁੱਧ ਧਰਮ ਦੀ ਮੁੱਖ ਵਿੱਦਿਅਕ ਸੰਸਥਾ ਤਕਸ਼ਿਲਾ ਸੀ। ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਪੰਚਤੰਤਰ, ਹਿਤੋਪੁਦੇਸ਼, ਬੈਤਾਲ ਪਚੀਸੀ, ਬ੍ਰਿਹਤ ਕਥਾ ਅਤੇ ਕਥਾ ਸਾਰਿਤ ਸਾਗਰ ਦੇ ਮੁੱਖ ਸੋਮੇ ਲੋਕ-ਕਥਾਵਾਂ ਸਨ। ਕਈਆਂ ਕਥਾਵਾਂ ਦੀ ਰਚਨਾ ਸਥਾਨਕ ਬੋਲੀਆਂ/ਭਾਸ਼ਾਵਾਂ, ਜਿਨ੍ਹਾਂ ਨੂੰ ਪ੍ਰਾਕ੍ਰਿਤ ਕਿਹਾ ਜਾਂਦਾ ਸੀ, ਵਿਚ ਹੋਈ ਅਤੇ ਬਾਅਦ ਵਿਚ ਇਹ ਸੰਸਕ੍ਰਿਤ ਸਾਹਿਤ ਵਿਚ ਰਚ-ਮਿਚ ਗਈਆਂ। ਸਿਕੰਦਰ ਦੇ ਹਮਲੇ ਤੋਂ ਬਾਅਦ ਪੰਜਾਬ ਦੇ ਪੱਛਮ ਵੱਲ ਦੇ ਇਲਾਕਿਆਂ ਨਾਲ ਸਬੰਧ ਹੋਰ ਮਜ਼ਬੂਤ ਹੋਏ।
     ਪੰਜਾਬ ਨਾਥ ਪਰੰਪਰਾ ਦਾ ਵੱਡਾ ਕੇਂਦਰ ਬਣਿਆ। ਗੋਰਖ ਨਾਥ, ਚੌਰੰਗੀ ਨਾਥ (ਭਗਤ ਪੂਰਨ), ਬਾਲ ਨਾਥ ਅਤੇ ਹੋਰ ਸਿੱਧ ਯੋਗੀਆਂ ਨੇ ਇੱਥੋਂ ਦੇ ਲੋਕ-ਜੀਵਨ 'ਤੇ ਵੱਡਾ ਪ੍ਰਭਾਵ ਪਾਇਆ। ਜੋਗੀ ਬਗ਼ਾਵਤ ਦਾ ਪ੍ਰਤੀਕ ਬਣ ਕੇ ਪੰਜਾਬੀ ਮੁਟਿਆਰਾਂ ਦੇ ਮਨ ਵਿਚ ਵਸ ਗਿਆ ਤੇ ਸਦੀਆਂ ਦੀਆਂ ਸਦੀਆਂ ਪੰਜਾਬ ਦੀਆਂ ਮੁਟਿਆਰਾਂ ਜੋਗੀ ਦਾ ਉਹਲਾ ਸਿਰਜ ਕੇ ਆਪਣੇ ਮਨ ਦੀਆਂ ਬਾਤਾਂ ਪਾਉਂਦੀਆਂ ਰਹੀਆਂ, ''ਅੰਬਾਂ ਤੇ ਤੂਤਾਂ ਦੀ ਠੰਢੀ ਛਾਂ, ਕੋਈ ਪਰਦੇਸੀ ਜੋਗੀ ਆ ਲੱਥੇ ਨੀ/ ਚੱਲ ਮੇਰੀ ਭਾਬੋ ਪਾਣੀ ਨੂੰ ਚੱਲ, ਪਾਣੀ ਦੇ ਪੱਜ ਜੋਗੀ ਵੇਖੀਏ'', ''ਅਸਾਂ ਉੱਠ ਜਾਣਾ ਮਾਏ ਨੀਂ, ਜੋਗੀਆਂ ਦੇ ਸਾਥ ਨੀਂ'', ''ਰੰਗਲੇ ਜੋਗੀ, ਸੱਚ ਦੀ ਬੀਨ ਵਜਾ ਗਏ।'' ਪੰਜਾਬ ਵਿਚ ਸ਼ਿਵਾਲੇ ਵੀ ਬਣਦੇ ਹਨ ਅਤੇ ਦੇਵੀ ਪੂਜਾ ਵੀ ਹੁੰਦੀ ਹੈ। ਨਾਗ ਪੂਜਾ ਦੇ ਨਕਸ਼ ਵੀ ਵਿਖਾਈ ਦਿੰਦੇ ਹਨ।
       ਪੰਜਾਬ ਵਿਚ ਸ਼ੇਖ਼ ਫ਼ਰੀਦ ਅਤੇ ਗੁਰੂ ਨਾਨਕ ਦੇਵ ਜੀ ਦੇ ਮਹਾਂ-ਗੀਤ ਗੂੰਜੇ। ਫ਼ਰੀਦ ਬਾਣੀ ਵਿਚ ਸ਼ੁਰੂ ਕੀਤੇ ਗਏ ਵਿਸ਼ਿਆਂ ਦੀ ਧੁਨੀ ਗੁਰੂ ਨਾਨਕ ਦੇਵ ਤੇ ਗੁਰੂ ਅਰਜਨ ਦੇਵ ਦੀ ਬਾਣੀ ਵਿਚ ਸੁਣਾਈ ਦਿੰਦੀ ਹੈ। ਨਾਨਕਬਾਣੀ ਨੇ ਪੰਜਾਬ ਦੀ ਰੂਹ ਨੂੰ ਨਵੀਂ ਊਰਜਾ ਬਖ਼ਸ਼ੀ ਤੇ ਬਾਬਾ ਜੀ ਨੇ ਵੇਲ਼ੇ ਦੇ ਹਾਕਮਾਂ, ਅਹਿਲਕਾਰਾਂ, ਜਾਬਰਾਂ, ਜਰਵਾਣਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਗੁਰੂ ਨਾਨਕ ਨੇ 'ਏਕ ਮਹਿ ਸਰਬ ਸਰਬ ਮਹਿ ਏਕਾ' ਅਤੇ 'ਆਈ ਪੰਥੀ ਸਗਲ ਜਮਾਤੀ' ਜਿਹੇ ਗੁਰੂ-ਵਾਕਾਂ ਰਾਹੀਂ ਵਰਣ-ਆਸ਼ਰਮ ਅਤੇ ਜਾਤ-ਪਾਤ ਕਾਰਨ ਬਣੀ ਸਮਾਜਿਕ ਨਾਬਰਾਬਰੀ ਤੇ ਵੰਡੀਆਂ ਦਾ ਵਿਰੋਧ ਕੀਤਾ ਅਤੇ ਸਾਂਝੀਵਾਲਤਾ ਦਾ ਪੈਗ਼ਾਮ ਦਿੱਤਾ। ਅਖੌਤੀ ਧਾਰਮਿਕ ਆਗੂਆਂ ਦਾ ਵਿਰੋਧ ਕਰਦਿਆਂ ਬੁਲੰਦ ਆਵਾਜ਼ ਵਿਚ ਕਿਹਾ, ''ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੈ ਹਕੁ ਗਵਾਏ॥ ਜੋ ਕੋ ਪੁਛੈ ਤਾ ਪੜਿ ਸੁਣਾਏ॥'' ਗੁਰੂ ਨਾਨਕ ਅਤੇ ਸਿੱਖ ਗੁਰੂਆਂ ਦੀ ਬਾਣੀ ਅਤੇ ਅਗਵਾਈ ਨੇ ਪੰਜਾਬ ਦੇ ਜੀਵਨ ਨੂੰ ਨਵਾਂ ਮੁਹਾਂਦਰਾ ਤੇ ਨਵੀਂ ਤਰਤੀਬ ਦਿੱਤੀ।
      ਨਾਨਕਬਾਣੀ ਦੀਆਂ ਧੁਨੀਆਂ ਦੂਰ ਦੂਰ ਤਕ ਗੂੰਜੀਆਂ, ਪੰਜਾਬੀ ਸੂਫ਼ੀ-ਕਾਵਿ ਵਿਚ ਵੀ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ''ਜੋ ਮੈ ਬੇਦਨ ਸਾ ਕਿਸੁ ਆਖਾ ਮਾਈ॥'' ਭਾਵ ਜੋ ਮੈਨੂੰ ਵੇਦਨਾ (ਦੁੱਖ) ਹੈ, ਮੇਰੀ ਮਾਏ, ਉਹ ਮੈਂ ਕਿਸ ਨੂੰ ਆਖ ਸੁਣਾਵਾਂ। ਬੁੱਲ੍ਹੇ ਸ਼ਾਹ ਕਹਿੰਦਾ ਹੈ, ''ਦਿਲ ਦੀ ਵੇਦਨ ਕੋਈ ਨ ਜਾਣੇ ਅੰਦਰਿ ਦੇਸ ਬੇਗਾਨੇ।'' ਤੇ ਫਿਰ ਇਕ ਹੋਰ ਕਾਫ਼ੀ ਵਿਚ ਕੂਕਦਾ ਹੈ, ''ਤੁਸੀਂ ਕਰੋ ਅਸਾਡੀ ਕਾਰੀ, ਕੇਹੀ ਹੋ ਗਈ ਵੇਦਨ ਭਾਰੀ।'' ਦਮੋਦਰ ਪੰਜਾਬੀਆਂ ਨੂੰ ਹੀਰ ਦੀ ਕਥਾ ਸੁਣਾਉਂਦਾ ਹੈ ਅਤੇ ਵਾਰਿਸ ਸ਼ਾਹ ਤੇ ਹੋਰ ਕਿੱਸਾਕਾਰ ਹੀਰ ਨੂੰ ਬਗ਼ਾਵਤ ਦੇ ਚਿੰਨ੍ਹ ਅਤੇ ਪੰਜਾਬ ਦੇ ਸੱਭਿਆਚਾਰਕ ਜੀਵਨ ਦੀ ਧੁਰੀ ਬਣਾ ਦਿੰਦੇ ਹਨ। ਉਨ੍ਹਾਂ ਦੀ ਹੀਰ ਕਾਜ਼ੀਆਂ ਨਾਲ ਆਢਾ ਲਾਉਂਦੀ ਹੈ। ਵਾਰਿਸ ਸ਼ਾਹ ਦਾ ਰਾਂਝਾ ਅੱਧੀ ਰਾਤ ਮਸੀਤ ਵਿਚ ਵੰਝਲੀ ਵਜਾਉਂਦਾ ਹੈ, ਮੁਸਲਮਾਨ ਪੀਰਾਂ ਨੂੰ ਬਿਸ਼ਨਪਦੇ (ਕ੍ਰਿਸ਼ਨ ਦੀ ਉਸਤਤ ਦੇ ਗੀਤ) ਸੁਣਾ ਕੇ ਰਿਝਾਉਂਦਾ ਹੈ, ਬਾਲ ਨਾਥ ਤੋਂ ਜੋਗ ਲੈਂਦਾ ਹੈ। ਇਸ ਤਰ੍ਹਾਂ ਕਿੱਸਾਕਾਰ ਪੰਜਾਬ ਦੇ ਲੋਕ-ਨਾਇਕਾਂ ਨੂੰ ਅਜਿਹੇ ਕਿਰਦਾਰ ਬਣਾ ਦਿੰਦੇ ਹਨ ਜਿਹੜੇ ਰਵਾਇਤੀ ਧਰਮਾਂ ਦੀ ਸੰਕੀਰਨਤਾ ਤੋਂ ਆਜ਼ਾਦ ਹਨ। ਇਹ ਨਾਇਕ ਮਨੁੱਖੀ ਆਜ਼ਾਦੀ ਦੇ ਪ੍ਰਤੀਕ ਬਣ ਜਾਂਦੇ ਹਨ। ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਸ਼ਾਹ ਸ਼ਰਫ਼ ਅਤੇ ਹੋਰ ਸੂਫ਼ੀਆਂ ਵਿਚ ਕ੍ਰਿਸ਼ਨ, ਰਾਂਝਾ ਤੇ ਰੱਬ ਇਕਮਿਕ ਹੋ ਗਏ ਹਨ। ਬੁੱਲ੍ਹੇ ਸ਼ਾਹ ਕਹਿੰਦਾ ਹੈ, ''ਬੰਸੀ ਵਾਲਿਆ ਚਾਕਾ ਰਾਂਝਾ, ਤੇਰਾ ਸੁਰ ਹੈ ਸਭ ਦਾ ਸਾਂਝਾ/ ਤੇਰੀਆਂ ਮੌਜਾਂ ਸਾਡਾ ਮਾਜਾਂ/ ਸਾਡੀ ਸੁਰਤੀ ਆਪ ਮਿਲਾਈ/ ਬੰਸੀ ਕਾਹਨ ਅਚਰਜ ਬਜਾਈ।''
     ਸੁਲਤਾਨ ਬਾਹੂ, ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ ਅਤੇ ਹੋਰ ਸੂਫ਼ੀ ਕਵੀ ਮਨਸੂਰ ਅਤੇ ਸਰਮਦ ਦੀ ਬਾਗ਼ੀਆਨਾ ਰਵਾਇਤ ਨੂੰ ਪੰਜਾਬੀ ਸ਼ਾਇਰੀ ਦਾ ਹਿੱਸਾ ਬਣਾਉਂਦੇ ਹਨ। ਸਿੰਘ ਸੂਰਮੇ, ਦੁੱਲਾ ਭੱਟੀ ਅਤੇ ਹੋਰ ਨਾਇਕ ਉੱਭਰਦੇ ਹਨ। ਸਿੱਖ ਮਿਸਲਾਂ ਮੁਗ਼ਲਾਂ ਅਤੇ ਬਾਹਰ ਤੋਂ ਆਉਂਦੇ ਹਮਲਾਵਰਾਂ ਨਾਲ ਲੋਹਾ ਲੈਂਦੀਆਂ ਹਨ ਤੇ ਰਣਜੀਤ ਸਿੰਘ ਦੇ ਰਾਜ ਵਿਚ ਸਾਂਝੀ ਪੰਜਾਬੀਅਤ ਦੇ ਨਕਸ਼ ਗੂੜ੍ਹੇ ਹੁੰਦੇ ਹਨ ਜਿਨ੍ਹਾਂ ਦਾ ਵਰਣਨ ਸ਼ਾਹ ਮੁਹੰਮਦ ਦੇ ਲਿਖੇ ਜੰਗਨਾਮੇ ਵਿਚ ਮਿਲਦਾ ਹੈ।
     ਅੰਗਰੇਜ਼ ਹਕੂਮਤ ਦੇ ਦੌਰਾਨ ਵੀ ਪੰਜਾਬੀਆਂ ਦਾ ਜਬਰ ਦਾ ਟਾਕਰਾ ਕਰਨ ਦਾ ਸਫ਼ਰ ਜਾਰੀ ਰਹਿੰਦਾ ਹੈ। ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਪਾਰਟੀ ਤੇ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ, ਆਜ਼ਾਦੀ ਸੰਘਰਸ਼ ਦੇ ਸੁਨਹਿਰੀ ਪੰਨੇ ਬਣਦੇ ਹਨ। ਪੰਜਾਬ ਦੇ ਹਿੰਦੂ, ਮੁਸਲਮਾਨ ਤੇ ਸਿੱਖ ਇਕੱਠੇ ਹੋ ਕੇ ਬਸਤੀਵਾਦੀਆਂ ਵਿਰੁੱਧ ਸੰਘਰਸ਼ ਕਰਦੇ ਹਨ। ਬਾਅਦ ਵਿਚ ਇਸ ਇਤਿਹਾਸ ਵਿਚ ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ ਦੇ ਸਾਥੀਆਂ ਦੀ ਸ਼ਹੀਦੀ ਅਤੇ ਊਧਮ ਸਿੰਘ ਦੇ ਬਲੀਦਾਨ ਦੇ ਵਰਕੇ ਜੁੜਦੇ ਹਨ। ਇਨ੍ਹਾਂ ਸਮਿਆਂ ਵਿਚ ਹੀ ਪੂਰਨ ਸਿੰਘ ਪੰਜਾਬ ਦੀ ਸਾਂਝੀਵਾਲਤਾ ਦਾ ਹੋਕਾ ਦਿੰਦਾ ਹੈ। ਪੰਜਾਬ ਦੀ 1947 ਦੀ ਵੰਡ ਦੇ ਦੁੱਖ ਨੂੰ ਉਸਤਾਦ ਦਾਮਨ ''ਲਾਲੀ ਅੱਖੀਆਂ ਦੀ ਪਈ ਦੱਸਦੀ ਏ/ ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ'' ਦੇ ਸ਼ਬਦਾਂ ਨਾਲ ਕਲਮਬੰਦ ਕਰਦਾ ਹੈ। ਅੱਜ ਦਾ ਪੰਜਾਬ, ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ, ਭਾਰਤ ਦੇ ਹੋਰ ਪ੍ਰਾਂਤਾਂ, ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਕਈ ਹੋਰ ਦੇਸ਼ਾਂ ਵਿਚ ਵੱਸਦਾ ਹੈ।
       ਆਓ, ਅੱਜ ਦੇ ਦਿਨ ਪੰਜਾਬੀਆਂ ਦੀ ਸਾਂਝ ਤੇ ਵੰਨ-ਸੁਵੰਨਤਾ ਅਤੇ ਜਬਰ ਵਿਰੁੱਧ ਖਲੋਣ ਦੇ ਇਤਿਹਾਸ ਨੂੰ ਯਾਦ ਕਰਦਿਆਂ ਸਾਂਝੀਵਾਲਤਾ ਅਤੇ ਪੰਜਾਬੀਅਤ ਦੇ ਨਾਂ 'ਤੇ ਵੀ ਦੀਪ ਜਗਾਈਏ।