🌷 ਇਕ ਅਰਜ਼ੋਈ-ਇਕ ਅਰਦਾਸ 🌷 - ਕੁਲਬੀਰ ਸਿੰਘ ਸਿੱਧੂ

ਬੀਤੇ 20 ਕੁ ਸਾਲਾਂ  ਵਿੱਚ ਸਿੱਖ  ਇਿਤਹਾਸਕ ਸ਼ਤਾਬਦੀਆੰ ਮਨਾਉਣ ਦੇ ਨਾਮ ‘ਤੇ ਜਿੰਨੀ ਸਿਆਸਤ ਹੋਈ ਹੈ ; ਬੱਸ ਉਸ ਸਿਆਸੀ ਮਾਹੌਲ ਦੀ ਲਗਾਤਾਰਤਾ ਵਿੱਚ ਹੀ ਅੱਜ-ਕੱਲ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੀੰ ਜਨਮ-ਸ਼ਤਾਬਦੀ ਅਤੇ  “ਸ੍ਰੀ ਕਰਤਾਰਪੁਰ ਸਾਹਿਬ ਲਾਂਘੇ” ਦੇ ਆਗਾਜ਼ ਦੇ ਰੂਪ ਵਿੱਚ ਮਹਿਜ਼ ਇਕ “ਸਿਆਸੀ-ਮਹਾਂਭਾਰਤ” ਹੀ ਦੇਖਣ ਨੂੰ ਮਿਲ ਰਿਹਾ ਹੈ ।               
ਇੱਥੇ  ਗੁਰਬਾਣੀ ਦੇ ਅਨੇਕਾਂ ਇਲਾਹੀ
ਸਿਧਾਂਤਾਂ  ਵਿਚੋਂ ਸਿਰਫ਼ ਤੇ ਸਿਰਫ਼ ਇਕ 
“ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ”
 ਦੁਆਰਾ ਬਾਬਾ ਨਾਨਕ ਵੱਲੋਂ ਦਰਸਾਈ ਸਿਧਾਂਤਕ ਤੇ ਪ੍ਰੈਕਟੀਕਲ  ਨੇਕ ਨੀਅਤ ਤੇ ਸਾਫ਼ਗੋਈ ਤੋਂ  ਬਿਲਕੁਲ 180* ਡਿਗਰੀ ਉਲਟ ਬੱਸ ‘ ਮੈਂ-ਮੈਂ ਤੇ  ਮੈਂ-ਮੇਰਾ ’ ਜਿਹੀ ਬਦਨੀਤੀ ਦੇ ਖੁੱਲ੍ਹੇ  ਮੁਜ਼ਾਹਰੇ ਦਾ ਸ਼ੈਤਾਨੀ ਰੂਪਾਂਤਰ ਤੇ ਸਿਆਸੀ ਆਲਾਪ ਦੇਖਣ- ਸੁਣਨ ਨੂੰ ਮਿਲ ਰਿਹਾ ਹੈ।।
 ਖ਼ੈਰ! ਗੁਰੂ ਨਾਨਕ ਨਾਮ ਲੇਵਾ ਸੰਗਤ ਅਤੇ ਦੇਸ਼-ਦੁਨੀਆਂ ਵੇਖ ਰਹੀ ਹੈ ਕਿ ਸਾਡੇ ਸਿਆਸੀ ਤੇ ਪੰਥਕ ਆਗੂ ਹੁਣ ਦਿਨ-ਦੀਵੀਂ  ਬਾਬਾ ਨਾਨਕ ਦੇਵ ਜੀ ਦੇ ਮੂਲ ਸਿਧਾਂਤਾਂ “ ਨਾਮ ਜਪੋ, ਕਿਰਤ ਕਰੋ , ਵੰਡ ਛਕੋ ਅਤੇ  ਸਰਬੱਤ ਦਾ ਭਲਾ ਕਰਨ ਵਾਸਤੇ ਸਚਿਆਰੇ  ਬਣਨ ਤੇ ਸਾਂਝੀਵਾਲਤਾ “ ਜਿਹੇ ਉਪਦੇਸ਼ਾਂ ਨੂੰ ਕਿਵੇਂ ਦੀਦਾ-ਦਨਿਸ਼ਤਾ ਦਰਕਿਨਾਰ ਕਰ ਰਹੇ ਹਨ ? ਬਸ  ਸਿਆਸਤੀ ਚੌਧਰ ਤੇ ਸਰਮਾਏਦਾਰੀ ਲਾਹੇ ਲੈਣਾ ਹੀ ਹੁਣ ਸਾਡੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਉਦੇਸ਼ ਬਣ ਚੁੱਕਾ ਹੈ। 
ਹੋਰ ਤਾਂ ਹੋਰ ; ਬਾਬਾ ਨਾਨਕ ਦੇ ਨਾਮ ‘ਤੇ ਹੀ“ਸ੍ਰੀ ਕਰਤਾਰਪੁਰ ਸਾਹਿਬ”ਦੇ ਲਾਂਘੇ ਤੋਂ ਅੱਗੇ ਹੁਣ ੨੦ ਡਾਲਰ ਫ਼ੀਸ ,  ਵਖੋ-ਵੱਖ ਪੰਡਾਲ ਤੇ ਸਟੇਜਾਂ ਜਿਹੀ ਘਿਨਾਉਣੀ ਤੇ ਘਟੀਆ ਸਿਆਸਤ ਹੋ ਰਹੀ ਹੈ। ਬਹਿਰਹਾਲ ! ਬਾਬਾ ਜੀ ਦੀ ਸਿੱਖਿਆ “ ਛੋਡੀਲੈ ਪਾਖੰਡਾ “ ਦੇ ਉਲਟ ਸਾਡਾ ਸ਼ਰਮਨਾਕ ਪਖੰਡਵਾਦ ਮਤਵਾਤਰ ਪ੍ਰਤਖ  ਦਿ੍ਰਸ਼ਟੀਗੋਚਰ ਹੋ  ਰਿਹਾ ਹੈ ਅਤੇ ਨਾਲ ਹੀ ਕੌਮ ਦੀ  ਜੱਗ-ਹਸਾਈ ਹੋ ਰਹੀ ਹੈ ।ਨਤੀਜੇ ਤੋਂ ਡਰ ਜਿਹਾ ਲਗਦਾ ਹੈ ਕਿ ਸਾਡੇ ਜੀਵਨ ਵਿੱਚ ਆਈ ਇਹ ਮਹਾਨ ਸ਼ਤਾਬਦੀ ਵੀ ਕਿਤੇ ਫ਼ਲਸਫ਼ੇ ਤੇ ਸੰਦੇਸ਼ ਰਹਿਤ ਹੋ ਕੇ ਸਾਡੀ“ਹਉਮੈ ਦੇ ਢੋਲ-ਢਮੀਰਿਆਂ “ ਦੀ ਭੇਂਟ ਨਾ ਚੜ੍ਹ ਜਾਏ।।
 ਕਾਸ਼ ਕਿ ਨੇਕੀ ਤੇ ਨੇਕ ਨੀਅਤ
ਸਾਡੀ ਸੋਚ ਤੇ ਅਮਲ ਦਾ ਅੰਗ ਹੁੰਦੀ।
ਫਿਰ ਚੰਗਿਆਈਆਂ ਤੇ ਬੁਰਾਈਆਂ ਬਾਰੇ
ਪੜ੍ਹਨ - ਸਿੱਖਣ ਦੀ ਸਾਡੀ ਕੋਈ ਰੁਚੀ
ਹੁੰਦੀ ।। ਅੱਜ ਵੀ ਕਿਤੇ ਅਸੀਂ ਨੇਕ
ਨਸੀਅਤ ਨੂੰ ਜਾਨਣ- ਸੁਣਨ ਲਈ
ਆਪਣੇ ਮਨਾਂ ਨੂੰ ਰਹਾਉ-ਠਹਿਰਾਉ
ਦੇ ਸਕਦੇ ।। ਪਰ ਕਿੱਥੇ ?
ਕਾਦਰ ਦੀ ਕੁਦਰਤ ਜਾਣੇ ਕਿ ਇਹ ਕਿਉੰ ਨਹੀਂ ਹੋ ਰਿਹਾ ?? ਬਹਿਰਹਾਲ ! ਅਸੀਂ ਇਸ ਦਾ ਹੋਰ ਕਿੰਨਾ ਖ਼ਮਿਆਜ਼ਾ ਭੁਗਤਣਾ ਹੈ : ਬੱਸ ਰੱਬ ਹੀ ਜਾਣੇ ।
ਖ਼ੈਰ ! ਹਾਲੇ ਵੀ ਗ਼ਨੀਮਤ ਹੈ ਕਿ ਸੰਸਾਰ ਦੇ ਬਹੁਤੇ ਸੂਝਵਾਨ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਤੇ “ਸ਼ਬਦ ਗੁਰੂ” ਦੇ ਫ਼ਲਸਫ਼ੇ ਅਤੇ ਖਾਲਸਾ ਇਤਿਹਾਸ  ਨੂੰ ਜਾਨਣ ਲਈ ਉਤਸੁਕ ਹਨ।
ਸਾਈਂ! ਬੇਸ਼ਕ ਸਾਡੀਆਂ  ਕਰਤੂਤਾਂ ਕਰਕੇ ਆਗਾਜ਼ ਤਾਂ ਮਾੜਾ ਹੈ ; ਪਰ ਕੌਮ ਨੂੰ ਮਾੜੇ ਅੰਜਾਮ ਤੋਂ ਬਚਾਉਣਾ !!
 ਹੇ  ਵਾਹਿਗੁਰੂ ! ਸਾਡੇ ਮਨਾਂ ਦੇ ਹਨੇਰੇ ਦੂਰ ਕਰੋ ਅਤੇ ਸਾਨੂੰ ਫੇਰ ਕੋਈ “ਚਾਨਣੇ ਦਾ ਅਕਲਦਾਨ”ਬਖ਼ਸ਼ੋ ।।

ਬੇਨਤੀਆਂ -ਸਹਿਤ
ਕੁਲਬੀਰ ਸਿੰਘ ਸਿੱਧੂ
ਸਾਬਕਾ ਕਮਿਸ਼ਨਰ
(ਤਾਹਾਲ Brampton)
Watsapp 98140-32009