ਕਲਿ ਤਾਰਣਿ ਗੁਰੂ ਨਾਨਕ ਆਇਆ - ਬਲਜਿੰਦਰ ਕੌਰ ਸ਼ੇਰਗਿੱਲ

ਪੰਜ ਸੌ ਪੰਜਾਹ ਸਾਲ ਪਹਿਲਾਂ, ਪੰਦਰਾ ਅਪਰੈਲ ਸੰਨ ਚੌਦਾਂ ਸੌ ਉਨੱਤਰ ਈਸਵੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਸ੍ਰੀ ਨਾਨਕ  ਦੇਵ ਜੀ ਜਗਤ ਜਲੰਦਾ ਰੱਬੀ ਰਬਾਬੀ ਧੁਨਾਂ ਸਨ ।ਆਪ ਜੀ ਸਿੱਖ ਧਰਮ ਦੇ ਸੰਸਥਾਪਕ ਅਤੇ ਪਹਿਲੇ ਗੁਰੂ ਹੋਏ ਸਨ । ਉਹਨਾਂ ਦਾ ਜਨਮ ਅਸਥਾਨ ਰਾਏ ਭਇ ਦੀ ਤਲਵੰਡੀ ਨਨਕਾਣਾ ਸਾਹਿਬ ਜੋ ਅੱਜ ਕੱਲ੍ਹ ਪਾਕਿਸਤਾਨ ਦੇ ( ਪੰਜਾਬ ) ਵਿੱਚ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਕਲਿਆਣ ਚੰਦ ਬੇਦੀ ਜਾਂ ਮਹਿਤਾ ਕਾਲੂ ਵੀ ਆਖਿਆ ਜਾਂਦਾ ਸੀ । ਆਪ ਜੀ ਨੇ ਮਾਤਾ ਤ੍ਰਿਪਤਾ ਦੇਵੀ ਜੀ ਦੀ ਕੁੱਖੋਂ ਜਨਮ ਲਿਆ। ਆਪ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਅਤੇ ਜੀਜਾ ਜੈ ਰਾਮ ਜੀ ਸਨ ।ਆਪ ਜੀ ਦਾ ਵਿਆਹ ਅਠਾਰਾਂ ਸਾਲ ਦੀ ਉਮਰ ਵਿੱਚ ਬਟਾਲਾ ਦੇ ਨਿਵਾਸੀ ਸ੍ਰੀ ਮੂਲ ਚੰਦ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਆਪ ਜੀ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ ਪੈਦਾ ਹੋਏ ਸਨ ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਸੰਦੇਸ਼ ਉਨ੍ਹਾਂ ਦੀਆਂ ਸਿੱਖਿਆਵਾਂ ਸਾਡੇ ਸਮਾਜਿਕ ਜੀਵਨ ਤੇ ਵਿਅਕਤੀਗਤ ਜੀਵਨ ਨੂੰ ਸਾਰਥਿਕ ਬਣਾਉਣ ਵਿੱਚ ਸਮਰੱਥਾ ਰੱਖਦੀਆਂ ਹਨ ।ਪ੍ਰਚੀਨ ਦੌਰ ਵਿੱਚ ਬਹੁਤ ਸਾਰੇ ਕਰਮ ਕਾਂਡ, ਲੁੱਟ ਖਸੁੱਟ, ਭਰਮ ਭੁਲੇਖੇ, ਆਮ ਲੋਕਾਂ ਦਾ ਸ਼ੋਸ਼ਣ ਆਦਿ ਬਹੁਤ ਸਾਰੀਆਂ ਬੁਰਾਈਆਂ ਪੈਦਾ ਹੋ ਗਈਆਂ ਹਨ। ਇਨ੍ਹਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਆਪਣੇ ਬਹੁਤ ਸਾਰੇ ਉਪਦੇਸ਼ ਵੀ ਦਿੱਤੇ ਹਨ। ਉਹਨਾਂ ਦੇ ਉਪਦੇਸ਼ਾਂ ਤੇ ਚੱਲਦਿਆਂ ਅਸੀਂ  ਇਹ ਸੰਸਾਰ ਰੂਪੀ ਬੇੜਾ ਪਾਰ ਕਰ ਸਕਦੇ  ਹਾਂ । ਮਨੁੱਖਤਾ ਸਾਹਮਣੇ ਗੁਰੂ ਨਾਨਕ ਦੇਵ ਜੀ ਦਾ ਜੀਵਨ ਇੱਕ ਚਾਨਣ ਮੁਨਾਰਾ ਹੈ।


ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਧਰਤੀ ਉੱਤੇ ਭੁੱਲੇ ਭਟਕੇ ਲੋਕਾਂ ਨੂੰ ਕਰਮ ਕਾਂਡ ਕਰਦੇ ਦੇਖਿਆ ਤਾਂ ਉਨ੍ਹਾਂ ਨੇ ਇਸ ਸੰਸਾਰ ਵਿੱਚ ਇਸ ਤਰ੍ਹਾਂ ਦੀਆਂ ਕੁਰੀਤੀਆਂ ਦਾ ਖੰਡਨ ਕੀਤਾ।  ਉਨ੍ਹਾਂ ਨੇ ਪਰਮਾਤਮਾ ਨੂੰ ਸਰਵ ਸ਼ਕਤੀਮਾਨ ਆਖਿਆ ਹੈ। ਉਸ ਅਕਾਲ ਪੁਰਖ ਦਾ ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਸਾਰੀ ਖ਼ਲਕਤ (ਦੁਨੀਆਂ ) ਨੂੰ ਸੱਚ ਬੋਲਣ,  ਨਾਮ ਜਪਣ, ਵੰਡ ਛਕਣਾ , ਰੱਬ ਦਾ ਭਾਣਾ ਮੰਨਣਾ ਉਪਦੇਸ਼ ਦਿੱਤੇ ।ਉਨ੍ਹਾਂ ਨੇ ਇਸ ਸੰਸਾਰ ਉੱਤੇ ਆ ਕੇ ਚਾਰੋ ਦਿਸ਼ਾਵਾਂ ਦੀਆਂ ਉਦਾਸੀਆਂ ਵੀ ਕੀਤੀਆਂ । ਇਨ੍ਹਾਂ ਉਦਾਸੀਆਂ ਦਾ ਮੁੱਖ ਉਦੇਸ਼ ਸਿਰਫ਼ ਤੇ ਸਿਰਫ਼ ਲੋਕ ਕਲਿਆਣ ਸੀ। ਉਨ੍ਹਾਂ ਨੇ ਪ੍ਰਮਾਤਮਾ ਨੂੰ ਸਰਬ ਵਿਆਪੀ ਆਖਿਆ ਹੈ , ਉਹ ਕਦੇ ਵੀ ਨਾਸ਼ਵਾਨ ਨਹੀਂ ਹੋਣ ਵਾਲਾ । ਉਹ ਪਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਵੱਸਦਾ ਹੈ। ਸਾਡੀ ਉਤਪਤੀ ਉਸ ਦੀ ਹੀ ਸਿਰਜਣਾ ਹੈ ।ਉਹ ਕਣ ਕਣ ਵਿੱਚ ਮੌਜੂਦ ਹੈ ।ਉਹ ਸਾਰੀ ਕਾਇਨਾਤ ਦਾ ਮਾਲਕ ਹੈ। ਉਹ ਸਦਾ ਰਹਿਣ ਵਾਲਾ ਹੈ। ਉਹ  ਸ੍ਰਿਸ਼ਟੀ ਦਾ ਰਚਨਹਾਰਾ ਹੈ ।ਉਸ ਦੀ ਹੋਂਦ ਅਟੱਲ ਹੈ ਆਦਿ ਸਿੱਖਿਆਵਾਂ  ਦਿੱਤੀਆਂ ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ ਉੱਤੇ ਜਾਤ ਪਾਤ ਦਾ ਖੰਡਨ ਕਰਦਿਆਂ ਆਖਿਆ ਹੈ ਕਿ "ਨਾ ਕੋ ਹਿੰਦੂ ਨਾ ਮੁਸਲਮਾਨ " ਉਨ੍ਹਾਂ ਨੇ ਆਪਣੇ ਉਪਦੇਸ਼ ਰਾਹੀਂ ਦੁਨੀਆਂ ਨੂੰ ਸਮਝਾਇਆ ਕਿ ਜਾਤਾਂ  -ਪਾਤਾਂ  ਇਨਸਾਨ ਵੱਲੋਂ ਰਚੀਆਂ ਗਈਆਂ  ਹਨ । ਉਸ ਪਰਮਾਤਮਾ ਨੇ ਸਭ ਨੂੰ ਇੱਕੋ ਜਿਹਾ ਪੈਦਾ ਕੀਤਾ ਹੈ । ਉਨ੍ਹਾਂ ਨੇ ਪ੍ਰਮਾਤਮਾ ਦੇ ਭਾਣੇ ਅੰਦਰ ਰਹਿ ਕੇ ਸਾਰੀ ਸ੍ਰਿਸ਼ਟੀ ਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣ ਦਾ ਉਪਦੇਸ਼ ਦਿੱਤਾ ।


ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ  ਔਰਤਾਂ ਦੀ ਸਥਿਤੀ ਨੂੰ ਨਿਰਾਸ਼ਜਨਕ ਦੇਖੀ ਤਦ ਉਨ੍ਹਾਂ ਨੇ ਔਰਤਾਂ ਦੇ ਹੱਕਾਂ ਲਈ ਆਵਾਜ਼ ਉਠਾਈ। ਉਨ੍ਹਾਂ ਨੇ ਅੌਰਤ ਨੂੰ ਬਰਾਬਰ ਦਾ ਸਨਮਾਨ ਦਿਵਾਉਣ ਲਈ ਬਹੁਤ ਸਾਰੀਆਂ ਕੁਰੀਤੀਆਂ ਦਾ ਖੰਡਨ ਕੀਤਾ । ਉਨ੍ਹਾਂ ਨੇ ਔਰਤ ਨੂੰ ਜੀਵਨ ਜਿਊਣ ਦਾ ਅਧਿਕਾਰ ਦਿਵਾਇਆ।


ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮੁਹਤ" ਸਾਰੀ ਸ੍ਰਿਸ਼ਟੀ ਨੂੰ ਇਕ ਉਪਦੇਸ਼ ਦਿੱਤਾ ਕਿ ਹਵਾ ਰੂਪੀ ਗੁਰੂ ਤੇ ਪਾਣੀ ਰੂਪੀ ਪਿਤਾ ਅਤੇ ਮਾਤਾ ਰੂਪੀ ਧਰਤੀ ਵੀ ਸਾਨੂੰ ਸੰਭਾਲ ਕਰਨੀ ਚਾਹੀਦੀ । ਉਨ੍ਹਾਂ ਬਿਨਾਂ ਇਹ ਸੰਸਾਰ ਨਾਸ਼ਵਾਨ ਹੈ ।ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਫਰਮਾਇਆ ਹੈ ਕਿ ਕੁਦਰਤ ਦੀ ਸਿਰਜਣਾ ਉਸ ਪਰਮਾਤਮਾ ਨੇ ਆਪ ਕੀਤੀ ਹੈ, ਭਾਵ ਕਿ ਸਾਨੂੰ ਪ੍ਰਕਿਰਤੀ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ।


ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਾਰ ਦਿਸ਼ਾਵਾਂ ਦੀ ਯਾਤਰਾਵਾਂ ਵਿੱਚ ਮਰਦਾਨਾ ਯਾਰ ਦੀ ਸ਼ਮੂਲੀਅਤ ਨੇ ਸਾਬਿਤ ਕੀਤਾ ਹੈ ਕਿ ਯਾਰੜ ਹੋਵੇ ਤਾਂ ਮਰਦਾਨੇ ਵਰਗਾ। ਉਨ੍ਹਾਂ ਨੇ ਮਰਦਾਨੇ ਵਰਗੇ ਯਾਰ ਨਾਲ ਚਾਰ ਦਿਸ਼ਾਵਾਂ ਦੀ ਯਾਤਰਾਵਾਂ ਨੂੰ ਸਫਲਤਾ ਪੂਰਵਕ ਪੂਰਾ ਕੀਤਾ। ਮਰਦਾਨੇ ਨੂੰ ਇਹ ਵਡਮੁੱਲਾ ਸੁਭਾਗ ਪ੍ਰਾਪਤ ਹੋਇਆ ਕਿ ਉਨ੍ਹਾਂ ਨੇ ਪ੍ਰਮਾਤਮਾ ਰੂਪੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਾਥ ਪ੍ਰਾਪਤ ਕੀਤਾ। ਉਨ੍ਹਾਂ ਦਾ  ਜੀਵਨ ਇਸ  ਸ੍ਰਿਸ਼ਟੀ ਉੱਤੇ ਸਾਰਥਿਕ ਹੋਇਆ ਹੈ ।ਭਾਈ ਮਰਦਾਨਾ ਜੀ ਅਜਿਹੇ ਵਿਅਕਤੀ ਹੋਏ ਹਨ ਜਿਨ੍ਹਾਂ ਨੇ ਬਿਨਾਂ ਕੁਝ ਲਾਲਚ ਕੀਤੇ ,ਬਿਨਾਂ ਥੱਕੇ ਹਾਰੇ ਬਾਬਾ ਜੀ ਦੇ ਹੁਕਮਾਂ ਅਨੁਸਾਰ  ਚੱਲਦੇ ਰਹੇ।ਇਹ ਰੂਹਾਂ ਕਿੰਨੀਆਂ ਪਾਕ ਤੇ ਪਵਿੱਤਰ ਹਨ ਜਿਨ੍ਹਾਂ ਨੇ ਇਸ ਕਲਜੁਗੀ ਦੁਨੀਆਂ ਨੂੰ ਸੰਵਾਰਨ  ਦਾ ਯਤਨ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਉਹ ਪ੍ਰਕਾਸ਼ ਰੂਪੀ ਰੂਹਾਂ ਹਨ , ਜਿੱਥੇ ਪਰਮਾਤਮਾ ਖੁਦ ਪ੍ਰਗਟ ਹੋ ਕੇ ਇਸ ਸ੍ਰਿਸ਼ਟੀ ਦਾ ਭਲਾ ਕਰਨ ਆ ਪਹੁੰਚੇ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਪ੍ਰਾਪਤ ਹੁੰਦੀਆਂ ਹਨ । ਉਨ੍ਹਾਂ ਨੇ ਆਪਣੇ ਜੀਵਨ ਨੂੰ ਸਿਰਫ਼ ਤੇ ਸਿਰਫ਼ ਮਨੁੱਖਤਾ ਦੇ ਲੇਖੇ ਲਾ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਸਿੱਖਿਆਵਾਂ ਅਤੇ ਸਾਖੀਆਂ ਨਾਲ ਮਨੁੱਖਤਾ ਨੂੰ ਇੱਕ ਸੇਧ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਦੱਸੇ ਉਪਦੇਸ਼ ਤੇ ਅਟੱਲ ਰਹਿਣ ਦੀ ਕੋਸ਼ਿਸ਼ ਕਰਨ। ਕਲਯੁਗੀ ਦੁਨੀਆਂ ਵਿੱਚ ਪ੍ਰਮਾਤਮਾ ਦਾ ਨਾਮ ਹੀ ਇੱਕ ਮਾਤਰ ਸਹਾਰਾ ਹੈ , ਬਾਕੀ ਸਭ ਕੁਝ ਨਾਸ਼ਵਾਨ ਹੋਣਾ ਅਟੱਲ ਸੱਚਾਈ ਹੈ। ਜੀਵਨ ਦਾ ਅੰਤ ਹੋਣਾ ਲਾਜ਼ਮੀ ਹੈ ।ਮਨੁੱਖਾ ਜੀਵਨ ਨੂੰ ਸਹੀ ਅਰਥਾਂ ਵਿੱਚ ਪਰਮਾਤਮਾ ਦੇ ਨਾਮ ਦੀ ਲੋੜ ਹੈ ।ਇਸ ਜਨਮ ਮਰਨ ਦੇ ਗੇੜ  ਵਿੱਚੋਂ ਨਿਕਲਣ ਦਾ ਇੱਕੋ ਇੱਕ ਉਪਰਾਲਾ ਹੈ ,ਪਰਮਾਤਮਾ ਦਾ ਨਾਮ ਜਪਣਾ।
 ਸ੍ਰੀ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਸਾਨੂੰ ਹਰ ਗੱਲ ਬੜੀ ਹੀ ਸਹਿਜਤਾ ਨਾਲ ਸਮਝਾਈ ਹੈ। ਅਕਾਲ ਪੁਰਖ ਤੋਂ ਬਿਨਾ ਮਨੁੱਖ ਇਸ ਕਾਲ ਚੱਕਰ ਵਿੱਚ ਵਿਚਰਦਾ ਰਹੇਗਾ ।


ਅੰਤ ਵੇਲੇ ਬਾਬਾ ਨਾਨਕ ਜੀ ਕਰਤਾਰਪੁਰ (ਪਾਕਿਸਤਾਨ ) ਦੀ ਧਰਤੀ ਤੇ ਹੱਕ ਸੱਚ , ਕਿਰਤ ਦੀ ਕਮਾਈ ਕਰਦੇ, ਕਰਦੇ 22 ਸਤੰਬਰ 1539  ਈ.  ਨੂੰ ਜੋਤੀ ਜੋਤ ਸਮਾ ਗਏ।
ਆਉ ਅੱਜ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਪ੍ਰਣ ਕਰ ਆਪਣਾ ਜੀਵਨ ਸਫਲ ਬਣਾਉਣ ਦਾ ਯਤਨ ਕਰੀਏ।


ਬਲਜਿੰਦਰ ਕੌਰ ਸ਼ੇਰਗਿੱਲ
#1323/26
phase 11
Mohali
punjab
98785-19278