ਸੁੱਚੀ ਸੋਚ ਦੀ ਲੋਅ ਵਿਚ - ਸਵਰਾਜਬੀਰ

ਇਨ੍ਹਾਂ ਦਿਨਾਂ ਵਿਚ ਜਲੰਧਰ ਵਿਚ ਗ਼ਦਰੀ ਬਾਬਿਆਂ ਦਾ ਮੇਲਾ ਲੱਗਦਾ ਹੈ। ਇਹ ਮੇਲਾ ਪੰਜਾਬ ਦੀ ਜਮਹੂਰੀ ਰੂਹ ਦਾ ਪੁਰਬ ਹੈ। ਵੱਖ ਵੱਖ ਖੱਬੀਆਂ ਤੇ ਜਮਹੂਰੀ ਧਿਰਾਂ ਇਸ ਮੇਲੇ ਨੂੰ ਇਕੱਠੀਆਂ ਹੋ ਕੇ ਮਨਾਉਂਦੀਆਂ ਅਤੇ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੀਆਂ ਹਨ। ਇਸ ਦੇ ਨਾਲ ਨਾਲ ਵੱਖ ਵੱਖ ਵਿਸ਼ਿਆਂ 'ਤੇ ਬਹਿਸਾਂ, ਭਾਸ਼ਨ, ਨਾਟਕ ਅਤੇ ਹੋਰ ਸੱਭਿਆਚਾਰਕ ਸਰਗਰਮੀਆਂ ਕਰਾਈਆਂ ਜਾਂਦੀਆਂ ਹਨ।
ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਪੰਡਿਤ ਕਾਂਸ਼ੀ ਰਾਮ, ਕੇਸਰ ਸਿੰਘ ਠਾਠਗੜ੍ਹ ਨੇ ਮਈ 1913 ਵਿਚ 'ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ' ਨਾਂ ਦੀ ਜਥੇਬੰਦੀ ਬਣਾਈ ਜਿਸ ਨੇ ਯੁੱਗਾਂਤਰ ਆਸ਼ਰਮ ਸਾਂ ਫਰਾਂਸਿਸਕੋ ਤੋਂ 1 ਨਵੰਬਰ 1913 ਨੂੰ 'ਗ਼ਦਰ' ਨਾਂ ਦਾ ਹਫ਼ਤਾਵਾਰੀ ਅਖ਼ਬਾਰ ਉਰਦੂ ਵਿਚ ਕੱਢਿਆ। ਦਸੰਬਰ 1913 ਤੋਂ ਇਹ ਪੰਜਾਬੀ ਵਿਚ ਸ਼ੁਰੂ ਹੋਇਆ ਤੇ ਬਾਅਦ ਵਿਚ ਇਸ ਦੇ ਕਈ ਖ਼ਾਸ ਅੰਕ ਹਿੰਦੀ, ਮਰਾਠੀ, ਗੁਜਰਾਤੀ, ਬੰਗਾਲੀ, ਪਸ਼ਤੋ, ਨੇਪਾਲੀ ਆਦਿ ਵਿਚ ਵੀ ਛਾਪੇ ਗਏ। ਲਾਲਾ ਹਰਦਿਆਲ ਇਸ ਦੇ ਪਹਿਲੇ ਸੰਪਾਦਕ ਸਨ। ਇਹ ਅਖ਼ਬਾਰ ਏਨਾ ਹਰਮਨਪਿਆਰਾ ਹੋਇਆ ਕਿ ਹਿੰਦੀ ਐਸੋਸੀਏਸ਼ਨ ਦਾ ਨਾਂ ਗ਼ਦਰ ਪਾਰਟੀ ਅਤੇ ਉਸ ਦੇ ਦਫ਼ਤਰ ਦਾ ਨਾਂ ਗ਼ਦਰ ਆਸ਼ਰਮ ਪੈ ਗਿਆ।
19ਵੀਂ ਸਦੀ ਦੇ ਪਹਿਲੇ ਤੇ ਦੂਸਰੇ ਦਹਾਕੇ ਵਿਚ ਕੈਨੇਡਾ ਤੇ ਅਮਰੀਕਾ ਅੱਪੜੇ ਪੰਜਾਬੀ ਪਰਿਵਾਰਾਂ ਨੂੰ ਨਸਲਵਾਦ ਤੇ ਪੱਖਪਾਤ ਦਾ ਸਾਹਮਣਾ ਕਰਨਾ ਪਿਆ। 1908 ਵਿਚ ਤਾਂ ਕੈਨੇਡਾ ਨੇ ਸਾਰੇ ਹਿੰਦੋਸਤਾਨੀਆਂ ਨੂੰ ਹਾਂਡੂਰਸ ਟਾਪੂ ਵਿਚ ਭੇਜਣ ਦੀ ਯੋਜਨਾ ਵੀ ਬਣਾਈ ਸੀ। ਅਜਿਹੇ ਕਾਨੂੰਨਾਂ ਅਨੁਸਾਰ ਹਿੰਦੋਸਤਾਨੀ ਉੱਥੇ ਆਪਣੇ ਪਰਿਵਾਰ ਨਹੀਂ ਸਨ ਲਿਜਾ ਸਕਦੇ ਅਤੇ ਉਨ੍ਹਾਂ ਨੂੰ ਸਿੱਧਾ ਭਾਰਤ ਤੋਂ ਕੈਨੇਡਾ ਤਕ ਸਫ਼ਰ ਕਰਨਾ ਪੈਂਦਾ ਸੀ। ਬ੍ਰਿਟਿਸ਼ ਕੋਲੰਬੀਆ ਵਿਚ 1907 ਵਿਚ ਏਸ਼ੀਅਨ ਲੋਕਾਂ ਦੇ ਖ਼ਿਲਾਫ਼ ਦੰਗੇ ਹੋਏ। ਬੈਲਿੰਗਮ ਤੇ ਵਾਸ਼ਿੰਗਟਨ ਦੇ ਜੰਗਲੀ ਲੱਕੜੀ ਕੱਟਣ ਵਾਲੇ ਕੈਂਪਾਂ ਵਿਚ ਜਿੱਥੇ ਪੰਜਾਬੀ ਵੱਡੀ ਗਿਣਤੀ ਵਿਚ ਸਨ, 'ਤੇ ਹਮਲੇ ਕੀਤੇ ਗਏ। ਐਕਸਕਲੂਜਨ ਮੂਵਮੈਂਟ ਚਲਾਈ ਗਈ। ਅਜਿਹੇ ਵਰਤਾਰੇ ਨੇ ਪੰਜਾਬੀ ਪਰਵਾਸੀਆਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਉਨ੍ਹਾਂ ਨਾਲ ਏਦਾਂ ਕਿਉਂ ਹੋ ਰਿਹਾ ਹੈ। ਉਨ੍ਹਾਂ ਮਹਿਸੂਸ ਕੀਤਾ ਕਿ ਜੇ ਉਹ ਕਿਸੇ ਆਜ਼ਾਦ ਦੇਸ਼ ਦੇ ਰਹਿਣ ਵਾਲੇ ਹੁੰਦੇ ਤਾਂ ਉਨ੍ਹਾਂ ਨਾਲ ਏਦਾਂ ਦਾ ਵਰਤਾਅ ਨਹੀਂ ਕੀਤਾ ਜਾਣਾ ਸੀ। ਗ਼ਦਰੀ ਕਵੀ ਇਸ ਅਨੁਭਵ ਨੂੰ ਇਉਂ ਦਰਜ ਕਰਦੇ ਹਨ : "ਕਾਲਾ ਡਰਟੀ ਕਹਿਣ ਸਾਨੂੰ, ਗਏ ਹਿੰਦ ਦੇ ਉਹ ਅਦਬੋ ਸ਼ਾਨ ਕਿੱਥੇ।''
ਗ਼ਦਰੀਆਂ ਵਿਚ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਸੀ ਅਤੇ ਉਨ੍ਹਾਂ ਵਿਚੋਂ ਬਹੁਤੇ ਸਿੱਖ ਸਨ। ਇਸ ਲਹਿਰ ਵਿਚ ਹਿੰਦੂ, ਮੁਸਲਮਾਨ ਤੇ ਦਲਿਤ ਵੀ ਸ਼ਾਮਲ ਸਨ। ਪਾਰਟੀ ਦੀਆਂ ਬਹੁਤੀਆਂ ਮੀਟਿੰਗਾਂ ਗੁਰਦੁਆਰਿਆਂ ਵਿਚ ਹੁੰਦੀਆਂ। ਗ਼ਦਰੀ ਆਗੂ ਫ਼ਿਰਕੂ ਏਕਤਾ ਕਾਇਮ ਕਰਨ ਬਾਰੇ ਬਹੁਤ ਚੇਤੰਨ ਸਨ। ਉਦਾਹਰਨ ਦੇ ਤੌਰ 'ਤੇ ਜਨਵਰੀ 1914 ਵਿਚ ਛਪੀ ਕਵਿਤਾ ਵਿਚ ਗ਼ਦਰੀ ਕਵੀ ਕਹਿੰਦਾ ਹੈ, "ਆਪਸ ਵਿਚ ਲੜਨਾ ਮੰਦਾ ਕੰਮ ਫੜਿਆ, ਝਗੜੇ ਝਗੜ ਹਿੰਦੂ ਮੁਸਲਮਾਨ ਵਾਲੇ/ ਹੀਰਾ ਹਿੰਦ ਉਹਨਾਂ ਖਾਕ ਰੋਲ ਦਿੱਤਾ, ਰੌਲੇ ਘੱਤ ਕੇ ਵੇਦ ਕੁਰਾਨ ਵਾਲੇ।'' ਇਕ ਹੋਰ ਕਵੀ ਅਨੁਸਾਰ, "ਸਾਨੂੰ ਲੋੜ ਨਾ ਪੰਡਤਾਂ ਕਾਜ਼ੀਆਂ ਦੀ, ਨਹੀਂ ਸ਼ੌਕ ਹੈ ਬੇੜਾ ਡੁਬਾਵਣੇ ਦਾ/ ਮੰਦਰ ਮਸਜਦਾਂ ਕਿਸੇ ਨਾ ਕੰਮ ਸਾਡੇ, ਛੱਡੋ ਖਿਆਲ ਗੁਰਦਵਾਰੇ ਬਣਾਵਣੇ ਦਾ।''
ਗ਼ਦਰੀ ਆਗੂਆਂ ਨੇ ਵੱਖ ਵੱਖ ਸਰੋਤਾਂ, ਜਿਨ੍ਹਾਂ ਵਿਚ ਸਿੱਖ ਗੁਰੂ ਸਾਹਿਬਾਨ, ਸਿੰਘ ਸੂਰਮੇ, 1857 ਦੇ ਗ਼ਦਰ ਦੇ ਨਾਇਕ, ਹਿੰਦੋਸਤਾਨ ਵਿਚ ਰਹਿ ਕੇ ਆਜ਼ਾਦੀ ਲਈ ਸੰਘਰਸ਼ ਕਰ ਰਹੇ ਨੇਤਾ ਅਤੇ ਵਿਦੇਸ਼ਾਂ ਵਿਚ ਆ ਕੇ ਵੱਖ ਵੱਖ ਥਾਵਾਂ ਤੋਂ ਆਜ਼ਾਦੀ ਦੀ ਲੜਾਈ ਲੜ ਰਹੇ ਆਗੂ ਸ਼ਾਮਲ ਸਨ, ਤੋਂ ਪ੍ਰੇਰਨਾ ਲਈ। ਪੰਜਾਬੀ ਕਿਸਾਨ ਦਾ ਅਮਰੀਕਾ ਤੇ ਕੈਨੇਡਾ ਵਿਚ ਜਾ ਕੇ ਮਜ਼ਦੂਰ ਬਣਨ ਦਾ ਤਜਰਬਾ ਵੀ ਇਕ ਅਹਿਮ ਪ੍ਰੇਰਨਾ ਸੀ। ਇਹ ਅਨੁਭਵ ਉਸ ਵਰਤਾਰੇ, ਜਿਸ ਤਹਿਤ ਪੰਜਾਬੀ ਕਿਸਾਨ ਤੇ ਦਲਿਤ ਬਸਤੀਵਾਦੀ ਫ਼ੌਜ ਦੇ ਸੈਨਿਕ ਬਣੇ, ਤੋਂ ਵੱਖਰਾ ਸੀ। ਫ਼ੌਜੀ ਦੇ ਰੂਪ ਵਿਚ ਅੰਗਰੇਜ਼ ਹਕੂਮਤੀ ਜਲੌਅ ਦੀ ਛੋਟੀ ਮੋਟੀ ਕਣੀ ਨਾ ਸਿਰਫ਼ ਪੰਜਾਬੀ ਕਿਸਾਨਾਂ ਤੇ ਦਲਿਤਾਂ ਨੂੰ ਵਰਦੀ ਦੇ ਰੂਪ ਵਿਚ ਮਿਲੀ ਸਗੋਂ ਉਨ੍ਹਾਂ ਦੀ ਪਹਿਚਾਣ ਵੀ ਬਣੀ। ਉਹ ਸਿਪਾਹੀ, ਲਾਂਸ-ਨਾਇਕ, ਨਾਇਕ, ਹਵਾਲਦਾਰ, ਜਮਾਂਦਾਰ, ਰਿਸਾਲਦਾਰ ਆਦਿ ਬਣੇ ਪਰ ਅਮਰੀਕਾ ਤੇ ਕੈਨੇਡਾ ਵਿਚ ਪਰਵਾਸੀ ਮਜ਼ਦੂਰਾਂ ਨੂੰ ਬਰਤਾਨਵੀ ਸਾਮਰਾਜ ਦੀ ਇਹ 'ਮਿਹਰ' ਹਾਸਲ ਨਹੀਂ ਸੀ। ਇਸ ਅਨੁਭਵ ਦੀ ਚਿੱਤਰਕਾਰੀ 1915 ਦੀ ਕਵਿਤਾ ਇਸ ਤਰ੍ਹਾਂ ਕਰਦੀ ਹੈ, "ਗ੍ਰੇਪ ਤੋੜਦਿਆਂ, ਸੇਲਰੀ ਲਾਉਂਦਿਆਂ ਦੇ, ਸੀਡ ਗੱਡਦਿਆਂ ਦੇ ਗੋਡੇ ਲਾਲ ਹੋ ਗਏ। ਨਾਲ ਫੱਟਿਆਂ ਪਾਟ ਗਏ ਹੱਥ ਸਾਡੇ, ਦਿਨ ਕੱਟਣੇ ਬੜੇ ਮੁਹਾਲ ਹੋ ਗਏ।''
ਉਪਰੋਕਤ ਹਾਲਾਤ ਵਿਚ ਗ਼ਦਰੀ ਆਗੂਆਂ ਨੇ ਫ਼ੈਸਲਾ ਕੀਤਾ ਕਿ ਪਹਿਲੀ ਆਲਮੀ ਜੰਗ ਅਜਿਹਾ ਮੌਕਾ ਸੀ ਜਦੋਂ ਭਾਰਤ ਵਾਪਸ ਆ ਕੇ ਫ਼ੌਜ ਨੂੰ ਬਗ਼ਾਵਤ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਗ਼ਦਰ ਲਹਿਰ ਨੂੰ ਪਰਣਾਏ ਹੋਏ ਸੈਂਕੜੇ ਸੂਰਮੇ ਪੰਜਾਬ ਪਹੁੰਚੇ ਅਤੇ ਫ਼ੌਜ ਵਿਚ ਬਗ਼ਾਵਤ ਕਰਾਉਣ ਦਾ ਯਤਨ ਕੀਤਾ ਜੋ ਅਸਫ਼ਲ ਰਿਹਾ। ਬਹੁਤ ਸਾਰੇ ਗ਼ਦਰੀਆਂ ਨੂੰ ਫਾਂਸੀ ਅਤੇ ਕਈਆਂ ਨੂੰ ਸੈਲੂਲਰ ਜੇਲ੍ਹ ਅੰਡੇਮਾਨ-ਨਿਕੋਬਾਰ, ਜਿਸ ਨੂੰ 'ਕਾਲਾ ਪਾਣੀ' ਵੀ ਕਿਹਾ ਜਾਂਦਾ ਸੀ, ਵਿਚ ਉਮਰ ਕੈਦ ਦੀ ਸਜ਼ਾ ਹੋਈ। ਕਈ ਗ਼ਦਰੀਆਂ ਨੂੰ ਘੱਟ ਸਜ਼ਾਵਾਂ ਮਿਲੀਆਂ ਅਤੇ ਬਹੁਤ ਸਾਰੇ ਗ਼ਦਰੀ ਪਿੰਡਾਂ ਵਿਚ ਜੂਹਬੰਦ ਕੀਤੇ ਗਏ। ਉਨ੍ਹਾਂ ਨੇ ਸਭ ਮੁਸ਼ਕਲਾਂ ਬੜੇ ਸਿਦਕ ਤੇ ਸਿਰੜ ਨਾਲ ਸਹਾਰੀਆਂ ਤੇ ਕਿਸੇ ਨੇ ਵੀ ਮੁਆਫ਼ੀ ਨਹੀਂ ਮੰਗੀ। ਫਾਂਸੀ ਦੇ ਤਖ਼ਤੇ 'ਤੇ ਝੂਲਣ ਤੋਂ ਪਹਿਲਾਂ ਕਰਤਾਰ ਸਿੰਘ ਸਰਾਭੇ ਨੇ ਆਪਣਾ ਮਨਪਸੰਦ ਗੀਤ ਗਾਇਆ, "ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ/ ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ/ ਜਿਨ੍ਹਾਂ ਦੇਸ਼ ਸੇਵਾ ਦਾ ਇਸ਼ਕ ਲੱਗਾ, ਮਹਿਲ, ਮਾੜੀਆਂ ਛੱਡ ਫਕੀਰ ਹੋਏ/ ਮਾਫ਼ੀ ਮੰਗਣੀ ਨਹੀਂ ਮਨਜ਼ੂਰ ਸਾਨੂੰ, ਬਣੇ ਇਸ਼ਕ-ਸਵਰਾਜ ਦੇ ਪੀਰ ਹੋਏ/ ਅਸਾਂ ਦੇਸ਼ ਆਜ਼ਾਦ ਜ਼ਰੂਰ ਕਰਨਾ, ਟੁਕੜੇ ਅੰਤ ਨੂੰ ਭਵਾਂ ਸਰੀਰ ਹੋਏ।''
       ਬਗ਼ਾਵਤ ਵਿਚ ਅਸਫ਼ਲਤਾ ਤੋਂ ਬਾਅਦ ਗ਼ਦਰ ਲਹਿਰ ਮੱਠੀ ਪੈ ਗਈ ਪਰ ਇਸ ਨੇ ਪੰਜਾਬ ਦੀ ਸਿਆਸਤ ਉੱਤੇ ਵੱਡਾ ਅਸਰ ਪਾਇਆ। ਮਾਈਕਲ ਓਡਵਾਇਰ ਨੇ ਸਰਕਾਰ ਤੋਂ ਕਾਨੂੰਨ ਵਿਚ ਕਈ ਸੋਧਾਂ ਕਰਵਾਈਆਂ ਸਨ ਜਿਨ੍ਹਾਂ ਅਨੁਸਾਰ ਮੁਕੱਦਮਿਆਂ ਦਾ ਫ਼ੈਸਲਾ ਜਲਦੀ (Summary Trial ਰਾਹੀਂ) ਕੀਤਾ ਗਿਆ। ਓਡਵਾਇਰ ਗ਼ਦਰੀਆਂ ਦੇ ਪੰਜਾਬ 'ਤੇ ਪਏ ਪ੍ਰਭਾਵ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਸ ਨੇ ਸਖ਼ਤ ਕਾਨੂੰਨ ਬਣਾਉਣ ਦੀ ਹਮਾਇਤ ਕੀਤੀ ਜਿਹੜੀ 'ਰੌਲਟ ਐਕਟ' ਦੇ ਰੂਪ ਵਿਚ ਸਾਹਮਣੇ ਆਈ। ਇਸ ਐਕਟ ਦੇ ਵਿਰੋਧ ਕਾਰਨ ਜੱਲ੍ਹਿਆਂਵਾਲਾ ਬਾਗ਼ ਦਾ ਕਾਂਡ ਹੋਇਆ। ਗ਼ਦਰ ਲਹਿਰ ਨੇ 1910ਵਿਆਂ ਵਿਚ ਪੰਜਾਬੀਆਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਆਵਾਜ਼ ਉਠਾਉਣ ਦੀ ਤਾਕਤ ਬਖ਼ਸ਼ੀ ਜਦੋਂਕਿ ਬਹੁਤ ਸਾਰੇ ਆਗੂ, ਚਿੰਤਕ ਤੇ ਲੇਖਕ ਅੰਗਰੇਜ਼ਾਂ ਦੇ ਪਿੱਠੂ ਤੇ ਸਮਝੌਤਾਵਾਦੀ ਬਣ ਚੁੱਕੇ ਸਨ। ਇਸ ਤਰ੍ਹਾਂ ਗ਼ਦਰ ਲਹਿਰ ਦੀਆਂ ਤੰਦਾਂ ਗੁਰਦੁਆਰਾ ਸੁਧਾਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਵਿਚ ਵੇਖੀਆਂ ਜਾ ਸਕਦੀਆਂ ਹਨ। 1922 ਵਿਚ ਗ਼ਦਰ ਪਾਰਟੀ ਭਾਈ ਸੰਤੋਖ ਸਿੰਘ, ਭਾਈ ਰਤਨ ਸਿੰਘ ਤੇ ਭਾਈ ਹਰਜਾਪ ਸਿੰਘ ਦੀ ਅਗਵਾਈ ਵਿਚ ਫਿਰ ਸੁਰਜੀਤ ਹੋਈ ਅਤੇ ਬਾਅਦ ਵਿਚ ਕਿਰਤੀ ਕਿਸਾਨ ਪਾਰਟੀ ਦੇ ਰੂਪ ਵਿਚ ਸਾਹਮਣੇ ਆਈ। ਬਹੁਤ ਸਾਰੇ ਗ਼ਦਰੀ ਪੰਜਾਬ ਦੀ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋਏ।
ਅੱਜ ਪੰਜਾਬ ਦੀਆਂ ਖੱਬੀਆਂ ਤੇ ਜਮਹੂਰੀ ਤਾਕਤਾਂ ਵੰਡੀਆਂ ਹੋਈਆਂ ਹਨ। ਹਰ ਖੱਬੀ ਧਿਰ ਵਿਚਾਰਧਾਰਕ ਪਵਿੱਤਰਤਾ ਦਾ ਦਾਅਵਾ ਕਰਦੀ ਹੈ। ਸਿਰਫ਼ ਦੇਸ਼ ਭਗਤ ਯਾਦਗਾਰ ਹਾਲ ਹੀ ਇਕ ਅਜਿਹੀ ਸੰਸਥਾ ਰਹਿ ਗਿਆ ਹੈ ਜਿਸ ਦੇ ਮੰਚ 'ਤੇ ਬਹੁਤ ਸਾਰੀਆਂ ਖੱਬੀਆਂ ਤੇ ਜਮਹੂਰੀ ਧਿਰਾਂ ਇਕੱਠੀਆਂ ਹੋ ਕੇ ਬਹਿੰਦੀਆਂ ਹਨ। ਪੰਜਾਬ ਦੀ ਖੱਬੇ-ਪੱਖੀ ਲਹਿਰ ਦੇ ਵੰਡੇ ਜਾਣ ਕਾਰਨ ਪੰਜਾਬ ਦੇ ਲੋਕਾਂ ਵਿਚ ਨਿਰਾਸ਼ਤਾ ਫੈਲੀ ਅਤੇ ਉਨ੍ਹਾਂ ਦੇ ਵਿਰੋਧ ਕਰਨ ਦੀ ਤਾਕਤ ਘਟੀ ਹੈ। ਇਹ ਨਹੀਂ ਕਿ ਗ਼ਦਰ ਪਾਰਟੀ ਵਿਚ ਆਪਸੀ ਮੱਤਭੇਦ ਨਹੀਂ ਸਨ ਪਰ ਫਿਰ ਵੀ ਪਾਰਟੀ ਦੇ ਆਗੂ ਆਪਸੀ ਤੇ ਸਮਾਜਿਕ ਏਕਤਾ 'ਤੇ ਬਹੁਤ ਜ਼ੋਰ ਦਿੰਦੇ ਸਨ। ਅੱਜ ਦੇ ਸਮਿਆਂ ਵਾਂਗ ਉਨ੍ਹਾਂ ਸਮਿਆਂ ਵਿਚ ਵੀ ਵੇਲ਼ੇ ਦੀ ਸਰਕਾਰ ਲੋਕਾਂ ਨੂੰ ਧਾਰਮਿਕ ਲੀਹਾਂ ਉੱਤੇ ਵੰਡ ਕੇ ਰੱਖਣਾ ਚਾਹੁੰਦੀ ਸੀ। ਗ਼ਦਰੀਆਂ ਦੇ ਮਨਾਂ ਵਿਚ ਸਮਾਜਿਕ ਏਕਤਾ ਦੀ ਭਾਵਨਾ ਕਿਸੇ ਧਾਰਮਿਕ ਜਾਂ ਵਿਚਾਰਧਾਰਕ ਪ੍ਰਚਾਰ ਕਰਕੇ ਨਹੀਂ ਸੀ ਆਈ ਸਗੋਂ ਉਨ੍ਹਾਂ ਨੂੰ ਧਰਮ ਸਬੰਧੀ ਆਪਣੀ ਲੋਕ-ਪੱਖੀ ਸਮਝ ਜ਼ਿੰਦਗੀ ਦੇ ਤਜਰਬੇ 'ਚੋਂ ਮਿਲੀ। ਗ਼ਦਰ ਅਖ਼ਬਾਰ ਦੇ ਪਹਿਲੇ ਅੰਕਾਂ ਵਿਚ ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ ਛਪਦਾ ਸੀ ਜਿਸ ਵਿਚ ਉਨ੍ਹਾਂ 14 ਨੁਕਤਿਆਂ ਦੀ ਵਿਆਖਿਆ ਕੀਤੀ ਜਾਂਦੀ ਜਿਨ੍ਹਾਂ ਕਾਰਨ ਅੰਗਰੇਜ਼ੀ ਰਾਜ ਹਿੰਦੋਸਤਾਨ ਨੂੰ ਨੁਕਸਾਨ ਪਹੁੰਚਾ ਰਿਹਾ ਸੀ। ਇਨ੍ਹਾਂ ਵਿਚੋਂ ਪਹਿਲਾ ਨੁਕਤਾ 'ਪਾੜੋ ਤੇ ਰਾਜ ਕਰੋ' ਦੀ ਅੰਗਰੇਜ਼ੀ ਨੀਤੀ ਬਾਰੇ ਹੁੰਦਾ। ਗ਼ਦਰ ਲਹਿਰ ਦੀ ਇਕ ਕਵਿਤਾ ਇਹਨੂੰ ਇਸ ਤਰ੍ਹਾਂ ਪੇਸ਼ ਕਰਦੀ ਹੈ, "ਇਕ ਦੂਸਰੇ ਵਿਚ ਫੁੱਟ ਪਾ ਕੇ, ਆਪ ਵੱਜਦੇ ਸਾਹਿਬਾਨ ਲੋਕੋ।''
ਹੁਣ ਵੀ ਲੋਕਾਂ ਦੇ ਮਨਾਂ ਵਿਚ ਇਹੀ ਭਾਵਨਾ ਹੈ ਕਿ ਖੱਬੀਆਂ ਧਿਰਾਂ ਵਿਚਲੀ ਫੁੱਟ ਕਾਰਨ ਲੋਕ-ਪੱਖੀ ਲਹਿਰ ਕਮਜ਼ੋਰ ਹੋਈ ਹੈ ਅਤੇ ਜੇ ਇਹ ਧਿਰਾਂ ਇਕੱਠੀਆਂ ਹੋ ਜਾਣ ਤਾਂ ਉਹ ਪੰਜਾਬ ਅਤੇ ਭਾਰਤ ਦੀ ਸਿਆਸਤ ਵਿਚ ਫ਼ੈਸਲਾਕੁਨ ਭੂਮਿਕਾ ਅਦਾ ਕਰ ਸਕਦੀਆਂ ਹਨ। ਗ਼ਦਰੀ ਬਾਬਿਆਂ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਇਹੋ ਜਿਹੀ ਏਕਤਾ ਹੀ ਹੋ ਸਕਦੀ ਹੈ। ਇਸ ਵੇਲ਼ੇ ਦੇਸ਼ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ ਜਿਸ ਵਿਚ ਲੋਕਾਂ ਦੀਆਂ ਬੁਨਿਆਦੀ ਤੇ ਜਮਹੂਰੀ ਆਜ਼ਾਦੀਆਂ ਦਾਅ 'ਤੇ ਲੱਗੀਆਂ ਹੋਈਆਂ ਹਨ। ਪੰਜਾਬ ਦੇ ਕਿਸਾਨ, ਜਿਹੜੇ ਗ਼ਦਰ ਪਾਰਟੀ ਦੀ ਰੀੜ੍ਹ ਦੀ ਹੱਡੀ ਸਨ, ਅੱਜ ਖ਼ੁਦਕੁਸ਼ੀਆਂ ਦੀ ਰਾਹ 'ਤੇ ਤੁਰੇ ਹੋਏ ਹਨ। ਬੇਜ਼ਮੀਨੇ ਮਜ਼ਦੂਰਾਂ ਅਤੇ ਸਨਅਤੀ ਕਾਮਿਆਂ ਦੇ ਹਾਲਾਤ ਹੋਰ ਵੀ ਬਦਤਰ ਹਨ। ਸੱਤਾਧਾਰੀ ਧਿਰ ਲੋਕਾਂ ਵਿਚ ਫ਼ਿਰਕੂ ਪਾੜੇ ਪਾ ਕੇ ਆਪਣੀ ਸੱਤਾ ਦਾ ਜਲੌਅ ਕਾਇਮ ਰੱਖਣਾ ਚਾਹੁੰਦੀ ਹੈ। ਗ਼ਦਰੀ ਆਗੂਆਂ ਨੇ ਆਪਣੇ ਲੋਕਾਂ ਦੇ ਸਮੂਹਿਕ ਦੁੱਖ ਨੂੰ ਮਹਿਸੂਸ ਕਰਦਿਆਂ ਗ਼ਦਰ ਪਾਰਟੀ ਬਣਾਈ ਸੀ। ਅੱਜ ਵੀ ਉਸੇ ਤਰ੍ਹਾਂ ਦੀ ਸੋਚ ਵੱਲ ਪਰਤਣ ਅਤੇ ਉਸ ਪਾਰਟੀ ਦੀ ਸੋਚ ਦੀ ਰੋਸ਼ਨੀ ਵਿਚ ਇਕ ਅਜਿਹਾ ਜਮਹੂਰੀ ਏਕਾ ਕਾਇਮ ਕਰਨ ਦਾ ਵੇਲ਼ਾ ਹੈ ਜਿਸ ਨਾਲ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਜਾ ਸਕੇ।