ਕਰਤਾਰਪੁਰ ਸਾਹਿਬ ਦਾਖ਼ਲਾ ਫ਼ੀਸ ਵਿਵਾਦ ਬੇਲੋੜਾ - ਪ੍ਰੋ. ਪ੍ਰੀਤਮ ਸਿੰਘ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਤੋਂ ਪਾਕਿਸਤਾਨ ਵੱਲੋਂ ਵਸੂਲੀ ਜਾਣ ਵਾਲੀ ਫ਼ੀਸ ਦੇ ਮਾਮਲੇ 'ਤੇ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਬਹੁਤ ਹੀ ਨਾਸਮਝੀ ਵਾਲੇ ਬਿਆਨ ਦਿੱਤੇ ਜਾ ਰਹੇ ਹਨ। ਇਹ ਫ਼ੀਸ ਲਾਉਣ ਲਈ ਉਹ ਪਾਕਿਸਤਾਨ ਦੀ ਨਿਖੇਧੀ ਕਰ ਰਹੇ ਹਨ ਅਤੇ ਕੁਝ ਇਸ ਫ਼ੀਸ 'ਤੇ ਪਹਿਲਾਂ ਇਤਰਾਜ਼ ਕਰਨ ਅਤੇ ਬਾਅਦ ਵਿਚ ਇਸ ਨੂੰ ਮਨਜ਼ੂਰ ਕਰ ਲੈਣ ਲਈ ਭਾਰਤ ਸਰਕਾਰ ਦੀ ਵੀ ਆਲੋਚਨਾ ਕਰ ਰਹੇ ਹਨ। ਅਜਿਹੇ ਕੁਝ ਆਗੂ ਤਾਂ ਇਸ ਤੋਂ ਕਿਤੇ ਅਗਾਂਹ ਵਧ ਕੇ ਇਸ ਨੂੰ 'ਜਜ਼ੀਆ ਟੈਕਸ' ਤੱਕ ਕਰਾਰ ਦੇ ਰਹੇ ਹਨ।
ਇਸ ਨਾਸਮਝੀ ਭਰੀ ਤੇ ਘਟੀਆ ਬਿਆਨਬਾਜ਼ੀ ਦੇ ਚਾਰ ਸੰਭਵ ਕਾਰਨ ਗਿਣਾਏ ਜਾ ਸਕਦੇ ਹਨ। ਪਹਿਲਾ, ਹੋ ਸਕਦਾ ਹੈ ਕਿ ਬਿਆਨ ਦੇਣ ਵਾਲਿਆਂ ਨੂੰ ਇਸ ਮਾਮਲੇ 'ਤੇ ਕੌਮਾਂਤਰੀ ਮਾਮਲਿਆਂ ਦੀ ਜਾਣਕਾਰੀ ਤੇ ਸਮਝ ਘੱਟ ਹੋਵੇ ਕਿ ਕਿਸੇ ਇਕ ਮੁਲਕ ਦੇ ਬਾਸ਼ਿੰਦਿਆਂ ਦੇ ਦੂਜੇ ਮੁਲਕ ਵਿਚ ਦਾਖ਼ਲੇ ਸਬੰਧੀ ਕੀ ਕਾਇਦੇ-ਕਾਨੂੰਨ ਹਨ। ਦੂਜਾ, ਇਹ ਬਿਆਨਬਾਜ਼ੀ ਇਸ ਵਹਿਮ ਕਾਰਨ ਹੋ ਸਕਦੀ ਹੈ ਕਿ ਦਾਖ਼ਲਾ ਫ਼ੀਸ ਦੇ ਮੁੱਦੇ 'ਤੇ ਇਸ ਤਰ੍ਹਾਂ ਜਨਤਕ ਤੌਰ 'ਤੇ ਪਾਕਿਸਤਾਨ ਦੀ ਨਿਖੇਧੀ ਕਰਨ ਨਾਲ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਖ਼ਾਸਕਰ ਜਿਹੜੇ ਇਸ ਇਤਿਹਾਸਕ ਸਥਾਨ ਦੇ ਦਰਸ਼ਨਾਂ ਲਈ ਜਾਣ ਦੀ ਤਿਆਰੀ ਵਿਚ ਹਨ, ਤੋਂ ਸ਼ਲਾਘਾ ਤੇ ਸ਼ਾਬਾਸ਼ੀ ਮਿਲੇਗੀ। ਤੀਜਾ, ਇਹ ਵੱਖ-ਵੱਖ ਭਾਈਚਾਰਿਆਂ ਖ਼ਾਸਕਰ ਮੁਸਲਮਾਨਾਂ (ਜਿਵੇਂ ਮੁਸਲਮਾਨਾਂ ਨੂੰ ਪਾਕਿਸਤਾਨ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ) ਅਤੇ ਗੁਰੂ ਸਾਹਿਬ ਦੇ ਸ਼ਰਧਾਲੂ ਸਿੱਖ, ਹਿੰਦੂ ਅਤੇ ਸਿੰਧੀ ਭਾਈਚਾਰਿਆਂ ਦਰਮਿਆਨ ਕੁੜੱਤਣ ਪੈਦਾ ਕਰਨ ਦੀ ਗਿਣੀ-ਮਿਥੀ ਸ਼ਰਾਰਤ ਵੀ ਹੋ ਸਕਦੀ ਹੈ। ਚੌਥਾ, ਇਹ ਇਨ੍ਹਾਂ ਉਪਰਲੇ ਤਿੰਨੇ ਪੱਖਾਂ 'ਤੇ ਆਧਾਰਿਤ ਉਲਝੀ ਸੋਚ ਤੇ ਮਿਲੇ-ਜੁਲੇ ਮੰਤਵਾਂ ਦਾ ਸਿੱਟਾ ਹੋ ਸਕਦੇ ਹਨ।


ਇਨ੍ਹਾਂ ਚਾਰੇ ਪੱਖਾਂ 'ਤੇ ਗ਼ੌਰ ਕਰਦੇ ਹਾਂ।

ਕੌਮਾਂਤਰੀ ਸਬੰਧਾਂ ਬਾਰੇ ਇਹ ਗੱਲ ਸਮਝਣੀ ਤੇ ਚੇਤੇ ਰੱਖਣੀ ਜ਼ਰੂਰੀ ਹੈ ਕਿ ਦੁਨੀਆਂ ਭਰ ਦੀਆਂ ਸਾਰੀਆਂ ਹਕੂਮਤਾਂ ਦੂਜੇ ਮੁਲਕਾਂ ਦੇ ਨਾਗਰਿਕਾਂ ਤੋਂ ਆਪਣੀ ਸਰਜ਼ਮੀਨ ਵਿਚ ਦਾਖ਼ਲ ਹੋਣ 'ਤੇ ਫ਼ੀਸ ਵਸੂਲਦੀਆਂ ਹਨ। ਇਸ ਵਿਚ ਛੋਟ ਸਿਰਫ਼ ਉਸ ਸੂਰਤ ਵਿਚ ਹੋ ਸਕਦੀ ਹੈ, ਜੇ ਦੋ ਮੁਲਕਾਂ ਦਰਮਿਆਨ ਇਸ ਸਬੰਧੀ ਇਕਰਾਰਨਾਮਾ ਹੋਇਆ ਹੋਵੇ ਕਿ ਉਹ ਇਕ-ਦੂਜੇ ਦੇ ਬਾਸ਼ਿੰਦਿਆਂ ਤੋਂ ਉਨ੍ਹਾਂ ਦੇ ਮੁਲਕ ਆਉਣ ਉੱਤੇ ਕੋਈ ਦਾਖ਼ਲਾ ਜਾਂ ਵੀਜ਼ਾ ਫ਼ੀਸ ਨਹੀਂ ਲੈਣਗੇ। ਦੁਨੀਆਂ ਦੇ ਅਨੇਕਾਂ ਮੁਲਕਾਂ ਨੇ ਇਕ-ਦੂਜੇ ਨਾਲ ਅਜਿਹੇ ਆਪਸੀ ਸਮਝੌਤੇ ਕੀਤੇ ਹੋਏ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਅਜਿਹਾ ਕੋਈ ਇਕਰਾਰਨਾਮਾ ਨਹੀਂ ਹੈ, ਹਾਲਾਂਕਿ ਦੋਵਾਂ ਮੁਲਕਾਂ ਦੇ ਲੰਬੇ ਸਮੇਂ ਲਈ ਚੰਗੇ ਰਿਸ਼ਤਿਆਂ ਵਾਸਤੇ ਅਜਿਹਾ ਹੋਣਾ ਬੇਹੱਦ ਜ਼ਰੂਰੀ ਹੈ। ਉਲਟਾ, ਭਾਰਤ ਅਤੇ ਪਾਕਿਸਤਾਨ ਦਰਮਿਆਨ ਤਾਂ ਦੋਵਾਂ ਮੁਲਕਾਂ ਦੇ ਬਾਸ਼ਿੰਦਿਆਂ ਦੇ ਇਕ-ਦੂਜੇ ਦੀ ਸਰਜ਼ਮੀਨ 'ਤੇ ਆਮਦ ਅਤੇ ਯਾਤਰਾ ਕਰਨ ਦੇ ਮਾਮਲੇ ਵਿਚ ਭਿਆਨਕ ਢੰਗ ਨਾਲ ਕਿਤੇ ਵੱਧ ਸਖ਼ਤ ਵੀਜ਼ਾ ਨਿਯਮ ਹਨ ਜੋ ਦੋਵਾਂ ਦਰਮਿਆਨ ਕਸ਼ੀਦਗੀ ਭਰੇ ਰਿਸ਼ਤਿਆਂ ਦੇ ਇਤਿਹਾਸ ਦਾ ਸਿੱਟਾ ਹਨ। ਦੋਵਾਂ ਮੁਲਕਾਂ ਦੇ ਬਾਸ਼ਿੰਦਿਆਂ ਦਰਮਿਆਨ ਇਕ ਦੂਜੇ ਲਈ ਅੰਤਾਂ ਦਾ ਮੋਹ ਤੇ ਨਿੱਘ ਹੋਣ ਦੇ ਬਾਵਜੂਦ ਭਾਰਤ ਪਾਕਿਸਤਾਨ ਦੇ ਆਪਸੀ ਰਿਸ਼ਤੇ ਮਾੜੇ ਹਨ। ਭਾਰਤ ਤੇ ਪਾਕਿਸਤਾਨ ਵਾਸੀਆਂ ਦਾ ਪਿਆਰ ਹਰ ਥਾਂ ਦਿਖਾਈ ਦਿੰਦਾ ਹੈ, ਜਿੱਥੇ ਵੀ ਤੇ ਜਦੋਂ ਵੀ ਉਹ ਇਕ-ਦੂਜੇ ਨੂੰ ਮਿਲਦੇ ਹਨ। ਮੇਰੇ ਇਕ ਬ੍ਰਿਟਿਸ਼ ਦੋਸਤ, ਜੋ ਸੁਰੱਖਿਆ ਮੁੱਦਿਆਂ ਦਾ ਅਕਾਦਮਿਕ ਮਾਹਿਰ ਹੈ, ਨੇ ਮੈਨੂੰ ਇਕ ਦਿਲਚਸਪ ਕਿੱਸਾ ਸੁਣਾਇਆ ਜੋ ਉਸ ਨੂੰ ਭਾਰਤ-ਪਾਕਿਸਤਾਨ ਤੋਂ ਇਲਾਵਾ ਕਿਸੇ ਹੋਰ ਏਸ਼ਿਆਈ ਮੁਲਕ ਵਿਚ ਸੁਰੱਖਿਆ ਸਬੰਧੀ ਹੋਈ ਇਕ ਕੌਮਾਂਤਰੀ ਕਾਨਫਰੰਸ ਦੌਰਾਨ ਦੇਖਣ ਨੂੰ ਮਿਲਿਆ। ਉਸ ਮੁਤਾਬਿਕ ਕਾਨਫਰੰਸ ਵਿਚ ਚਰਚਾ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਡੈਲੀਗੇਟ, ਜੋ ਮੁੱਖ ਤੌਰ 'ਤੇ ਸਰਕਾਰੀ ਅਫ਼ਸਰ ਸਨ, ਇਕ-ਦੂਜੇ ਨੂੰ ਪਾਣੀ ਪੀ-ਪੀ ਕੇ ਕੋਸ ਰਹੇ ਸਨ, ਪਰ ਜਦੋਂ ਡੈਲੀਗੇਟ ਘੁੰਮਣ-ਫਿਰਨ ਗਏ ਤਾਂ ਦੇਖਣ ਵਿਚ ਆਇਆ ਕਿ ਭਾਰਤ-ਪਾਕਿਸਤਾਨ ਦੇ ਡੈਲੀਗੇਟਾਂ ਦਾ ਇਕ ਦੂਜੇ ਨਾਲ ਬਹੁਤ ਦੋਸਤਾਨਾ ਵਤੀਰਾ ਸੀ। ਇਹ ਇਕ ਤਰ੍ਹਾਂ ਦੋਗਲੀ ਸ਼ਖ਼ਸੀਅਤ ਦਾ ਮਾਮਲਾ ਜਾਪਦਾ ਹੈ - ਅਧਿਕਾਰਤ ਤੌਰ 'ਤੇ ਇਕ-ਦੂਜੇ ਦੇ ਵੈਰੀ, ਪਰ ਅਣਅਧਿਕਾਰਤ ਤੌਰ 'ਤੇ ਸੱਭਿਆਚਾਰਕ ਮੇਲ-ਮਿਲਾਪ ਤੇ ਦੋਸਤੀ।
ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਦੂਜੇ ਮੁਲਕ ਵਿਚ ਧਾਰਮਿਕ ਸਥਾਨ ਦੀ ਯਾਤਰਾ ਲਈ ਆਮ ਦਾਖ਼ਲਾ ਨਿਯਮਾਂ ਤੋਂ ਛੋਟ ਹੋਣੀ ਚਾਹੀਦੀ ਹੈ। ਕੋਈ ਭਾਵੇਂ ਅਜਿਹਾ ਜਿੰਨਾ ਮਰਜ਼ੀ ਚਾਹੇ ਜਾਂ ਨਾ, ਪਰ ਇਸ ਵੇਲੇ ਅਜਿਹਾ ਕੋਈ ਕੌਮਾਂਤਰੀ ਦਸਤੂਰ ਨਹੀਂ। ਚੀਨ, ਜਪਾਨ ਤੇ ਹੋਰ ਏਸ਼ਿਆਈ ਮੁਲਕਾਂ ਨਾਲ ਸਬੰਧਿਤ ਮੇਰੇ ਬਹੁਤ ਸਾਰੇ ਵਿਦਿਆਰਥੀ ਚਿਰਾਂ ਤੋਂ ਭਾਰਤ ਵਿਚ ਸਥਿਤ ਬੁੱਧ ਧਰਮ ਨਾਲ ਸਬੰਧਤ ਅਹਿਮ ਸਥਾਨਾਂ ਦੀ ਯਾਤਰਾ ਦੇ ਚਾਹਵਾਨ ਹਨ। ਉਨ੍ਹਾਂ ਵਿਚੋਂ ਜਿਹੜੇ ਵੀ ਬੁੱਧ ਦੇ ਜਨਮ ਸਥਾਨ ਦੀ ਯਾਤਰਾ ਦੀ ਆਪਣੀ ਖ਼ਾਹਿਸ਼ ਪੂਰੀ ਕਰ ਪਾਉਂਦੇ ਹਨ, ਉਨ੍ਹਾਂ ਨੂੰ ਭਾਰਤ ਵਿਚ ਆਉਣ ਲਈ ਆਮ ਦਾਖ਼ਲਾ/ਵੀਜ਼ਾ ਫ਼ੀਸ ਅਦਾ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਜਦੋਂ ਪਾਕਿਸਤਾਨੀ ਬਾਸ਼ਿੰਦੇ ਭਾਰਤ ਵਿਚ ਅਜਮੇਰ ਸ਼ਰੀਫ਼ ਜਾਂ ਅਜਿਹੇ ਹੋਰ ਇਸਲਾਮੀ ਧਰਮ ਸਥਾਨਾਂ ਦੀ ਯਾਤਰਾ ਲਈ ਆਉਂਦੇ ਹਨ ਤਾਂ ਉਨ੍ਹਾਂ ਤੋਂ ਵੀ ਭਾਰਤ ਸਰਕਾਰ ਆਮ ਦਾਖ਼ਲਾ/ਵੀਜ਼ਾ ਫ਼ੀਸ ਵਸੂਲਦੀ ਹੈ।
ਇਸ ਲਈ ਜਿਹੜੇ ਆਗੂ ਜਾਂ ਲੋਕ ਮਹਿਜ਼ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਦੇ ਹੋਰ ਚਾਹਵਾਨਾਂ ਦੀ ਸ਼ਲਾਘਾ ਤੇ ਸ਼ਾਬਾਸ਼ੀ ਖੱਟਣ ਲਈ ਦਾਖ਼ਲਾ ਫੀਸ ਲਾਉਣ ਬਦਲੇ ਪਾਕਿਸਤਾਨ ਦੀ ਜਨਤਕ ਤੌਰ 'ਤੇ ਨਿਖੇਧੀ ਕਰ ਰਹੇ ਹਨ, ਉਹ ਬਹੁਤ ਹੀ ਮਾੜਾ ਕੰਮ ਕਰ ਰਹੇ ਹਨ। ਇੰਨਾ ਹੀ ਨਹੀਂ ਉਹ ਗੁਰੂ ਸਾਹਿਬ ਪ੍ਰਤੀ ਵੀ ਬੇਅਦਬੀ ਦਾ ਮੁਜ਼ਾਹਰਾ ਕਰ ਰਹੇ ਹਨ ਕਿਉਂਕਿ ਗੁਰੂ ਸਾਹਿਬ ਅਜਿਹੀ ਫ਼ਿਰਕੂ ਸੋਚ ਦੇ ਖ਼ਿਲਾਫ਼ ਸਨ। ਪਾਕਿਸਤਾਨ ਦੇ ਅਜਿਹੇ ਆਲੋਚਕ ਸ਼ਾਇਦ ਇਹ ਨਹੀਂ ਜਾਣਦੇ ਕਿ ਗੁਰੂ ਨਾਨਕ ਦੇਵ ਜੀ ਨੂੰ ਪਾਕਿਸਤਾਨੀ ਲੋਕ ਵੀ ਬਾਬਾ ਨਾਨਕ ਵਜੋਂ ਇਕ ਪੀਰ ਮੰਨਦਿਆਂ ਬਹੁਤ ਸਤਿਕਾਰ ਦਿੰਦੇ ਹਨ।
ਜੇ ਦਾਖ਼ਲਾ ਫ਼ੀਸ ਦੇ ਇਸ ਵਿਰੋਧ ਪਿੱਛੇ ਵੱਖ-ਵੱਖ ਧਾਰਮਿਕ ਭਾਈਚਾਰਿਆਂ ਦਰਮਿਆਨ ਨਫ਼ਰਤ ਫੈਲਾਉਣ ਦਾ ਜ਼ਾਹਰਾ ਜਾਂ ਲੁਕਵਾਂ ਮੰਤਵ ਹੈ ਤਾਂ ਇਹ ਹੋਰ ਵੀ ਵੱਧ ਨਿੰਦਣਯੋਗ ਕਾਰਵਾਈ ਹੈ ਜੋ ਅਜਿਹੇ ਪੁਨੀਤ ਮੌਕੇ 'ਤੇ ਕੀਤੀ ਜਾ ਰਹੀ ਹੈ। ਇਸ ਫੀਸ ਲਈ 'ਜਜ਼ੀਆ ਟੈਕਸ' ਵਰਗਾ ਬਹੁਤ ਹੀ ਭੜਕਾਊ ਸ਼ਬਦ ਵਰਤਣਾ ਚਿੰਤਾ ਦੀ ਗੱਲ ਹੈ ਜਿਸ ਦਾ ਮਕਸਦ ਇਸ ਇਤਿਹਾਸਕ ਮੌਕੇ ਦੀ ਪਵਿੱਤਰਤਾ ਨੂੰ ਭੰਗ ਕਰਨਾ ਹੈ। ਅਜਿਹੀ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਮਨ ਅੰਦਰ ਝਾਤੀ ਮਾਰਨ ਦੀ ਲੋੜ ਹੈ ਅਤੇ ਜੇ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੀ ਇਸ ਬਿਆਨਬਾਜ਼ੀ ਪਿੱਛੇ ਸੱਚਮੁੱਚ ਮਾੜੀ ਸੋਚ ਸੀ ਤਾਂ ਉਨ੍ਹਾਂ ਨੂੰ ਆਪਣੇ ਇਸ ਮਾੜੇ ਕੰਮ ਲਈ ਗੁਰੂ ਸਾਹਿਬ ਤੋਂ ਭੁੱਲ ਬਖ਼ਸ਼ਾਉਣੀ ਚਾਹੀਦੀ ਹੈ।
ਜਿੱਥੋਂ ਤੱਕ ਮਿਲੇ-ਜੁਲੇ ਮੰਤਵਾਂ ਦਾ ਸਵਾਲ ਹੈ ਤਾਂ ਸੰਭਵ ਹੈ ਕਿ ਦਾਖ਼ਲਾ ਫ਼ੀਸ ਦਾ ਵਿਰੋਧ ਕਰਨ ਵਾਲੇ ਆਪਣੇ ਇਸ ਸਟੈਂਡ ਬਾਰੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹਨ। ਉਨ੍ਹਾਂ ਵਿਚੋਂ ਬਹੁਤੇ ਕੌਮਾਂਤਰੀ ਨਿਯਮਾਂ ਦੀ ਜਾਣਕਾਰੀ ਨਾ ਹੋਣ ਕਾਰਨ ਜਾਂ ਫਿਰ ਆਪਣੀ ਇਸ ਬਿਆਨਬਾਜ਼ੀ ਦੇ ਭਾਈਚਾਰਕ ਰਿਸ਼ਤਿਆਂ ਤੇ ਫ਼ਿਰਕੂ ਸਦਭਾਵਨਾ ਉੱਤੇ ਪੈਣ ਵਾਲੇ ਕੁਪ੍ਰਭਾਵ ਤੋਂ ਪੂਰੀ ਤਰ੍ਹਾਂ ਜਾਣੂੰ ਨਹੀਂ। ਮਨੁੱਖੀ ਵਿਹਾਰ ਦੇ ਮਿਲੇ-ਜੁਲੇ ਮੰਤਵਾਂ ਬਾਰੇ ਖੋਜ ਦਾ ਘੇਰਾ ਲਗਾਤਾਰ ਵਧ ਰਿਹਾ ਹੈ। ਇਹ ਖੋਜ ਦੱਸਦੀ ਹੈ ਕਿ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਜ਼ਿਆਦਾਤਰ ਮਾਮਲਿਆਂ ਵਿਚ ਮਨੁੱਖ ਅਜਿਹੇ ਫ਼ੈਸਲੇ ਲੈਂਦੇ ਜਾਂ ਅਜਿਹੀਆਂ ਸਰਗਰਮੀਆਂ ਵਿਚ ਸ਼ਿਰਕਤ ਕਰਦੇ ਹਨ ਜੋ ਮਿਲੇ-ਜੁਲੇ ਮੰਤਵਾਂ ਤੋਂ ਸੇਧਿਤ ਹੁੰਦੇ ਹਨ। ਜ਼ਰੂਰੀ ਨਹੀਂ ਕਿ ਇਹ ਮੰਤਵ ਤਰਕਸੰਗਤ ਹੀ ਹੋਣ। ਜੇ ਦਾਖ਼ਲਾ ਫ਼ੀਸ ਦੇ ਕੁਝ ਆਲੋਚਕ ਸੱਚਮੁੱਚ ਇਸ ਵਰਗ ਨਾਲ ਸਬੰਧਿਤ ਹਨ ਤਾਂ ਉਨ੍ਹਾਂ ਦਾ ਸ਼ਾਂਤੀ ਨਾਲ ਬਹਿ ਕੇ ਆਪਣੇ ਇਸ ਸਟੈਂਡ ਬਾਰੇ ਮੁੜ ਦਿਆਨਤਦਾਰੀ ਨਾਲ ਸੋਚ-ਵਿਚਾਰ ਕਰਨਾ ਨਾ ਸਿਰਫ਼ ਉਨ੍ਹਾਂ ਲਈ ਨਿੱਜੀ ਤੌਰ 'ਤੇ ਸਗੋਂ ਅਗਾਂਹ ਸਮਾਜ ਲਈ ਵੀ ਫ਼ਾਇਦੇਮੰਦ ਹੋਵੇਗਾ। ਇਸ ਚਿੰਤਨ ਤੋਂ ਬਾਅਦ ਵੀ ਸ਼ਾਇਦ ਉਨ੍ਹਾਂ ਦੇ ਪਹਿਲਾਂ ਵਾਲੇ ਵਿਚਾਰ ਕਾਇਮ ਰਹਿਣ, ਪਰ ਇਨ੍ਹਾਂ ਦੇ ਬਦਲਣ ਦੇ ਵੀ ਕਾਫ਼ੀ ਆਸਾਰ ਹਨ।
ਗ਼ੌਰਤਲਬ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਜਾਂ ਅਰਧ-ਸ਼ਤਾਬਦੀ ਦਾ ਬਹੁਤ ਅਹਿਮ ਤੇ ਪਵਿੱਤਰ ਮੌਕਾ ਹੈ। ਸ਼ਾਇਦ ਇਹ ਮੌਕਾ ਗੁਰੂ ਸਾਹਿਬ ਦੇ ਬਹੁਤ ਸਾਰੇ ਸ਼ਰਧਾਲੂਆਂ ਨੂੰ ਆਪਣੀ ਜ਼ਿੰਦਗੀ ਵਿਚ ਇਕ ਵਾਰ ਹੀ ਦੇਖਣ ਨੂੰ ਮਿਲਣਾ ਹੋਵੇ। ਇਸ ਲਈ ਜ਼ਰੂਰੀ ਹੈ ਕਿ ਇਸ ਮੌਕੇ ਦਾਖ਼ਲਾ ਫ਼ੀਸ ਵਰਗੇ ਮੁੱਦਿਆਂ ਉੱਤੇ ਜਨਤਕ ਬਿਆਨਬਾਜ਼ੀ ਕਰਨ ਵੇਲੇ ਨੈਤਿਕ ਜ਼ਿੰਮੇਵਾਰੀ ਤੋਂ ਕੰਮ ਲਿਆ ਜਾਵੇ।
* ਵਿਜ਼ਿਟਿੰਗ ਸਕੌਲਰ, ਵੁਲਫਸਨ ਕਾਲਜ, ਔਕਸਫੋਰਡ ਯੂਨੀਵਰਸਿਟੀ, ਯੂਕੇ।