ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਨੂੰ ਸਮਝਣ ਦੀ ਲੋੜ - ਗੁਰਮੀਤ ਸਿੰਘ ਪਲਾਹੀ

ਗੁਰੂ ਨਾਨਕ ਦੇਵ ਜੀ ਮਹਾਨ ਕ੍ਰਾਂਤੀਕਾਰੀ ਸਨ। ਉਨ੍ਹਾਂ ਆਪਣੇ ਸਮੇਂ ਦੇ ਹਾਲਾਤ ਦੇਖ ਇਸ 'ਚ ਤਬਦੀਲੀ ਲਿਆਉਣ ਦਾ ਯਤਨ ਕੀਤਾ ਅਤੇ ਆਜ਼ਾਦੀ ਦਾ ਇੱਕ ਵਿਆਪਕ ਨਾਹਰਾ ਲਗਾਇਆ। ਮੌਕੇ ਦੇ ਹਾਕਮਾਂ ਨੂੰ "ਰਾਜੇ ਸੀਹ ਮੁਕਦਮ ਕੁਤੇ'' ਕਹਿ ਦੇਣਾ ਅਤੇ ਇਸ ਗੱਲ ਦੀ ਪਰਵਾਹ ਨਾ ਕਰਨਾ ਕਿ ਇਸ ਦਾ ਸਿੱਟਾ ਕੀ ਭੁਗਤਣਾ ਪਵੇਗਾ, ਉਹਨਾ ਨੇ ਆਪਣੇ ਮਨੁੱਖਤਾਵਾਦੀ ਸੁਨੇਹੇ ਨੂੰ ਦੁਨੀਆ ਭਰ ਵਿੱਚ ਫੈਲਾਇਆ। ਚਹੁੰ ਕੁੰਟਾਂ ਦੀ ਯਾਤਰਾ ਕੀਤੀ। ਲੋਕਾਂ ਦੇ ਵਹਿਮ-ਭਰਮ ਤੋੜੇ ਅਤੇ ਇੱਕ ਵੱਖਰੀ ਕਿਸਮ ਦੀ ਜੀਵਨ-ਜਾਂਚ, ਸੁਨੇਹੇ ਉਨ੍ਹਾਂ ਦੁਨੀਆ ਦੇ ਕੋਨੇ-ਕੋਨੇ ਅਤੇ ਹਰ ਘਰ ਵਿੱਚ ਪਹੁੰਚਾਉਣ ਦਾ ਯਤਨ ਕੀਤਾ।
ਗੁਰੂ ਨਾਨਕ ਦਾ ਫਲਸਫ਼ਾ ਅਸਲ ਅਰਥਾਂ ਵਿੱਚ ਮਨੁੱਖਵਾਦੀ ਸੀ ਅਤੇ ਮਨੁੱਖੀ ਜੀਵਨ ਜਾਂਚ ਸਿਖਾਉਣਾ ਸੀ। ਉਨ੍ਹਾਂ ਦਾ ਸੁਨੇਹਾ ਤੰਗ ਦਾਇਰਿਆਂ 'ਚ ਘਿਰੇ ਮਨੁੱਖ ਨੂੰ ਕਰਮ-ਕਾਂਡ ਅਤੇ ਜ਼ਾਲਮ ਹਕੂਮਤ ਦੇ ਦਬਾਅ 'ਚੋਂ ਕੱਢਕੇ, ਬੇਬਸੀ ਦੀ ਜ਼ਿੰਦਗੀ ਗੁਜ਼ਾਰ ਰਹੇ ਲੋਕਾਂ ਨੂੰ ਇੱਕ ਨਵਾਂ ਜੀਵਨ ਦੀ ਸੇਧ ਦੇਣਾ ਸੀ। ਉਨ੍ਹਾਂ ਦਾ ਸੰਦੇਸ਼ ਉਨ੍ਹਾਂ ਦੀ ਬਾਣੀ ਵਿੱਚ ਪ੍ਰਤੱਖ ਵੇਖਿਆ ਜਾ ਰਿਹਾ ਹੈ, ਜਿਸ ਨੂੰ ਅੱਜ ਦੇ ਸਮੇਂ ਦਾ ਮਨੁੱਖ ਲਗਾਤਾਰ ਭੁੱਲ ਰਿਹਾ ਹੈ ਅਤੇ ਔਝੜੇ ਰਾਹੀਂ ਪੈਕੇ ਆਪਣੀ ਜ਼ਿੰਦਗੀ ਨੂੰ ਔਖਿਆਂ ਕਰਨ ਦੇ ਰਾਹ ਤੁਰਿਆ ਹੋਇਆ ਹੈ।

'ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥'
ਗੁਰੂ ਨਾਨਕ ਦੇਵ ਜੀ ਦਾ ਆਦਰਸ਼ ਜਿਥੇ ਜੀਵਨ ਨੂੰ ਸੰਪੂਰਨਤਾ ਦੇ ਰਸਤੇ ਉਤੇ ਪਾਉਣਾ, ਜਾਤ-ਪਾਤ ਤੋਂ ਖਹਿੜਾ ਛੁਡਾਵਾਉਣਾ ਸਾਹ-ਸੱਤਹੀਣ ਮਨੁੱਖ ਦੀ ਸੋਚ ਨੂੰ ਬਦਲਣਾ ਸੀ, ਉੱਥੇ ਉਨ੍ਹਾਂ ਦਾ ਵਿਸ਼ੇਸ਼ ਕਰਮ, ਸਮੇਂ ਦੀ ਨਾਰੀ ਨੂੰ ਮਰਦਾਂ ਬਰੋਬਰ ਕਰਨ ਦਾ ਵੀ ਸੀ, ਜਿਨ੍ਹਾਂ ਦੇ ਹੱਕ ਵਿੱਚ ਉਨ੍ਹਾਂ ਨੇ ਬੇਬਾਕ ਹੋਕੇ ਆਵਾਜ਼ ਉਠਾਈ। ਔਰਤ ਨਾਲ ਹੁੰਦੇ ਅਤਿਆਚਾਰ, ਔਰਤ ਨਾਲ ਹੁੰਦੇ ਪਸ਼ੂਆਂ ਵਰਗੇ ਵਰਤਾਓ, ਔਰਤ ਨੂੰ ਪੈਰਾਂ ਦੀ ਜੁੱਤੀ ਸਮਝਕੇ, ਉਸਨੂੰ ਸਿਰਫ਼ ਇੱਕ ਵਰਤੋਂ ਦੀ ਚੀਜ਼ ਸਮਝਣ ਦੀ ਭੈੜੀ ਵਾਦੀ ਨੂੰ ਉਨ੍ਹਾਂ ਨੇ ਬੇਬਾਕ ਹੋਕੇ ਧਰਕਾਰਿਆ ਅਤੇ ਉਸਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ। ਅਸਲ ਵਿੱਚ ਗੁਰੂ ਜੀ ਵਲੋਂ ਦਿੱਤਾ ਗਿਆ ਇਹ ਕ੍ਰਾਂਤੀਕਾਰੀ ਸੰਦੇਸ਼ ਸੀ, ਕਿਉਂਕਿ ਇਸ ਤੋਂ ਪਹਿਲਾ ਔਰਤਾਂ ਨਾਲ ਮਨੁੱਖਾਂ ਵਰਗਾ ਨਹੀਂ ਸਗੋਂ ਪਸ਼ੂਆਂ ਵਰਗਾ ਵਰਤਾਓ ਕੀਤਾ ਜਾਂਦਾ ਸੀ।

'ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ॥'
ਗੁਰੂ ਜੀ ਦਾ ਇੱਕ ਸੰਦੇਸ਼ ਆਪਣੀ ਧਰਤੀ ਜੋ ਮਨੁੱਖ ਦੀ ਮਾਂ ਹੈ, ਉਸ ਨਾਲ ਦੁਰਵਿਵਹਾਰ ਨੂੰ ਰੋਕਣ ਵੱਲ ਸੀ। ਅੱਜ ਦੇ ਵਿਗਿਆਨਕ ਯੁੱਗ ਵਿੱਚ ਵਿਕਾਸ ਦੇ ਨਾਮ ਉਤੇ ਜਿਵੇਂ ਛੇੜਛਾੜ ਹੋ ਰਹੀ ਹੈ, ਹਵਾ ਦੂਸ਼ਿਤ ਕੀਤੀ ਜਾ ਰਹੀ ਹੈ, ਪਾਣੀ ਦੀ ਯੋਗ ਵਰਤੋਂ ਨਹੀਂ ਹੋ ਰਹੀ, ਧਰਤੀ ਮਾਤਾ 'ਚ ਖਾਦਾਂ, ਕੀਟਨਾਸ਼ਕ ਦਵਾਈਆਂ ਨਾਲ ਜਿਵੇਂ ਇਸ ਨੂੰ ਤੁੰਬਿਆ ਜਾ ਰਿਹਾ ਹੈ, ਧੂੰਏ ਦਾ ਪਸਾਰ ਚਾਰੇ ਪਾਸੇ ਫੈਲਿਆ ਹੋਇਆ ਹੈ, ਇਹ ਅਸਲ ਅਰਥਾਂ 'ਚ ਕੁਦਰਤ ਨਾਲ ਖਿਲਵਾੜ ਕਰਨ ਵਾਲੀ ਗੱਲ ਹੈ। ਜਿਸ ਨੂੰ ਮਨੁੱਖ ਅੱਜ ਦੇ ਸਮੇਂ 'ਚ ਆਪਣੇ ਸਵਾਰਥ ਕਾਰਨ ਭੁੱਲ ਚੁੱਕਾ ਹੈ।
ਇਹੋ ਜਿਹੀਆਂ ਹਾਲਾਤਾਂ ਵਿੱਚ ਗੁਰੂ ਜੀ ਨੇ ਅੱਜ ਤੋਂ ਪੰਜ ਸਦੀਆਂ ਪਹਿਲਾਂ ਹੀ ਕੁਦਰਤ ਨੂੰ ਸਾਫ਼-ਸੁਥਰਾ ਰੱਖਣ, ਕੁਦਰਤ ਨਾਲ ਦੋਸਤਾਂ ਵਾਲਾ ਵਿਵਹਾਰ ਕਰਨ ਦਾ ਜੋ ਸੁਨੇਹਾ ਮਨੁੱਖਾਂ ਨੂੰ ਦਿੱਤਾ, ਉਹ ਅੱਜ ਦੇ ਸਮੇਂ 'ਚ ਮਨੁੱਖਤਾ ਲਈ ਵੱਡਾ ਸੁਨੇਹਾ ਹੈ। ਅਜੋਕੇ ਸਮੇਂ 'ਚ ਵਾਤਾਵਰਨ ਦੇ ਪ੍ਰਦੂਸ਼ਣ ਦੀ ਸਮੱਸਿਆ ਵੱਡੀ ਹੈ। ਇਸ ਸਮੱਸਿਆ ਕਾਰਨ ਮਨੁੱਖੀ ਹੋਂਦ ਦਾ ਸੰਕਟ ਖੜ੍ਹਾ ਹੋ ਗਿਆ ਹੈ। ਪ੍ਰਕਿਰਿਤੀ ਦੇ ਪ੍ਰਮੁੱਖ ਤੱਤ ਹਵਾ, ਪਾਣੀ, ਧਰਤੀ, ਬਨਸਪਤੀ, ਜੀਵਨ ਜੰਤੂਆਂ ਤੇ ਪਸ਼ੂਆਂ ਦੀ ਬਰਬਾਦੀ ਹੋ ਰਹੀ ਹੈ। ਪ੍ਰਕ੍ਰਿਤਿਕ ਵਸੀਲਿਆਂ ਦੀ ਲੁੱਟ ਨਿਰੰਤਰ ਵੱਧ ਰਹੀ ਧਰਤੀ ਦੀ ਸੁਰੱਖਿਆ ਅਤੇ ਸਰਬਪੱਖੀ ਖੁਸ਼ਹਾਲੀ ਦੀ ਬਦਹਾਲੀ ਦਾ ਕਾਰਨ ਬਣ ਰਹੀ ਹੈ।

'ਘਾਲ ਖਾਇ ਕਿਛੁ ਹਥਹੁ ਦੇਹਿ, ਨਾਨਕ ਰਾਹੁ ਪਛਾਨਿਹ ਸੇਇ॥
ਗੁਰੂ ਨਾਨਕ ਦੇਵ ਜੀ ਨੇ ਕਿਰਤ ਸਭਿਆਚਾਰ ਦਾ ਜੋ ਨਮੂੰਨਾ ਸਮੁੱਚੀ ਮਨੁੱਖਤਾ ਸਾਹਮਣੇ ਬਿਰਧ ਅਵਸਥਾ 'ਚ ਕਰਤਾਰਪੁਰ ਸਾਹਿਬ ਵਿਖੇ ਆਪ ਹੱਥੀਂ ਖੇਤੀ ਕਰਕੇ ਪੇਸ਼ ਕੀਤਾ, ਇਸਦੀ ਮਿਸਾਲ ਦੁਨੀਆ ਭਰ 'ਚ ਨਹੀਂ ਮਿਲਦੀ। ਆਪ ਸੁਚੱਜਾ ਗ੍ਰਹਿਸਥ ਜੀਵਨ ਗੁਜ਼ਾਰਦਿਆਂ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਸੱਚੀ-ਸੁੱਚੀ ਕਿਰਤ ਕਰਨ ਅਤੇ ਇਸ ਕਮਾਈ ਵਲੋਂ ਲੋਕ-ਭਲਾਈ ਲਈ ਕੁਝ ਕਰਨ ਦਾ ਸੁਨੇਹਾ ਦਿੱਤਾ। ਕਿਰਤ ਕਰੋ, ਵੰਡਕੇ ਛਕੋ ਦਾ ਸੁਨੇਹਾ ਇੱਕ ਆਦਰਸ਼ਕ ਮਨੁੱਖ ਦੀ ਆਦਰਸ਼ਕ ਭਲਾ ਕਰਨ ਵਾਲੀ ਸੋਚ ਦਾ ਸਿੱਟਾ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਵੱਖੋ-ਵੱਖਰੇ ਧਰਮਾਂ ਦਾ ਬੋਲਬਾਲਾ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਸਮਝਕੇ ਕਿ ਮਨੁੱਖ ਜਾਤੀ ਵੱਖੋ-ਵੱਖਰੇ ਸਭਿਆਚਰ ਦਾ ਸੰਮਿਲਤ ਰੂਪ ਹੈ, ਹਰ ਕੋਈ ਆਪੋ-ਆਪਣੇ ਢੰਗ ਨਾਲ, ਨਿੱਜੀ ਤੌਰ ਤੇ ਜਾਂ ਸਮੂੰਹਿਕ ਤੌਰ ਤੇ ਆਪਣੇ ਢੰਗ ਨਾਲ ਕਿਸੇ ਵਿਸ਼ਵਾਸ ਨਾਲ ਜੀਊ ਰਿਹਾ ਹੈ, ਜਾਂ ਪੂਜਾ ਉਪਾਸਨਾ ਕਰ ਰਿਹਾ ਹੈ, ਪਰ ਇਸ ਵੱਖਰੇਪਨ ਦੇ ਬਾਵਜੂਦ ਉਹਨਾ ਦੀ ਮੰਜ਼ਿਲ ਚੰਗੇਰਾ ਮਨੁੱਖ ਬਨਣ ਦੀ ਹੈ। ਗੁਰੂ ਜੀ ਨੇ ਇਸੇ ਸੰਦਰਭ ਵਿੱਚ ਉਸ ਸਮੇਂ ਦੇ ਸਮਾਜ ਦੀ ਮਨੁੱਖੀ ਸਮੱਸਿਆਵਾਂ ਨੂੰ ਸਮਝਿਆ ਅਤੇ ਉਹਨਾ ਦੇ ਹੱਲ ਲਈ ਸਾਰੀ ਮਨੁੱਖਤਾ ਨੂੰ ਇਕੋ ਜਿਹੀ ਦ੍ਰਿਸ਼ਟੀ ਅਪਨਾਉਣ ਦੀ ਸਿੱਖਿਆ ਦਿੱਤੀ। ਸ਼੍ਰਿਸ਼ਟੀ ਦਾ ਪ੍ਰੇਮ, ਸੱਚ ਤੇ ਸਤਿਵਾਦ, ਸਰਬੱਤ ਦੇ ਭਲੇ ਦੀ ਉਸਾਰੂ-ਭਾਵਨਾ, ਵੈਰ-ਰਹਿਤ ਤੇ ਡਰ-ਰਹਿਤ ਮਨੁੱਖ ਦੀ ਸਿਰਜਨਾ ਉਹਨਾ ਦਾ ਸਿਧਾਂਤ ਸੀ। ਉਹਨਾ ਦਾ ਸਿਧਾਂਤ ਮਨੁੱਖ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਕ ਵਿਕਾਸ ਅਤੇ ਸੰਪੂਰਨ ਸ਼ਕਤੀਸ਼ਾਲੀ ਮਾਨਵੀ ਹਸਤੀ ਦੇ ਸੰਕਲਪ ਵਾਲਾ ਸੀ।
ਬੁਰੇ ਕੰਮ ਨਾ ਕਰੋ, ਮੰਦਾ ਨਾ ਬੋਲੋ, ਵਹਿਮਾਂ-ਭਰਮਾਂ ਤੋਂ ਦੂਰ ਰਹੋ, ਸਮੁੱਚੀ ਸ੍ਰਿਸ਼ਟੀ ਅਤੇ ਇਸਦੇ ਜੀਵਾਂ ਨਾਲ ਪਿਆਰ ਕਰੋ ਅਤੇ ਹਰ ਦ੍ਰਿਸ਼ਟੀਕੋਨ ਤੋਂ ਇੱਕ ਸ਼ਕਤੀਸ਼ਾਲੀ ਮਨੁੱਖ ਬਨਣ ਦਾ ਯਤਨ ਕਰੋ, ਗੁਰੂ ਨਾਨਕ ਦੇਵ ਜੀ ਦਾ ਸਹੀ ਜਗਤ ਸੁਨੇਹਾ ਸੀ।
ਮਹਾਨ ਦਾਰਸ਼ਨਿਕ ਗੁਰੂ ਨਾਨਕ ਦੇਵ ਜੀ ਦੀ ਸਖਸ਼ੀਅਤ ਪ੍ਰਤਿਭਾਸਾਲੀ ਸੀ। ਉਨ੍ਹਾਂ ਦੇ ਮਨ 'ਚ ਮਨੁੱਖ ਨੂੰ ਬਦਲਣ ਦੀ ਜਾਂਚ ਸੀ। ਉਨ੍ਹਾਂ ਦਾ ਸੁਪਨਾ ਇੱਕ ਪਰਉਪਕਾਰੀ, ਸਾਫ਼-ਸੁਥਰੇ ਸਮਾਜ ਦੀ ਸਿਰਜਣਾ ਸੀ। ਆਪਣੀ ਸੋਚ ਦੇ ਫਲਸਫ਼ੇ ਨੂੰ ਉਨ੍ਹਾਂ ਨੇ ਨਿਡਰਤਾ ਅਤੇ ਬੀਰਤਾ ਨਾਲ ਸਮਾਜ ਸਾਹਮਣੇ ਪੇਸ਼ ਕੀਤਾ ਅਤੇ ਇਸਨੂੰ ਅਮਲ ਵਿੱਚ ਵੀ ਲਿਆਂਦਾ।
        ਪ੍ਰਸਿੱਧ ਇਤਿਹਾਸਕਾਰ ਸ: ਹਰਬੰਸ ਸਿੰਘ ਦੀ ਪੁਸਤਕ, "Guru Nanak and Origin of the Sikh Faith'' ਦੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਦੀ ਤਸਵੀਰ ਬਿਆਨਦੇ ਹਨ। "ਗੁਰੂ ਨਾਨਕ ਦੇਵ ਜੀ ਬਲਵਾਨ ਸਾਹਿਤਕਾਰ ਸਨ। ਉਹ ਤਤਕਾਲੀਨ ਸਮੇਂ ਦੀਆਂ ਵਾਸਤਵਿਕ ਜੀਵਨ ਪ੍ਰਸਥਿਤੀਆਂ ਨਾਲ ਡੂੰਘਾ ਹਿੱਤ ਰੱਖਦੇ ਸਨ। ਇਹੀ ਹਿੱਤ ਉਨ੍ਹਾਂ ਦੀ ਰਚਨਾਤਮਿਕ ਸ਼ਕਤੀ ਦਾ ਭੇਦ ਹੈ। ਉਨ੍ਹਾਂ ਦੀਆਂ ਰਚਨਾਵਾਂ ਤਤਕਾਲੀਨ ਗੜਬੜ ਤੇ ਸੰਕਟ ਦੀ ਸੂਖਮ ਤਸਵੀਰ ਪ੍ਰਸਤੁਤ ਕਰਦੀਆਂ ਹਨ। ਬਾਦਸ਼ਾਹਾਂ ਦੀਆਂ ਧਾਂਦਲੀਆਂ, ਰਾਜ-ਪ੍ਰਣਾਲੀ ਨਾਲ ਸਬੰਧਤ ਬੇਇਨਸਾਫ਼ੀਆਂ ਤੇ ਅਸਮਾਨਤਾਵਾਂ, ਤਾਨਾਸ਼ਾਹੀ ਦੇ ਰਾਜ ਥੱਲੇ ਆਈ ਨੈਤਿਕ ਅਧੋਗਤੀ, ਧਰਮਾਂ ਦੇ ਨਾਂ 'ਤੇ ਚਲਾਏ ਜਾ ਰਹੇ ਪਾਖੰਡ ਦੇ ਭਰਮ-ਜਾਲ, ਸਿਵਲ ਪ੍ਰਬੰਧ ਨਾਲ ਸਬੰਧਤ ਕਰਮਚਾਰੀਆਂ ਦਾ ਹਾਕਮਾਂ ਦੀ ਬੋਲੀ ਤੇ ਪਹਿਰਾਵੇ ਦੀ ਨਕਲ ਕਰਨਾ ਤੇ ਉਨ੍ਹਾਂ ਦਾ ਫ਼ਰੇਬੀ ਜੀਵਨ ਤੇ ਖੰਡਿਤ ਸ਼ਖ਼ਸੀਅਤ, ਬ੍ਰਾਹਮਣ ਤੇ ਮੁੱਲਾਂ ਦੀ ਬਜਾਏ ਧਾਰਮਿਕਤਾ, ਬੇਇਨਸਾਫ਼ੀ ਕਰਨ ਵਾਲੇ ਕਾਜ਼ੀ, ਉਨ੍ਹਾਂ ਦੀਆਂ ਥੋਥੀਆਂ ਰੀਤੀਆਂ ਤੇ ਕਰਮ-ਕਾਂਡ ਦੀਆਂ ਪ੍ਰਣਾਲੀਆਂ, ਬੁੱਤ-ਪੂਜਾ ਤੇ ਬਹੁ-ਦੇਵਵਾਦ ਦਾ ਖੰਡਨ ਤੇ ਇਨ੍ਹਾਂ ਨਾਲ ਜੁੜਵੇਂ ਪ੍ਰੋਹਤਵਾਦ ਦੀ ਵਿਰੋਧਤਾ, ਬਾਬਰ ਦੀਆਂ ਫ਼ੌਜਾਂ ਰਾਹੀਂ ਦੇਸ਼ 'ਤੇ ਹੱਲਾ, ਭਾਰਤੀ ਰਾਜਿਆਂ ਦੀ ਕਾਇਰਤਾ ਆਦਿ ਦਾ ਵਰਣਨ, ਉਨ੍ਹਾਂ ਦੀ ਕਵਿਤਾ ਨੂੰ ਸਮਾਜਿਕ ਅਰਥਾਂ ਵਾਲੀ ਕਵਿਤਾ ਬਣਾਉਂਦਾ ਹੈ''।
ਅੱਜ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਉਤੇ ਉਨ੍ਹਾਂ ਦੇ ਫਲਸਫ਼ੇ ਨੂੰ ਸਮਝਕੇ ਅਮਲ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ, ਕਿਉਂਕਿ ਉਨ੍ਹਾਂ ਦੇ ਜੀਵਨ ਆਦਰਸ਼, ਫਲਸਫ਼ੇ ਅਤੇ ਸੰਦੇਸ਼ ਨੂੰ ਪਿੱਛੇ ਛੱਡਕੇ ਵਿਖਾਵੇ ਦੀ ਧੂੜ ਹਰ ਪਾਸੇ ਉੱਡਦੀ ਦਿਖਾਈ ਦਿੰਦੀ ਹੈ।

- ਗੁਰਮੀਤ ਸਿੰਘ ਪਲਾਹੀ
ਸੰਪਰਕ - 9815802070