ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ - ਸਵਰਾਜਬੀਰ

ਗੁਰੂ ਨਾਨਕ ਦੇਵ ਜੀ ਸਾਡੇ ਮਹਾਨ ਗੁਰੂ, ਪੀਰ, ਪੈਗੰਬਰ ਤੇ ਰਹਿਬਰ ਹਨ। ਉਹ ਮਹਾਨ ਬਾਣੀਕਾਰ ਤੇ ਕਵੀ ਹਨ। ਉਨ੍ਹਾਂ ਨੇ ਰਾਗ ਧਨਾਸਰੀ ਵਿਚ ਆਪਣੇ ਆਪ ਨੂੰ 'ਨਾਨਕ ਸਾਇਰ' ਕਿਹਾ ਹੈ (''ਨਾਨਕੁ ਸਾਇਰੁ ਏਵ ਕਹਤੁ ਹੈ'')। ਨਾਨਕ-ਬਾਣੀ ਨੂੰ ਬਹੁਤ ਪੱਖਾਂ ਤੋਂ ਪੜ੍ਹਿਆ ਤੇ ਸਮਝਿਆ ਜਾਂਦਾ ਹੈ, ਜਿਵੇਂ ਅਧਿਆਤਮਕ, ਰਹੱਸਵਾਦੀ, ਸਮਾਜਿਕ ਆਦਿ। ਮੈਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸਮਾਜਿਕ ਸੰਘਰਸ਼ ਦੀ ਵਾਣੀ ਵਜੋਂ ਪੜ੍ਹਨ ਤੇ ਸਮਝਣ ਦਾ ਯਤਨ ਕੀਤਾ ਹੈ।
      ਸਿੱਖ ਧਰਮ, ਹਿੰਦੋਸਤਾਨੀ ਬਰੇ-ਸਗੀਰ ਵਿਚ, ਵਰਣ-ਆਸ਼ਰਮ ਤੇ ਜਾਤ-ਪਾਤ ਦੇ ਨਾਂ 'ਤੇ ਹੋਣ ਵਾਲੇ ਭਿੰਨ-ਭਾਵ ਅਤੇ ਵਿਤਕਰੇ ਦੇ ਵਿਰੁੱਧ ਖੜ੍ਹੇ ਹੋਣ ਵਾਲੇ ਅਤੇ ਸਮਾਜਿਕ ਏਕਤਾ ਦੀ ਸਮੱਸਿਆ ਨਾਲ ਜੂਝਣ ਵਾਲੇ ਧਰਮਾਂ ਅਤੇ ਪੰਥਾਂ ਵਿਚੋ੬ਂ ਪ੍ਰਮੁੱਖ ਹੈ। ਇਸ ਦਾ ਸਭ ਤੋਂ ਪ੍ਰਥਮ ਅਤੇ ਪ੍ਰਮੁੱਖ ਸੰਕੇਤ ਗੁਰੂ ਨਾਨਕ ਦੇਵ ਜੀ ਸ਼ਾਹਕਾਰ ਰਚਨਾ ਜਪੁਜੀ ਸਾਹਿਬ ਦੇ ਮੂਲ ਮੰਤਰ ਵਿਚ ਮਿਲਦਾ ਹੈ ਜਿੱਥੇ ਕਰਤਾ ਪੁਰਖ ਦੀ ਹਸਤੀ ਦਾ ਬਿਆਨ ਕੀਤਾ ਗਿਆ ਹੈ ਅਤੇ ਉਸ ਦੀ ਨਿਰਗੁਣਤਾ ਦੇ ਗੁਣ ਦੱਸੇ ਗਏ ਹਨ। ਕਰਤਾ ਪੁਰਖ ਦੀ ਜੋ ਵਿਚਾਰਧਾਰਕ ਬਣਤਰ ਮੂਲ ਮੰਤਰ ਰਾਹੀਂ ਸਾਹਮਣੇ ਆਉਂਦੀ ਹੈ, ਉਸ ਅਨੁਸਾਰ ਉਹ ਕੇਵਲ ਇਕ ਹੈ, ਉਹ ਸਦੀਵੀ ਹੈ ਅਤੇ ਉਸ ਦਾ ਨਾਮ ਸਦੀਵੀ ਹੈ, ਉਹ ਸਭ ਚੀਜ਼ਾਂ ਦੀ ਰਚਨਾ ਕਰਨ ਵਾਲਾ ਪੁਰਖ ਭਾਵ ਸਿਰਜਣਹਾਰ ਹੈ, ਉਹ ਕਿਸੇ ਤੋਂ ਭੈਅ ਨਹੀਂ ਮੰਨਦਾ, ਉਸ ਦਾ ਕਿਸੇ ਨਾਲ ਵੈਰ ਨਹੀਂ, ਉਹਦੀ ਹਸਤੀ ਅਮਰ ਹੈ, ਉਹ ਕਿਸੇ ਜੂਨ ਵਿਚ ਜਨਮ ਨਹੀਂ ਲੈਂਦਾ, ਭਾਵ ਜਨਮ-ਮਰਨ ਤੋਂ ਪਰ੍ਹੇ ਜਾਂ ਅਜਨਮਾ ਹੈ, ਉਹ ਸ੍ਵੈ-ਪ੍ਰਕਾਸ਼ਮਾਨ ਹੈ ਅਤੇ ਗੁਰੂ ਦੀ ਦਇਆ ਅਤੇ ਕਿਰਪਾ ਰਾਹੀਂ ਪ੍ਰਾਪਤ ਹੁੰਦਾ ਹੈ।
       ਇਹ ਜਪੁਜੀ ਸਾਹਿਬ ਦਾ ਮੂਲ ਮੰਤਰ ਵੀ ਹੈ ਅਤੇ ਸਿੱਖ ਧਰਮ ਦਾ ਮੂਲ ਮੰਤਰ ਵੀ। ਇਹ ਉਹ ਬੁਨਿਆਦੀ ਸੂਤਰ ਹੈ ਜਿਸ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦਾ ਵਿਚਾਰਧਾਰਕ ਉਸਾਰ ਉਸਰਿਆ ਹੋਇਆ ਹੈ। ਇਹ ਮੂਲ ਮੰਤਰ ਉਸ ਸਮੇਂ ਦੇ ਸਮਾਜ ਵਿਚਲੀਆਂ ਮੁੱਖ ਸਮੱਸਿਆਵਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਉਸ ਸਮੇਂ ਦਾ ਸਮਾਜ ਵੇਦਾਂ, ਉਪਨਿਸ਼ਦਾਂ, ਵੇਦਾਂਤ ਆਦਿ ਤੋਂ ਬ੍ਰਹਮ, ਪਾਰਬ੍ਰਹਮ, ਆਤਮਾ, ਪਰਮਾਤਮਾ, ਭਗਵਾਨ ਅਤੇ ਈਸ਼ਵਰ ਜਿਹੇ ਸੰਕਲਪ ਪ੍ਰਾਪਤ ਕਰਨ ਦੇ ਬਾਵਜੂਦ ਸਮਾਜਿਕ ਏਕਤਾ ਬਣਾਉਣ ਵਿਚ ਅਸਫ਼ਲ ਰਿਹਾ, ਵਰਣ-ਆਸ਼ਰਮ ਅਤੇ ਜਾਤ-ਪਾਤ ਨੇ ਸਮਾਜ ਨੂੰ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ। ਇਸ ਦਾ ਮਤਲਬ ਇਹ ਨਹੀਂ ਕਿ ਹਿੰਦੋਸਤਾਨ ਦੇ ਵੱਖ-ਵੱਖ ਖਿੱਤਿਆਂ ਵਿਚ ਇਸ ਸਮਾਜਿਕ ਸਮੱਸਿਆ ਬਾਰੇ ਸੰਘਰਸ਼ ਨਹੀਂ ਹੋਇਆ। ਭਿੰਨ ਭਿੰਨ ਪਰੰਪਰਾਵਾਂ, ਦਰਸ਼ਨ, ਸੋਚ-ਪ੍ਰਣਾਲੀਆਂ ਅਤੇ ਸਮਾਜਿਕ ਤੇ ਧਾਰਮਿਕ ਲਹਿਰਾਂ ਇਸ ਸਮੱਸਿਆ ਨਾਲ ਜੂਝਦੀਆਂ ਰਹੀਆਂ ਹਨ। ਬੁੱਧ ਅਤੇ ਜੈਨ ਧਰਮ, ਸਾਂਖ ਦਰਸ਼ਨ, ਅਜੀਵਕ, ਚਾਰਵਾਕ, ਵੇਦਾਂਤ, ਸ਼ੈਵ ਅਤੇ ਵੈਸ਼ਨਵ ਧਰਮਾਂ/ਪੰਥਾਂ ਨੇ ਇਸ ਸਮੱਸਿਆ ਦਾ ਵੱਖ ਵੱਖ ਤਰ੍ਹਾਂ ਸਾਹਮਣਾ ਕਰਨ ਦਾ ਯਤਨ ਕੀਤਾ, ਪਰ ਉਹ ਇਕ-ਈਸ਼ਵਰਵਾਦ ਦਾ ਏਨਾ ਨਿਸ਼ਚਤ ਅਤੇ ਪੱਕਾ ਸੰਕਲਪ ਨਹੀਂ ਬਣਾ ਪਾਉਂਦੇ ਜਿਸ ਦਾ ਮੂਲ ਰੂਪ ਮੂਲ ਮੰਤਰ ਵਿਚ ਚਿਤਰਿਆ ਗਿਆ ਹੈ। ਇਸ ਤਰ੍ਹਾਂ ਬਹੁਤ ਸਾਰੇ ਪੰਥ ਇਕ- ਈਸ਼ਵਰਵਾਦ ਤੋਂ ਪੈਦਾ ਹੋਣ ਵਾਲੇ ਸਮਾਜਿਕ ਸਰੋਕਾਰਾਂ ਬਾਰੇ ਪਰਪੱਕ ਵਿਚਾਰਧਾਰਾ ਸਿਰਜਣ ਤੋਂ ਵਾਂਝੇ ਰਹਿ ਜਾਂਦੇ ਹਨ। ਕਿਸ ਤਰ੍ਹਾਂ ਦੀ ਵਿਚਾਰਧਾਰਾ? ਉਸ ਤਰ੍ਹਾਂ ਦੀ ਵਿਚਾਰਧਾਰਾ ਜੋ ਮੂਲ ਮੰਤਰ ਤੋਂ ਬਾਅਦ ਜਪੁਜੀ ਸਾਹਿਬ ਵਿਚ ਬਣਦੀ ਹੈ ਅਤੇ ਬਾਅਦ ਵਿਚ ਆਦਿ-ਗ੍ਰੰਥ ਵਿਚ ਦ੍ਰਿੜ੍ਹ ਹੁੰਦੀ ਹੈ। ਇਹ ਵਿਚਾਰ ਕਰਨਾ ਜ਼ਰੂਰੀ ਹੈ ਇਕ-ਈਸ਼ਵਰਵਾਦ ਦੇ ਸਮਾਜਿਕ ਸਰੋਕਾਰ ਕੀ ਹਨ?
       ਪੁਰਾਣੇ ਸਮਿਆਂ ਵਿਚ ਸੰਸਾਰ ਦੇ ਬਹੁਤ ਸਾਰੇ ਹਿੱਸਿਆਂ ਵਿਚ, ਸਮਾਜਿਕ ਏਕਤਾ ਅਤੇ ਸਮਾਜਿਕ ਬਰਾਬਰੀ ਕਾਇਮ ਕਰਨ ਦੇ ਹੋਏ ਯਤਨ ਇਕ-ਈਸ਼ਵਰਵਾਦ ਦੇ ਸੰਕਲਪ ਦੁਆਰਾ ਹੀ ਹੋਏ ਹਨ। ਇਕ-ਈਸ਼ਵਰਵਾਦ ਦੀ ਪ੍ਰਮੁੱਖ ਸਮਾਜਿਕ ਸਾਰਥਿਕਤਾ ਏਸ ਗੱਲ ਵਿਚ ਹੈ ਕਿ ਜੇ ਈਸ਼ਵਰ ਇਕ ਹੈ ਤਾਂ ਉਸ ਦੀ ਬਣਾਈ ਹੋਈ ਲੋਕਾਈ ਵੀ ਇਕ ਹੈ, ਇਕ ਸਮਾਨ ਹੈ, ਬਰਾਬਰ ਹੈ। ਨਿਰਗੁਣਵਾਦ ਦਾ ਗੁਣ ਇਕ-ਈਸ਼ਵਰਵਾਦ ਦੇ ਸਮਾਜਿਕ ਏਕਤਾ ਅਤੇ ਸਮਾਜਿਕ ਬਰਾਬਰੀ ਦੇ ਸਰੋਕਾਰ ਨੂੰ ਹੋਰ ਸ਼ਕਤੀ ਦਿੰਦਾ ਹੈ ਤੇ ਦ੍ਰਿੜ੍ਹ ਕਰਦਾ ਹੈ।
       ਇਕ-ਈਸ਼ਵਰਵਾਦ ਦੇ ਨਾਲ ਨਾਲ ਈਸ਼ਵਰ ਦੇ ਉਹ ਗੁਣ ਜੇ ਲੋਕਾਂ ਨੂੰ ਸਮਾਜਿਕ ਏਕਤਾ ਅਤੇ ਬਰਾਬਰੀ ਵੱਲ ਖਿੱਚਦੇ ਹਨ, ਉਹ ਹਨ, ਈਸ਼ਵਰ ਦੀ ਦਿਆਲਤਾ ਤੇ ਉਸ ਦਾ ਸਰਵ-ਸ਼ਕਤੀਮਾਨ ਹੋਣਾ। ਦਿਆਲਤਾ ਤੇ ਕਿਰਪਾ ਰਾਹੀਂ ਈਸ਼ਵਰ ਦਾ ਆਪਣੀ ਲੋਕਾਈ ਨਾਲ ਸਿੱਧਾ ਰਿਸ਼ਤਾ ਦ੍ਰਿੜ੍ਹ ਹੁੰਦਾ ਹੈ। ਸਰਵ-ਸ਼ਕਤੀਮਾਨਤਾ ਇਹ ਦੱਸਦੀ ਹੈ ਕਿ ਸਿਰਫ਼ ਪ੍ਰਭੂ ਹੀ ਸਰਵ-ਸ਼ਕਤੀਮਾਨ ਹੈ ਅਤੇ ਦੁਨੀਆਂ ਵਿਚ, ਆਪਣੇ ਆਪ ਨੂੰ ਪ੍ਰਭੂ ਅਖਵਾਉਣ ਵਾਲੇ ਬੰਦੇ, ਝੂਠੇ ਹਨ। ਇਸ ਤਰ੍ਹਾਂ ਦਿਆਲੂ, ਸਰਵ-ਸ਼ਕਤੀਮਾਨ ਤੇ ਨਿਰਗੁਣ ਇਕ-ਈਸ਼ਵਰਵਾਦ ਸਮਾਜਿਕ ਬਰਾਬਰੀ ਦਾ ਸੁਨੇਹਾ ਅਧਿਆਤਮਕ ਰੂਪ ਵਿਚ ਦਿੰਦਾ ਹੈ। ਇਕ-ਈਸ਼ਵਰਵਾਦ ਨੇ ਸਮਾਜਿਕ ਏਕਤਾ ਅਤੇ ਸਾਂਝੀਵਾਲਤਾ ਲਈ ਹੋਏ ਯਤਨਾਂ ਵਿਚ ਵੱਡੀ ਭੂਮਿਕਾ ਨਿਭਾਈ ਹੈ। ਈਸਾਈ ਧਰਮ ਅਤੇ ਇਸਲਾਮ ਇਸ ਦੀਆਂ ਜੀਉਂਦੀਆਂ-ਜਾਗਦੀਆਂ ਮਿਸਾਲਾਂ ਹਨ। ਇਹ ਦੋਵੇਂ ਧਰਮ ਦੱਬੇ-ਕੁਚਲੇ ਅਤੇ ਦਮਿਤ ਲੋਕਾਂ ਦੇ ਧਰਮ ਵਜੋਂ ਉਦੈ ਹੋਏ। ਦੋਵਾਂ ਧਰਮਾਂ ਨੇ ਈਸ਼ਵਰ ਦੇ ਇਕ ਹੋਣ ਅਤੇ ਈਸ਼ਵਰ ਦੀ ਕਿਰਪਾਲਤਾ, ਬਖਸ਼ਿੰਦਗੀ ਅਤੇ ਉਸ ਦੇ ਗਰੀਬਨਿਵਾਜ਼ ਹੋਣ ਦਾ ਭਰਪੂਰ ਵਰਣਨ ਕੀਤਾ, ਸਮਾਜਿਕ ਏਕਤਾ ਤੇ ਬਰਾਬਰੀ 'ਤੇ ਜ਼ੋਰ ਦਿੱਤਾ।
      ਹਿੰਦੋਸਤਾਨੀ ਬਰੇ-ਸਗੀਰ ਦੀਆਂ ਵੱਖ ਵੱਖ ਪਰੰਪਰਾਵਾਂ ਅਤੇ ਗ੍ਰੰਥਾਂ ਵਿਚ ਨਿਰਗੁਣ ਇਕ-ਈਸ਼ਵਰਵਾਦ ਬਾਰੇ ਸੰਘਰਸ਼ ਤਾਂ ਹੁੰਦਾ ਹੈ ਪਰ ਉਹ ਸੰਕਲਪ ਅੰਦਰੂਨੀ ਇਕਸਾਰਤਾ ਪ੍ਰਾਪਤ ਨਹੀਂ ਕਰ ਪਾਉਂਦਾ। ਉਦਾਹਰਣ ਵਜੋਂ ਇਕ ਪੁਰਾਤਨ ਗ੍ਰੰਥ ਵਿਚ ਬ੍ਰਹਮ ਜਾਂ ਪਾਰਬ੍ਰਹਮ ਦੀ ਕਲਪਨਾ ਅਸ਼ਬਦਮ, ਅਸਪਰਸ਼ਮ, ਅਰੂਪਮ, ਅਸਰੀਰਮ, ਅਰਸਮ, ਨਿਤਯਮ (ਸਦੀਵੀ), ਅਨਾਦਿ ਅਤੇ ਪਰਮ ਰੂਪ ਵਿਚ ਕੀਤੀ ਗਈ ਹੈ ਪਰ ਨਾਲ ਹੀ ਉਹੀ ਗ੍ਰੰਥ ਬ੍ਰਾਹਮਣਾਂ ਅਤੇ ਕਸ਼ਤਰੀਆਂ ਦੀ ਪ੍ਰਮੁੱਖਤਾ ਦੀ ਗੱਲ ਕਰਦਾ ਹੈ। ਜਦ ਇਕ ਨਿਰਗੁਣ ਅਤੇ ਅਰੂਪਮ ਪਰਮਾਤਮਾ ਦੀ ਵਿਚਾਰਧਾਰਕ ਬਣਤਰ ਘੜੀ ਜਾਂਦੀ ਹੈ ਤਾਂ ਉਸ ਪਰਮਾਤਮਾ ਤੋਂ ਆਸ ਬੱਝਦੀ ਹੈ ਕਿ ਉਸ ਸਾਰੇ ਸਮਾਜ ਨੂੰ ਇਕ ਅੱਖ ਨਾਲ ਵੇਖੇ, ਉਹਦੇ ਸਾਹਮਣੇ ਸਾਰੇ ਲੋਕ ਸਮਾਨ ਹੋਣ। ਪਰ ਸਾਡੇ ਪੁਰਾਣੇ ਗ੍ਰੰਥਕਾਰ ਬ੍ਰਹਮ ਦੇ ਸੰਕਲਪ ਨੂੰ ਇਹ ਸਮਾਜਿਕ ਸਾਰਥਿਕਤਾ ਨਹੀਂ ਦੇ ਪਾਉਂਦੇ। ਇਸ ਦੇ ਨਾਲ ਪਾਰਬ੍ਰਹਮ ਨੂੰ ਕਿਤੇ ਵੀ ਬਖ਼ਸ਼ਣਹਾਰ ਜਾਂ ਗਰੀਬ-ਨਿਵਾਜ਼ ਨਹੀਂ ਦਿਖਾਇਆ ਗਿਆ।
       ਇਕ-ਈਸ਼ਵਰਵਾਦ ਗੁਰੂ ਨਾਨਕ-ਬਾਣੀ ਵਿਚ ਵਾਰ ਵਾਰ ਦ੍ਰਿੜ੍ਹ ਕੀਤਾ ਜਾਂਦਾ ਹੈ। ਉਸ ਦੀ ਪ੍ਰਾਥਮਿਕਤਾ ਨੂੰ ਦੁਹਰਾਇਆ ਜਾਂਦਾ ਹੈ। ਉਦਾਹਰਣ ਵਜੋਂ, ਜਪੁਜੀ ਸਾਹਿਬ ਵਿਚ ਗੁਰੂ ਜੀ ਕਹਿੰਦੇ ਹਨ, ''ਥਾਪਿਆ ਨਾ ਜਾਇ, ਕੀਤਾ ਨਾ ਹੋਇ, ਆਪੇ ਆਪਿ ਨਿਰੰਜਨੁ ਸੋਇ॥'' ਜਪੁਜੀ ਸਾਹਿਬ ਵਿਚ ਇਕ ਹੋਰ ਥਾਂ 'ਤੇ ''ਹੈ ਭੀ ਹੋਸੀ ਜਾਇ ਨ ਜਾਸੀ॥'' ਏਸ ਤਰ੍ਹਾਂ ਈਸ਼ਵਰ ਨੂੰ ''ਆਦਿ ਅਨੀਲੁ ਅਨਾਦਿ ਅਨਾਹਤਿ'' ਦੱਸਿਆ ਗਿਆ ਹੈ। ਨਾਨਕ ਬਾਣੀ ਵਿਚ ਇਹੋ ਜਿਹੇ ਵਰਣਨ ਮਿਲਦੇ ਹਨ, ਜਿਵੇਂ ''ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥'' ਅਤੇ ''ਤੂ ਅਲਖ ਅਗੋਚਰੁ ਅਗਮੁ ਹੈ॥''
      ਗੁਰੂ ਨਾਨਕ ਦੇਵ ਜੀ ਜਦ ਇਕ ਈਸ਼ਵਰ ਦੀ ਹਸਤੀ ਦਾ ਵਰਣਨ ਕਰਦੇ ਹਨ ਤਾਂ ਉਸ ਨੂੰ ਕਿਰਪਾਲੂ, ਦਿਆਲੂ, ਦਾਤਾ, ਗ਼ਰੀਬਾਂ 'ਤੇ ਨਜ਼ਰ ਕਰਨ ਵਾਲਾ, ਬਖ਼ਸ਼ਣਹਾਰ ਤੇ ਗਰੀਬਨਿਵਾਜ਼ ਕਹਿ ਕੇ ਬਿਆਨ ਕਰਦੇ ਹਨ। ਜਿਵੇਂ ਜਪੁਜੀ ਸਾਹਿਬ ਵਿਚ ਕਹਿੰਦੇ ਹਨ:

ਬਹੁਤਾ ਕਰਮੁ ਲਿਖਿਆ ਨਾ ਜਾਇ॥
ਵਡਾ ਦਾਤਾ ਤਿਲੁ ਨ ਤਮਾਇ॥

ਜਪੁਜੀ ਸਾਹਿਬ ਵਿਚ ਨਜ਼ਰ, ਨਦਰਿ ਜਾਂ ਮਿਹਰ ਵਾਲੀ ਦ੍ਰਿਸ਼ਟੀ ਦਾ ਬਿਆਨ ਕੀਤਾ ਗਿਆ ਹੈ :

' ਨਾਨਕ ਨਦਰੀ ਕਰਮੀ ਦਾਤਿ॥
' ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥
' ਨਾਨਕ ਨਦਰੀ ਨਦਰਿ ਨਿਹਾਲ॥

      ਇਸ ਤਰ੍ਹਾਂ ਦੀਆਂ ਸੈਂਕੜੇ ਮਿਸਾਲਾਂ ਗੁਰੂ ਨਾਨਕ ਦੇਵ ਜੀ ਦੀਆਂ ਬਾਕੀ ਬਾਣੀਆਂ ਵਿਚੋਂ ਮਿਲਦੀਆਂ ਹਨ। ਜਿਵੇਂ ਰਾਗ ਆਸਾ ਵਿਚ ਕਹਿੰਦੇ ਹਨ ''ਆਪੇ ਵੇਖੈ ਆਪੈ ਵਿਗਸੈ ਆਪੇ ਨਦਰਿ ਕਰੇ॥'' ਰਾਗ ਵਡਹੰਸ ਵਿਚ ਕਿਹਾ ਹੈ ''ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ॥'' ਇਹ ਪ੍ਰਕਿਰਿਆ ਅਗਲੇ ਸਾਰੇ ਗੁਰੂ ਸਾਹਿਬਾਨ ਦੀ ਲਿਖਤ ਵਿਚ ਨਿਰੰਤਰ ਚਲਦੀ ਰਹਿੰਦੀ ਹੈ। ਇਸ ਦਾ ਸਿਖਰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਮਿਲਦਾ ਹੈ, ਜਿੱਥੇ ਜਾਪ ਸਾਹਿਬ ਤੇ ਅਕਾਲ ਉਸਤਤਿ, ਨਿਰਗੁਣ ਤੇ ਨਾ ਬਿਆਨ ਕੀਤੇ ਜਾਣ ਵਾਲੇ ਕਰਤਾ ਪੁਰਖ ਦੀ ਵਡਿਆਈ ਦੇ ਮਹਾਂਕਾਵਿਕ ਗੀਤ ਬਣ ਜਾਂਦੇ ਹਨ। ਜਾਪ ਸਾਹਿਬ ਵਿਚ ਕਰਤਾ ਪੁਰਖ ਨੂੰ ਬਿਨਾਂ ਕਿਸੇ ਚਕ੍ਰ, ਚਿਹਨ, ਵਰਣ, ਜਾਤੀ ਤੋਂ ਉਪਰ, ਅਲੇਖ, ਅਚਲ, ਅਟਲ, ਅਕਾਲ, ਅਰੂਪ, ਅਭੇਖ, ਅਕਾਏ (ਕਾਇਆ ਰਹਿਤ), ਅਗੰਜ (ਅਜਿੱਤ), ਅਭੇਜ (ਮਾਸ ਰਹਿਤ), ਅਨਾਮ, ਅਠਾਮ (ਥਾਂ ਰਹਿਤ), ਅਕਰਮੰ, ਅਧਰਮੰ, ਅਨਾਮੰ, ਅਮਿਤੋਜ, ਅਜੀਤ, ਅਭੀਤ, ਅਬਾਹ, ਅਢਾਹ ਆਦਿ ਦਰਸਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦ੍ਰਿੜ੍ਹ ਕਰਵਾਉਂਦੇ ਹਨ ਕਿ ਅਕਾਲ ਪੁਰਖ ਦੀ ਕੋਈ ਜਾਤ ਜਾਂ ਵਰਣ ਨਹੀਂ ਹੈ :

ਚਕ੍ਰ ਚਿਹਨ ਅਰੁ ਬਰਨ ਜਾਤਿ, ਅਰੁ ਪਾਤਿ, ਨਹਿਨ ਜਿਹ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ॥
(ਜਾਪੁ ਸਾਹਿਬ)

      ਇਸ ਤਰ੍ਹਾਂ ਇਕ-ਈਸ਼ਵਰਵਾਦ ਤੇ ਉਸ ਦੀ ਦਿਆਲਤਾ ਦਾ ਸੰਕਲਪ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਵਿਚ ਹਜ਼ਾਰਾਂ ਵਾਰ ਦੁਹਰਾਇਆ ਜਾਂਦਾ ਹੈ। ਏਥੇ ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਇਹ ਗੱਲ ਇਕ ਵਾਰ ਹੀ ਕਹੀ ਜਾਣੀ ਕਾਫ਼ੀ ਨਹੀਂ? ਏਨੇ ਦੁਹਰਾਓ ਦੀ ਕੀ ਜ਼ਰੂਰਤ ਹੈ? ਇਸ ਦਾ ਉੱਤਰ ਇਹ ਹੈ ਕਿ ਇਸ ਦੁਹਰਾਉ ਦੀ ਬਹੁਤ ਜ਼ਰੂਰਤ ਹੈ। ਕਿਉਂ? ਉਹ ਇਸ ਲਈ ਕਿ ਦੇਵਤਾਵਾਦ, ਅਵਤਾਰਵਾਦ, ਕਰਮਕਾਂਡ, ਵਰਣ-ਆਸ਼ਰਮ ਤੇ ਜਾਤ-ਪਾਤ ਦੀਆਂ ਧਾਰਨਾਵਾਂ ਹਿੰਦੋਸਤਾਨੀ ਬਰੇ-ਸਗੀਰ ਦੇ ਲੋਕਾਂ ਦੇ ਮਨਾਂ ਵਿਚ ਏਨਾ ਡੂੰਘਾ ਘਰ ਕਰ ਚੁੱਕੀਆਂ ਹਨ ਕਿ ਉਨ੍ਹਾਂ ਨਾਲ ਲੜਨ, ਉਨ੍ਹਾਂ ਨਾਲ ਸੰਘਰਸ਼ ਕਰਨ ਲਈ ਏਸ ਦੁਹਰਾਓ ਦੀ ਬਹੁਤ ਜ਼ਰੂਰਤ ਪੈਂਦੀ ਹੈ।
       ਸਮਾਜਿਕ ਸਾਰਥਿਕਤਾ ਦੀ ਗੱਲ ਕਰਦਿਆਂ ਨਾਨਕ-ਬਾਣੀ ਵਿਚ ਇਹ ਸਾਰਥਿਕਤਾ ਨਵੀਂ ਤਰ੍ਹਾਂ ਨਾਲ ਸਾਹਮਣੇ ਆਉਂਦੀ ਹੈ। ਪਰੰਪਰਕ ਹਿੰਦੋਸਤਾਨੀ ਧਰਮਾਂ ਅਨੁਸਾਰ ਪਰਮਾਤਮਾ ਨੂੰ ਗਿਆਨ ਮਾਰਗ, ਇਕੱਲੇ ਬਹਿ ਕੇ ਭਗਤੀ ਕਰਨ, ਧਿਆਨ ਲਾਉਣ, ਯੋਗ ਤੇ ਹੋਰ ਅਜਿਹੀਆਂ ਵਿਧੀਆਂ ਰਾਹੀਂ ਪਾਇਆ ਜਾ ਸਕਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਪਰਮਾਤਮਾ ਦੀ ਕਹਾਣੀ ਜਾਂ ਕਹਾਣੀਆਂ ਕਿਵੇਂ ਕਹੀਆਂ ਜਾ ਸਕਦੀਆਂ ਹਨ? ਸਿਰੀ ਰਾਗ ਵਿਚ ਗੁਰੂ ਸਾਹਿਬ ਕਹਿੰਦੇ ਹਨ :

ਆਵਹੁ ਭੈਣੇ ਗਲਿ ਮਿਲਹੁ ਅੰਕਿ ਸਹਿਲੇੜੀਆਹ॥
ਮਿਲ ਕੈ ਕਰਹਿ ਕਹਾਣੀਆ ਸੰਮ੍ਰਥ ਕੰਤ ਕੀਆਹ॥

ਕਿ ਆਓ ਅਸੀਂ ਇਕੱਠੇ ਹੋ ਕੇ ਸਮਰਥ ਕੰਤ ਭਾਵ ਕਰਤਾ ਪੁਰਖ ਦੀਆਂ ਬਾਤਾਂ ਪਾਈਏ।
ਇਸ ਤੋਂ ਭਾਵ ਇਹ ਨਿਕਲਦਾ ਹੈ ਕਿ ਸਤਿਸੰਗ ਕਰਕੇ, ਸਮਾਜ ਵਿਚ ਮਿਲ ਕੇ ਹੀ ਪ੍ਰਭੂ ਦੀ ਬਾਤ ਪਾਈ ਜਾ ਸਕਦੀ ਹੈ। ਸਿਰੀ ਰਾਗ ਵਿਚ ਫਿਰ ਦੱਸਦੇ ਹਨ ''ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥'' ਤੇ ਫਿਰ ਸਿਰੀ ਰਾਗ ਵਿਚ ਹੀ ਕਹਿੰਦੇ ਹਨ ''ਮਿਲਿ ਸਤ ਸੰਗਤਿ ਹਰਿ ਪਾਈਐ॥'' ਇਸ ਤਰ੍ਹਾਂ ਸੰਗਤ ਵਿਚ ਬਹਿ ਕੇ ਪਰਮਾਤਮਾ ਦਾ ਨਾਮ ਲੈਣ ਨੂੰ ਸਰਾਹਿਆ ਗਿਆ ਹੈ। ਏਹ ਸੰਕਲਪ ਹੀ ਕੀਰਤਨ ਕਰਨ ਤੇ ਇਕੱਠੇ ਬਹਿ ਕੇ ਲੰਗਰ ਛਕਣ ਦੀਆਂ ਪਰੰਪਰਾਵਾਂ ਦਾ ਆਧਾਰ ਹੈ। ਗੁਰੂ ਸਾਹਿਬ ਨੇ ਇਕ ਹੋਰ ਸਿਧਾਂਤ ਵੀ ਦ੍ਰਿੜ੍ਹ ਕਰਵਾਇਆ ਹੈ। ਉਹ ਹੈ ਗੋਸ਼ਟਿ ਕਰਨ ਦਾ ਸਿਧਾਂਤ; ਆਪਸ ਵਿਚ ਗੱਲਬਾਤ ਕਰਨ ਤੇ ਫਿਰ ਠੀਕ ਨਤੀਜਿਆਂ 'ਤੇ ਪਹੁੰਚਣ ਦਾ ਅਮਲ।
ਸਮਾਜਿਕ ਸੰਘਰਸ਼ ਨੂੰ ਓਥੇ ਵੱਡੇ ਤੇ ਬਹੁਮੁੱਲੇ ਬੋਲ ਮਿਲਦੇ ਹਨ ਜਦ ਗੁਰੂ ਸਾਹਿਬ ਦਮਿਤ ਤੇ ਦਲਿਤ ਲੋਕਾਂ ਨਾਲ ਖਲੋਂਦੇ ਹਨ,

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥

ਜਪੁਜੀ ਸਾਹਿਬ ਵਿਚ ਆਪ ਕਹਿੰਦੇ ਹਨ :

ਆਈ ਪੰਥੀ ਸਗਲ ਜਮਾਤੀ

ਏਸੇ ਤਰ੍ਹਾਂ ਰਾਗ ਆਸਾ ਦੇ ਸਲੋਕਾਂ ਵਿਚ ਕਹਿੰਦੇ ਹਨ :

ਹਉ ਢਾਢੀ ਕਾ ਨੀਚਿ ਜਾਤਿ
ਹੋਰਿ ਉਤਮ ਜਾਤਿ ਸਦਾਇਦੇ॥

ਭਾਵ ਮੈਂ ਨੀਚੀ ਜਾਤ ਦਾ ਢਾਡੀ ਹਾਂ, ਬਾਕੀ ਆਪਣੇ ਆਪ ਨੂੰ ਉੱਚੀਆਂ ਜਾਤਾਂ ਵਾਲੇ ਕਹਾਉਂਦੇ ਹਨ। ਇਨ੍ਹਾਂ ਸ਼ਬਦਾਂ ਤੋਂ ਪ੍ਰਤੱਖ ਹੈ ਕਿ ਸਮਾਜਿਕ ਸੰਘਰਸ਼ ਵਿਚ ਗੁਰੂ ਜੀ ਕਿਹੜੇ ਲੋਕਾਂ ਨਾਲ ਖਲੋਤੇ ਹਨ।
       ਗੁਰੂ ਜੀ ਨੇ ਆਪਣਾ ਸੰਦੇਸ਼ ਦੇਣ ਲਈ ਜੋ ਪ੍ਰਤੀਕ, ਰੂਪਕ, ਬਿੰਬ ਤੇ ਅਲੰਕਾਰ ਵਰਤੇ ਹਨ ਉਹ ਸਮਾਜ ਤੇ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਨਾਲ ਸੰਬੰਧਿਤ ਹਨ। ਗੁਰੂ ਸਾਹਿਬ ਪੰਡਤਾਈ ਜਾਂ ਤਥਾਕਥਿਤ ਉੱਚੀਆਂ ਸ਼੍ਰੇਣੀਆਂ ਦੀ ਬੋਲੀ ਵਿਚ ਸਾਡੇ ਨਾਲ ਗੱਲ ਨਹੀਂ ਕਰਦੇ। ਉਹ ਸਾਡੇ ਨਾਲ ਪੰਜਾਬੀ ਵਿਚ ਗੱਲ ਕਰਦੇ ਹਨ। ਉਨ੍ਹਾਂ ਦੀ ਬਾਣੀ ਪੰਜਾਬ ਤੋਂ ਬਾਹਰ ਵੀ ਸਮਝੀ ਜਾਵੇ ਇਸ ਲਈ ਉਹ ਨਜ਼ਦੀਕ ਦੀਆਂ ਭਾਸ਼ਾਵਾਂ ਦੇ ਸ਼ਬਦ ਵੀ ਵਰਤਦੇ ਹਨ। ਉਹ ਲੋਕ-ਕਾਵਿ ਰੂਪਾਂ ਨੂੰ ਵਰਤਦੇ ਹਨ। ਜਿਵੇਂ ਸੀਹਰਫ਼ੀ ਤੇ ਬਾਵਨ-ਅੱਖਰੀ ਲਿਖੀ ਜਾਂਦੀ ਸੀ ਉਵੇਂ ਪੱਟੀ ਲਿਖੀ ਜਾਂਦੀ ਹੈ। ਰਾਗ ਤੁਖਾਰੀ ਵਿਚ ਬਾਰਹਮਾਹ ਲਿਖਿਆ ਜਾਂਦਾ ਹੈ। ਗੁਰੂ ਸਾਹਿਬ ਵਾਰਾਂ ਤੇ ਅਲਾਹੁਣੀਆਂ ਲਿਖਦੇ ਹਨ। ਲੋਕ-ਸੰਗੀਤ ਵਰਤਦੇ ਹਨ। ਰਾਗ ਮਾਝ ਮਾਝੇ ਦੀਆਂ ਲੋਕ-ਧੁਨਾਂ 'ਤੇ ਆਧਾਰਿਤ ਹੈ।
       ਗੁਰੂ ਸਾਹਿਬ ਸਮਾਜਿਕ ਤੇ ਘਰੋਗੀ ਜੀਵਨ ਨਾਲ ਜੁੜੇ ਪ੍ਰਤੀਕ ਵਰਤਦੇ ਹਨ। ਜਿਵੇਂ ''ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਂਡੇ ਘਤਿ॥'' ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਪ੍ਰਹੇਜ਼ਗਾਰੀ ਦੀ ਗੰਢ ਤੇ ਸੱਚ ਦਾ ਮਰੋੜਾ ਹੋਵੇ, ਹੇ ਬ੍ਰਾਹਮਣ ਇਹ ਹਨ ਤਾਂ ਮੈਨੂੰ ਇਨ੍ਹਾਂ ਦਾ ਬਣਿਆ ਜਨੇਊ ਪਾ। ਰਾਗ ਆਸਾ ਵਿਚ ਦੀਵੇ ਦਾ ਪ੍ਰਤੀਕ ਵਰਤਦੇ ਹਨ ''ਦੀਵਾ ਮੇਰਾ ਏਕ ਨਾਮੁ ਦੁਖੁ ਵਿਚ ਪਾਇਆ ਤੇਲੁ॥'' ਕੱਲਰ ਦਾ ਬਿੰਬ ਵਰਤਿਆ ਹੈ। ਰਾਗ ਆਸਾ ਵਿਚ ਕਿਹਾ ਹੈ ''ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ॥'' ਦੁਨੀਆ ਨੂੰ ਕੱਲਰੀ ਕੰਧ ਵੀ ਕਿਹਾ ਗਿਆ ਹੈ। ਮਨ ਤੇ ਸੰਸਾਰ ਦਾ ਸੰਬੰਧ ਢੋਲਕੀ ਦੇ ਬਿੰਬ ਰਾਹੀਂ ਬਿਆਨ ਕੀਤਾ ਗਿਆ ਹੈ ''ਤਾਲ ਮਦੀਰੇ ਘਟ ਕੇ ਘਾਟ॥ ਦੋਲਕ ਦੁਨੀਆ ਵਾਜਹਿ ਵਾਜ॥'' ਮਨ ਦੀਆਂ ਖਾਹਿਸ਼ਾਂ ਛੈਣੇ ਤੇ ਘੁੰਗਰੂਆਂ ਵਾਂਗ ਹਨ। ਉਨ੍ਹਾਂ ਨਾਲ ਸੰਸਾਰ ਦਾ ਢੋਲ ਵੱਜ ਰਿਹਾ ਹੈ।
       ਸਮਾਜਿਕ ਜੀਵਨ ਨਾਲ ਜੁੜੇ ਬਿੰਬ ਤੇ ਪ੍ਰਤੀਕ ਕਿਉਂ ਵਰਤੇ ਗਏ ਹਨ? ਕਿਉਂਕਿ ਗੁਰੂ ਸਾਹਿਬ ਸਮਾਜ ਨੂੰ ਬਦਲਣਾ ਚਾਹੁੰਦੇ ਸਨ, ਸਮਾਜਿਕ ਏਕਤਾ, ਸਮਾਜਿਕ ਬਰਾਬਰੀ ਅਤੇ ਆਪਣੇ ਲੋਕਾਂ ਨਾਲ ਖਲੋਣਾ ਚਾਹੁੰਦੇ ਸਨ ਤੇ ਖਲੋਤੇ ਵੀ। ਏਸੇ ਰਵਾਇਤ ਵਿਚ ਲੋਕਾਂ ਨਾਲ, ਲੋਕ-ਮਾਨਸ ਨਾਲ ਜੁੜਣ ਅਤੇ ਲੋਕ-ਧਾਰਾ ਨਾਲ ਖਲੋਣ ਦੀ ਵੱਡੀ ਗਵਾਹੀ ਸਾਨੂੰ ਫਿਰ ਓਥੇ ਮਿਲਦੀ ਹੈ ਜਦ ਆਦਿ-ਗ੍ਰੰਥ ਦੀ ਸੰਪਾਦਨਾ ਹੁੰਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਆਸਾ ਦੀ ਵਾਰ ਟੁੰਡੇ ਅਸਰਾਜੇ ਦੀ ਧੁਨੀ ਪਰ ਗਾਉਣੀ ਹੈ। ਹੋਰ ਵਾਰਾਂ ਲਈ ਲੋਕ-ਧੁਨੀਆਂ ਦੱਸੀਆਂ ਜਾਂਦੀਆਂ ਹਨ। ਇਹ ਲੋਕਾਂ ਨਾਲ ਖਲੋਣ ਦੇ ਵੱਡੇ ਤੇ ਮਹਾਨ ਉਪਰਾਲੇ ਹਨ। ਸਥਾਪਤੀ ਦੇ ਵਿਰੁੱਧ ਸੰਘਰਸ਼ ਦੇ ਲਖਾਇਕ ਹਨ। ਸਥਾਪਤੀ ਵਿਰੁੱਧ ਸੰਘਰਸ਼ ਕੇਵਲ ਨਾਹਰੇ ਮਾਰ ਕੇ ਨਹੀਂ ਹੁੰਦਾ, ਸਥਾਪਤੀ ਦੀ ਬੋਲੀ, ਸਥਾਪਤੀ ਦੇ ਗੀਤ-ਸੰਗੀਤ, ਸਥਾਪਤੀ ਦੀ ਸ਼ੈਲੀ, ਸਥਾਪਤੀ ਦੀ ਭਾਸ਼ਾ, ਸਥਾਪਤੀ ਕਿਹੋ ਜੇਹੇ ਰੂਪਾਂ ਰਾਹੀਂ ਪ੍ਰਗਟ ਹੁੰਦੀ ਹੈ, ਉਸ ਸਭ ਨਾਲੋਂ ਟੁੱਟਣਾ ਪੈਂਦਾ ਹੈ। ਪ੍ਰਤਿ-ਭਾਸ਼ਾ ਸਿਰਜਣੀ ਪੈਂਦੀ ਹੈ। ਪ੍ਰਤਿ-ਸ਼ੈਲੀ ਸਿਰਜਣੀ ਪੈਂਦੀ ਹੈ। ਇਹ ਮਹਾਨ ਕਾਰਜ ਗੁਰੂ ਨਾਨਕ ਦੇਵ ਜੀ ਤੇ ਸਾਡੇ ਹੋਰ ਗੁਰੂਆਂ ਨੇ ਕੀਤਾ ਹੈ।
       ਗੁਰੂ ਨਾਨਕ-ਬਾਣੀ ਦਾ ਇਕ ਹੋਰ ਸਮਾਜਿਕ ਤੇ ਸਾਡੀ ਹੋਂਦ ਦੇ ਪ੍ਰਸ਼ਨ ਨਾਲ ਜੁੜਿਆ ਪੱਖ ਇਹ ਹੈ ਕਿ ਇਹ ਬਾਣੀ ਪ੍ਰਸ਼ਨ ਪੁੱਛਦੀ ਹੋਈ ਵਾਣੀ ਹੈ। ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਹੀ ਮਨੁੱਖੀ ਹਸਤੀ ਤੇ ਹੋਂਦ ਬਾਰੇ ਬਹੁਤ ਵੱਡਾ ਪ੍ਰਸ਼ਨ ਪੁੱਛਿਆ ਗਿਆ ਹੈ : ''ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥'' ਸਿਰੀ ਰਾਗ ਵਿਚ ਗੁਰੂ ਸਾਹਿਬ ਪ੍ਰਸ਼ਨ ਪੁੱਛਦੇ ਹਨ : ''ਮੁਖ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ॥'' ਰਾਗ ਗਉੜੀ ਵਿਚ ਪੁੱਛਦੇ ਹਨ : ''ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ॥'' ਇਸ ਤਰ੍ਹਾਂ ਗੁਰੂ ਸਾਹਿਬ ਆਪਣੇ ਆਪ ਨੂੰ ਪ੍ਰਸ਼ਨ ਪੁੱਛ ਰਹੇ ਹਨ, ਆਪਣੇ ਸਾਥੀਆਂ ਤੇ ਸੰਸਾਰ ਦੇ ਜੀਵਾਂ ਤੋਂ ਪ੍ਰਸ਼ਨ ਪੁੱਛ ਰਹੇ ਹਨ। ਵੱਖ ਵੱਖ ਸਮਿਆਂ ਵਿਚ, ਮਨੁੱਖ ਸਾਹਮਣੇ ਵੱਖ ਵੱਖ ਪ੍ਰਸ਼ਨ ਪੇਸ਼ ਹੁੰਦੇ ਹਨ ਤੇ ਮਨੁੱਖਾਂ ਤੇ ਮਨੁੱਖਤਾ ਨੂੰ ਉਨ੍ਹਾਂ ਪ੍ਰਸ਼ਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਸ਼ਨ ਪੁੱਛਣ ਦਾ ਮਤਲਬ ਹੈ ਉਸ ਵੇਲੇ ਦੀ ਸਮਾਜਕ ਬਣਤਰ ਬਾਰੇ ਸੰਦੇਹ ਪ੍ਰਗਟ ਕਰਨਾ ਤੇ ਉਨ੍ਹਾਂ ਹਾਲਾਤ ਨਾਲ ਸੰਘਰਸ਼ ਕਰਨਾ ਹੈ ਜੋ ਲੋਕਾਈ ਵਾਸਤੇ ਚੰਗੇ ਨਹੀਂ।
       ਸਮਾਜਿਕ ਸੰਘਰਸ਼ ਕਿਰਤ ਤੇ ਕਿਰਤ ਤੋਂ ਪੈਦਾ ਹੋਣ ਵਾਲੀਆਂ ਵਸਤੂਆਂ ਦੀ ਸਮਾਜ ਵਿਚ ਨਿਆਂਪੂਰਕ ਵੰਡ ਨਾਲ ਜੁੜਿਆ ਹੋਇਆ ਹੈ। ਇਸ ਸੰਬੰਧ ਵਿਚ ਰਾਗ ਸਾਰੰਗ ਵਿਚ ਗੁਰੂ ਸਾਹਿਬ ਨੇ ਕਿਹਾ ਹੈ, ''ਘਾਲ ਖਾਇ ਕਿਛੁ ਹਥਹੁ ਦੇਹਿ॥ ਨਾਨਕ ਰਾਹੁ ਪਛਾਣਹਿ ਸੇਇ॥'' ਕਿਰਤ ਕਰੋ ਤੇ ਵੰਡ ਛਕੋ ਦਾ ਸਿਧਾਂਤ ਇਸ ਤਰ੍ਹਾਂ ਦੇ ਗੁਰੂ-ਵਾਕਾਂ ਦੀ ਦੇਣ ਹੈ। ਇਸ ਤਰਜ਼ 'ਤੇ ਗੁਰੂ-ਵਾਕਾਂ ਦੀ ਸਮਾਜਿਕ ਦੇਣ ਅਦੁੱਤੀ ਹੈ। ਉਸ ਵੇਲੇ ਦੀ ਸਮਾਜਿਕ ਬਣਤਰ ਦੇ ਬ੍ਰਾਹਮਣਵਾਦੀ ਅਤੇ ਜਾਗੀਰਦਾਰੀ ਸੰਕਲਪਾਂ ਵਿਚ ਕਿਰਤ ਨੂੰ ਹਿਕਾਰਤ ਨਾਲ ਵੇਖਿਆ ਗਿਆ ਹੈ। ਹੱਥੀਂ ਕੰਮ ਕਰਨ ਵਾਲਿਆਂ ਨੂੰ ਸਮਾਜਿਕ ਤੌਰ 'ਤੇ ਨੀਵੇਂ ਦਰਜੇ ਦਿੱਤੇ ਗਏ ਹਨ। ਗੁਰੂ ਸਾਹਿਬ ਕਿਰਤ ਨੂੰ ਬੁਨਿਆਦੀ ਮਨੁੱਖੀ ਗੁਣ ਵਜੋਂ ਪਛਾਣਦੇ ਹਨ ਤੇ ਏਸੇ ਲਈ ਗੁਰੂ ਨਾਨਕ ਦੇਵ ਜੀ ਦੇ ਦੌਰ ਤੋਂ ਕਿਰਤੀਆਂ ਦੇ ਸਮਰੱਥ ਹੋਣ ਦਾ ਦੌਰ ਸ਼ੁਰੂ ਹੁੰਦਾ ਹੈ। ਕਿਰਤੀਆਂ ਨੂੰ ਨਵੀਂ ਪਛਾਣ ਤੇ ਇੱਜ਼ਤ ਮਿਲਦੀ ਹੈ। ਪੰਜਾਬੀ ਸਮਾਜ ਵਿਚ ਜਮਹੂਰੀਅਤ ਦੇ ਬੀਜ ਪਣਪਦੇ ਹਨ। ਜੇ ਪੰਜਾਬੀ ਸਮਾਜ ਹਿੰਦੋਸਤਾਨੀ ਬਰੇ-ਸਗੀਰ ਦੇ ਦੂਸਰੇ ਸਮਾਜਾਂ ਨਾਲੋਂ ਜ਼ਿਆਦਾ ਜਮਹੂਰੀ ਹੈ ਤਾਂ ਇਸ ਵਿਚ ਗੁਰੂ ਸਾਹਿਬਾਨ, ਭਗਤੀ ਲਹਿਰ ਦੇ ਹੋਰ ਰਹਿਬਰਾਂ, ਸੂਫ਼ੀਆਂ ਤੇ ਇਨ੍ਹਾਂ ਦੇ ਨਾਲ ਨਾਲ ਪਣਪੇ ਸੰਘਰਸ਼ਾਂ ਦੀ ਦੇਣ ਬੁਨਿਆਦੀ ਹੈ। ਦੂਸਰੇ ਦੇ ਹੱਕ ਨੂੰ ਮਾਰਨਾ, ਉਨ੍ਹਾਂ ਨੇ ਹਰਾਮ ਦੱਸਿਆ ਹੈ, ''ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥'' ਜਿਹੜੇ ਲੋਕ ਜ਼ੁਲਮ ਕਰਦੇ ਹਨ, ਦੂਸਰਿਆਂ ਦਾ ਹੱਕ ਮਾਰਦੇ ਹਨ, ਗੁਰੂ ਸਾਹਿਬ ਨੇ ਉਨ੍ਹਾਂ ਨੂੰ ਲਹੂ-ਪੀਣੇ ਆਖਿਆ ''ਜੇ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥'' ਇਨਸਾਫ਼ ਕਰਨ ਵਾਲੇ ਕਾਜ਼ੀਆਂ ਲਈ ਕਹਿੰਦੇ ਹਨ ''ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੇ ਹਕ ਗਵਾਇ॥'' ਤੇ ਫਿਰ ਵੇਲੇ ਦੇ ਹਾਕਮਾਂ ਬਾਰੇ ਕਿਹਾ ਹੈ ''ਰਾਜੇ ਸੀਹਿ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥'' ਰਾਜੇ ਦੀ ਨੌਕਰਸ਼ਾਹੀ ਤੇ ਉਸ ਦੇ ਚਾਕਰਾਂ ਬਾਰੇ ਕਿਹਾ ''ਚਾਕਰ ਨਹਦਾ ਪਾਇਨਿ ਘਾਉ॥ ਰਤ ਪਿਤੁ ਕੁਤਿਹੋ ਚਟਿ ਜਾਹੁ॥'' ਇਹ ਨੌਕਰਸ਼ਾਹ ਲੋਕਾਂ 'ਤੇ ਨਹੁੰਦਰਾਂ ਨਾਲ ਜ਼ਖ਼ਮ ਕਰਦੇ ਹਨ। ਕੁੱਤਿਆਂ ਵਾਂਗ ਪਰਜਾ ਦਾ ਲਹੂ ਪੀਂਦੇ ਹਨ।
      ਗੁਰੂ ਨਾਨਕ ਦੇਵ ਜੀ ਸਾਡੇ ਸਾਹਮਣੇ ਉਹ ਫਲਸਫ਼ਾ ਨਹੀਂ ਰੱਖਦੇ ਜੋ ਰਹੱਸਮਈ ਹੋਵੇ, ਸ਼ਬਦਾਂ ਦੀ ਧੁੰਦ ਵਿਚ ਗਵਾਚਾ ਹੋਵੇ। ਉਹ ਆਪਣੇ ਸਮੇਂ ਦੇ ਸਮਾਜ ਦੀ ਤਸ਼ਖ਼ੀਸ ਕਰਦੇ ਹਨ। ਉਸ ਸਮਾਜ ਦਾ ਸਿਆਸੀ ਤੇ ਸਮਾਜਿਕ ਅਕਸ ਸਾਡੇ ਸਾਮ੍ਹਣੇ ਰੱਖਦੇ ਹਨ, ਉਸ ਵੇਲੇ ਦੇ ਸਮਾਜ ਦੀਆਂ ਪ੍ਰੇਰਕ ਸ਼ਕਤੀਆਂ 'ਤੇ ਉਂਗਲ ਰੱਖਦੇ ਹੋਏ ਰਾਗ ਆਸਾ ਵਿਚ ਦੱਸਦੇ ਹਨ ''ਲਬੁ ਪਾਪ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰ॥'' ਲਬੁ ਮਤਲਬ ਲੋਭ ਤੇ ਪਾਪ ਰਾਜਨ ਹਨ, ਕੂੜ ਮਹਿਤਾ ਹੈ ਭਾਵ ਸਰਕਾਰੀ ਟਕਸਾਲ ਦਾ ਸਰਦਾਰ ਹੈ। ਪਰਜਾ ਅੰਨ੍ਹੀ ਤੇ ਗਿਆਨ ਤੋਂ ਸੱਖਣੀ ਹੈ। ਹਾਕਮ ਲਾਲਚ ਦੀ ਅੱਗ ਨਾਲ ਭਰੇ ਹੋਏ ਹਨ, ਪਰਜਾ ਉਨ੍ਹਾਂ ਨੂੰ ਵੱਢੀ ਦੇ ਕੇ ਸ਼ਾਂਤ ਕਰਦੀ ਹੈ ''ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥'' (ਰਾਗ ਆਸਾ) ਵੱਢੀ ਦੇਣ ਦਾ ਜ਼ਿਕਰ ਵਾਰ ਵਾਰ ਕਰਦੇ ਹਨ ''ਰਾਜਾ ਨਿਆਉ ਕਰੇ ਹਥਿ ਹੋਇ॥'' ਭਾਵ ਹਾਕਮ ਦੇ ਹੱਥ 'ਤੇ ਪੈਸਾ ਰੱਖੋ, ਵੱਢੀ ਦਿਉ ਤਾਂ ਉਹ ਨਿਆਂ ਕਰਦਾ ਹੈ। ਇਸ ਤਰ੍ਹਾਂ ਨਾਨਕ-ਬਾਣੀ ਸਮਾਜ ਦਾ ਅਕਸ ਪੇਸ਼ ਕਰਦੀ ਹੈ।
      ਗੁਰੂ ਨਾਨਕ ਦੇਵ ਜੀ ਦੇ ਸਮਾਜਿਕ ਸੰਘਰਸ਼ ਦਾ ਮੁੱਖ ਪਹਿਲੂ ਬ੍ਰਾਹਮਣਵਾਦ ਤੋਂ ਨਾਤਾ ਤੋੜਣਾ ਹੈ। ਇਹ ਤੋੜ-ਵਿਛੋੜਾ ਬਹੁ-ਦੇਵਤਾਵਾਦ ਤੇ ਅਵਤਾਰਵਾਦ ਨੂੰ ਨਕਾਰਣ ਵਿਚ ਵੀ ਹੈ ਤੇ ਕਰਮਕਾਂਡ, ਮੂਰਤੀ-ਪੂਜਾ ਤੇ ਤੀਰਥਵਾਦ ਨੂੰ ਨਕਾਰਣ ਵਿਚ ਵੀ। ਤੀਰਥ-ਯਾਤਰਾ ਤੇ ਤੀਰਥਾਂ ਦੇ ਸੰਕਲਪ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਸੂਹੀ ਰਾਗ ਵਿਚ ਲਿਖਦੇ ਹਨ ''ਨਾਵਣ ਚਲੇ ਤੀਰਥੀ ਮਨਿ ਖੋਟੇ ਤਨਿ ਚੋਰੁ॥'' ਭਾਵ ਖੋਟੇ ਮਨਾਂ ਤੇ ਚੋਰਟੇ ਤਨਾਂ ਵਾਲੇ ਬੰਦੇ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਹਨ। ਰਾਗ ਬਸੰਤ ਵਿਚ ਲਿਖਦੇ ਹਨ ''ਤੀਰਥਿ ਭਰਮੈ ਰੋਗੁ ਨ ਛੂਟਸਿ॥'' ਸੂਹੀ ਰਾਗ ਵਿਚ ਅੱਗੇ ਲਿਖਦੇ ਹਨ ''ਬਾਂਗਾ ਬੁਰਗੂ ਸਿੰਙੀਆ ਨਾਲ ਮਿਲੀ ਕਲਾਣ॥'' ਕਿ ਬਾਂਗਾਂ ਦੇਣ ਵਾਲੇ, ਸਿੰਙੀਆਂ ਵਜਾਉਣ ਵਾਲੇ, ਕਲਾਣ ਕਰਨ ਵਾਲੇ ਲੋਕਾਂ ਤੋਂ ਮਿਲੀ ਭਿੱਖਿਆ 'ਤੇ ਪੇਟ ਪਾਲਣਾ ਕਰਦੇ ਹਨ। ਰਾਗ ਭੈਰਉ ਵਿਚ ਯੱਗ, ਹਵਨ, ਦੇਹ ਨੂੰ ਦੁੱਖ ਦੇਣ ਵਾਲੀ ਤਪੱਸਿਆ ਕਰਨ ਤੇ ਹੋਰ ਕਰਮਕਾਂਡਾਂ ਨੂੰ ਨਕਾਰਦੇ ਹਨ ''ਜਗ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ॥ ਰਾਮ ਨਾਮ ਬਿਨ ਮੁਕਤਿ ਨ ਪਾਵਸਿ ਮੁਕਤਿ ਨਾਮਿ ਗੁਰਮੁਖ ਲਹੈ॥'' ਰਾਗ ਬਿਲਾਵਲ ਵਿਚ ਸਪਸ਼ਟ ਕਰਦੇ ਹਨ ''ਪਾਖੰਡਿ ਕੀਨੈ ਮੁਕਤਿ ਨ ਹੋਇ॥'' ਮੂਰਤੀ-ਪੂਜਾ ਵਿਰੁੱਧ ਲਿਖਿਆ ਹੈ ਕਿ ਮੂਰਤੀ-ਪੂਜਾ ਕਰਨ ਵਾਲੇ ਗੂੰਗੇ, ਅੰਨ੍ਹੇ, ਮਹਾਂ-ਅੰਨ੍ਹੇ ਹਨ ''ਅੰਧੇ ਗੁੰਗੇ ਅੰਧ ਅੰਧਾਰੁ॥ ਪਾਥਰੁ ਲੈ ਪੂਜਹਿ ਮੁਗਧ ਗਵਾਰ॥'' ਰਾਗ ਆਸਾ ਵਿਚ ਮੁਸਲਮਾਨਾਂ ਤੇ ਹਿੰਦੂਆਂ ਦੋਹਾਂ ਦੇ ਆਗੂਆਂ ਨੂੰ ਸਪਸ਼ਟ ਤੇ ਪ੍ਰਚੰਡ ਸ਼ਬਦਾਂ ਵਿਚ ਕਹਿੰਦੇ ਹਨ ''ਛੋਡੀ ਲੇ ਪਾਖੰਡਾ॥''
      ਜਦ ਪੰਜਾਬ 'ਤੇ ਮੁਸੀਬਤ ਆਉਂਦੀ ਹੈ, ਬਾਬਰ ਹਮਲਾ ਕਰਦਾ ਹੈ ਤਾਂ ਗੁਰੂ ਸਾਹਿਬ ਉਸ ਦੇ ਵਿਰੋਧ ਵਿਚ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਪਰ ਉਹ ਸਿਰਫ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਾਹਕ ਨਹੀਂ ਬਣਦੇ ਸਗੋਂ ਇਕ ਵੱਡੇ ਭੂਗੋਲਿਕ ਖਿੱਤੇ ਦੇ ਹੱਕਾਂ ਦੇ ਵਾਹਕ ਬਣਦੇ ਹਨ ਜਿਸ ਨੂੰ ਉਹ ਆਪਣੀ ਬਾਣੀ ਵਿਚ ਹਿੰਦੋਸਤਾਨ ਕਹਿੰਦੇ ਹਨ, ''ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥'' ਇਸ ਤਰ੍ਹਾਂ ਉਹ ਪੰਜਾਬ ਦੇਸ ਲੋਕਾਂ ਦੀ ਭਾਵੀ ਨੂੰ ਨਾਲ ਦੇ ਖੇਤਰਾਂ ਨਾਲ ਜੋੜਦੇ ਹਨ, ਸਾਨੂੰ ਸੌੜੀਆਂ ਵਲਗਣਾਂ 'ਚੋਂ ਕੱਢਦੇ ਹਨ।
      ਇਸ ਤਰ੍ਹਾਂ ਨਾਨਕ-ਬਾਣੀ ਸਮਾਜਿਕ ਏਕਤਾ ਤੇ ਸਮਾਜਿਕ ਬਰਾਬਰੀ ਦੇ ਸੰਘਰਸ਼ ਦੀ ਬਾਣੀ ਹੋ ਨਿੱਬੜਦੀ ਹੈ ਜਿਸ ਰਾਹੀਂ ਪੰਜਾਬ ਦੀਆਂ ਕਿਰਸਾਨੀ ਤੇ ਕਿਰਤੀ ਜਾਤਾਂ ਅਤੇ ਜਮਾਤਾਂ ਮੁਗ਼ਲਾਂ ਅਤੇ ਬਾਹਰ ਦੇ ਹਮਲਾਵਰਾਂ ਨਾਲ ਟੱਕਰ ਲੈਂਦੀਆਂ ਹਨ। ਗੁਰੂ ਸਾਹਿਬ ਦੀ ਵਾਣੀ ਪੂਰੇ ਹਿੰਦੋਸਤਾਨ ਵਿਚ ਗੂੰਜਦੀ ਹੈ। ਏਸੇ ਲਈ ਮੁਹੰਮਦ ਇਕਬਾਲ ਨੇ ਲਿਖਿਆ ਸੀ :

ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦੇ-ਕਾਮਿਲ ਨੇ ਜਗਾਇਆ ਖ਼ਾਬ ਸੇ।

      16ਵੀਂ ਸਦੀ ਤੋਂ ਬਾਅਦ ਗੁਰੂ ਨਾਨਕ ਬਾਣੀ ਉੱਤਰੀ ਹਿੰਦੋਸਤਾਨ ਵਿਚ ਚਾਰ-ਚੁਫ਼ੇਰੇ ਗੂੰਜ ਰਹੀ ਸੀ। ਕੁਝ ਲੋਕ ਸ਼ਾਇਦ ਇਹ ਸੋਚ ਸਕਦੇ ਸਨ ਕਿ ਇਹ ਅਤਿਕਥਨੀ ਹੈ। ਮੈਂ ਦੋ ਉਦਾਹਰਣਾਂ ਦਿਆਂਗਾ : ਗੁਰੂ ਸਾਹਿਬ ਬੰਗਾਲ, ਉੜੀਸਾ, ਆਸਾਮ ਗਏ ਸਨ। ਪੁਰੀ (ਉੜੀਸਾ) ਵਿਚ ਜਗਨਨਾਥ ਦੀ ਬਹੁਤ ਵੱਡੀ ਯਾਤਰਾ ਨਿਕਲਦੀ ਹੈ। ਉਸ ਵਿਚ ਇਕ ਝਾਕੀ ਹੁੰਦੀ ਹੈ ਜਿਸ ਵਿਚ ਇਹ ਬੋਲ ਹਨ:

''ਕਹਾਂ ਸੇ ਆਇਆ ਨਾਨਕ ਸਾਈਂ, ਕਹਾਂ ਤੁਮਾਰਾ ਡੇਰਾ।
ਕਹਾਂ ਤੁਮਾਰਾ ਗੁਰੂ ਕਾ ਗੱਦੀ, ਕੌਣ ਦੇਵ ਕਾ ਪਹਿਰਾ।''

18ਵੀਂ ਸਦੀ ਦੇ ਆਗਰੇ ਦੇ ਲੋਕ-ਸ਼ਾਇਰ ਨਜ਼ੀਰ ਅਕਬਰਾਬਾਦੀ ਨੇ ਗੁਰੂ ਨਾਨਕ ਦੇਵ ਜੀ ਨੂੰ ਏਦਾਂ ਯਾਦ ਕੀਤਾ:

ਕਹਤੇ ਹੈਂ ਨਾਨਕ ਸ਼ਾਹ ਜਿਨ੍ਹੇਂ,
ਵੁਹ ਪੂਰੇ ਹੈਂ  ਆਗਾਹ ਗੁਰੂ।
ਵਹ ਕਾਮਿਲ ਰਹਬਰ ਜਗ ਮੇਂ ਹੈ,
ਯੂੰ ਰੌਸ਼ਨ ਜੈਸੇ ਮਾਹ ਗੁਰੂ।
ਮਕਸੂਦ  ਮੁਰਾਦ  ਉਮੀਦ,
ਸਭੀ ਬਰ ਲਾਤੇ ਹੈਂ ਦਿਲਖਵਾਹ ਗੁਰੂ।
ਨਿਤ ਲੁਤਫ਼ੋ-ਕਰਮ ਸੇ ਕਰਤੇ ਹੈਂ,
ਲੋਗੋਂਂ ਕਾ ਨਿਰਬਾਹ ਗੁਰੂ।
ਇਸ ਬਖ਼ਸ਼ਿਸ਼ ਕੇ, ਇਸ ਅਜ਼ਮਤ ਕੇ,
ਹੈਂ ਬਾਬਾ ਨਾਨਕ ਸ਼ਾਹ ਗੁਰੂ।
ਸਬ ਸੀਸ ਝੁਕਾ ਅਰਦਾਸ ਕਰੋ,
ਔਰ ਹਰਦਮ ਬੋਲੋ ਵਾਹ ਗੁਰੂ।

        ਗੁਰੂ ਨਾਨਕ-ਬਾਣੀ ਨੇ ਆਪਣੇ ਵੇਲੇ ਤੇ ਉਸ ਤੋਂ ਬਾਅਦ ਵਿਚ ਹੋਏ ਸਮਾਜਿਕ ਸੰਘਰਸ਼ਾਂ ਵਿਚ ਵੱਡਾ ਹਿੱਸਾ ਪਾਇਆ। ਗੁਰੂ ਸਾਹਿਬ ਦੇ ਬੋਲ ਲੁੱਟ-ਖਸੁੱਟ, ਜ਼ੁਲਮ, ਬ੍ਰਾਹਮਣਵਾਦ ਤੇ ਜਾਤ-ਪਾਤ ਦੇ ਵਿਰੋਧੀ ਤੇ ਕਿਰਤੀਆਂ ਦੇ ਹੱਕਾਂ ਦੇ ਬੋਲ ਬਣੇ। ਉਨ੍ਹਾਂ ਦੇ ਸਿਰਜੇ ਨਿਰਗੁਣ ਇਕ-ਈਸ਼ਵਰਵਾਦ ਦੇ ਸੰਕਲਪ ਨੇ ਪੰਜਾਬੀ ਸਮਾਜ ਵਿਚ ਤੇ ਹੋਰ ਸਮਾਜਾਂ ਵਿਚ ਜਮਹੂਰੀ ਰੂਹ ਫੂਕੀ। ਗੁਰੂ ਸਾਹਿਬ ਦੀ ਸਮਾਜ ਨੂੰ ਦੇਣ ਅਦੁੱਤੀ ਹੈ।

ਗੁਰਾਂ ਕਿਹਾ ਮਰਦਾਨੇ ਨੂੰ ਉੱਠਦਿਆਂ ਈ,
ਭਿੱਜੀ ਹੋਈ ਸੀ ਰੂਹ ਵਿਸਮਾਦ ਅੰਦਰ।
ਥੋੜ੍ਹਾ ਵੇਖੇ ਤੇ ਸਭ ਕੁਝ ਜਾਣ ਜਾਵੇ,
ਅੱਖਾਂ ਹੋਣੀਆਂ ਚਾਹੀਦੀਆਂ ਸਾਧ ਅੰਦਰ।
ਇਕ ਜੀਅ ਰਿਹਾ ਕਿਸੇ ਦਾ ਖ਼ੂਨ ਪੀ ਕੇ
ਇਕ ਮਰ ਰਿਹਾ ਕਿਸੇ ਦੀ ਯਾਦ ਅੰਦਰ।
ਨੇਕੀ ਬਦੀ ਦਾ ਜੰਗ ਮਚਾਣ ਵਾਲ਼ੇ,
ਧੜੇ ਦੋਨੋਂ ਨੇ ਏਮਨਾਬਾਦ ਅੰਦਰ।

ਇਕ ਨੂੰ ਕਿਬਰ ਹੈ ਸਾਜ਼ ਆਵਾਜ਼ ਉੱਤੇ,
ਇਕ ਨੂੰ ਹੌਂਸਲਾ ਅਪਣੇ ਨਿਰਤ ਉੱਤੇ।
ਇਕ ਨੂੰ ਫ਼ਖ਼ਰ ਹੈ ਸ਼ਾਹੀ ਖ਼ਜ਼ਾਨਿਆਂ 'ਤੇ,
ਇਕ ਨੂੰ ਮਾਣ ਹੈ ਹੱਥਾਂ ਦੀ ਕਿਰਤ ਉੱਤੇ।
ਇਕ ਧਿਰ ਛੱਡਣੀ ਪਊ ਜ਼ਰੂਰ ਸਾਨੂੰ,
ਦਾਅਵਤ ਆਈ ਹੋਈ ਏ ਦੋਹਾਂ ਪਾਸਿਆਂ ਤੋਂ।
ਭੈੜੇ ਦਿਸਣ ਧਨਾਢ ਦੇ ਮਾਹਲ ਪੂੜੇ
ਮਿਹਨਤਕਸ਼ ਦਿਆਂ ਟੁਕੜਿਆਂ ਬਾਸਿਆਂ ਤੋਂ।

ਚਾਂਦੀ ਸੋਨੇ ਦੇ ਥਾਲ਼ ਗਲਾਸ ਮੈਨੂੰ,
ਲਗਦੇ ਬੁਰੇ ਮਜ਼ਦੂਰ ਦੇ ਕਾਸਿਆਂ ਤੋਂ।
ਲਾਲੋ ਬਚਨ ਬਿਲਾਸ ਵੀ ਠੀਕ ਕਰਦਾ,
ਮਲਕ ਭਾਗੋ ਦੇ ਫੋਕੇ ਦਿਲਾਸਿਆਂ ਤੋਂ।

ਨਾਲ਼ੇ ਲਾਲੋ ਨੇ ਕੋਧਰਾ ਆਪ ਪੀਹ ਕੇ,
ਸਾਡੇ ਨਾਂ ਦੀ ਰੋਟੀ ਪਕਾਈ ਹੋਈ ਏ।
ਭਾਗੋ ਖਾਣੇ ਚ ਐਬ ਛਪਾਉਣ ਖ਼ਾਤਰ,
ਕੱਢ ਕੇ ਰੱਤ ਗ਼ਰੀਬਾਂ ਦੀ ਪਾਈ ਹੋਈ ਏ।
' ' '
ਜਾਵਾਂ ਤੋੜ ਕੇ ਜੇ ਦਿਲਦਾਰ ਦੀ ਖਿੱਚ।
ਮਲਕ ਭਾਗੋ ਤੋਂ ਖਿੱਚ ਕੇ ਘਰ ਲੈ ਗਈ,
ਨਾਨਕ ਯਾਰ ਤਾਈਂ ਲਾਲੋ ਯਾਰ ਦੀ ਖਿੱਚ।
ਆਲਮ ਉੱਠਿਆ ਸਤਿ ਕਰਤਾਰ ਕਹਿ ਕੇ,
ਬਾਹੋਂ ਪਕੜ ਮਰਦਾਨੇ ਨੂੰ ਨਾਲ਼ ਲੈ ਗਿਆ ਉਹ।
ਮਲਕ ਭਾਗੋ ਉਡੀਕਦਾ ਰਿਹਾ ਮਹਿਲੀਂ,
ਜਾ ਕੇ ਲਾਲੋ ਦੀ ਕੁੱਲੀ ਚ ਬਹਿ ਗਿਆ ਉਹ॥

– ਗੁਰਦਾਸ ਰਾਮ ਆਲਮ

ਚੋਜੀ ਪ੍ਰੀਤਮ
ਗ੍ਰਹਸਤੀ ਦੁਕਾਨਦਾਰ ਵਾਗੀ ਕਿਤੇ ਜ਼ਿਮੀਂਦਾਰ
ਕਿਤੇ ਖਰੇ ਸੌਦਿਆਂ ਦਾ ਬਣਿਆ ਵਪਾਰੀ ਏ।
ਮੌਲਵੀ ਦਾ ਮੌਲਵੀ ਤੇ ਵੈਦਾਂ ਦਾ ਵੀ ਵੈਦ ਕਿਤੇ
ਪਾਂਧਿਆਂ ਦੇ ਪਾਂਧੇ ਪੱਟੀ ਨਾਮ ਦੀ ਉਚਾਰੀ ਏ।
ਦੂਰ ਦੂਰ ਦੇਸ਼ਾਂ ਤੀਕ ਮਾਰੀ ਹੈ ਉਡਾਰੀ ਕਿਤੇ
ਕਿਤੇ ਕੈਦ ਹੋ ਕੇ ਕੈਦ ਕੈਦੀਆਂ ਦੀ ਟਾਰੀ ਏ।
ਪੀਰਾਂ ਵਿੱਚੋਂ ਪੀਰ ਤੇ ਫ਼ਕੀਰਾਂ ਚੋਂ ਫ਼ਕੀਰ ਵੱਡਾ
ਵਲੀਆਂ ਦਾ ਵਲੀ ਗੁਰੂ ਨਾਨਕ ਨਿਰੰਕਾਰੀ ਏ।

ਇਕੋ ਰੰਗ ਰੰਗ ਵਿਚ ਸਾਰੇ ਰੰਗ ਰੰਗ ਦੇਵੇ
ਜੋਈ ਰੰਗ ਵੇਖੋ ਦਿੱਸੇ ਅਜਬ ਲਲਾਰੀ ਏ।
ਹਿੰਦੂ ਕਹਿਣ ਹਿੰਦੂ ਅਤੇ ਮੁਸਲਮਾਨ ਮੁਸਲਮਾਨ
ਸਾਰੇ ਅਪਣਾਉਂਦੇ ਇਹ ਲੀਲਾ ਹੀ ਨਿਆਰੀ ਏ।
ਜੋਈ ਵੇਖੋ ਸੋਈ ਦਿਸੇ ਜੋਈ ਚਾਹੋ ਸੋਈ ਪਾਉ
ਦਾਰੂ ਅਕਸੀਰ ਤੇ ਮਦਾਰੀ ਸ਼ਾਹ-ਮਦਾਰੀ ਏ।
ਪੀਰਾਂ ਵਿਚੋਂ ਪੀਰ ਤੇ ਫ਼ਕੀਰਾਂ ਚੋਂ ਫ਼ਕੀਰ ਵੱਡਾ
ਵਲੀਆਂ ਦਾ ਵਲੀ ਗੁਰੂ ਨਾਨਕ ਨਿਰੰਕਾਰੀ ਏ।