ਪੰਜਾਬ ਦੇ ਪ੍ਰਸਿੱਧ ਤਬਲਾ ਵਾਦਕ : ਉਸਤਾਦ ਅਨਿਕਬਾਰ ਸਿੰਘ - ਡਾ. ਜਸਵਿੰਦਰ ਸਿੰਘ
ਗੁਰਬਾਣੀ ਕੀਰਤਨ ਵਿੱਚ ਰਾਗ ਅਤੇ ਤਾਲ ਦਾ ਬੜਾ ਮਹੱਤਵਪੂਰਨ ਸਥਾਨ ਹੈ।ਗੁਰਬਾਣੀ ਕੀਰਤਨ ਕਰਨ ਵਾਲਿਆਂ ਨੂੰ ਜਿਥੇ ਸ਼ੁੱਧ ਗੁਰਬਾਣੀ ਉਚਾਰਨ ਦਾ ਅਭਿਆਸ ਹੋਣਾ ਲਾਜ਼ਮੀ ਹੈ।ਉਥੇ ਸੁਰ, ਲੈਅ ਅਤੇ ਤਾਲ ਦਾ ਗਿਆਨ ਹੋਣਾ ਵੀ ਅਤਿਅੰਤ ਜ਼ਰੂਰੀ ਹੈ।ਇਸ ਗਿਆਨ ਨੂੰ ਪ੍ਰਾਪਤ ਕਰਨ ਲਈ ਚੰਗੇ ਉਸਤਾਦ ਦੇ ਨਾਲ-ਨਾਲ ਥਿਊਰੀ ਅਤੇ ਪ੍ਰੈਕਟੀਕਲ ਦੀ ਵੀ ਲੋੜ ਹੁੰਦੀ ਹੈ।ਸ਼ਾਸ਼ਤਰਾਂ ਅਨੁਸਾਰ ਸੰਗੀਤ ਨੂੰ ਤਿੰਨ ਭਾਗਾਂ ਵਿੱਚ ਵੰਡਿਆਂ ਗਿਆ ਹੈ,ਗਾਇਨ,ਵਾਦਨ ਅਤੇ ਨ੍ਰਿਤ।ਇਹ ਤਿਨੋਂ ਤਾਲ ਦੀ ਸੰਗਤ ਤੋਂ ਬਿਨ੍ਹਾਂ ਅਧੂਰੀਆਂ ਰਿਹ ਜਾਂਦੀਆਂ ਹਨ।ਜਦੋਂ ਅਸੀਂ ਤਾਲ ਦੀ ਗੱਲ ਕਰਦੇ ਹਾਂ ਤਾਂ ਦਿਲ ਵਿਚੋਂ ਆਪ ਮੁਹਾਰੇ ਹੀ ਇੱਕ ਰੂਹਾਨੀ ਸਖਸ਼ੀਅਤ ਦਾ ਨਾਮ ਸਾਡੀ ਜੁਬਾਨ ਤੇ ਆਉਂਦਾ ਹੈ, ਉਹ ਹਨ ਤਬਲਾ ਵਾਦਕ ਉਸਤਾਦ ਅਨਿਕਬਾਰ ਸਿੰਘ।ਤਬਲੇ ਦੀ ਰਚਨਾ ਪਖਾਵਜ਼ ਤੋਂ ਹੋਈ ਮੰਨੀ ਜਾਂਦੀ ਹੈ।ਆਮ ਬੋਲ-ਚਾਲ ਵਿੱਚ ਇਸਨੂੰ ਜੋੜੀ ਵੀ ਕਹਿੰਦੇ ਹਨ।ਵਿਦਵਾਨਾਂ ਦਾ ਮੰਨਣਾ ਹੈ ਕਿ ਗੁਰੂ ਕਾਲ ਵਿੱਚ ਸਤਾਰਵੀਂ ਸਦੀ ਤੱਕ ਦੇ ਦਰਬਾਰੀ ਕੀਰਤਨ ਵਿੱਚ ਪਖਾਵਜ਼ ਨਾਲ ਸੰਗਤ ਕੀਤੀ ਜਾਂਦੀ ਸੀ।ਉਸ ਤੋਂ ਪਿਛੋਂ ਅਠਾਰਵੀਂ ਸਦੀ ਤੋਂ ਹਰੇਕ ਗਾਇਨ-ਵਾਦਨ ਸ਼ੈਲੀ ਦੇ ਨਾਲ ਤਬਲੇ ਦੀ ਸੰਗਤ ਵੀ ਸ਼ੁਰੂ ਹੋ ਗਈ।
ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਨਿਵਾਸ ਕਰਦੇ ਉਸਤਾਦ ਅਨਿਕਬਾਰ ਸਿੰਘ ਦਾ ਤਬਲਾ ਵਾਦਕ ਹੋਣਾ ਅੱਜ ਕਿਸੇ ਦੀ ਜਾਣ-ਪਹਿਚਾਣ ਦਾ ਮੁਹਤਾਜ ਨਹੀਂ ਰਿਹਾ।ਛੋਟੀ ਜਿਹੀ ਉਮਰ ਵਿੱਚ ਹੀ ਤਬਲੇ ਦੇ ਖੇਤਰ ਵਿੱਚ ਪਕੜ ਬਣਾ ਲੈਣੀ ਕਿਸੇ ਚਮਤਕਾਰ ਤੋਂ ਘੱਟ ਨਹੀਂ।ਉਸਤਾਦ ਜੀ ਦੀ ਉਮਰ ਅਜੇ ਤੀਹ ਸਾਲ ਦੀ ਹੈ ,ਪਰ ਇਤਨੇ ਥੋੜੇ ਜਿਹੇ ਵਕਫੇ ਵਿੱਚ ਜੋ ਉਹਨਾਂ ਨੇ ਮੁਕਾਮ ਹਾਸਲ ਕੀਤਾ ਹੈ,ਇਹ ਸਭ ਗੁਰੂ ਦੀ ਨਜ਼ਰੇ ਇਨਾਇਤ ਹੀ ਆਖੀ ਜਾ ਸਕਦੀ ਹੈ।ਉਸਤਾਦ ਜੀ ਦਾ ਜਨਮ ਸ. ਇੰਦਰਪਾਲ ਸਿੰਘ ਦੇ ਘਰ, ਮਾਤਾ ਬਲਜਿੰਦਰ ਕੌਰ ਜੀ ਦੀ ਕੁੱਖੋਂ 7 ਸਤੰਬਰ 1989 ਵਿੱਚ ਹੋਇਆ।ਉਨ੍ਹਾਂ ਦੀ ਪਤਨੀ ਦਾ ਨਾਮ ਗੁਰਮੀਤ ਕੌਰ ਤੇ ਬੇਟੀ ਦਾ ਨਾਮ ਖੁਸ਼ਨੈਨ ਕੌਰ ਹੈ।
ਉਹਨਾਂ ਨੇ 9 ਸਾਲ ਦੀ ਉਮਰ ਵਿੱਚ ਹੀ ਸੰਗੀਤ ਪ੍ਰੰਪਰਾ ਵਿੱਚ ਪ੍ਰਯੋਗ ਹੋਣ ਵਾਲੇ ਸਾਜ਼ ਤਬਲੇ ਦੀ ਵਿਦਿਆ ਹਾਸਿਲ ਕਰਨੀ ਸ਼ੁਰੂ ਕਰ ਦਿੱਤੀ।ਬਾਰਵੀਂ ਜਮਾਤ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ ਸ਼ਹਿਰ ਦੇ ਸਰਕਾਰੀ ਕਾਲਜ ਤੋਂ ਹੀ ਬੀ.ਏ ਦੀ ਡਿਗਰੀ ਪ੍ਰਾਪਤ ਕੀਤੀ। ਫਿਰ ਮਿਊਜ਼ਿਕ 'ਚ ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਤੋਂ ਹੀ ਐਮ.ਏ. ਦੀ ਡਿਗਰੀ ਪ੍ਰਾਪਤ ਕਰਨ ਦਾ ਵੀ ਅਵਸਰ ਮਿਲਿਆ।ਇਹ ਸੰਗੀਤਕ ਖੇਤਰ ਵਿੱਚ ਇੱਕ ਵੱਡੀ ਤੇ ਅਹਿਮ ਪ੍ਰਾਪਤੀ ਹੈ। ਇਸ ਤਮਾਮ ਸੰਗੀਤਕ ਵਿਦਿਆ ਦੀ ਸਿਖਲਾਈ ਦੌਰਾਨ ਉਨਾ੍ਹਂ ਨੇ ਵੱਖ-ਵੱਖ ਉਸਤਾਦਾਂ ਪਾਸੋਂ ਵਿਦਿਆ ਹਾਸਿਲ ਕੀਤੀ, ਉਹਨਾਂ ਦਾ ਜਿਕਰ ਕਰਨਾ ਵੀ ਜ਼ਰੂਰੀ ਹੈ।ਅਨਿਕਬਾਰ ਜੀ ਦੇ ਮੁੱਢਲੇ ਉਸਤਾਦ ਪ੍ਰੋ. ਅਵਤਾਰ ਸਿੰਘ ਹਨੀ, ਉਸਤਾਦ ਨਿਰਮਲ ਸਿੰਘ, ਉਸਤਾਦ ਰਣਬੀਰ ਸਿੰਘ ਆਦਿ ਦੇ ਨਾਂ ਜ਼ਿਕਰਯੋਗ ਹਨ।ਫਿਰ ਦੋ ਸਾਲ ਪ੍ਰੋ. ਅਮਰਜੀਤ ਜੀ ਪਾਸੋਂ ਤਬਲੇ ਦੀਆਂ ਬਾਰੀਕੀਆਂ ਸਿੱਖੀਆਂ। ਉਸ ਤੋਂ ਬਾਅਦ ਉਸਤਾਦ ਜੀ ਨੇ ਪੰਡਿਤ ਰਮਾਕਾਂਤ ਜੀ ਕੋਲ ਲਗਾਤਾਰ ਛੇ ਸਾਲ ਤਬਲੇ ਦੀ ਵਿਦਿਆ ਪ੍ਰਾਪਤ ਕੀਤੀ।ਅਨਿਕਬਾਰ ਜੀ ਪ੍ਰਿੰ. ਸੁਖਵੰਤ ਸਿੰਘ ਜੀ ਨੂੰ ਵੀ ਆਪਣਾ ਪ੍ਰੇਰਨਾ ਸ੍ਰੋਤ ਮੰਨਦੇ ਹਨ।
ਸੰਗੀਤਕ ਵਿਦਿਆ ਗ੍ਰਹਿਣ ਕਰਨ ਤੋਂ ਬਾਅਦ ਉਹਨਾਂ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਤਬਲਾ ਅਧਿਆਪਕ ਵਜੋਂ ਸੇਵਾਵਾਂ ਨਿਭਾ ਚੁਕੇ ਹਨ,ਜਿਨ੍ਹਾਂ ਵਿੱਚ ਰਾਮਗੜੀਆ ਗਰਲ ਕਾਲਜ,ਲੁਧਿਆਣਾ, ਗੁਰਮਿਤ ਸੰਗੀਤ ਅਕੈਡਮੀ ਭਾਈ ਕੀ ਸਮਾਧ,ਮੋਗਾ ਆਦਿ।ਇਥੇ ਹੀ ਵੱਸ ਨਹੀਂ ਅੱਜ ਵੀ ਉਹ ਅਪਨੇ ਸੰਗੀਤ ਦੇ ਖੇਤਰ ਵਿੱਚ ਕਾਰਜਸ਼ੀਲ ਹਨ।
ਉਹਨਾਂ ਨੇ ਆਪਣੇ ਤਬਲੇ ਦੀ ਪੇਸ਼ਕਾਰੀ ਦੁਆਰਾ, ਤਬਲਾ ਸਿੱਖਆਰਥੀਆਂ ਦੇ ਪ੍ਰੋਫਾਈਲ ਵੱਲ ਬਹੁਤ ਧਿਆਨ ਲਿਆ ਦਿੱਤਾ। ਉਨ੍ਹਾਂ ਦੀ ਸੁਹਜ ਅਤੇ ਨੇਕਦਿਲਤਾ ਨੇ ਤਬਲੇ ਦੇ ਜਗਿਆਸੂਆਂ ਦੀ ਦਿੱਖ ਵਧਾ ਦਿੱਤੀ।ਅਨਿਕਬਾਰ ਨੇ ਤਬਲੇ ਨੂੰ ਪਿਆਰ ਕਰਨ ਵਾਲਿਆਂ ਵਿੱਚ ਰੂਹ ਫੂਕ ਦਿੱਤੀ।ਉਹ ਪੰਜਾਬ ਵਿੱਚ ਤਾਂ ਬਹੁਤ ਹੀ ਪ੍ਰਸਿੱਧ ਹਨ, ਇਸ ਤੋਂ ਇਲਾਵਾ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਓਨੇ ਹੀ ਲੋਕ ਪਸੰਦ ਹਨ। ਉਸਤਾਦ ਜੀ ਨੇ ਸੰਗੀਤ ਨੂੰ ਸੋਲੋ ਤਬਲਾ ਵਾਦਨ, ਤਾਲ ਸੰਗਤ, ਸਹਿ ਵਾਦਨ, ਤਾਲ ਕਚਿਹਰੀ ਤੇ ਸੰਗੀਤ ਨੂੰ ਨਵੇਂ ਅਰਥ ਦਿੱਤੇ ਹਨ। ਤਬਲਾ ਵਾਦਨ ਨੂੰ ਕਿਸੇ ਇੱਕ ਘਰਾਣੇ ਦੀ ਹੱਦ ਵਿੱਚ ਬੰਨ੍ਹਣ ਦੀ ਥਾਂ ਉਨ੍ਹਾਂ ਨੇ ਹਰ ਘਰਾਣੇ ਦੇ ਚੰਗੇ ਗੁਣ ਗ੍ਰਹਿਣ ਕਰਦਿਆਂ ਤਬਲਾ ਵਾਦਕ ਦੀ ਰਵਾਇਤ ਨੂੰ ਅਮੀਰ ਬਣਾਉਣ ਵੱਲ ਵਧੇਰੇ ਧਿਆਨ ਦਿੱਤਾ ਹੈ।ਉਸਤਾਦ ਅਨਿਕਬਾਰ ਸਿੰਘ ਦੀ ਪ੍ਰਸਿੱਧੀ ਕੈੇਨੇਡਾ,ਇਗਲੈਂਡ,ਅਸਟ੍ਰੇਲੀਆ ਅਤੇ ਬਹੁਤ ਸਾਰੇ ਟੂਰ ਪ੍ਰਦਰਸ਼ਨਾਂ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਫੈਲ ਚੁੱਕੀ ਹੈ।ਉਨ੍ਹਾਂ ਨੇ ਬਹੁਤ ਸਾਰੇ ਪੰਥ ਪ੍ਰਸਿੱਧ ਰਾਗੀ ਸਿੰਘਾਂ ਨਾਲ ਵੀ ਤਬਲਾ ਵਾਦਕ ਵਜੋਂ ਸਹਿਯੋਗ ਦਿੱਤਾ ਹੈ।ਜਦੋਂ ਵੀ ਉਹ ਸਟੇਜ਼ ਉਪਰ ਬੈਠਦੇ ਹਨ ਤਾਂ ਆਪਣੇ ਜਾਦੂਮਈ ਹੱਥਾਂ ਨਾਲ ਸਰੋਤਿਆਂ ਨੂੰ ਨਿਹਾਲ ਕਰ ਦਿੰਦੇ ਹਨ।ਉਹਨਾਂ ਦੇ ਹੱਥਾਂ ਵਿੱਚ ਐਨਾ ਰਸ ਹੈ ਕਿ ਕਈ ਗਵੱਈਏ, ਉਹਨਾਂ ਦੇ ਹੱਥਾਂ ਨੂੰ ਆਪਣੇ ਮੱਥੇ ਨਾਲ ਲਗਾਉਂਦੇ ਹਨ।ਅਨਿਕਬਾਰ ਜੀ ਦੁਆਰਾ ਵੱਖ-ਵੱਖ ਕੀਰਤਨ ਸ਼ੈਲੀਆਂ ਨਾਲ ਢੁਕਵੇਂ ਠੇਕਿਆਂ ਦੀ ਵਰਤੋਂ ਕਰਨੀ ਉਹਨਾਂ ਦਾ ਵਿਸ਼ੇਸ਼ ਗੁਣ ਹੈ।ਜਦ ਉਹ ਤਬਲਾ ਵਜਾਉਣਾ ਸ਼ੁਰੂ ਕਰਦੇ ਹਨ ਤਾਂ ਇੱਕ ਵਿਸਮਾਦੀ ਮਹੌਲ ਪੈਦਾ ਹੋ ਜਾਂਦਾ ਹੈ।
ਉਨ੍ਹਾਂ ਦੇ ਸੁਭਾਅ ਵਿੱਚ ਬਹੁਤ ਸਹਿਜ ਅਤੇ ਠਰੰਮਾ ਹੈ।ਅਨਿਕਬਾਰ ਦਾ ਵਿਅਕਤਿਤਵ ਵੀ ਬੜਾ ਸੁੰਦਰ,ਅਕਾਰਸ਼ਕ,ਸਰਲ ਅਤੇ ਮਿੱਠਾ ਹੈ।ਉਨ੍ਹਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ,ਜਿਹੜੇ ਤਬਲੇ ਦੇ ਖੇਤਰ ਵਿੱਚ ਕਲਾ ਨੂੰ ਚਾਰ ਚੰਦ ਲਾ ਰਹੇ ਹਨ।ੳਨ੍ਹਾਂ ਦੀ ਸਖਸ਼ੀਅਤ ਦਾ ਵਿਸ਼ੇਸ਼ ਗੁਣ ਹੈ ਕਿ ਉਹ ਕੁਝ ਲੁਕਾ ਕੇ ਨਹੀਂ ਰੱਖਦੇ।ਉਸਤਾਦ ਜੀ ਨੇ ਆਪਣੀ ਸਾਰੀ ਜਿੰਦਗੀ ਸੰਗੀਤਕ ਸਾਜ਼ ਤਬਲਾ ਸਿਖਾਉਣ ਦਾ ਸੰਕਲਪ ਲਿਆ ਹੋਇਆ ਹੈ।ਸੰਗੀਤ ਪ੍ਰੇਮੀ ਉਸਤਾਦ ਜੀ ਦੀ ਕਲਾ ਪ੍ਰਤੀ ਵਿਸ਼ਵਾਸ਼,ਲਗਨ, ਅਤੇ ਸਮਰਪਣ ਦੇਖ ਕੇ ਉਮੀਦ ਕਰਦੇ ਹਨ ਕਿ ਆਪ ਸੰਗੀਤ ਜਗਤ ਵਿੱਚ ਤਬਲੇ ਦੀ ਮਹਾਨਤਾ ਨੂੰ ਹੋਰ ਅੱਗੇ ਲੈ ਕੇ ਜਾਉਗੇ।
ਉਸਤਾਦ ਅਨਿਕਬਾਰ ਸਿੰਘ ਨੇ ਆਪਣੇ ਹੁਨਰ ਅਤੇ ਪ੍ਰਤਿਭਾ ਨਾਲ ਪੂਰੀ ਦੁਨੀਆਂ ਵਿੱਚ ਬਹੁਤ ਸਤਿਕਾਰ ਪ੍ਰਾਪਤ ਕੀਤਾ ਅਤੇ ਉਨ੍ਹਾਂ ਨੇ ਸੰਗੀਤ ਨੂੰ ਲੋਕਾਂ ਦੇ ਦਿਲਾਂ ਅੰਦਰ ਜ਼ਿੰਦਾ ਰੱਖਣ ਵਿਚ ਸਹਾਇਤਾ ਕਰ ਰਹੇ ਹਨ। ਅਸੀਂ ਆਸ ਕਰਦੇ ਹਾਂ ਕਿ ਉਨ੍ਹਾਂ ਦਾ ਜੋ ਯੋਗਦਾਨ ਤਬਲਾ ਵਾਦਕ ਦੇ ਖੇਤਰ ਵਿੱਚ ਹੈ ਉਹ ਅਯੋਕੀ ਪੀੜੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।
ਡਾ. ਜਸਵਿੰਦਰ ਸਿੰਘ
ਸਿੱਖ ਸੈਂਟਰ,ਸਿੰਘਾਪੁਰ
ਮੋਬਾਇਲ ਨੰ. +65 98951996