ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

19 Nov. 2019

ਸੌਦਾ ਸਾਧ ਨਾਲ਼ ਜੇਹਲ ਵਿਚ ਮੁਲਾਕਾਤ ਕਰਨ ਲਈ ਹਨੀਪ੍ਰੀਤ ਕਾਹਲੀ-ਇਕ ਖ਼ਬਰ
ਮੈਨੂੰ ਪਾਰ ਲੰਘਾ ਦੇ ਵੇ, ਘੜਿਆ ਮਿੰਨਤਾਂ ਤੇਰੀਆਂ ਕਰਦੀ।


ਪਟਿਆਲਾ 'ਚ ਕਾਂਗਰਸੀ ਲੀਡਰ ਜਿਲ੍ਹਾ ਪ੍ਰਸ਼ਾਸਨ ਤੋਂ 'ਔਖੇ'- ਇਕ ਖ਼ਬਰ
ਗੋਰੇ ਰੰਗ 'ਤੇ ਝਰੀਟਾਂ ਵੱਜੀਆਂ, ਬੇਰੀਆਂ ਦੇ ਬੇਰ ਖਾਣੀਏਂ।


ਦਿੱਲੀ ਕਮੇਟੀ ਦੇ ਨਗਰ ਕੀਰਤਨ ਵਿਚ ਹੋਇਆ ਸਿੱਖ ਮਰਯਾਦਾ ਦਾ ਘਾਣ-ਇਕ ਖ਼ਬਰ
ਇਹ ਘਾਣ ਪਿਆਰਿਓ ਕੋਈ ਪਹਿਲੀ ਵਾਰੀ ਹੋਇਐ।


ਸ਼ਰੋਮਣੀ ਕਮੇਟੀ ਦੀ ਸਟੇਜ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੰਬੋਧਨ ਕੀਤਾ-ਇਕ ਖ਼ਬਰ
ਏਸੇ ਸੰਬੋਧਨ ਦੀ ਖਾਤਰ ਤਾਂ ਕਮੇਟੀ ਨੇ 12 ਕਰੋੜ ਪੰਡਾਲ 'ਤੇ ਖਰਚਿਆ ਬਈ।


ਅਕਾਲੀ ਦਲ ਬਾਦਲ ਨੂੰ ਅੱਧੀ ਦਰਜਨ ਸਾਬਕਾ ਮੰਤਰੀ ਛੱਡਣ ਦੀ ਤਿਆਰੀ ਵਿਚ- ਇਕ ਖ਼ਬਰ
ਡੁੱਬਦੇ ਜਹਾਜ਼ 'ਚੋਂ ਸਭ ਤੋਂ ਪਹਿਲਾਂ ਚੂਹੇ ਛਾਲ਼ਾਂ ਮਾਰਦੇ ਹੁੰਦੇ ਆ ਬਈ।


ਅਕਤੂਬਰ 'ਚ ਮਹਿੰਗਾਈ ਨੇ ਪਿਛਲੇ ਡੇਢ ਸਾਲ ਦਾ ਰਿਕਾਰਡ ਤੋੜਿਆ- ਇਕ ਖ਼ਬਰ
ਹੋਰ ਕਿੰਨੇ ਕੁ ਅੱਛੇ ਦਿਨ ਦੇਖਣਾ ਚਾਹੁੰਦੇ ਹੋ ਭਾਈ ਜਾਨ।


ਬਾਦਲ ਨੂੰ 'ਖ਼ੁਸ਼' ਕਰਨ ਲਈ ਸ਼੍ਰੋਮਣੀ ਕਮੇਟੀ ਨੇ ਰੋਹੜੇ ਗਿਆਰਾਂ ਕਰੋੜ ਰੁਪਏ-ਇਕ ਖ਼ਬਰ
ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।


ਅਯੁੱਧਿਆ ਮੰਦਰ ਟਰਸਟ ਬਾਰੇ ਮਹੰਤਾਂ ਤੇ ਸਾਧੂਆਂ ਵਿਚਕਾਰ ਮੱਤਭੇਦ-ਇਕ ਖ਼ਬਰ
ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।


ਕੈਪਟਨ ਸਰਕਾਰ ਦੇ ਰੇਤ ਮਾਫੀਆ ਨੇ ਬਾਦਲ ਪਿੱਛੇ ਛੱਡੇ- ਇਕ ਖ਼ਬਰ
ਕੋਈ ਪੁੱਟ ਕੇ ਸਿਆਲੋਂ ਬੂਟਾ, ਖੇੜਿਆਂ ਨੂੰ ਲਈ ਜਾਂਦਾ ਏ।


ਨਾ ਹੋਈ ਕਰਜ਼ਾ ਮੁਕਤੀ, ਨਾ ਮਿਲੀ ਰਾਹਤ ਰਾਸ਼ੀ- ਇਕ ਖ਼ਬਰ
ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ।


ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਬਚਾਉਣ ਲਈ ਸੁਧਾਰ ਲਹਿਰ ਚਲਾਉਣ ਦਾ ਸੱਦਾ- ਇਕ ਖ਼ਬਰ
 ਮੈਨੂੰ ਬਗਲੀ ਸਿਖਾ ਦੇ ਗਲ਼ ਪਾਉਣੀ, ਚੱਲੂੰਗੀ ਤੇਰੇ ਨਾਲ਼ ਜੋਗੀਆ।


ਸ੍ਰੀ ਸ੍ਰੀ ਰਵੀਸ਼ੰਕਰ ਦੀ ਫਰੀਦਕੋਟ ਫੇਰੀ ਵਿਵਾਦਾਂ 'ਚ ਘਿਰੀ-ਇਕ ਖ਼ਬਰ
ਤੇਰੀ ਹਰ ਮੱਸਿਆ ਬਦਨਾਮੀ, ਨੀਂ  ਸੋਨੇ ਦੇ ਤਵੀਤ ਵਾਲ਼ੀਏ।