ਜਾਤ ਪਾਤ ਤੇ ਨਸਲੀ ਭਿੰਨ ਭੇਦ ਨੂੰ ਸਿੱਖ ਫਲਸਫਾ ਮੂਲੋਂ ਹੀ ਰੱਦ ਕਰਦਾ ਹੈ - ਬਘੇਲ ਸਿੰਘ ਧਾਲੀਵਾਲ

 ਅਜੋਕਾ ਵਰਤਾਰਾ ਸਰਮਾਏਦਾਰ ਜਮਾਤ ਦੇ ਸਿੱਖ ਸੰਸਥਾਵਾਂ ਤੇ ਕਾਬਜ ਹੋਣ ਦਾ ਨਤੀਜਾ
ਸਿੱਖ ਧਰਮ ਦੀ ਬੁਨਿਆਦ ਬਰਾਬਰਤਾ ਦੇ ਸਿਧਾਂਤ ਤੇ ਟਿਕੀ ਹੋਈ ਹੈ, ਸਰਬ ਸਾਂਝੀਵਾਲਤਾ ਤੇ ਟਿਕੀ ਹੋਈ ਹੈ, ਜਿਸ ਵਿੱਚ ਸਮੁੱਚੀ ਮਾਨਵਤਾ ਦੀ ਗੱਲ ਹੈ ਤੇ ਊਚ ਨੀਚ ਨੂੰ ਕੋਈ ਥਾਂ ਨਹੀ ਹੈ।ਪੰਦਰਵੀਂ ਸਦੀ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋ ਅਪਣੇ ਆਲੇ ਦੁਆਲੇ ਫੈਲੇ ਊਚ ਨੀਚ, ਵਿਪਰਵਾਦ, ਜਾਤੀਵਾਦ, ਪਖੰਡਵਾਦ, ਕਰਮਕਾਂਡ ਦੇ ਧੁੰਦੂਕਾਰੇ ਨੂੰ ਮਹਿਸੂਸ ਕੀਤਾ, ਅਤੇ ਹਕੂਮਤੀ ਜਬਰ ਜੁਲਮ, ਅੱਤਿਆਚਾਰ ਦਾ ਨੰਗਾ ਨਾਚ ਦੇਖਿਆ, ਤਾਂ ਉਹਨਾਂ ਊਚ ਨੀਚ ਰਹਿਤ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਦਾ ਸੰਕਲਪ ਲਿਆ।ਉਹਨਾਂ ਨੇ ਇਸ ਪਖੰਡਵਾਦੀ ਸਿਸਟਮ ਦੇ ਖਿਲਾਫ ਬਗਾਬਤ ਵਾਲਾ ਪਹਿਲਾ ਕਦਮ ਅਪਣੇ ਘਰ, ਤੋ ਉਦੋਂ ਚੁੱਕਿਆ, ਜਦੋ ਉਹਨਾਂ ਨੇ ਪੰਡਤ ਨੂੰ ਜਨਿਊ ਧਾਰਨ ਕਰਨ ਤੋਂ ਕੋਰਾ ਅਤੇ ਬਾਦਲੀਲ ਜਵਾਬ ਦੇ ਦਿੱਤਾ। ਗੁਰੂ ਨਾਨਕ ਸਾਹਿਬ ਨੇ ਜਿੱਥੇ ਸਮਾਜਿਕ ਪੱਧਰ ਤੇ ਫੈਲੇ ਨਾਬਰਾਬਰੀ ਦੇ ਕੋਹੜ ਨੂੰ ਦੂਰ ਕਰਨ ਦਾ ਹੋਕਾ ਦਿੱਤਾ, ਤੇ ਹਰ ਤਰਾਂ ਦੀ ਨਾਬਰਾਬਰੀ, ਊਚ ਨੀਚ, ਜਿਸ ਵਿੱਚ ਜਾਤੀਵਾਦੀ ਪ੍ਰਥਾ ਅਤੇ ਔਰਤ ਜਾਤੀ ਦੀ ਦੁਰਦਸ਼ਾ ਸ਼ਾਮਿਲ ਹੈ, ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੀ ਜੁੰਮੇਵਾਰੀ ਅਪਣੇ ਸਿਰ ਲੈ ਲਈ, ਓਥੇ ਸਮੇ ਦੀਆਂ ਹਕੂਮਤਾਂ ਦੇ ਜਬਰ ਜੁਲਮ ਖਿਲਾਫ ਵੀ ਓਨੀ ਉੱਚੀ ਤੇ ਗਰਜ਼ਵੀਂ ਸੁਰ ਵਿੱਚ ਬਾਬਰ ਨੂੰ ਜਾਬਰ ਕਹਿਕੇ ਬੇਖ਼ੌਫ ਅਵਾਜ ਬੁਲੰਦ ਕੀਤੀ।।ਉਹਨਾਂ ਨੇ ਅਪਣੇ ਇਸ ਲੋਕ ਹਿਤੂ ਕਾਰਜ ਵਿੱਚ ਜਾਤਾਂ ਧਰਮਾਂ ਦੀਆਂ ਹੱਦਾਂ, ਬਲਗਣਾਂ ਪਾਰ ਕਰਦਿਆਂ ਮਰਦਾਨੇ ਨਾਮ ਦੇ ਇੱਕ ਨੀਵੀਂ ਜਾਤ ਦੇ ਮੁਸਲਮਾਨ ਨੂੰ ਅਪਣਾ ਸਾਥੀ ਬਣਾ ਕੇ ਬਿਗੜ ਚੁੱਕੇ ਸਮਾਜ ਅਤੇ ਸਿਸਟਮ ਨੂੰ ਬਰਾਬਰਤਾ ਦੀ ਲੜਾਈ ਦਾ ਸਪੱਸਟ ਸੁਨੇਹਾ ਦਿੱਤਾ, ਤਾਂ ਕਿ ਕਿਸੇ ਨੂੰ ਗੁਰੂ ਨਾਨਕ ਦੇ ਮਿਸ਼ਨ ਪ੍ਰਤੀ ਕੋਈ ਭਰਮ ਭੁਲੇਖਾ ਨਾ ਰਹੇ।ਜਿੰਨੀ ਦੇਰ ਮਰਦਾਨਾ ਜੀਵਿਆ, ਉਹ ਗੁਰੂ ਨਾਨਕ ਸਾਹਿਬ ਦੇ ਸੰਗ ਰਿਹਾ ਤੇ ਜਦੋ ਉਹਨਾਂ ਨੇ ਸ਼ਰੀਰ ਤਿਆਗ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਨੇ ਵੀ ਅਪਣਾ ਦੁਨੀਆਂ ਭਰਮਣ ਦਾ ਕਾਰਜ ਸਮੇਟ ਕੇ ਸ੍ਰੀ ਕਰਤਾਰਪੁਰ ਸਾਹਿਬ ਆ ਡੇਰੇ ਲਾ ਲਏ, ਜਿੱਥੇ ਉਹਨਾਂ ਜਿੰਦਗੀ ਦੇ ਅਖੀਰਲੇ 18 ਸਾਲ ਗੁਜਾਰੇ ਤੇ ਹੱਥੀਂ ਖੇਤੀ ਕਰਕੇ ਕਿਰਤ ਦੇ ਸਿਧਾਂਤ ਨੂੰ ਪਕੇਰਾ ਕੀਤਾ।ਬਾਬੇ ਨਾਨਕ ਸਾਹਿਬ ਦੇ “ਨੀਚਾਂ ਅੰਦਰ ਨੀਚ ਜਾਂਤਿ”, ਅਤੇ “ਨਾ ਹਮ ਹਿੰਦੂ ਨਾ ਮੁਸਲਮਾਨ” ਵਰਗੇ ਗਰਜਵੇਂ ਹੋਕੇ ਅਤੇ ਇੱਕ ਨੀਵੀਂ ਜਾਤ ਦੇ ਮੁਸਲਮਾਨ ਮਰਦਾਨੇ ਦੀ ਸਾਂਝ ਵਾਲੀ ਉੱਚੀ ਸੁੱਚੀ ਸੋਚ ਨੂੰ ਉਹਨਾਂ ਤੋ ਪਿਛਲੇ ਨੌਂ ਗੁਰੂਆਂ ਨੇ ਚੇਤਿਆਂ ਚ ਵਸਾ ਕੇ ਰੱਖਿਆ।ਇਹ ਗੁਰੂ ਨਾਨਕ  ਸਾਹਿਬ ਦੀ ਪਾਈ ਸਾਂਝ ਦਾ ਹੀ ਕੌਤਕ ਸੀ ਕਿ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਫਕੀਰ ਤੋਂ ਰਖਵਾ ਕੇ ਗੁਰੂ ਨਾਨਕ ਸਾਹਿਬ ਦੇ ਬਰਾਬਰਤਾ ਦੇ ਸੰਕਲਪ ਨੂੰ ਹੋਰ ਪ੍ਰਪੱਕ ਤੇ ਦ੍ਰਿੜ ਕੀਤਾ।ਇਸ ਮਾਨਵਤਾਵਾਦੀ ਪੰਥ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਉਦੋਂ ਹੋਰ ਮਜਬੂਤ ਤੇ ਅਜਿੱਤ ਕੌਂਮ ਵਜੋਂ ਸੰਪੂਰਨ ਕਰ ਦਿੱਤਾ , ਜਦੋਂ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਉੱਚ ਜਾਤੀਏ ਸਮਾਜ ਦੀਆਂ ਨਜਰਾਂ ਵਿੱਚ ਨਪੀੜੇ, ਲਿਤਾੜੇ, ਨਿਤਾਣੇ ਤੇ ਨੀਚ ਸਮਝੇ ਜਾਂਦੇ ਲੋਕਾਂ ਨੂੰ ਸਿਰਦਾਰੀਆਂ  ਬਖ਼ਸ ਦਿੱਤੀਆਂ। ਸੰਪੂਰਨ ਹੋਈ ਇਸ ਨਵੇਕਲੀ ਤੇ ਨਿਆਰੀ ਕੌਂਮ ਨੇ ਗੁਰੂ ਦੇ ਮਾਰਗ ਤੇ ਚੱਲ ਕੇ ਸਫਲਤਾ ਦੇ ਅਜਿਹੇ ਝੰਡੇ ਗੱਡੇ ਕਿ ਹਰ ਪਾਸੇ ਖਾਲਸੇ ਦੇ ਬੋਲ ਬਾਲੇ ਹੋ ਗਏ।ਜਾਤਾਂ ਪਾਤਾਂ ਨੂੰ ਛੱਡ ਕੇ ਸਿਰਦਾਰ ਬਣੇ ਸਿੱਖ ਯੋਧੇ ਜਰਨੈਲਾਂ ਨੇ ਵੱਡੇ ਵੱਡੇ ਤਖਤਾਂ ਨੂੰ ਕਦਮਾਂ ਚ ਸੁੱਟ ਲਿਆ, ਲਿਹਾਜਾ ਦਿੱਲੀ ਦਰਬਾਰ ਖਾਲਸੇ ਦਾ ਮੁਥਾਜ ਹੋ ਕੇ ਰਹਿ ਗਿਆ।ਸ਼ੇਰ ਏ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਵਿਸ਼ਾਲ ਖਾਲਸਾ ਰਾਜ ਦੀ ਸਥਾਪਤੀ ਦਾ ਰਾਜ ਵੀ ਇਹ ਜਾਤ ਪਾਤ ਰਹਿਤ ਖਾਲਸਾ ਫੌਜ ਦੀ ਸਿਦਕ ਦਿਲੀ ਨੂੰ ਹੀ ਸਮਝਣਾ ਹੋਵੇਗਾ, ਜਿਹੜੀ ਗੁਰੂ ਦੀ ਸਿੱਖੀ ਨੂੰ ਗੁਰੂ ਦੀ ਅਮਾਨਤ ਸਮਝ, ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋ ਓਟ ਆਸਰਾ ਲੈ ਕੇ ਅਪਣੇ ਹਲੇਮੀ ਰਾਜ ਦੀ ਵਿਸ਼ਾਲਤਾ ਲਈ ਜੂਝਦੀ ਰਹੀ, ਪਰੰਤੂ ਜਦੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋ ਬਾਅਦ ਡੋਗਰਿਆਂ ਨਾਲ ਮਿਲ ਕੇ ਅੰਗਰੇਜਾਂ ਨੇ ਖਾਲਸਾ ਰਾਜ ਤੇ ਕਬਜਾ ਕੀਤਾ, ਤਾਂ ਸਭ ਤੋ ਪਹਿਲਾਂ ਉਹਨਾਂ ਨੇ ਸਿੱਖਾਂ ਨੂੰ ਦੋਫਾੜ ਕੀਤਾ।ਗੁਰਦੁਆਰਾ ਪਰਬੰਧ ਤੇ ਮਹੰਤ ਕਾਬਜ ਕਰਵਾਏ, ਜਿੰਨਾਂ ਨੇ ਗੁਰਦੁਆਰਿਆਂ ਅੰਦਰ ਸਿੱਖ ਮਰਿਯਾਦਾ ਚ ਬ੍ਰਾਂਹਮਣੀ ਕਰਮਕਾਂਡ ਰਲਗੱਡ ਕਰਕੇ ਸਿਧਾਂਤ ਨੂੰ ਵੱਡਾ ਖੋਰਾ ਲਾਇਆ।ਇਹ ਉਹ ਸਮਾ ਸੀ, ਜਦੋਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਝੁਕਾਅ ਗੁ੍ਰੂ ਦੀ ਵਿਚਾਰਧਾਰਾ ਤੋਂ ਹੱਟ ਕੇ ਮੁੜ ਬ੍ਰਾਂਹਮਣੀ ਕਰਮਕਾਂਡਾਂ ਵੱਲ ਹੋ ਗਿਆ।ਸਿੱਖਾਂ ਅੰਦਰ ਮੁੜ ਜਾਤ ਪਾਤ ਦਾ ਬੋਲ ਬਾਲਾ ਹੋ ਗਿਆ।ਸਚਾਈ ਇਹ ਹੈ ਕਿ ਅਜੋਕੇ ਦੌਰ ਤੱਕ ਪਹੁੰਚਦਿਆਂ ਪਹੁੰਚਦਿਆਂ ਸਮਾਜਿਕ ਹਾਲਾਤ ਮੁੜ ਪੰਦਰਵੀਂ ਸਦੀ ਵਾਲੇ ਬਣ ਗਏ।ਸਿੱਖੀ ਸਿਧਾਂਤਾਂ ਨੂੰ ਜਾਤ ਪਾਤ, ਕਰਮਕਾਂਡ, ਵਿਪਰਵਾਦ ਅਤੇ ਭਿੰਨ ਭੇਦ ਵਿੱਚ ਰਲਗੱਡ ਕਰ ਦਿੱਤਾ ਗਿਆ ਹੈ, ਜਿਸ ਦੇ ਫਲਸਰੂਪ ਅੱਜ ਪੰਜਾਬ ਅੰਦਰ ਵੀ ਜਾਤ ਪਾਤ ਤੇ ਅਧਾਰਤ ਲੜਾਈਆਂ ਸਾਹਮਣੇ ਆ ਰਹੀਆਂ ਹਨ, ਬੀਤੇ ਦਿਨੀ ਸੰਗਰੂਰ ਜਿਲ੍ਹੇ ਦੇ ਇੱਕ ਪਿੰਡ ਚੰਗਾਲੀਵਾਲਾ ਵਿੱਚ ਵਾਪਰੀ ਹਿਰਦੇਵੇਧਿਕ ਮੰਦਭਾਗੀ ਘਟਨਾ ਨੇ ਜਿੱਥੇ ਹਰ ਇਨਸਾਨੀ ਰੂਹ ਨੂੰ ਝੰਜੋੜਿਆ ਹੈ, ਓਥੇ, ਸਿੱਖ ਪੰਥ ਅਤੇ ਕੌਂਮ ਅੰਦਰ ਆ ਰਹੇ ਸਿਧਾਂਤਕ ਨਿਘਾਰ ਪ੍ਰਤੀ ਸੰਜੀਦਾ ਹੋਣ ਲਈ ਸੁਚੇਤ ਵੀ ਕੀਤਾ ਹੈ।ਦੇਸ਼ ਦੇ ਮੌਜੂਦਾ ਹਾਲਾਤ ਤਾਂ ਇਹ ਮੰਗ ਕਰਦੇ ਹਨ ਕਿ ਸਮੁੱਚੀਆਂ ਘੱਟ ਗਿਣਤੀਆਂ, ਸਿੱਖ ਅਤੇ ਦੇਸ਼ ਦੇ ਸਮੁੱਚੇ ਦਲਿਤ ਸਮਾਜ ਨੂੰ ਇਕੱਠੇ ਹੋ ਕੇ ਚੱਲਣਾ ਹੋਵੇਗਾ, ਫਿਰ ਹੀ ਫਿਰਕਾਪ੍ਰਸਤ ਤਾਕਤਾਂ ਦਾ ਟਾਕਰਾ ਕੀਤਾ ਜਾ ਸਕੇਗਾ, ਪ੍ਰੰਤ ਸਿੱਖ ਦੂਜੀਆਂ ਕੌਂਮਾਂ ਨੂੰ ਨਾਲ ਲੈ ਕੇ ਚੱਲਣ ਦੀ ਬਜਾਏ ਆਪਸ ਵਿੱਚ ਵੀ ਨਫਰਤ ਦੇ ਬੀਜ ਬੀਜਣ ਲੱਗ ਪਏ ਹਨ, ਜਿਸ ਨਾਲ ਉਹਨਾਂ ਤਾਕਤਾਂ ਨੂੰ ਬਲ ਮਿਲਦਾ ਹੈ, ਜਿਹੜੀਆਂ ਦਲਿਤਾਂ, ਸਿੱਖਾਂ, ਮੁਸਲਮਾਨਾਂ ਅਤੇ ਇਸਾਈਆਂ ਬੋਧੀਆਂ ਨੂੰ ਖਤਮ ਕਰਨ ਲਈ ਦ੍ਰਿੜ ਸੰਕਲਪ ਹਨ।ਜੇਕਰ ਘੁਰਬਾਣੀ ਦੇ ਫਲਸਫੇ ਨੂੰ ਸਮਝਣ ਦੇ ਯਤਨ ਕੀਤੇ ਜਾਣ, ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਲਸਾ ਸਾਜਨਾ ਦੀ ਦੂਰਅੰਦੇਸੀ ਸੋਚ ਨੂੰ ਸਮਝਿਆ ਜਾਵੇ, ਵਿਚਾਰਿਆ ਜਾਵੇ ਤਾਂ ਦਲਿਤ ਸਮਾਜ ਅਤੇ ਸਿੱਖਾਂ ਨੂੰ ਵੱਖ ਕਰਕੇ ਦੇਖਿਆ ਹੀ ਨਹੀ ਜਾ ਸਕੇਗਾ।ਜਿਸ ਕੌਂਮ ਦੀ ਬੁਨਿਆਦ ਨੀਚਾਂ ਅੰਦਰ ਨੀਚ ਜਾਤਿ ਦੇ ਫਲਸਫੇ ਤੇ ਟਿਕੀ ਹੋਵੇ, ਤੇ ਨੀਵੇਂ ਸਮਝੇ ਜਾਂਦੇ ਲੋਕਾਂ ਨੇ ਅਪਣੇ ਗੁਰੂ ਤੋਂ ਮੁਫਤ ਵਿੱਚ ਨਹੀ, ਬਲਕਿ ਸਿਰ ਦੇ ਕੇ ਸਰਦਾਰੀਆਂ ਹਾਸਲ ਕੀਤੀਆਂ ਹੋਣ, ਜੇਕਰ ਅੱਜ ਉਹ ਕੌਂਮ ਦੀ ਹੋਣੀ ਦੇ ਮਾਲਕ ਉਹ ਧਨਾਡ ਸਿੱਖ ਬਣ ਜਾਣ ਜਿੰਨਾਂ ਦਾ ਸਿੱਖੀ ਸਿਧਾਤਾਂ ਨਾਲ ਦੂਰ ਦਾ ਵੀ ਵਾਸਤਾ ਨਾ ਹੋਵੇ ਤੇ ਉਹ ਕੌਂਮ ਨੂੰ ਮੁੜ ਨਾਗਪੁਰ ਦੇ ਝਾਂਸੇ ਵਿੱਚ ਫਸਾ ਕੇ ਮੰਨੂਵਾਦ ਦੇ ਜਾਤੀਵਾਦੀ ਕੋਹੜ ਦੀ ਮਰੀਜ ਬਨਾਉਣ ਚ ਸਫਲ ਹੋ ਰਿਹਾ ਹੋਵੇ , ਤਾਂ ਉਸ ਸਰਬੰਸਦਾਨੀ ਦੀ ਰੂਹ ਜਰੂਰ ਕੁਰਲਾਉਂਦੀ ਹੋਵੇਗੀ ਦਸਵੇਂ ਪਾਤਸ਼ਾਹ ਦਾ ਸਰਬੰਸ ਵਾਰ ਕੇ ਅਜਿਹੇ ਪੰਥ ਨੂੰ ਜਿਉਂਦਾ ਰੱਖਣ ਦਾ ਕੀ ਫਾਇਦਾ, ਜਿਹੜਾ ਦਿਖਾਵਾ ਤਾਂ ਗੁਰੂ ਦੀ ਸਿੱਖੀ ਦਾ ਕਰਦਾ ਹੈ ਤੇ ਆਖੇ ਨਾਗਪੁਰ ਦੇ ਲੱਗਦਾ ਹੈ।ਕੈਸਾ ਇਤਫਾਕ ਹੈ ਕਿ ਕਦੇ ਦੂਜਿਆਂ ਦੇ ਧਰਮ ਅਤੇ ਇੱਜਤਾਂ ਦੀ ਰਾਖੀ ਕਰਨ ਵਾਲੀ ਕੌਂਮ ਨੂੰ ਅੱਜ ਅਪਣੇ ਸਿਧਾਂਤ ਅਤੇ ਅਪਣੀ ਪਛਾਣ, ਅਪਣੀ ਨਿਆਰੀ ਨਿਰਾਲੀ ਹੋਂਦ ਸਲਾਮਤੀ ਦੀ ਲੜਾਈ ਲੜਨੀ ਪੈ ਰਹੀ ਹੈ।ਸੋ ਇਸ ਨਫਰਤ ਭਰੇ ਵਰਤਾਰੇ ਵਾਲੇ ਨਾਜੁਕ ਸਮੇ ਦਾ ਮੁਕਾਬਲਾ ਕਰਨ ਅਤੇ ਮੰਨੂਵਾਦੀ ਤਾਕਤਾਂ ਦੇ ਭੈੜੇ ਮਨਸੂਬਿਆਂ ਨੂੰ ਨਾਕਾਮ ਕਰਨ  ਲਈ ਇਹ ਜਰੂਰੀ ਹੈ ਕਿ ਗੁਰੂ ਦੇ ਸਿਧਾਂਤ ਤੇ ਪਹਿਰਾ  ਦੇ ਕੇ ਸਮੁੱਚੀ ਮਾਨਵਤਾ ਨੂੰ ਕਲਾਵੇ ਚ ਲੈਣ ਦੇ ਸਮਰੱਥ ਸਿੱਖ ਫਲਸਫੇ ਨੂੰ ਇਮਾਨਦਾਰੀ ਨਾਲ ਪਰਚਾਰਿਆ, ਵਿਚਾਰਿਆ ਤੇ ਸਤਿਕਾਰਿਆ ਜਾਵੇ, ਇਹਦੇ ਵਿੱਚ ਹੀ ਸਿੱਖੀ ਸਮੇਤ ਸਮੁੱਚੀ ਮਾਨਵਤਾ ਦੀ ਭਲਾਈ ਹੈ।

   ਬਘੇਲ ਸਿੰਘ ਧਾਲੀਵਾਲ
   99142-58142