ਸੋਸ਼ਲ ਮੀਡੀਆ ਰਾਹੀਂ ਹੋਣ ਵਾਲੇ ਰਿਸ਼ਤਿਆਂ ਤੋਂ ਬਚਣ ਦੀ ਲੋੜ - ਅਰੁਣ ਆਹੂਜਾ (ਪਾਰਕਰ)

ਅੱਜ ਕਲ ਸੋਸ਼ਲ ਮੀਡੀਆ ਰਾਹੀਂ ਰਿਸ਼ਤਿਆਂ ਦਾ ਜਿਵੇਂ ਰੁਝਾਨ ਹੀ ਚੱਲ ਪਿਆ ਹੈ। ਕੀ ਕਦੇ ਕਿਸੇ ਨੇ ਇਸ ਵੱਲ ਗੌਰ ਫਰਮਾਈ ਹੈ ਕਿ ਸੋਸ਼ਲ ਮੀਡੀਆ ਰਾਹੀਂ ਹੁੰਦੇ ਵਿਵਾਹਿਕ ਰਿਸ਼ਤਿਆਂ ਵਿਚੋਂ ਕਿੰਨੇ ਸਫਲ ਹੁੰਦੇ ਹਨ ਅਤੇ ਕਿੰਨੇ ਅਸਫਲ। ਵੱਖ-ਵੱਖ ਸੋਸ਼ਲ ਮੀਡੀਆ ਦੀਆਂ ਨੈਟਵਰਕਿੰਗ ਸਾਈਟਾਂ ਉਪਰ ਹੋਣ ਵਾਲੇ ਰਿਸ਼ਤਿਆਂ ਵਿਚੋਂ ਕਰੀਬਨ 90 ਫੀਸਦੀ ਰਿਸ਼ਤੇ ਅਸਫਲ ਹੁੰਦੇ ਆ ਰਹੇ ਹਨ। ਅਜਿਹੇ ਵਿਚ ਅਜਿਹੇ ਰੁਝਾਨ ਤੋਂ ਬਚਣ ਦੀ ਵਧੇਰੇ ਲੋੜ ਹੈ ਤੇ ਸਾਨੂੰ ਆਪਣੇ ਸਮਾਜ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਪਵੇਗਾ, ਨਹੀਂ ਤਾਂ ਜਿਵੇਂ ਪਹਿਲਾ ਤੋਂ ਹੁੰਦਾ ਆਇਆ ਹੈ ਉਸੇ ਤਰ੍ਹਾਂ ਭਵਿੱਖ ਵਿਚ ਵੀ ਹੋਰ ਬਹੁਤ ਸਾਰੀਆਂ ਜ਼ਿੰਦਗੀਆਂ ਬਰਬਾਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਕ ਅਜਿਹੀ ਦਾਸਤਾਂ ਸਾਂਝੀ ਕਰਨ ਜਾ ਰਿਹਾ ਹਾਂ। ਜਿਸ ਵਿਚ ਇਕ ਲੜਕਾ ਸੋਸ਼ਲ ਸਾਈਟ ਉੱਤੇ ਇਕ ਲੜਕੀ ਦਾ ਦੋਸਤ ਬਣ ਜਾਂਦਾ ਹੈ। ਵੈਸੇ ਤਾਂ ਇਨ੍ਹਾਂ ਦੇ ਸ਼ਹਿਰਾਂ ਵਿਚ ਕਈ ਸੈਂਕੜੇ ਕਿਲੋਮੀਟਰ ਦਾ ਅੰਤਰ ਸੀ, ਫਿਰ ਵੀ ਰੋਜ਼ਾਨਾ ਦਿਲ ਖਿੱਚਵੀਆਂ ਸੈਲਫੀਆਂ ਪਾਉਣ ਨਾਲ ਉਨ੍ਹਾਂ ਦਾ ਦੋਸਤੀ ਦਾ ਰਿਸ਼ਤਾ ਇਕ ਦੂਜੇ ਨੂੰ ਕਦੋਂ ਆਕਰਸ਼ਿਤ ਕਰਨ ਲੱਗਾ ਉਨ੍ਹਾਂ ਨੂੰ ਪਤਾ ਹੀ ਨਾ ਲੱਗਿਆ। ਉਨ੍ਹਾਂ ਦੋਵਾਂ ਨੇ ਪੂਰਾ ਸਾਲ ਇਕ ਦੂਜੇ ਨਾਲ ਸੋਸ਼ਲ ਸਾਈਟ ਦੇ ਮੈਸੰਜਰ ਉੱਤੇ ਹੀ ਗੱਲ ਜਾਰੀ ਰੱਖੀ ਸੀ, ਆਖਰਕਾਰ ਉਹ ਦੋਵੇਂ ਇਕ ਦੂਜੇ ਨਾਲ ਦਿਨ-ਰਾਤ ਫੋਨ ਉੱਤੇ ਗੱਲ ਕਰਨ ਲੱਗੇ ਅਤੇ ਇਕ ਦਿਨ ਦੋਵਾਂ ਨੇ ਮਿਲਣ ਦਾ ਮੰਨ ਬਣਾ ਲਿਆ। ਲੜਕਾ ਉਸ ਲੜਕੀ ਨੂੰ ਉਸ ਦੇ ਕਰੀਬਨ 200 ਕਿਲੋਮੀਟਰ ਦੂਰ ਸਥਿਤ ਸ਼ਹਿਰ ਵਿਚ ਬਣੇ ਇਕ ਸ਼ਾਪਿੰਗ ਮਾਲ ਵਿਚ ਮਿਲਿਆ, ਜਿਥੇ ਉਨ੍ਹਾਂ ਨੇ ਕਰੀਬ 6 ਘੰਟੇ ਇਕੱਠਿਆਂ ਬਿਤਾਏ। ਇਸ ਦੌਰਾਨ ਉਨ੍ਹਾਂ ਦੋਵਾਂ ਵਿਚ ਰਿਸ਼ਤਾ ਇਸ ਕਦਰ ਮਜ਼ਬੂਤ ਹੋ ਗਿਆ ਕਿ ਲੜਕੇ ਨੇ ਲੜਕੀ ਨੂੰ ਵਿਆਹ ਕਰਵਾਉਣ ਲਈ ਕਹਿ ਦਿੱਤਾ। ਬੇਸ਼ੱਕ ਉਨ੍ਹਾਂ ਦੋਵਾਂ ਦੀ ਜਾਤ ਬਿਰਾਦਰੀ ਮੇਲ ਨਹੀਂ ਸੀ ਖਾਂਦੀ ਫਿਰ ਵੀ ਲੜਕੀ ਅਤੇ ਲੜਕੇ ਨੇ ਆਪਸ ਵਿਚ ਵਿਆਹ ਕਰਨ ਦਾ ਫੈਸਲਾ ਤਾਂ ਕਰ ਲਿਆ ਪਰੰਤੂ ਉਨ੍ਹਾਂ ਦੇ ਵਿਆਹ ਵਿਚ ਵੱਡਾ  ਅੜ੍ਹੀਕਾ ਲੜਕੀ ਦੇ ਘਰ ਵਾਲੇ ਸਨ। ਲੜਕੀ ਮੁਤਾਬਿਕ ਉਸ ਦੇ ਪਰਿਵਾਰਕ ਮੈਂਬਰ ਉਸ ਦੇ ਉਸ ਨਾਲ ਵਿਆਹ ਲਈ ਕਦੇ ਰਾਜ਼ੀ ਨਹੀਂ ਹੋਣਗੇ। ਇਸ ਉਪਰੰਤ ਦੋਵਾਂ ਨੇ ਘਰ ਤੋਂ ਭੱਜ ਕੇ ਮੰਦਰ ਵਿਚ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਤੈਅ ਕੀਤੇ ਦਿਨ ਸਮੇਂ ਸਿਰ ਪਹੁੰਚੇ ਲੜਕੇ ਨੂੰ ਲੜਕੀ ਦੇ ਸ਼ਹਿਰ ਪਹੁੰਚਦਿਆਂ ਹੀ ਲੜਕੀ ਦਾ ਫੋਨ ਆਇਆ ਕਿ ਉਹ ਉਸ ਨੂੰ ਉਸ ਦੀ ਸਹੇਲੀ ਘਰੋਂ ਆ ਕੇ ਲੈ ਜਾਵੇ। ਜਿਥੇ ਪਹੁੰਚਦਿਆਂ ਹੀ ਲੜਕੀ ਨੂੰ ਵਿਆਹ ਵਾਲੇ ਜੋੜੇ ਵਿਚ ਤਿਆਰ ਹੋਇਆ ਦੇਖ ਲੜਕੇ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਆਖਰਕਾਰ ਦੋਵੇਂ ਆਪਣੇ ਕੱਪੜਿਆਂ ਦੇ ਬੈਗ ਕਾਰ ਵਿਚ ਰੱਖ ਕੇ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਾਲੇ ਖੇਤਰ ਵਿਚ ਪਹੁੰਚੇ, ਜਿਥੇ ਉਨ੍ਹਾਂ ਨੂੰ ਕੋਈ ਮੰਦਰ ਤਾਂ ਨਹੀਂ ਮਿਲਿਆ, ਜੇਕਰ ਮਿਲਿਆ ਤਾਂ ਉਥੋਂ ਦਾ ਪੰਡਤ ਉਨ੍ਹਾਂ ਦਾ ਇਕੱਲਿਆਂ ਵਿਆਹ ਕਰਵਾਉਣ ਲਈ ਰਾਜ਼ੀ ਨਾ ਹੋਇਆ। ਦੇਰ ਸ਼ਾਮ ਹੋ ਚੁੱਕੀ ਸੀ ਤੇ ਉਧਰ ਲੜਕੀ ਦੇ ਘਰ ਵਾਲੇ ਲੜਕੀ ਨੂੰ ਪਾਗਲਾਂ ਦੀ ਤਰ੍ਹਾਂ ਲੱਭਦੇ ਫਿਰਦੇ ਸੀ। ਲੜਕੀ ਵਾਲਿਆਂ ਨੂੰ ਸ਼ੱਕ ਤਾਂ ਹੋ ਗਿਆ ਸੀ ਪਰੰਤੂ ਉਨ੍ਹਾਂ ਨੇ ਪੁਲਿਸ ਕੋਲ ਜਾਣ ਦੀ ਬਿਜਾਏ ਉਨ੍ਹਾਂ ਦੀ ਲੜਕੀ ਦੇ ਫੋਨ ਦੀ ਉਡੀਕ ਕੀਤੀ। ਉਧਰ ਠੰਢੇ ਪਹਾੜੀ ਖੇਤਰ ਵਿਚ ਲੜਕੇ ਨੇ ਲੜਕੀ ਨੂੰ ਕਿਹਾ ਕਿ ਜੇਕਰ ਮੰਦਰ ਵਿਚ ਵਿਆਹ ਨਹੀਂ ਹੁੰਦਾ ਤਾਂ ਕੀ ਹੋਇਆ ਉਹ ਉਸ ਦੀ ਮਾਂਗ ਵਿਚ ਸਿੰਦੂਰ ਪਾ ਕੇ ਵਿਆਹ ਕਰਕੇ ਉਸ ਨੂੰ ਤਨ-ਮਨ ਤੋਂ ਆਪਣੀ ਪਤਨੀ ਸਵਿਕਾਰ ਲਵੇਗਾ। ਲੜਕੀ ਆਖਰਕਾਰ ਮੰਨ ਹੀ ਗਈ ਤੇ ਦੋਵਾਂ ਨੇ ਇਸ ਢੌਂਗ ਨੂੰ ਅੰਜਾਮ ਦੇ ਕੇ ਇਕ ਹੋਟਲ ਵਿਚ ਕਮਰਾ ਲੈ ਕੇ ਖਾਣਾ ਖਾਦਾ ਹੀ ਸੀ ਕਿ ਲੜਕੇ ਨੂੰ ਲੜਕੀ ਦੇ ਘਰ ਵਾਲਿਆਂ ਦੀ ਚਿੰਤਾ ਸਤਾਉਣ ਲੱਗੀ ਤੇ ਉਸ ਨੇ ਆਪਣਾ ਫੋਨ ਦੇ ਕੇ ਕਿਹਾ ਕਿ ਉਹ ਪਹਿਲਾ ਆਪਣੇ ਘਰ ਵਾਲਿਆਂ ਨੂੰ ਫੋਨ ਕਰਕੇ ਸਾਰਾ ਕੁਝ ਦੱਸ ਦੇਵੇ। ਲੜਕੀ ਦੇ ਦੱਸਣ ਤੇ ਲੜਕੀ ਦੇ ਭਰਾ ਨੇ ਥੋੜਾ ਗੁੱਸਾ ਤਾਂ ਕੀਤਾ ਪਰੰਤੂ ਸੰਜਮ ਨਾਲ ਕੰਮ ਲੈਂਦਿਆਂ ਉਸ ਨੇ ਉਨ੍ਹਾਂ ਦੋਵਾਂ ਨੂੰ ਘਰ ਆਉਣ ਲਈ ਪਿਆਰ ਨਾਲ ਬੁਲਾਇਆ। ਲੜਕੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਕਿ ਉਸ ਦੇ ਘਰ ਵਾਲੇ ਉਸ ਦੇ ਵਿਆਹ ਲਈ ਰਾਜ਼ੀ ਹੋ ਗਏ ਹਨ। ਲੜਕਾ ਆਪਣੇ ਘਰ ਉਸ ਲੜਕੀ ਨੂੰ ਲੈ ਕੇ ਗਿਆ ਜਿਥੇ ਉਸ ਦੇ ਕੁਝ ਰਿਸ਼ਤੇਦਾਰ ਉਨ੍ਹਾਂ ਦੋਵਾਂ ਨੂੰ ਨਾਲ ਲੈ ਕੇ ਲੜਕੀ ਦੇ ਸ਼ਹਿਰ ਪਹੁੰਚ ਗਏ, ਜਿਥੇ ਇਕ ਹੋਟਲ ਵਿਚ ਦੋਵਾਂ ਪਰਿਵਾਰਾਂ ਨੇ ਮਜਬੂਰੀ ਵੱਸ਼ ਕਿ ਦੋਵਾਂ ਨੇ ਮੰਦਰ ਵਿਚ ਜਾਂ ਕੋਰਟ ਵਿਚ ਵਿਆਹ ਕਰਵਾ ਹੀ ਲਿਆ ਹੋਵੇਗਾ ਤਾਂ ਦੁਬਾਰਾ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਉਣ ਲਈ ਹਾਮੀ ਭਰ ਦਿੱਤੀ। ਅਗਲੇ ਦਿਨ ਉਸੇ ਹੋਟਲ ਵਿਚੋਂ ਲੜਕੀ ਦੇ ਘਰ ਕੋਲ ਸਥਿਤ ਇਕ ਮੰਦਰ ਵਿਚ ਲੜਕਾ ਆਪਣੇ ਕੁਝ ਰਿਸ਼ਤੇਦਾਰਾਂ ਦੀ ਬਾਰਾਤ ਲੈ ਕੇ ਪਹੁੰਚਿਆ, ਜਿਥੇ ਉਨ੍ਹਾਂ ਦਾ ਪੂਰੇ ਰੀਤੀ ਰਿਵਾਜਾਂ ਮੁਤਾਬਿਕ ਵਿਆਹ ਸੰਪੰਨ ਹੋ ਗਿਆ। ਸਵਾਲ ਇਕ ਉੱਠਦਾ ਹੈ ਕਿ ਆਖਰਕਾਰ ਇਕ ਵਿਆਹ ਸਫਲ ਹੋਇਆ ਜਾਂ ਨਹੀਂ? ਜੀ ਨਹੀਂ ਜਦੋਂ ਉਨ੍ਹਾਂ ਦੋਵਾਂ ਦਾ ਤਲਾਕ ਹੋਇਆ ਤਾਂ ਉਨ੍ਹਾਂ ਦੋਵਾਂ ਦੇ ਘਰ ਇਕ ਲੜਕੀ ਜਨਮ ਲੈ ਚੁੱਕੀ ਸੀ। ਆਪਣੀ ਬੇ ਭਾਗੀ ਕਿਸਮਤ ਨਾਲ ਲੈ ਕੇ ਆਈ ਉਹ ਛੋਟੀ ਜਿਹੀ ਬੱਚੀ ਨੂੰ ਕੀ ਪਤਾ ਕੁਝ ਹੀ ਦਿਨਾਂ ਵਿਚ ਉਸ ਦੇ ਮਾਪੇ ਅੱਡ ਹੋ ਜਾਣਗੇ ਤੇ ਉਸ ਦੀ ਜਿੰਦਗੀ ਵੀ ਬਰਬਾਦ ਹੋ ਜਾਵੇਗੀ। ਲੜਕੀ ਦੀ ਲੜਕੇ ਦੇ ਪਰਿਵਾਰਕ ਮੈਂਬਰਾਂ ਨਾਲ ਬਿਲਕੁਲ ਵੀ ਨਾ ਬਣੀ। ਆਖਰਕਾਰ ਦੋਵਾਂ ਨੇ ਤਲਾਕ ਲੈ ਲਿਆ ਤੇ ਬੱਚੀ ਨੂੰ ਲੜਕੀ ਕੋਰਟ ਰਾਹੀਂ ਆਪਣੇ ਨਾਲ ਲੈ ਗਈ। ਕਈ ਸਾਲ ਬੀਤ ਜਾਣ ਤੇ ਲੜਕੀ ਅਤੇ ਲੜਕੇ ਦਾ ਵੱਖ-ਵੱਖ ਥਾਈ ਪਰਿਵਾਰਕ ਮੈਂਬਰਾਂ ਦੀ ਮਨਜ਼ੂਰੀ ਨਾਲ ਸਾਦਾ ਵਿਆਹ ਹੋ ਗਿਆ। ਸੋਚਣ ਵਾਲੀ ਗੱਲ ਹੈ ਕਿ ਲੜਕੀ ਜੋ ਆਪਣੇ ਨਵੇਂ ਪਤੀ ਦੇ ਘਰ ਆਪਣੇ ਨਾਲ ਇਕ ਧੀ ਨੂੰ ਨਾਲ ਲੈ ਕੇ ਗਈ ਹੈ ਕੀ ਉਸ ਨੂੰ ਊਮਰਭਰ ਪਿਤਾ ਦਾ ਤੇ ਉਸ ਦੀ ਮਾਂ ਦਾ ਉਹ ਪਿਆਰ ਮਿਲੇਗਾ, ਜਿਸਦੀ ਉਹ ਹੱਕਦਾਰ ਹੈ। ਇਸ ਬਾਰੇ ਲੋਕ ਖ਼ੁਦ ਹੀ ਸਮਝਦਾਰ ਹਨ। ਅਜਿਹੇ ਫੈਸਲਿਆਂ ਕਰਕੇ ਮਾਪਿਆਂ ਦੀ ਉਨ੍ਹਾਂ ਦੇ ਬੱਚਿਆਂ ਦੇ ਵਿਆਹ ਕਰਵਾਉਣ ਦੀਆਂ ਰੀਝਾਂ ਉਤੇ ਵੀ ਪਾਣੀ ਫਿਰ ਜਾਂਦਾ ਹੈ। ਇਹ ਸੱਚੀ ਕਹਾਣੀ ਤੋਂ ਸਾਨੂੰ ਇਹ ਸੇਧ ਲੈਣੀ ਚਾਹੀਦੀ ਹੈ ਕਿ ਸੋਸ਼ਲ ਮੀਡੀਆ ਰਾਹੀਂ ਵਿਆਹ ਕਰਵਾਉਣ ਵਰਗੇ ਅਹਿਮ ਫੈਸਲੇ ਲੈਣ ਵਾਲੀ ਇਸ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਦੀ ਲੋੜ ਹੈ। ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਭਵਿੱਖ ਵਿਚ ਇਸ ਦੇ ਹੋਰ ਵੀ ਭਿਆਨਕ ਸਿੱਟੇ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਲੇਖਕ- ਅਰੁਣ ਆਹੂਜਾ (ਪਾਰਕਰ)
ਫ਼ਤਹਿਗੜ੍ਹ ਸਾਹਿਬ।
ਮੋਬਾ- 8054307793, 8288827793