ਡੰਗ ਅਤੇ ਚੋਭਾਂ  - ਗੁਰਮੀਤ ਪਲਾਹੀ

ਰੱਬਾ, ਆਹ ਦੇ ਦੇ, ਰੱਬਾ! ਅਹੁ ਦੇ ਦੇ

ਖ਼ਬਰ ਹੈ ਕਿ ਮਹਾਰਾਸ਼ਟਰ ਵਿੱਚ ਸਰਕਾਰ ਗਠਨ ਦੀ ਪ੍ਰੀਕਿਰਿਆ ਨੂੰ ਗੈਰ-ਸੰਵਿਧਾਨਕ ਠਹਿਰਾਉਣ ਦੀ ਸ਼ਿਵ ਸੈਨਾ, ਐਨ ਸੀ ਪੀ ਅਤੇ ਕਾਂਗਰਸ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਫ਼ੈਸਲਾ ਦੇਣ ਲਈ ਮੁਖ ਮੰਤਰੀ ਮਹਾਰਾਸ਼ਟਰ ਦੇਵੇਂਦਰ ਫੜਨਵੀਸ ਅਤੇ ਰਾਜਪਾਲ ਮਹਾਰਾਸ਼ਟਰ ਤੋਂ ਚਿੱਠੀਆਂ ਮੰਗੀਆਂ। ਉਪ ਮੁਖ ਮੰਤਰੀ ਅਜੀਤ ਪਵਾਰ ਨੂੰ ਵੀ ਨੋਟਿਸ ਜਾਰੀ ਕੀਤਾ। ਇਹਨਾ ਨੇ ਸੁਪਰੀਮ ਕੋਰਟ ਤੋਂ ਮੰਗਿਆ ਕਿ ਰਾਜ ਭਾਗ ਸਾਨੂੰ ਦਿੱਤਾ ਜਾਵੇ ਅਤੇ ਭਾਜਪਾ ਘੱਟ ਗਿਣਤੀ ਸਰਕਾਰ ਬਰਖ਼ਾਸਤ ਕੀਤੀ ਜਾਵੇ।
ਮੰਗਾਂ ਹੀ ਮੰਗਾਂ ਹਨ। ਕੋਈ ਨੌਕਰੀ ਮੰਗਦਾ ਹੈ ਤੇ ਪੁਲਿਸ ਦੀਆਂ ਡਾਂਗਾਂ ਖਾਂਦਾ ਹੈ। ਕੋਈ ਮੌਲਿਕ ਅਧਿਕਾਰ ਮੰਗਦਾ ਹੈ ਤੇ ਹਿੱਕ ਤੇ ਗੋਲੀਆਂ ਖਾਂਦਾ ਹੈ। ਕੋਈ ਜੇਲੋਂ ਰਿਹਾਈ ਮੰਗਦਾ ਹੈ ਪਰ ਲਾਰੇ-ਲੱਪਿਆਂ ਦੀਆਂ ਹਕੂਮਤਾਂ ਦੇ ਡਰਾਮੇ ਦਾ ਚਾਰਾ ਖਾਂਦਾ ਹੈ। ਕੋਈ ਸਰਵ-ਉਚ ਅਦਾਲਤ ਜਾਕੇ ਆਪਣੀ ਖੁਸੀ ਹੋਈ ਗੱਦੀ ਦਾ ਅਲਾਪ ਕਰਦਾ ਹੈ, ਤੇ ਕਾਲੇ ਕੋਟ ਰਾਹੀਂ ਇਨਸਾਫ਼ ਮੰਗਦਾ ਹੈ। ਮੰਗਾਂ ਹੀ ਮੰਗਾਂ ਹਨ ਭਾਈ ਦੇਣ ਨੂੰ ਕੁਝ ਹੈ ਹੀ ਨਹੀਂ।
ਆਹ ਵੇਖੋ ਨਾ ਜੀ, ਉਹ ਗਿਆ ਕੋਈ ਮੰਦਿਰ, ਮੰਗਿਆ ਉਸ ਪਰਿਵਾਰ ਲਈ ਮੁੰਡਾ। ਅੱਗੋਂ ਭਾਵੇਂ ਚੋਰ ਜਾਂ ਡਾਕੂ ਨਿਕਲੇ। ਆਹ ਵੇਖੋ ਨਾ ਜੀ, ਉਹ ਗਿਆ ਗੁਰਦੁਆਰੇ, ਮੰਗਿਆ ਉਸ ਧੰਨ, ਜਿਹੜਾ ਅੱਗੋਂ ਜਾਕੇ ਉਹਦੀ ਔਲਾਦ ਦੇ ਵਿਗੜਨ ਦਾ ਕਾਰਨ ਬਣੇ! ਉਹ ਵੇਖੋ ਨਾ ਜੀ, ਉਹ ਗਿਆ ਕੋਈ ਗੁਰੂ ਦੇ ਦੁਆਰੇ, ਮੰਗਿਆ ਉਸ ਰਾਜ-ਭਾਗ, ਅੱਗੋਂ ਜਾਕੇ ਭਾਵੇਂ ਉਹਦੀ ਜਾਨ ਦਾ ਖੋਅ ਹੀ ਬਣ ਜਾਏ। ਉਵੇਂ ਹੀ ਜਿਵੇਂ ਭਾਈ ਮਹਾਰਾਸ਼ਟਰ 'ਚ ਰਾਜ ਭਾਗ ''ਚੋਰਾਂ ਤੋਂ ਮੋਰ ਲੈ ਗਏ'' ਵਾਲੀ ਗੱਲ ਹੋਈ ਪਈ ਆ।
ਬੰਦਾ ਭਾਈ ਬਾਹਲਾ ਹੀ ਲਾਲਚੀ ਹੋ ਗਿਆ ਆ।  ਹਰ ਵੇਲੇ ਹੱਥ ਜੋੜਦਾ, ਮਿੰਨਤਾ ਕਰਦਾ, ਮੰਨਤਾ ਮੰਗਦਾ, ਤਰਲੇ ਕਰਦਾ,''ਰੱਬਾ ਆਹ ਦੇ ਦੇ, ਰੱਬਾ! ਅਹੁ ਦੇ ਦੇ''। ਕਦੇ ਹੇਠਲੀ ਉਚ ਅਦਾਲਤ ਤੋਂ ਮੰਗਦਾ ਆ, ਕਦੇ ਉਪਰਲੀ ਸਰਵ ਉਚ ਅਦਾਲਤ ਤੋਂ ਮੰਗਦਾ ਆ। ਹੇਠਲੀ ਅਦਾਲਤ 'ਚ  ਕਾਲਾ ਕੋਟ ਪਾਕੇ ਮੰਗਦਾ ਆ, ਪਰ ਉਪਰਲੀ ਅਦਾਲਤ 'ਚ ਟੱਲ ਖੜਕਾਕੇ, ਬਾਂਗਾਂ ਦੇ ਕੇ, ਮੱਥੇ ਰਗੜਕੇ ਮੰਗਦਾ ਆ। ਹੈ ਕਿ ਨਾ?

ਜੇ ਇਨਸਾਫ਼ ਦੀ ਚੱਕੀ ਇੰਜ ਪਿੱਸਦੀ ਜਾਊ!
ਪਰ ਅਦਾਲਤ ਫਿਰ ਕਿੱਥੇ ਜਾਊ!!

ਖ਼ਬਰ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਿੱਲੀ ਦੀ ਹਾਲਤ ਨਰਕ ਨਾਲੋਂ ਵੀ ਖਰਾਬ ਹੈ। ਜਸਟਿਸ ਅਰੁਣ ਮਿਸ਼ਰਾ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ''ਲੋਕਾਂ ਨੂੰ ਗੈਸ ਚੈਂਬਰ ਵਿੱਚ ਰਹਿਣ ਲਈ ਕਿਉਂ ਮਜ਼ਬੂਰ ਕੀਤਾ ਜਾ ਰਿਹਾ ਹੈ''। ਇਸ ਤੋਂ ਚੰਗਾ ਹੈ ਕਿ ਇੱਕਠੇ ਮਾਰ ਦਿੱਤਾ ਜਾਵੇ। ਪੰਦਰਾਂ ਬੋਰਿਆਂ ਵਿੱਚ ਬਾਰੂਦ ਲੈ ਆਓ ਤੇ ਉਡਾ ਦਿਓ ਸਭਨਾ ਨੂੰ। ਲੋਕਾਂ ਨੂੰ ਇਸ ਤਰ੍ਹਾਂ ਕਿਉਂ ਘੁਟਣਾ ਪਏ? ਜਿਸ ਤਰ੍ਹਾਂ ਇਕ ਦੂਜੇ ਤੇ ਦੂਸ਼ਣਬਾਜੀ ਚੱਲ ਰਹੀ ਹੈ, ਮੈਂ ਸੁਣਕੇ ਹੈਰਾਨ ਹਾਂ''।
ਅਦਾਲਤ ਜੀ, ਇਥੇ ਤਾਂ ਹਰ ਰੋਜ਼ ਵਿਸਫੋਟ ਹੁੰਦਾ ਆ। ਜਸਟਿਸ ਜੀ, ਇਥੇ ਤਾਂ ਲੋਕ ਹਰ ਰੋਜ਼ ਭੁੱਖੇ ਢਿੱਡ ਸੌਦੇ ਆ, ਤੇ ਮੁੜ 'ਉਪਰਲੇ' ਨੂੰ ਪਿਆਰੇ ਹੋ ਜਾਂਦੇ ਆ। ਜੱਜ ਸਾਹਿਬ, ਇਥੇ ਤਾਂ ਧਾਵੀ ਦਲੇਰ ਬਣਕੇ ਧਾਵਾ ਬੋਲਦੇ ਆ, ਚੋਬਰ ਕਿਸੇ ਦੀ ਵੀ ਨਹੀਂ ਸੁਣਦੇ, ਨਾ ਪੁਲਿਸ ਦੀ, ਨਾ ਹਾਕਮ ਦੀ, ਨਾ ਅਦਾਲਤ ਦੀ! ਹਿੱਜ ਹਾਈਨੈਸ, ਇਥੇ ਤਾਂ ਭ੍ਰਿਸ਼ਟਾਚਾਰ ਥਾਂ-ਥਾਂ ਪਸਰਿਆ ਪਿਆ, ਉਸ ਤੁਹਾਡੀ ਅਦਾਲਤ ਨੂੰ ਵੀ ਨਹੀਂ ਬਖਸ਼ਿਆ। ਮਾਈ ਲਾਰਡ, ਆਹ ਤਾਂ ਚੰਗਾ ਹੁਕਮ ਚਾੜ੍ਹਿਆ ਤੁਸੀਂ, ਨਹੀਂ ਤਾਂ ਤੁਹਾਡੀ ਅਦਾਲਤੇ ਜੁਆਨੀ ਵੀ ਬੁਢੀ ਹੋ ਜਾਂਦੀ ਆ, ਪਰ ਕਾਲਾ ਕੋਟ 'ਕੇਸ' ਹੀ ਨਹੀਂ ਕੱਢਦਾ। ਸਰਵ ਉੱਚ ਅਦਾਲਤ ਜੀ, ਇਥੇ ਰਾਜ, ਹਾਕਮਾਂ ਦਾ। ਇਥੇ ਰਾਜ ਉਹਨਾ ਦੇ ਪੁੱਤਾਂ ਭਤੀਜਿਆਂ, ਸਾਲਿਆਂ ਦਾ। ਕੌਣ ਸੁਣੂ ਤੁਹਾਡੀ ਅਦਾਲਤ ਜੀ! ਹਾਕਮ, ਗੰਦੀ ਹਵਾ ਦਿਲੀਂ 'ਚੋਂ ਕੱਢਣਗੇ, ਪੰਜਾਬ ਲੈ ਆਉਣਗੇ! ਹਾਕਮ, ਹੁਕਮ ਦਿਲੀਂ 'ਚੋਂ ਕੱਢਣਗੇ, ਪਰ ਫਾਈਲਾਂ 'ਚ ਦਫ਼ਨ ਕਰ ਦੇਣਗੇ। ਹਾਕਮ, ਅਮਰੀਕਾ ਤੋਂ ਬੋਲੂ, ਜਾਂ ਹਾਕਮ ਬੋਲੂ ਫਰਾਂਸ ਤੋਂ, ਹਥਿਆਰ ਲਿਆਊ, ਜੰਗ ਲਾਊ, ਦਿੱਲੀ 'ਚ ਹੋਰ ਪ੍ਰਦੂਸ਼ਨ ਫੈਲਾਊ ਤੇ ਅਦਾਲਤ ਫਿਰ ਕਿਥੇ ਜਾਊ?

ਹਰ ਸਰਕਾਰ ਤਾਰੀਫ਼ ਦੇ ਪੁਲ ਬੰਨ੍ਹੇ
''ਕੰਮ ਉਸ ਨੇ ਬਹੁਤ ਮਹਾਨ ਕੀਤਾ''

ਖ਼ਬਰ ਹੈ ਕਿ ਗੁਰੂ ਨਾਨਕ ਦੇਣ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਸ਼ ਵਿਦੇਸ਼ ਵਿੱਚ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਜਿਥੇ ਪਾਕਿਸਤਾਨ ਦੀ ਸਰਕਾਰ ਨੇ ਬਾਬੇ ਨਾਨਕ ਨੂੰ ਸ਼ਰਧਾ ਪੂਰਵਕ ਯਾਦ ਕਰਦਿਆਂ, ਸਿੱਖਾਂ ਲਈ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਲਈ ਲਾਂਘੇ ਦੀ ਗੱਲ ਪ੍ਰਵਾਨ ਕੀਤੀ, ਉਥੇ ਮੋਦੀ ਸਰਕਾਰ ਨੇ ਵੀ ਇਸ ਯੋਜਨਾ ਨੂੰ ਸਿਰੇ ਚੜ੍ਹਨ 'ਚ ਕੋਈ ਕਸਰ ਨਹੀਂ ਛੱਡੀ। ਪੰਜਾਬ ਸਰਕਾਰ ਨੇ ਵੀ ਪੂਰਾ ਟਿੱਲ ਲਾਇਆ ਅਤੇ ਪੰਜਾਬ ਦੀ ਦੂਜੀ ਸਰਕਾਰ ''ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ।
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਪਰ ਬਾਬੇ ਨਨਾਕ ਜੀ ਨੂੰ ਕਿੰਨਿਆਂ ਯਾਦ ਕੀਤਾ? ਗੁਰਪੁਰਬ ਤੇ ਲੰਗਰ ਲਗਾਏ ਗਏ, 550 ਪਕਵਾਨ ਬਣਾਕੇ ਸੰਗਤਾਂ ਨੂੰ ਛਕਾਏ ਗਏ, ਪਰ ਕਿੰਨਿਆਂ ਗੁਰੂ ਜੀ ਦੇ ਨਾਲ ਆਪਣੀ ਸਾਂਝ ਪਾਈ? ਪੀਰ ਬਾਬੇ ਨੂੰ ਪਾਕਿਸਤਾਨ 'ਚ ਯਾਦ ਕੀਤਾ, ਭਾਸ਼ਨ ਹੋਏ, ਨਾਲ ਦੀ ਨਾਲ ਕਸ਼ਮੀਰ ਦੇ ਰਾਗ ਅਲਾਪੇ, ਕਿੰਨਿਆਂ ਸਾਂਝੀਵਾਲਤਾ ਦੇ ਸੁਨੇਹੇ ਨੂੰ ਲੜ ਬੰਨਿਆ? ਗੁਰੂ ਨਾਨਕ ਦੇਵ ਜੀ ਦੇ ਨਾਮ ਉਤੇ 550 ਬੂਟੇ ਹਰ ਪਿੰਡ ਲਗਾਏ ਗਏ, ਪਰ ਕਿੰਨਿਆਂ ਉਹਨਾ ਨੂੰ ਪਾਣੀ ਪਾਇਆ,  ਉਹਨਾ 'ਚੋਂ ਕਿੰਨੇ ਬਚਾਏ? ਗੁਰੂ ਨਾਨਕ ਦੇਵ ਜੀ ਦੇ ਨਾਮ ਉਤੇ ਛੋਟੀਆਂ, ਵੱਡੀਆ ਸਰਕਾਰਾਂ ਨੇ ਲੈਕਚਰ ਕਰਵਾਏ, ਕਵੀ ਦਰਬਾਰ, ਕੀਰਤਨ ਦਰਬਾਰ ਕਰਵਾਏ, ਪਰ ਇਹ ਸਭ ਕਿਸਦੇ ਰਾਸ ਆਏ। ਮੇਰੇ ਪਿੰਡ ਦੀ ਪਾਈ ਬਿਸ਼ਨੀ ਬਾਬੇ ਦੇ ਕਰਤਾਰਪੁਰ ਜਾ ਆਈ। ਲੰਗਰ  ਵੀ ਖਾ ਆਈ! ਮੱਥਾ ਵੀ ਟੇਕ ਆਈ। ਦੁਪੱਟੇ ਲੜ ਬੰਨਿਆ ਰੁਪੱਈਆ ਵੀ ਬਾਬੇ ਦੇ ਦਰ ਭੇਂਟ ਕਰ ਆਈ। ਪਰ ਆਕੇ ਆਪਣੇ ਪੁੱਤ ਨੂੰ ਪੁੱਛਣ ਲੱਗੀ, ਮੈਨੂੰ ਨਾ ਉਥੇ ਮਰਦਾਨਾ ਦਿਸਿਆ, ਨਾ ਭਾਈ ਲਾਲੋ! ਉਥੇ ਤਾਂ ''ਬਾਬਾ ਨਾਨਕ'' ਵੀ ਨਹੀਂ ਦਿਸਿਆ! ਉਥੇ ਤਾਂ ਮਲਿਕ ਭਾਗੋ ਦਿਸਿਆ, ਜਾ ਦਿਸੀਆਂ ਸਰਕਾਰਾਂ। ਪਰ ਸਰਕਾਰਾਂ ਆਹਦੀਆਂ ਆ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਕੇ ''ਕੰਮ ਉਸਨੇ ਬਹੁਤ ਮਹਾਨ ਕੀਤਾ''।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ!

ਦਸੰਬਰ 2018 'ਚ ਛਪੀ ਇਕ ਰਿਪੋਰਟ ਦੇ ਮੁਤਾਬਕ ਦੁਨੀਆ ਦੇ 208 ਦੇਸ਼ਾਂ ਵਿੱਚ ਤਿੰਨ ਕਰੋੜ ਤੋਂ ਵੱਧ (3,09,95,729) ਭਾਰਤੀ ਨਿਵਾਸ ਕਰਦੇ ਹਨ। ਅਮਰੀਕਾ ਵਿੱਚ ਇਹਨਾ ਭਾਰਤੀਆਂ ਦੀ ਗਿਣਤੀ 44,60,000 , ਕੈਨੇਡਾ ਵਿੱਚ 10,16,185, ਬਰਤਾਨੀਆ ਵਿੱਚ 18,25,000, ਦੱਖਣੀ ਅਫ਼ਰੀਕਾ ਵਿੱਚ 15,60,000, ਸ਼੍ਰੀ ਲੰਕਾ ਵਿੱਚ 16,14,000, ਯੂ.ਕੇ. ਆਈ. ਵਿੱਚ 31,04,586, ਮਲੇਸ਼ੀਆ ਵਿੱਚ 29,87,950, ਸਾਊਦੀ ਅਰਬ ਵਿੱਚ 28,14,568, ਕੁਵੈਤ ਵਿੱਚ 9,29,903 ਅਤੇ ਮੀਆਂਮਾਰ ਵਿੱਚ 20,08,991 ਹੈ। ਇਸ ਤੋਂ ਬਿਨ੍ਹਾਂ ਵੱਡੀ ਗਿਣਤੀ 'ਚ ਭਾਰਤੀ ਨੀਊਜ਼ੀਲੈਂਡ, ਅਸਟਰੇਲੀਆ ਵਿੱਚ ਵੀ ਵਸਦੇ ਹਨ।

ਇੱਕ ਵਿਚਾਰ

ਅਸੀਂ ਕਦੇ ਦੂਜੇ ਦੇ ਜੀਵਨ ਦਾ ਮੁਲਾਂਕਣ ਨਹੀਂ ਕਰ ਸਕਦੇ, ਕਿਉਂਕਿ ਹਰ ਵਿਅਕਤੀ ਸਿਰਫ਼ ਆਪਣਾ ਦਰਦ ਅਤੇ ਤਿਆਗ ਮਹਿਸੂਸ ਕਰ ਸਕਦਾ ਹੈ।   
...........ਪਛਲੋ ਕੋਏਲਹੋ

-ਗੁਰਮੀਤ ਸਿੰਘ ਪਲਾਹੀ
-9815802070