ਦਲਿਤ ਮਜ਼ਦੂਰ ਔਰਤਾਂ ਦੇ ਪਰਿਵਾਰਾਂ ਦਾ ਪੱਧਰ - ਡਾ. ਗਿਆਨ ਸਿੰਘ

ਖੋਜ ਪ੍ਰਾਜੈਕਟ ਤਹਿਤ ਪੰਜਾਬ ਦੇ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦੀਆਂ ਸਮਾਜਿਕ-ਆਰਥਿਕ ਹਾਲਤਾਂ ਅਤੇ ਸਿਆਸੀ ਸ਼ਮੂਲੀਅਤ ਦਾ ਵਿਸ਼ਲੇਸ਼ਣ ਕੀਤਾ ਗਿਆ। ਇਹ ਖੋਜ ਅਧਿਐਨ 2016-17 ਨਾਲ ਸਬੰਧਿਤ ਹੈ। ਅਧਿਐਨ ਦੇ ਉਦੇਸ਼ ਲਈ ਮਾਝਾ, ਦੋਆਬਾ ਅਤੇ ਮਾਲਵਾ ਖੇਤਰਾਂ ਵਿਚੋਂ 4 ਜ਼ਿਲ੍ਹੇ ਚੁਣੇ ਗਏ। ਮਾਝਾ ਖੇਤਰ ਵਿਚੋਂ ਅੰਮ੍ਰਿਤਸਰ ਅਤੇ ਦੋਆਬਾ ਖੇਤਰ ਵਿਚੋਂ ਜਲੰਧਰ ਜ਼ਿਲ੍ਹੇ ਚੁਣੇ ਗਏ। ਮਾਲਵਾ ਖੇਤਰ ਵੱਡਾ ਹੋਣ ਕਰਕੇ ਇਸ ਵਿਚੋਂ ਦੋ ਜ਼ਿਲ੍ਹਿਆਂ ਮਾਨਸਾ ਅਤੇ ਫਤਿਗੜ੍ਹ ਸਾਹਿਬ ਦੀ ਚੋਣ ਕੀਤੀ ਗਈ।
     ਚੁਣੇ ਗਏ ਹਰ ਜ਼ਿਲ੍ਹੇ ਦੇ ਸਾਰੇ ਵਿਕਾਸ ਖੰਡਾਂ ਵਿਚੋਂ ਇਕ ਇਕ ਪਿੰਡ ਦੀ ਚੋਣ ਕੀਤੀ ਗਈ, ਇਉਂ ਚੁਣੇ ਹੋਏ ਪਿੰਡਾਂ ਦੀ ਗਿਣਤੀ 29 ਹੈ। ਅਧਿਐਨ ਲਈ ਸਾਰੇ 29 ਪਿੰਡਾਂ ਦੇ ਕੁੱਲ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦੇ 20 ਫ਼ੀਸਦ ਦੇ ਅੰਕੜੇ ਇਕੱਠੇ ਕੀਤੇ ਗਏ। ਇਸ ਤਰ੍ਹਾਂ 927 ਪਰਿਵਾਰਾਂ ਦੇ ਅੰਕੜੇ ਇਕੱਠੇ ਹੋਏ। ਸਰਵੇਖਣ ਕੀਤੇ ਗਏ ਪਰਿਵਾਰਾਂ ਵਿਚੋਂ 314 ਪਰਿਵਾਰ ਮਾਝਾ, 243 ਦੋਆਬਾ ਅਤੇ 370 ਮਾਲਵਾ ਖੇਤਰਾਂ ਨਾਲ ਸਬੰਧਿਤ ਹਨ।
      ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦੇ ਖੀਸੇ ਖਾਲੀ, ਢਿੱਡ ਭੁੱਖੇ ਅਤੇ ਤਨ ਲੀਰਾਂ ਨਾਲ ਢੱਕੇ ਹੋਏ ਹਨ। ਖ਼ਪਤ ਖ਼ਰਚ ਦੀ ਬਣਤਰ ਤੋਂ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਜਾਣਿਆ ਜਾ ਸਕਦਾ ਹੈ ਅਤੇ ਖ਼ਪਤ ਉੱਤੇ ਹੋਣ ਵਾਲੇ ਖ਼ਰਚ ਦਾ ਪੱਧਰ ਪਰਿਵਾਰ ਦੇ ਕਲਿਆਣ ਦੇ ਪੱਧਰ ਨੂੰ ਦਰਸਾਉਂਦਾ ਹੈ। ਪਰਿਵਾਰ ਦਾ ਖ਼ਪਤ ਖ਼ਰਚ ਭਾਵੇਂ ਆਮਦਨ ਪੱਧਰ ਉੱਪਰ ਨਿਰਭਰ ਕਰਦਾ ਹੈ ਪਰ ਇਨ੍ਹਾਂ ਪਰਿਵਾਰਾਂ ਦੀ ਆਮਦਨ ਬਹੁਤ ਘੱਟ ਹੋਣ ਕਾਰਨ ਉਨ੍ਹਾਂ ਦੇ ਖੀਸੇ ਖਾਲੀ ਹਨ। ਮਾਲਵਾ, ਦੋਆਬਾ ਅਤੇ ਮਾਝਾ ਖੇਤਰਾਂ ਵਿਚ ਦਲਿਤ ਔਰਤ ਮਜ਼ਦੂਰਾਂ ਦੀ ਸਾਲਾਨਾ ਔਸਤਨ ਪਰਿਵਾਰਕ ਆਮਦਨ ਕ੍ਰਮਵਾਰ 75116, 80113 ਅਤੇ 72920 ਰੁਪਏ ਬਣਦੀ ਹੈ।
        ਉਂਝ, ਜਦੋਂ ਇਨ੍ਹਾਂ ਪਰਿਵਾਰਾਂ ਦੇ ਜੀਆਂ ਦੀ ਗਿਣਤੀ ਦੇਖੀਏ ਤਾਂ ਪਤਾ ਲੱਗਾ ਹੈ ਕਿ ਇਨ੍ਹਾਂ ਤਿੰਨਾਂ ਖੇਤਰਾਂ ਵਿਚ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦੀ ਪ੍ਰਤੀ ਜੀਅ ਸਾਲਾਨਾ ਆਮਦਨ ਕ੍ਰਮਵਾਰ 16543, 17844 ਅਤੇ 15316 ਰੁਪਏ ਬਣਦੀ ਹੈ। ਜੇ ਇਨ੍ਹਾਂ ਪਰਿਵਾਰਾਂ ਦੀ ਪ੍ਰਤੀ ਜੀਅ, ਪ੍ਰਤੀ ਦਿਨ ਦੀ ਆਮਦਨ ਦੇਖੀ ਜਾਵੇ ਤਾਂ ਇਨ੍ਹਾਂ ਖੇਤਰਾਂ ਲਈ ਇਹ ਕ੍ਰਮਵਾਰ ਸਿਰਫ਼ 45, 49 ਅਤੇ 42 ਰੁਪਏ ਦੇ ਕਰੀਬ ਆਉਂਦੀ ਹੈ। ਉਨ੍ਹਾਂ ਪਰਿਵਾਰਾਂ ਦੀ ਆਮਦਨ ਦਾ ਇਤਨਾ ਨੀਵਾਂ ਪੱਧਰ ਉਨ੍ਹਾਂ ਦੇ ਖੀਸਿਆਂ ਦੇ ਖਾਲੀ ਹੋਣ ਦੀ ਗਵਾਹੀ ਭਰਦਾ ਹੈ।
       ਇਨ੍ਹਾਂ ਪਰਿਵਾਰਾਂ ਦਾ ਔਸਤਨ ਸਾਲਾਨਾ ਖ਼ਪਤ ਖ਼ਰਚ 85040 ਰੁਪਏ ਹੈ। ਪਰਿਵਾਰ ਦੁਆਰਾ ਆਮਦਨ ਦਾ ਵੱਡਾ ਹਿੱਸਾ ਗ਼ੈਰ-ਵਿਕਾਊ ਵਸਤਾਂ ਉੱਤੇ ਖ਼ਰਚ ਕੀਤਾ ਜਾਂਦਾ ਹੈ ਜੋ 48743 ਰੁਪਏ ਬਣਦਾ ਹੈ। ਸਮਾਜਿਕ-ਧਾਰਮਿਕ ਰਸਮਾਂ, ਸੇਵਾਵਾਂ ਅਤੇ ਟਿਕਾਊ ਵਸਤਾਂ ਉੱਪਰ ਹੋਣ ਵਾਲਾ ਖ਼ਰਚ ਕ੍ਰਮਵਾਰ 12337, 12043 ਅਤੇ 11917 ਰੁਪਏ ਦੇ ਕਰੀਬ ਹੈ।
      ਗ਼ੈਰ-ਟਿਕਾਊ ਵਸਤਾਂ ਵਿਚੋਂ ਇਕ ਔਸਤਨ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰ ਦੁਆਰਾ ਸਭ ਤੋਂ ਵੱਧ ਖ਼ਰਚ ਅਨਾਜ ਪਦਾਰਥਾਂ ਉੱਤੇ ਕੀਤਾ ਜਾਂਦਾ ਹੈ ਜੋ 11610 ਰੁਪਏ ਸਾਲਾਨਾ ਹੈ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਨਸ਼ੀਲੇ ਪਦਾਰਥ, ਗੁੜ/ਚੀਨੀ, ਕੱਪੜੇ ਤੇ ਜੁੱਤੀ, ਖਾਣ ਵਾਲੇ ਤੇਲ, ਸ਼ਬਜੀਆਂ, ਚਾਹ-ਪੱਤੀ, ਸਾਬਣ ਤੇ ਸਰਫ਼, ਅਤੇ ਰਸੋਈ ਗੈਸ ਉੱਤੇ ਹੋਣ ਵਾਲਾ ਖ਼ਰਚ ਕ੍ਰਮਵਾਰ 10737, 4095, 3991, 3851, 3292, 2549, 2061, 1838, ਅਤੇ 1251 ਰੁਪਏ ਹੈ।
ਸਮਾਜਿਕ-ਧਾਰਮਿਕ ਰਸਮਾਂ ਦੇ ਸਬੰਧ ਵਿਚ ਇਕ ਔਰਤ ਔਸਤਨ ਅਤੇ ਦਲਿਤ ਔਰਤ ਮਜ਼ਦੂਰ ਪਰਿਵਾਰ ਦੁਆਰਾ ਵਿਆਹਾਂ ਅਤੇ ਹੋਰ ਸਮਾਜਿਕ ਰਸਮਾਂ ਉੱਤੇ 10034 ਰੁਪਏ ਸਾਲਾਨਾ ਖ਼ਰਚਾ ਕੀਤਾ ਗਿਆ ਜਦੋਂ ਕਿ ਧਾਰਮਿਕ ਰਸਮਾਂ ਉੱਤੇ ਹੋਣ ਵਾਲਾ ਖ਼ਰਚ 2303 ਰੁਪਏ ਹੈ। ਸੇਵਾਵਾਂ ਵਿਚੋਂ ਇਕ ਔਸਤਨ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰ ਦੁਆਰਾ ਸਭ ਤੋਂ ਵੱਧ ਖ਼ਰਚ ਸਿਹਤ ਸੰਭਾਲ ਉੱਤੇ ਕੀਤਾ ਗਿਆ ਜੋ 6430 ਰੁਪਏ ਸਾਲਾਨਾ ਹੈ। ਇਸ ਦਾ ਕਾਰਨ ਇਨ੍ਹਾਂ ਪਰਿਵਾਰਾਂ ਦੀ ਘੱਟ ਆਮਦਨ ਵਿਚੋਂ ਉਪਜੀ ਘੋਰ ਗ਼ਰੀਬੀ ਅਤੇ ਕੰਮ ਕਰਨ ਦੀਆਂ ਮਾੜੀਆਂ ਹਾਲਤਾਂ ਹਨ। ਸਿੱਖਿਆ, ਸੰਚਾਰ, ਆਵਾਜਾਈ, ਮਨੋਰੰਜਨ ਅਤੇ ਅਖ਼ਬਾਰਾਂ/ਕਿਤਾਬਾਂ ਉੱਤੇ ਹੋਣ ਵਾਲਾ ਪ੍ਰਤੀ ਪਰਿਵਾਰ ਖ਼ਰਚ ਕ੍ਰਮਵਾਰ 2116, 1626, 1191, 610 ਅਤੇ 24 ਰੁਪਏ ਸਾਲਾਨਾ ਹੈ।
     ਟਿਕਾਊ ਵਸਤਾਂ ਉੱਤੇ ਹੋਣ ਵਾਲੇ ਖ਼ਰਚ ਵਿਚੋਂ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦੁਆਰਾ ਘਰ ਦੀ ਉਸਾਰੀ, ਨਵੇਂ ਕਮਰਿਆਂ ਦੀ ਉਸਾਰੀ ਅਤੇ ਵੱਡੀ ਮੁਰੰਮਤ ਉੱਤੇ 7679 ਰੁਪਏ ਸਾਲਾਨਾ ਖ਼ਰਚ ਕੀਤੇ ਗਏ ਹਨ। ਇਕ ਔਸਤਨ ਪਰਿਵਾਰ ਦੁਆਰਾ 1907 ਰੁਪਏ ਫੋਨ ਉੱਤੇ ਖ਼ਰਚ ਕੀਤੇ ਗਏ ਹਨ। ਮੋਟਰਸਾਈਕਲ/ ਸਕੂਟਰ/ ਮੋਪਿਡ ਅਤੇ ਸਾਈਕਲ/ ਰਿਕਸ਼ਾ/ਆਟੋਰਿਕਸ਼ਾ ਉੱਤੇ ਹੋਣ ਵਾਲਾ ਸਾਲਾਨਾ ਪ੍ਰਤੀ ਪਰਿਵਾਰ ਖ਼ਰਚ ਕ੍ਰਮਵਾਰ 714 ਅਤੇ 543 ਰੁਪਏ ਹੈ। ਇਸ ਤੋਂ ਇਲਾਵਾ ਬਾਕੀ ਟਿਕਾਊ ਵਸਤਾਂ ਦੀ ਖ਼ਰੀਦਦਾਰੀ ਜਾਂ ਮੁਰੰਮਤ ਉੱਤੇ ਇਨ੍ਹਾਂ ਪਰਿਵਾਰਾਂ ਦੁਆਰਾ ਕੀਤਾ ਗਿਆ ਔਸਤਨ ਸਾਲਾਨਾ ਖ਼ਰਚ ਪ੍ਰਤੀ ਵਸਤੂ ਲਈ 250 ਰੁਪਏ ਤੋਂ ਵੀ ਘੱਟ ਹੈ।
        ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦੇ ਖ਼ਪਤ ਖ਼ਰਚ ਦੇ ਸਬੰਧ ਵਿਚ ਵੱਖ ਵੱਖ ਖੇਤਰਾਂ ਵਿਚ ਭਿੰਨਤਾ ਹੈ। ਦੋਆਬਾ ਖੇਤਰ ਵਿਚ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦਾ ਸਾਲਾਨਾ ਖ਼ਪਤ ਖ਼ਰਚ ਸਭ ਤੋਂ ਵੱਧ (88218 ਰੁਪਏ) ਅਤੇ ਮਾਝਾ ਖੇਤਰ ਵਿਚ ਸਭ ਤੋਂ ਘੱਟ (82090) ਰੁਪਏ ਹੈ। ਮਾਲਵਾ ਖੇਤਰ ਵਿਚ ਇਹ ਖ਼ਰਚ 85456 ਰੁਪਏ ਹੈ।
     ਜੇ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦੇ ਖ਼ਪਤ ਖ਼ਰਚ ਦੀਆਂ ਬਣਤਰ ਨੂੰ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਖ਼ਪਤ ਖ਼ਰਚ ਵਿਚ ਵੱਡਾ ਹਿੱਸਾ ਗ਼ੈਰ-ਟਿਕਾਊ ਵਸਤਾਂ ਦਾ ਹੈ ਜਿਹੜਾ 57 ਫ਼ੀਸਦ ਕਰੀਬ ਬਣਦਾ ਹੈ। ਸਮਾਜਿਕ-ਧਾਰਮਿਕ ਰਸਮਾਂ, ਸੇਵਾਵਾਂ ਅਤੇ ਟਿਕਾਊ ਵਸਤਾਂ ਉੱਪਰ ਹੋਣ ਵਾਲੇ ਖ਼ਰਚ ਦਾ ਕੁੱਲ ਖ਼ਪਤ ਵਿਚ ਹਿੱਸਾ ਕ੍ਰਮਵਾਰ 15,14 ਅਤੇ 14 ਫ਼ੀਸਦ ਹੈ।
     ਗ਼ੈਰ-ਟਿਕਾਊ ਵਸਤਾਂ ਵਿਚ ਅਨਾਜ ਪਦਾਰਥ ਖ਼ਪਤ ਦੀ ਮਹੱਤਵਪੂਰਨ ਵਸਤੂ ਹਨ ਅਤੇ ਔਸਤਨ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰ ਦੁਆਰਾ ਕੁੱਲ ਖ਼ਪਤ ਖ਼ਰਚ ਦਾ ਇਸ ਉੱਪਰ 14 ਫ਼ੀਸਦ ਖ਼ਰਚ ਕੀਤਾ ਜਾਂਦਾ ਹੈ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਉੱਤੇ ਹੋਣ ਵਾਲਾ ਖ਼ਰਚ 13 ਫ਼ੀਸਦ ਦੇ ਕਰੀਬ ਹੈ। ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰ ਆਪਣੀ ਕਾਰਜ-ਕੁਸ਼ਲਤਾ ਨੂੰ ਕਾਇਮ ਰੱਖਣ ਲਈ ਉਪਰੋਕਤ ਦੋਵਾਂ ਵਸਤਾਂ ਉੱਪਰ ਵੱਡਾ ਖ਼ਰਚ ਕਰਦੇ ਹਨ। ਇਹ ਪਰਿਵਾਰ ਇਕ ਜਾਂ ਦੋ ਪਸ਼ੂ ਪਾਲਦੇ ਹਨ ਜਿਸ ਕਰਕੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਵਧੇਰੇ ਕਰਕੇ ਘਰ ਵਿਚ ਹੀ ਤਿਆਰ ਕੀਤੇ ਹਨ।
     ਨਸ਼ੀਲੇ ਪਦਾਰਥਾਂ ਉੱਤੇ ਹੋਣ ਵਾਲਾ ਖ਼ਰਚ 5 ਫ਼ੀਸਦ ਦੇ ਕਰੀਬ ਹੈ। ਕੋਈ ਵੀ ਔਰਤ ਨਸ਼ਾ ਨਹੀਂ ਕਰਦੀ ਅਤੇ ਜ਼ਿਆਦਾਤਰ ਮਰਦ ਮਜ਼ਦੂਰ ਨਸ਼ਾ ਲੈਣ ਦੇ ਆਦੀ ਹਨ। ਇਕ ਔਸਤਨ ਪਰਿਵਾਰ ਦੁਆਰਾ 5 ਫ਼ੀਸਦ ਦੇ ਕਰੀਬ ਖ਼ਰਚ ਚੀਨੀ/ਗੁੜ ਉੱਤੇ ਕੀਤਾ ਗਿਆ ਹੈ। ਤਕਰੀਬਨ ਇਤਨਾ ਹੀ ਖ਼ਰਚ ਕੱਪੜਿਆਂ ਅਤੇ ਜੁੱਤੀਆਂ ਉੱਤੇ ਕੀਤਾ ਗਿਆ ਜੋ ਬਹੁਤ ਘੱਟ ਹੈ। ਸਰਵੇਖਣ ਦੌਰਾਨ ਦੁੱਖਦਾਈ ਪਹਿਲੂ ਸਾਹਮਣੇ ਆਇਆ ਹੈ ਕਿ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰ ਸਾਰੇ ਜੀਆਂ ਲਈ ਲੋੜੀਂਦੇ ਕੱਪੜੇ ਨਹੀਂ ਖ਼ਰੀਦ ਸਕਦੇ। ਇਹ ਪਰਿਵਾਰ ਜ਼ਿਆਦਾਤਰ ਫਟੇ ਹੋਏ ਅਤੇ ਘਟੀਆ ਮਿਆਰ ਦੇ ਕੱਪੜੇ ਪਹਿਨਣ ਲਈ ਮਜਬੂਰ ਹੁੰਦੇ ਹਨ। ਇਹ ਪਰਿਵਾਰ ਜਿਨ੍ਹਾਂ ਘਰਾਂ ਵਿਚ ਮਜ਼ਦੂਰੀ ਕਰਦੇ ਹਨ, ਉਨ੍ਹਾਂ ਦੇ ਉਤਾਰੇ ਕੱਪੜੇ ਪਹਿਨ ਕੇ ਵੀ ਗੁਜ਼ਾਰਾ ਕਰਦੇ ਹਨ। ਖਾਣ ਵਾਲੇ ਤੇਲ ਅਤੇ ਸਬਜ਼ੀਆਂ ਉੱਤੇ ਹੋਣ ਵਾਲਾ ਖ਼ਰਚ ਕ੍ਰਮਵਾਰ 3.87 ਅਤੇ 3 ਫ਼ੀਸਦ ਹੈ। ਬਾਕੀ ਦੀਆਂ ਗ਼ੈਰ-ਟਿਕਾਊ ਵਸਤਾਂ ਉੱਪਰ ਖ਼ਰਚ 3 ਫ਼ੀਸਦ ਤੋਂ ਵੀ ਘੱਟ ਹੈ। ਇਨ੍ਹਾਂ ਪਰਿਵਾਰਾਂ ਦੁਆਰਾ ਕੁੱਲ ਖ਼ਪਤ ਖ਼ਰਚ ਦਾ ਵੱਡਾ ਹਿੱਸਾ (57.32 ਫ਼ੀਸਦ) ਸਿਰਫ਼ ਗ਼ੈਰ-ਟਿਕਾਊ ਵਸਤਾਂ ਉੱਪਰ ਖ਼ਰਚ ਕੀਤਾ ਜਾਣਾ ਇਹ ਸਪੱਸ਼ਟ ਕਰਦਾ ਹੈ ਕਿ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਨੂੰ ਆਪਣੀ ਆਮਦਨ ਦਾ ਵੱਡਾ ਹਿੱਸਾ ਸਿਰਫ਼ ਦੋ ਡੰਗਾਂ ਦੀ ਰੋਟੀ ਲਈ ਆਪਣਾ ਚੁੱਲ੍ਹਾ ਬਲਦਾ ਰੱਖਣ ਉੱਪਰ ਸਿਰਫ਼ ਜਿਊਂਦੇ ਰਹਿਣ ਲਈ ਹੀ ਕਰਨਾ ਪੈਂਦਾ ਹੈ।
      ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਵੱਲੋਂ ਸਮਾਜਿਕ-ਧਾਰਮਿਕ ਕਰਮਾਂ ਉੱਪਰ ਕੀਤੇ ਜਾਣ ਵਾਲੇ ਖ਼ਪਤ ਖ਼ਰਚ ਵਿਚੋਂ ਪਰਿਵਾਰ ਕੁੱਲ ਖ਼ਪਤ ਖ਼ਰਚ ਦਾ 12 ਫ਼ੀਸਦ ਦੇ ਕਰੀਬ ਵਿਆਹਾਂ ਅਤੇ ਹੋਰ ਸਮਾਜਿਕ ਰਸਮਾਂ ਉੱਪਰ ਖ਼ਰਚ ਕੀਤਾ, ਜਦੋਂ ਕਿ ਧਾਰਮਿਕ ਰਸਮਾਂ ਉੱਪਰ ਹੋਣ ਵਾਲਾ ਖ਼ਰਚ 3 ਫ਼ੀਸਦ ਦੇ ਕਰੀਬ ਹੈ। ਸੇਵਾਵਾਂ ਵਿਚ ਔਸਤਨ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰ ਨੇ ਖ਼ਪਤ ਖ਼ਰਚ ਵਿਚੋਂ ਸਭ ਤੋਂ ਵੱਡਾ ਹਿੱਸਾ ਸਿਹਤ ਸੰਭਾਲ ਖ਼ਰਚ ਕੀਤਾ ਹੈ।
     ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਸਿਹਤ ਸੰਭਾਲ ਸੇਵਾਵਾਂ ਪਿੰਡ ਦੇ ਝੋਲਾ-ਛਾਪ ਡਾਕਟਰਾਂ ਅਤੇ ਨੀਮ ਹਕੀਮ ਤੋਂ ਹੀ ਲਈਆਂ ਜਾਂਦੀਆਂ ਹਨ। ਸਰਕਾਰ ਨੇ ਭਾਵੇਂ ਮੁਫ਼ਤ ਸਿੱਖਿਆ ਦੇ ਪ੍ਰਬੰਧ ਕੀਤੇ ਹਨ, ਫਿਰ ਵੀ ਇਨ੍ਹਾਂ ਪਰਿਵਾਰਾਂ ਵੱਲੋਂ ਸਿੱਖਿਆ ਨਾਲ ਸਬੰਧਿਤ ਹੋਰ ਖ਼ਰਚ ਕਰਨੇ ਮੁਸ਼ਕਿਲ ਹਨ। ਇੱਥੋਂ ਤੱਕ ਕਿ ਜੇ ਇਹ ਪਰਿਵਾਰ ਬੱਚਿਆਂ ਨੂੰ ਸਕੂਲ ਭੇਜਦੇ ਵੀ ਹਨ ਤਾਂ ਵੀ ਬੱਚਿਆਂ ਤੋਂ ਕੁਝ ਕਮਾਈ ਦੀ ਆਸ ਕੀਤੀ ਜਾਂਦੀ ਹੈ ਜੋ ਉਨ੍ਹਾਂ ਦੀਆਂ ਗ਼ੈਰ-ਹਾਜ਼ਰੀਆਂ ਦਾ ਕਾਰਨ ਬਣਦੀ ਹੈ।
ਪਰਿਵਾਰ ਵਲੋਂ ਟਿਕਾਊ ਵਸਤਾਂ ਵਿਚੋਂ 9 ਫ਼ੀਸਦ ਦੇ ਕਰੀਬ ਹਿੱਸਾ ਘਰ ਦੀ ਉਸਾਰੀ, ਨਵੇਂ ਕਮਰਿਆਂ ਦੀ ਉਸਾਰੀ ਅਤੇ ਵੱਡੀ ਮੁਰੰਮਤ ਉੱਪਰ ਖ਼ਰਚ ਕੀਤਾ ਗਿਆ ਹੈ। ਫੋਨ ਉੱਤੇ ਹੋਣ ਵਾਲਾ ਖ਼ਰਚ 2.24 ਫ਼ੀਸਦ ਹੈ। ਇਸ ਤੋਂ ਇਲਾਵਾ ਹੋਰ ਵਸਤਾਂ ਉੱਪਰ ਹੋਣ ਵਾਲਾ ਖ਼ਰਚ ਬਹੁਤ ਹੀ ਘੱਟ ਹੈ। ਉਪਰੋਕਤ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦੀ ਜੀਵਨ ਪੱਧਰ ਸਿਰਫ਼ ਜਿਊਣ ਤੱਕ ਹੀ ਸੀਮਿਤ ਹੈ। ਖੇਤਰਵਾਰ ਵਿਸ਼ਲੇਸ਼ਣ ਤੋਂ ਸਪੱਸ਼ਟ ਹੈ ਕਿ ਮਾਲਵਾ ਅਤੇ ਮਾਝਾ ਖੇਤਰਾਂ ਦੇ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦੇ ਖ਼ਪਤ ਖ਼ਰਚ ਵਿਚ ਮੁੱਖ ਹਿੱਸਾ ਗ਼ੈਰ-ਟਿਕਾਊ ਵਸਤਾਂ ਦਾ ਹੈ, ਜਦੋਂ ਕਿ ਦੋਆਬਾ ਖੇਤਰ ਵਿਚ ਸਭ ਤੋਂ ਵੱਧ ਖ਼ਰਚ ਗ਼ੈਰ-ਟਿਕਾਊ ਵਸਤਾਂ ਉੱਪਰ ਹੈ।
     ਪੰਜਾਬ ਦੇ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦੇ ਅਧਿਐਨ ਤੋਂ ਦੁੱਖਦਾਈ ਪਹਿਲੂ ਸਾਹਮਣੇ ਆਇਆ ਕਿ ਇਨ੍ਹਾਂ ਪਰਿਵਾਰਾਂ ਦਾ ਔਸਤ ਖਪਤ ਰੁਝਾਨ 1.12 ਹੈ, ਜਿਸ ਦਾ ਭਾਵ ਇਹ ਹੈ ਕਿ ਜੇ ਇਨ੍ਹਾਂ ਪਰਿਵਾਰਾਂ ਦੀ ਆਮਦਨ 100 ਰੁਪਏ ਹੈ ਤਾਂ ਇਹ ਪਰਿਵਾਰ ਖ਼ਪਤ ਦੇ ਘੱਟੋ-ਘੱਟ ਪੱਧਰ ਨੂੰ ਬਣਾਈ ਰੱਖਣ ਲਈ 112 ਰੁਪਏ ਖ਼ਰਚ ਕਰ ਰਹੇ ਹਨ ਜਿਸ ਲਈ ਉਨ੍ਹਾਂ ਨੂੰ ਕਰਜ਼ਾ ਲੈਣਾ ਪੈਂਦਾ ਹੈ। ਇਨ੍ਹਾਂ ਪਰਿਵਾਰਾਂ ਦਾ ਕਰਜ਼ਾ ਭਾਵੇਂ ਕੁਝ ਹਜ਼ਾਰ ਰੁਪਏ ਹੀ ਹੈ ਪਰ ਇਨ੍ਹਾਂ ਦੀ ਘੱਟ ਆਮਦਨ ਅਤੇ ਘੋਰ ਗ਼ਰੀਬੀ ਕਾਰਨ ਇਹ ਕਰਜ਼ਾ ਇਨ੍ਹਾਂ ਲਈ ਅਕਹਿ ਅਤੇ ਅਸਹਿ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਸਰਕਾਰ ਦੇ ਜਾਗਣ ਦਾ ਵੇਲਾ ਹੈ ਕਿ ਇਸ ਕਿਰਤੀ ਵਰਗ ਦੇ ਆਮਦਨ ਦੇ ਪੱਧਰ ਨੂੰ ਇਤਨਾ ਤਾਂ ਘੱਟੋ-ਘੱਟ ਜ਼ਰੂਰ ਵਧਾਇਆ ਜਾਵੇ ਜਿਸ ਨਾਲ ਉਹ ਆਪਣੀਆਂ ਬੁਨਿਆਦੀ ਲੋੜਾਂ- ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਨ ਅਤੇ ਸਮਾਜਿਕ ਸੁਰੱਖਿਆ ਸਤਿਕਾਰਤ ਢੰਗ ਨਾਲ ਪੂਰੀਆਂ ਕਰ ਸਕਣ।

'ਸਾਬਕਾ ਪ੍ਰੋਫ਼ੈਸਰ, ਅਰਥ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 001-408-493-9776