ਜਸਦੇਵ ਜੱਸ ਦੀ ਪੁਸਤਕ ''ਰੌਸ਼ਨੀ ਦੀਆਂ ਕਿਰਚਾਂ'' ਦਿਹਾਤੀ ਜੀਵਨ ਸ਼ੈਲੀ ਦਾ ਬ੍ਰਿਤਾਂਤ - ਉਜਾਗਰ ਸਿੰਘ

ਰੌਸ਼ਨੀ ਦੀਆਂ ਕਿਰਚਾਂ ਜਸਦੇਵ ਜੱਸ ਦੀ ਪਲੇਠੀ ਕਹਾਣੀਆਂ ਦੀ ਪੁਸਤਕ ਹੈ। ਇਸ 104 ਪੰਨਿਆਂ, 200 ਰੁਪਏ ਕੀਮਤ, ਸਚਿਤਰ ਰੰਗਦਾਰ ਮੁੱਖ ਕਵਰ ਅਤੇ ਸਪਰੈੱਡ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਤ ਪੁਸਤਕ ਵਿਚ 13 ਕਹਾਣੀਆਂ ਹਨ, ਜਿਹੜੀਆਂ ਦਿਹਾਤੀ ਜੀਵਨ ਸ਼ੈਲੀ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਬ੍ਰਿਤਾਂਤਿਕ ਢੰਗ ਨਾਲ ਜਾਣਕਾਰੀ ਦਿੰਦੀਆਂ ਹਨ। ਪੁਸਤਕ ਦੀਆਂ ਬਹੁਤੀਆਂ ਕਹਾਣੀਆਂ ਪਿੰਡਾਂ ਦੇ ਜੀਵਨ ਵਿਚ ਵਿਚਰ ਰਹੇ ਲੋਕਾਂ ਦੇ ਸਮਾਜਿਕ ਸਰੋਕਾਰਾਂ, ਆਰਥਿਕ ਅਤੇ ਸਭਿਆਚਾਰਕ ਵਰਤਾਰੇ ਦੇ ਤਾਣੇ ਬਾਣੇ ਨਾਲ ਸੰਬੰਧਤ ਹਨ। ਇਸ ਪੁਸਤਕ ਦੀ ਸ਼ਬਦਾਵਲੀ ਦਿਹਾਤੀ, ਸਰਲ, ਸ਼ਪਸ਼ਟ, ਗਲਬਾਤੀ ਅਤੇ ਨਿਵੇਕਲੀ ਹੈ। ਕੁਝ ਕਹਾਣੀਆਂ ਨੂੰ ਛੱਡਕੇ ਬਾਕੀ ਕਹਾਣੀਆਂ ਵਿਚ ਅੱਗੇ ਪੜ੍ਹਨ ਲਈ ਦਿਲਚਸਪੀ ਬਣੀ ਰਹਿੰਦੀ ਹੈ। ਲਗਪਗ ਸਾਰੀਆਂ ਕਹਾਣੀਆਂ ਵਿਚ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਪ੍ਰੇਰਨਾ ਮਿਲਦੀ ਹੈ। ਕਹਾਣੀਕਾਰ ਦੀ ਕਮਾਲ ਇਸ ਗੱਲ ਵਿਚ ਹੈ ਕਿ ਉਸਨੇ ਕਹਾਣੀਆਂ ਦੀ ਰੌਚਿਕਤਾ ਬਣਾਉਣ ਲਈ ਇਸ਼ਕ ਮੁਸ਼ਕ ਦੀਆਂ ਬਾਤਾਂ ਵੀ ਪਾਈਆਂ ਹਨ ਪ੍ਰੰਤੂ ਉਨ੍ਹਾਂ ਵਿਚੋਂ ਸਮਾਜਿਕਤਾ ਦੀ ਝਲਕ ਵੀ ਆਉਂਦੀ ਹੈ। ਇਸਤਰੀ ਅਤੇ ਮਰਦ ਵਿਚ ਆਪਸੀ ਮਿਲਣ ਦੀ ਖਿੱਚ ਕੁਦਰਤੀ ਹੁੰਦੀ ਹੈ, ਜਿਸ ਬਾਰੇ ਕਈ ਕਹਾਣੀਆਂ ਵਿਚ ਦਰਸਾਇਆ ਗਿਆ ਹੈ। ਇਹ ਕਹਾਣੀਆਂ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਨਿੱਜੀ ਜ਼ਰੂਰਤਾਂ ਪੂਰੀਆਂ ਕਰਨ ਲਈ ਜਿਹੜੇ ਪਾਪੜ ਵੇਲਣੇ ਪੈਂਦੇ ਹਨ, ਉਨ੍ਹਾਂ ਨੂੰ ਵੀ ਦ੍ਰਿਸ਼ਟਾਂਤਿਕ ਢੰਗ ਨਾਲ ਪੇਸ਼ ਕਰਦੀਆਂ ਹਨ। ਦਿਹਾਤੀ ਪਰਿਵਾਰਾਂ ਵਿਚ ਬੰਦਸ਼ਾਂ ਅਧੀਨ ਜੀਵਨ ਬਸਰ ਕਰ ਰਹੀਆਂ ਲੜਕੀਆਂ ਅਤੇ ਉਨ੍ਹਾਂ ਦੇ ਰੁਮਾਂਸ ਕਰਨ ਦੇ ਢੰਗ ਦੀ ਪ੍ਰਵਿਰਤੀ ਵੀ ਦੱਸੀ ਗਈ ਹੈ। ਆਮ ਤੌਰ ਤੇ ਪੇਂਡੂ ਇਲਾਕਿਆਂ ਵਿਚ ਲੜਕੀਆਂ ਅਤੇ ਲੜਕੇ ਆਪਣੀ ਮਾਨਸਿਕ ਤ੍ਰਿਪਤੀ ਲਈ ਲੁਕ ਛਿਪ ਕੇ ਜਿਹੜੇ ਢੰਗ ਤਰੀਕੇ ਵਰਤਕੇ ਪੂਰਤੀ ਕਰਦੇ ਹਨ, ਉਸਦਾ ਪ੍ਰਗਟਾਵਾ ਵੀ ਇਸ ਪੁਸਤਕ ਦੀਆਂ ਕਹਾਣੀਆਂ ਕਰਦੀਆਂ ਹਨ। 'ਉਸ ਨੂੰ ਕਹੀਂ' ਸਿਰਲੇਖ ਵਾਲੀ ਕਹਾਣੀ ਵਿਚ ਦੀਪਾਂ ਅਤੇ ਉਸਦੀ ਸਹੇਲੀ ਅੰਜੂ ਦੋਵੇਂ ਇਕ ਦੂਜੀ ਤੋਂ ਚੋਰੀ ਇਕ ਲੜਕੇ ਨੂੰ ਪਿਆਰ ਕਰਦੀਆਂ ਹਨ। ਇਕ ਦੂਜੀ ਨਾਲ ਮਿਤਰਤਾ ਦੇ ਢੌਂਗ ਵਿਚ ਖ਼ਾਰ ਵੀ ਖਾਂਦੀਆਂ ਹਨ, ਜਿਸ ਨਾਲ ਲੜਕੀਆਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ। ਉਸ ਲੜਕੇ ਦੀ ਪ੍ਰਾਪਤੀ ਲਈ ਦੋਵੇਂ ਇਕੋ ਤਰ੍ਹਾਂ ਦੇ ਹਾਰ ਸ਼ਿੰਗਾਰ ਕਰਕੇ ਉਸਨੂੰ ਆਪੋ ਆਪਣੇ ਵਲ ਖਿੱਚਣ ਦੀ ਕੋਸ਼ਿਸ਼ ਕਰਦੀਆਂ ਹਨ। ਦਿਹਾਤੀ ਇਲਾਕਿਆਂ ਵਿਚ ਲੜਕੀਆਂ ਅਤੇ ਲੜਕੀਆਂ ਦੇ ਮਿਲਣ ਨੂੰ ਵਰਜਿਤ ਵਿਖਾਇਆ ਗਿਆ ਹੈ। ਇਸ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਰੌਸ਼ਨੀ ਦੀਆਂ ਕਿਰਚਾਂ' ਵਿਚ ਇਸਤਰੀ ਅਤੇ ਮਰਦ ਦੀ ਵਿਆਹੁਤਾ ਜੀਵਨ ਦਾ ਆਨੰਦ ਮਾਨਣ ਦੀ ਲਾਲਸਾ ਵਿਖਾਈ ਗਈ ਹੈ। ਇਸ ਰੌਸ਼ਨੀ ਦੀ ਪ੍ਰਾਪਤੀ ਲਈ ਕਿਸ ਪ੍ਰਕਾਰ ਦੋਵੇਂ ਤਰਲੋਮੱਛੀ ਹੁੰਦੇ ਰਹਿੰਦੇ ਹਨ। ਜੇਕਰ ਉਨ੍ਹਾਂ ਦੀ ਇਹ ਇੱਛਾ ਦੀ ਪ੍ਰਾਪਤੀ ਨਾ ਹੋਵੇ ਤਾਂ ਭਾਗੂ ਅਤੇ ਚੰਨੋਂ ਦੀ ਤਰ੍ਹਾਂ ਉਸਲਵੱਟੇ ਲੈਂਦੇ ਰਹਿੰਦੇ ਹਨ ਪ੍ਰੰਤੂ ਸਮਾਜਿਕ ਨੈਤਿਕਤਾ ਦਾ ਪੱਲਾ ਵੀ ਨਹੀਂ ਛੱਡਦੇ। ਦੁਨੀਆਂਦਾਰੀ ਵਿਚ ਵਿਚਰਦਿਆਂ ਲੁਕਣ ਮੀਟੀ ਖੇਡਦੇ ਹਨ। ਢਲਾਣ 'ਤੇ ਰੁਕੇ ਕਦਮ ਕਹਾਣੀ ਵਿਚ ਦਸਾਂ ਨਹੁਾੰਂ ਦੀ ਕਿਰਤ ਕਰਨ ਦੀ ਪ੍ਰੇਰਨਾ ਮਿਲਦੀ ਹੈ ਜਿਸ ਵਿਚ ਪ੍ਰੀਤਮ ਸਿੰਘ ਦੀ ਵਿਹਲਾ ਰਹਿਣ ਤੇ ਸੰਤੁਸ਼ਟੀ ਨਹੀਂ ਹੁੰਦੀ ਪ੍ਰੰਤੂ ਉਸਦੇ ਬੱਚੇ ਅਮੀਰ ਹੋਣ ਤੇ ਜਲਦੀ ਹੀ ਪੈਰ ਛੱਡ ਜਾਂਦੇ ਹਨ, ਬਜ਼ੁਰਗਾਂ ਦੀ ਕਦਰ ਨਹੀਂ ਕਰਦੇ ਅਤੇ ਨਾਲ ਹੀ ਆਪਣੀ ਅਣਗਹਿਣੀ ਕਰਕੇ ਪਛਤਾਉਂਦੇ ਹਨ। 'ਬੁਝੇ ਹੋਏ' ਕਹਾਣੀ ਵਿਚ ਮਰਦ ਅਤੇ ਔਰਤ ਦੀਆਂ ਅਸੰਤੁਲਤ ਭਾਵਨਾਵਾਂ ਪਦਮਾ ਅਤੇ ਦੇਵ ਦੇ ਪਾਤਰਾਂ ਰਾਹੀਂ ਦ੍ਰਿਸ਼ਟਾਂਤ ਕੀਤਾ ਗਿਆ ਹੈ। ਪਦਮਾ ਨੂੰ ਇਕ ਬੁਝਾਰਤ ਤੇ ਗੁੰਝਲਦਾਰ ਇਸਤਰੀ ਦੇ ਕਿਰਦਾਰ ਪੇਸ਼ ਕੀਤਾ ਗਿਆ ਹੈ, ਜਿਸਦੀ ਮਾਨਸਿਕਤਾ ਨੂੰ ਦੇਵ ਸਮਝ ਹੀ ਨਹੀਂ ਸਕਿਆ। ਔਰਤ ਨੂੰ ਸਮਝਣਾ ਬੜਾ ਕਠਿਨ ਕੰਮ ਹੈ। ਇਸਤਰੀ ਭਾਵੇਂ ਪਤਨੀ ਜਾਂ ਪ੍ਰੇਮਿਕਾ ਦੇ ਰੂਪ ਵਿਚ ਹੋਵੇ ਤਾਂ ਉਹ ਮਰਦ ਤੇ ਬੰਦਸ਼ਾਂ ਦਾ ਟੋਕਰਾ ਟਿਕਾ ਦਿੰਦੀ ਹੈ। ਅਰਥਾਤ ਆਪਣੀ ਮਰਜੀ ਅਨੁਸਾਰ ਮਰਦ ਨੂੰ ਉਂਗਲਾਂ ਤੇ ਨਚਾਉਣਾ ਚਾਹੁੰਦੀ ਹੈ। ਉਹ ਗਿਰਗਟ ਦੀ ਤਰ੍ਹਾਂ ਰੰਗ ਬਦਲਦੀ ਹੈ। ਜਾਦੂ ਕਹਾਣੀ ਵਿਚ ਮੋਹੀ ਇਸਤਰੀ ਪਾਤਰ ਆਪਣੀ ਤ੍ਰਿਪਤੀ ਲਈ ਇਕ ਅੱਲ੍ਹੜ੍ਹ ਉਮਰ ਦੇ ਅਣਭੋਲ ਬੱਚੇ ਸ਼ਿੰਦੇ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਣਾ ਚਾਹੁੰਦੀ ਹੈ। ਇਹ ਵੀ ਔਰਤ ਦੀ ਅਤ੍ਰਿਪਤੀ ਦੀ ਮੂੰਹ ਬੋਲਦੀ ਤਸਵੀਰ ਹੈ। ਰੁੱਸੇ ਹੋਏ ਕਹਾਣੀ ਵਿਚ ਦਾਰਾ ਅਤੇ ਉਸਦੀ ਪਤਨੀ ਪਾਰੋ ਦੇ ਦਾਰੇ ਦੇ ਸ਼ਰਾਬ ਪੀਣ ਕਰਕੇ ਕਾਟੋ ਕਲੇਸ਼ ਬਾਰੇ ਜਾਣਕਾਰੀ ਦਿੰਦੀ ਹੈ, ਜਿਹੜੀ ਦਿਹਾਤੀ ਪਰਿਵਾਰਾਂ ਵਿਚ ਆਮ ਹੁੰਦੀ ਹੈ। ਇਸੇ ਤਰ੍ਹਾਂ ਤਿਲਕਣ ਸਿਰਲੇਖ ਵਾਲੀ ਕਹਾਣੀ ਵੀ ਫ਼ੌਜੀ ਪਤੀ ਦੇ ਘਰੋਂ ਬਾਹਰ ਰਹਿਣ ਦੀ ਤ੍ਰਾਸਦੀ ਦੀ ਵਿਵਰਣ ਦਿੰਦੀ ਹੋਈ ਇਹ ਦਰਸਾਉਂਦੀ ਹੈ ਕਿ ਪੀਤੋ ਆਪਣੇ ਪਤੀ ਦੇ ਵਿਛੋੜੇ ਵਿਚ ਤਿਲਮਲਾਉਂਦੀ ਰਹਿੰਦੀ ਹੈ। ਅਜਿਹੇ ਹਾਲਾਤ ਵਿਚ ਉਹ ਕਦੀਂ ਸਾਈਂ ਬਾਬੇ ਅਤੇ ਕਦੀਂ ਦੀਪੇ ਨੂੰ ਆਪਣੀਆਂ ਭਾਵਨਾਵਾਂ ਦੀ ਪੂਰਤੀ ਲਈ ਸਾਧਨ ਬਣਾਉਣ ਦੇ ਉਪਰਾਲੇ ਕਰਦੀ ਹੈ ਪ੍ਰੰਤੂ ਸਮਾਜਿਕ ਨੈਤਿਕਤਾ ਉਸ ਨੂੰ ਅਜਿਹਾ ਕਰਨ ਨਹੀਂ ਦਿੰਦੀ। 'ਪਿੰਡ ਵਾਲੀ' ਕਹਾਣੀ ਇਕ ਘਰਾਂ ਨੂੰ ਰੰਗ ਰੋਗਨ ਕਰਨ ਵਾਲੇ ਨੌਜਵਾਨ ਦੇ ਇਕਤਰਫਾ ਪਿਆਰ ਦੀ ਕਹਾਣੀ ਹੈ, ਜਿਸ ਵਿਚ ਉਹ ਜਦੋਂ ਇਕ ਪਿੰਡ ਵਿਚ ਆਪਣਾ ਕੰਮ ਕਰਨ ਲਈ ਜਾਂਦਾ ਹੈ ਤਾਂ ਇਕ ਸਾਹਮਣੇ ਘਰ ਵਿਚ ਰਹਿਣ ਵਾਲੀ ਲੜਕੀ ਦੇ ਮੁਸਕੜੀਂ ਹੱਸਣ ਨੂੰ ਗ਼ਲਤ ਸਮਝਣ ਤੇ ਇਕਤਰਫੇ ਪਿਆਰ ਵਿਚ ਅਜਿਹਾ ਫਸ ਜਾਂਦਾ ਹੈ ਕਿ ਉਸਨੂੰ ਆਪਣੀ ਸੁੱਧ ਬੁੱਧ ਭੁੱਲ ਜਾਂਦੀ ਹੈ। ਕਹਾਣੀ ਦਾ ਸਿੱਟਾ ਇਹ ਨਿਕਲਦਾ ਹੈ ਕਿ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਅਜਿਹੀਆਂ ਗ਼ਲਤ ਫਹਿਮੀਆਂਵਿਚ ਪੈ ਕੇ ਆਪਣੀ ਚੈਨ ਨਹੀਂ ਗੁਆਉਣੀ ਚਹੀਦੀ। 'ਤੂੰ ਕੌਣ ਤੇ ਮੈਂ ਕੌਣ' ਕਹਾਣੀ ਜ਼ਾਤ ਪਾਤ ਦੀ ਪ੍ਰਵਿਰਤੀ ਵਿਚ ਫਸੇ ਸਮਾਜ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਕਰਮਜੀਤ ਜੋ ਕਿ ਟਰੱਕ ਡਰਾਇਵਰ ਹੈ ਆਪਣੇ ਦੋਸਤ ਦੀ ਜ਼ਾਤ ਤੋਂ ਅਣਜਾਣ ਹੋਣ ਕਕੇ ਉਸ ਨਾਲ ਘੁਲ ਮਿਲ ਜਾਂਦਾ ਹੈ ਅਤੇ ਇਕੱਠਿਆਂ ਖਾਣਾ ਖਾਂਦਾ ਰਹਿੰਦਾ ਹੈ। ਪ੍ਰੰਤੂ ਜਦੋਂ ਉਸਦੀ ਜ਼ਾਤ ਦਾ ਪਤਾ ਲਗਦਾ ਹੈ ਤਾਂ ਕਰੋਧਿਤ ਹੋ ਕੇ ਦੁੱਖੀ ਹੁੰਦਾ ਹੈ। ਮੌਤ ਦਾ ਚਿਹਰਾ ਇਸ ਪੁਸਤਕ ਦੀ ਆਖ਼ਰੀ ਕਹਾਣੀ ਹੈ, ਜਿਸ ਵਿਚ ਦਰਸਾਇਆ ਗਿਆ ਹੈ ਕਿ ਬਹਾਦਰ ਬਿਮਾਰ ਹੋ ਜਾਂਦਾ ਹੈ ਤਾਂ ਦੁੱਖ ਦੇ ਔਖੇ ਸਮੇਂ ਵਿਚ ਸਭ ਦੋਸਤ ਮਿਤਰ ਅਤੇ ਰਿਸ਼ਤੇਦਾਰ ਸਾਥ ਛੱਡ ਦਿੰਦੇ ਹਨ। ਇਥੋਂ ਤੱਕ ਕਿ ਖ਼ੂਨ ਦੇ ਰਿਸ਼ਤੇ ਵੀ ਬਾਤ ਨਹੀਂ ਪੁਛਦੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
ਮੋਬਾਈਲ-94178 13072
ujagarsingh48@yahoo.com