ਸੁਚੱਜਾ ਜੀਵਨ - ਐਡਵੋਕੇਟ ਸੁਰਿੰਦਰ ਸਿੰਘ ਕੰਵਰ

 ਸੁਚੱਜਾ ਜੀਵਨ ਜੀਊਣਾ ਹੀ ਇਨਸਾਨੀਅਤ ਹੈ ਅਤੇ ਇਹ ਹੀ ਹੈ ਇਨਸਾਨ ਦਾ ਧਰਮ । ਜੇਕਰ ਹਰ ਕੋਈ ਸੁਚੱਜਾ ਜੀਵਨ ਬਤੀਤ ਕਰਨਾ ਸਿੱਖ ਲਵੇ ਤਾਂ ਇਹ ਸਮਾਜ ਕਿਤਨਾ ਖੁਸ਼ਹਾਲ ਅਤੇ ਖੇੜੇ ਵਾਲਾ ਹੋ ਜਾਵੇਗਾ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ। ਜਿਸ ਪਰਿਵਾਰ, ਸਮਾਜ, ਦੇਸ਼ ਜਾਂ ਕੌਮ ਦੇ ਲੋਕ ਸੁਚੱਜਾ ਜੀਵਨ ਜੀਉਂਦੇ ਹਨ ਉਹ ਪਰਿਵਾਰ, ਸਮਾਜ, ਦੇਸ਼ ਜਾਂ ਕੌਮ ਹੀ ਤਰੱਕੀ ਕਰਦਾ ਹੈ ਅਤੇ ਉਥੋਂ ਦੇ ਲੋਕ ਹੀ ਸੁਖੀ ਹੁੰਦੇ ਹਨ।
    ਇਹ ਵੀ ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸੁਚੱਜਾ ਜੀਵਨ ਜੀਊਣਾ ਵੀ ਇਕ ਕਲਾ ਹੈ ਅਤੇ ਇਸ ਕਲਾ ਨੂੰ ਉਦਮ ਨਾਲ ਸਿੱਖਿਆ ਵੀ ਜਾ ਸਕਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਿਸੇ ਨੇ ਡਾਕਟਰ ਬਨਣਾ ਹੋਵੇ ਤਾਂ ਉਸ ਨੂੰ ਡਾਕਰੀ ਦੇ ਸੰਬੰਧ ਵਿਚ ਇਕ ਵਿਸ਼ੇਸ਼ ਪੜ੍ਹਾਈ ਕਰਨੀ ਪੈਂਦੀ ਹੈ ਤਾਂ ਹੀ ਉਹ ਚੰਗਾ ਡਾਕਟਰ ਬਣ ਸਕਦਾ ਹੈ। ਜਿਤਨੀ ਲਗਣ ਨਾਲ ਉਹ ਇਸ ਹੁਨਰ ਨੂੰ ਸਿਖਦਾ ਹੈ ਉਤਨੀ ਹੀ ਸਫਲਤਾ ਉਸ ਨੂੰ ਮਿਲਦੀ ਹੈ। ਇਸੇ ਤਰ੍ਹਾਂ ਜੇਕਰ ਕਿਸੇ ਨੇ ਵਕੀਲ ਬਨਣਾ ਹੈ ਤੇ ਵਕਾਲਤ ਵਾਸਤੇ ਉਸੇ ਮੁਤਾਬਕ ਪੜ੍ਹਾਈ ਕਰਕੇ ਯੋਗਤਾ ਪ੍ਰਾਪਤ ਕਰਨ ਉਪਰੰਤ ਹੀ ਕੋਈ ਕਾਮਯਾਬ ਵਕੀਲ ਬਣ ਸਕਦਾ ਹੈ। ਇਨਜੀਨਅਰ ਬਨਣ ਵਾਸਤੇ ਉਸੇ ਮੁਤਾਬਕ ਪੜ੍ਹਾਈ ਦੀ ਲੋੜ ਹੁੰਦੀ ਹੈ। ਸੁਭਾਵਿਕ ਹੈ ਕਿ ਜਿਸ ਤਰ੍ਹਾਂ ਦਾ ਕੰਮ ਕਰਨਾ ਹੈ ਉਸੇ ਅਨੁਸਾਰ ਉਸ ਸੰਬੰਧੀ ਯੋਗਤਾ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਜੇਕਰ ਚੰਗਾ ਸੁਚੱਜਾ,ਸੁਖੀ ਤੇ ਸ਼ਾਂਤਮਈ ਜੀਵਨ ਜੀਊਣਾ ਹੈ ਤਾਂ ਉਸ ਵਾਸਤੇ ਵੀ ਕੋਈ ਵੱਖਰੀ ਹੀ ਪੜ੍ਹਾਈ ਜ਼ਰੂਰੀ ਹੁੰਦੀ ਹੈ ਭਾਂਵੇ ਬਹੁਤ ਕਰਕੇ ਇਸ ਵਲ ਧਿਆਨ ਘੱਟ ਹੀ ਦਿੱਤਾ ਜਾਂਦਾ ਹੈ।
    ਜੀਵਨ ਸੁਚੱਜਾ ਅਤੇ ਚੰਗਾ ਜੀਊਣ ਵਾਸਤੇ ਆਮ ਤੌਰ ਤੇ  ਇਹ ਸਮਝ ਲਿੱਤਾ ਜਾਂਦਾ ਹੈ ਕਿ ਜੇਕਰ ਦੌਲਤ ਕਮਾ ਲਿੱਤੀ ਜਾਵੇ ਤਾਂ ਜੀਵਨ ਆਪਣੇ ਆਪ ਚੰਗਾ ਹੋ ਜਾਵੇਗਾ ਤੇ ਜ਼ਿੰਦਗੀ ਮਜ਼ੇਦਾਰ ਹੋ ਜਾਵੇਗੀ। ਕਈ ਵਾਰ ਇਹ ਵੀ ਸੋਚ ਲਿੱਤਾ ਜਾਂਦਾ ਹੈ ਕਿ ਕੋਈ ਉੱਚਾ ਰੁਤਬਾ ਹਾਸਲ ਕਰ ਲਿੱਤਾ ਜਾਵੇ ਤਾਂ ਜੀਵਨ ਚੰਗਾ ਬਤੀਤ ਹੋਵੇਗਾ। ਹੋ ਸਕਦਾ ਹੈ,  ਕੁਝ ਲੋਕ ਇਹ ਸਭ ਕੁਝ ਹਾਸਲ ਕਰਕੇ ਚੰਗਾ ਜੀਵਨ ਬਤੀਤ ਕਰ ਸਕਦੇ ਹੋਣ। ਕੁਝ ਐਸੇ ਵਿਅਕਤੀ ਹਨ ਜੋ ਇਹ ਸਭ ਕੁਝ ਹਾਸਲ ਕਰਕੇ ਚੰਗਾ ਜੀਵਨ ਜੀਊਂਦੇ ਹਨ, ਪਰ ਬਹੁਤ ਵਾਰ ਦੌਲਤ ਅਤੇ ਰੁਤਬਾ ਵਿਅਕਤੀ ਨੂੰ ਭ੍ਰਿਸ਼ਟ ਕਰ ਦਿੰਦਾ ਹੈ ਅਤੇ ਐਸਾ ਵਿਅਕਤੀ ਨਾਂ ਸਿਰਫ ਆਪਣਾ ਜੀਵਨ ਖਰਾਬ ਕਰਦਾ ਹੈ ਸਗੋਂ ਸਾਰੇ ਸਮਾਜ ਨੂੰ ਗੰਦਾ ਕਰ ਦਿੰਦਾ ਹੈ। ਬਹੁਤ ਸਾਰੇ ਰਾਜਨੀਤਕ ਲੀਡਰ ਐਸੇ ਵੇਖੇ ਸੁਣੇ ਗਏ ਹਨ ਜੋ ਦੌਲਤ ਅਤੇ ਰੁਤਬੇ ਦੇ ਅਹੰਕਾਰ ਅਤੇ ਲਾਲਚ ਕਾਰਨ ਦੇਸ਼ ਅਤੇ ਕੌਮ ਨੂੰ ਬਰਬਾਦ ਕਰ ਦਿੰਦੇ ਹਨ।
    ਹੁਣ ਜੇਕਰ ਚੰਗਾ ਸੁਚੱਜਾ ਜੀਵਨ ਜੀਊਣਾ ਹੈ ਤਾਂ ਇਹ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਚੰਗਾ ਸੁਚੱਜਾ ਜੀਵਨ ਹੁੰਦਾ ਕੀ ਹੈ? ਅਤੇ ਇਸ ਦੀ ਸਿੱਖਿਆ ਕਿਥੋਂ ਮਿਲਦੀ ਹੈ? ਅਤੇ ਇਸ ਵਾਸਤੇ ਕਿਹੜੀ ਪੜ੍ਹਾਈ ਕੀਤੀ ਜਾਵੇ?
    ਇਨ੍ਹਾਂ ਸਭ ਸਵਾਲਾਂ ਦੇ ਜੁਆਬ ਵਿਚ ਬਹੁਤ ਲੋਕ ਆਖ ਦੇਣਗੇ ਕਿ ਹਰ ਵਿਅਕਤੀ ਨੂੰ ਧਰਮੀ ਹੋਣਾ ਚਾਹੀਦਾ ਹੈ ਅਤੇ ਧਰਮ ਦੀ ਪੜ੍ਹਾਈ ਕਰਨੀ ਚਾਹੀਦੀ ਹੈ। ਇਸ ਵਾਸਤੇ ਬਹੁਤ ਸਾਰੇ ਧਰਮ ਗ੍ਰੰਥਾਂ ਦੀ ਰਚਣਾ ਵੀ ਕੀਤੀ ਗਈ ਹੈ। ਇਹ ਠੀਕ ਵੀ ਹੈ: ਪਰ ਜੇ ਇਹ ਸਮਝ ਹੀ ਨਾ ਆਵੇ ਕਿ ਧਰਮ ਹੁੰਦਾ ਕੀ ਹੈ ਤਾਂ ਸਭ ਕੁਝ ਉਲਟਾ ਪੁਲਟਾ ਹੋ ਜਾਂਦਾ ਹੈ। ਕਿਉਂਕਿ ਆਮ ਤੌਰ ਤੇ ਇਹ ਹੀ ਸਮਝ ਲਿੱਤਾ ਜਾਂਦਾ ਹੈ; ਜਾਂ ਇਹ ਹੀ ਸਮਝਾਇਆ ਜਾਂਦਾ ਹੈ, ਕਿ ਇਨ੍ਹਾਂ ਗ੍ਰੰਥਾਂ ਦੀ ਪੂਜਾ ਕਰਦੇ ਰਹੋ, ਬੱਸ ਇਹ ਹੀ ਧਰਮ ਹੈ। ਇਸ ਤਰ੍ਹਾਂ ਪਾਠ ਪੂਜਾ ਕਰਨ ਵਾਸਤੇ ਇਕ ਰੱਬ ਵੀ ਬਣਾ ਲਿੱਤਾ ਜਾਂਦਾ ਅਤੇ ਉਸ ਦੀ ਪੂਜਾ ਸ਼ੁਰੂ ਕਰ ਦਿੱਤੀ ਜਾਂਦੀ ਹੈ। ਫਿਰ ਪੂਜਾ ਦੇ ਨਾਮ ਤੇ ਉਸ ਧਰਮ ਦੇ ਕਰਮਕਾਂਡ ਘੜ ਦਿੱਤੇ ਜਾਂਦੇ ਹਨ।ਅਤੇ ਫਿਰ ਇਹ ਹੀ ਸਮਝ ਲਿੱਤਾ ਜਾਂਦਾ ਹੈ ਕਿ, ਧਰਮ ਗ੍ਰੰਥ ਨੂੰ ਪੜ੍ਹ ਲੈਣਾ, ਜਾਂ ਸੁਣ ਲੈਣਾ, ਜਾਂ ਫਿਰ ਪਾਠ ਪੂਜਾ ਕਰ ਲੈਣਾ ਅਤੇ ਕਰਮਕਾਂਡਾ ਦੀ ਪੂਰਤੀ ਕਰਨਾ ਹੀ ਧਰਮੀ ਹੋਣਾ ਹੈ। ਪਰ ਵੇਖਣਾ ਇਹ ਹੈ ਕਿ; ਕੀ ਸੱਚ ਮੁੱਚ ਇਹ ਹੀ ਇਕ ਚੰਗਾ ਜੀਵਨ ਜੀਉਣਾ ਹੁੰਦਾ ਹੈ? ਇਸ ਤਰ੍ਹਾਂ ਦੇ ਕਰਮਕਾਂਡੀ ਧਰਮ ਨੂੰ ਪੈਦਾ ਕਰਨ ਵਾਲੇ ਅਜੋਕੇ ਸਮਾਜ ਵਿਚ ਬਹੁਤ ਸਾਰੇ ਸਾਧੂ, ਸੰਤ, ਬਾਬੇ, ਅਤੇ ਹੋਰ ਕਈ ਡੇਰੇਦਾਰ ਪੈਦਾ ਹੋ ਗਏ ਹਨ ਜੋ ਸਮਾਜ ਨੂੰ ਸੁਧਾਰਨ ਦੀ ਬਜਾਏ ਸਮਾਜ ਨੂੰ ਲੁੱਟ ਰਹੇ ਹਨ ਅਤੇ ਕਈ ਭੋਲੇ ਭਾਲੇ ਲੋਕਾਂ ਦੀ ਜ਼ਿੰਦਗੀ ਖਰਾਬ ਕਰ ਰਹੇ ਹਨ। ਕਈ ਧਰਮ ਦੇ ਨਾਮ ਤੇ ਠੇਕੇਦਾਰ ਵੀ ਬਣੇ ਬੈਠੇ ਹਨ ਜੋ ਧਰਮ ਦੇ ਨਾਮ ਤੇ ਨਫਰਤ ਪੈਦਾ ਕਰ ਰਹੇ ਹਨ ਅਤੇ ਸ਼ਰੀਫ ਵਿਅਕਤੀ ਲਈ ਮੁਸੀਬਤਾਂ ਖੜੀਆਂ ਕਰ ਰਹੇ ਹਨ। ਧਰਮ ਦੇ ਨਾਮ ਤੇ ਲੜਾਈਆਂ ਝਗੜੇ ਕਰਵਾ ਰਹੇ ਹਨ। ਜੇਕਰ ਧਰਮ ਦੀ ਪੜ੍ਹਾਈ ਇਸ ਤਰ੍ਹਾਂ ਦੀ ਕਰਵਾਈ ਜਾਵੇ ਜਿਸ ਨਾਲ ਨਫਰਤ ਪੈਦਾ ਹੁੰਦੀ ਹੋਵੇ ਤਾਂ ਐਸੇ ਧਰਮ ਦੀ ਪੜ੍ਹਾਈ ਸੁਚੱਜਾ ਜੀਵਨ ਜੀਊਣਾ ਨਹੀਂ ਸਿਖਾ ਸਕਦੀ।
    ਸੁਚੱਜਾ ਜੀਵਨ ਜੀਊਣ ਵਾਸਤੇ ਅਸਲ ਲੋੜ ਹੁੰਦੀ ਹੈ ਮਨ ਨੂੰ ਸੱਚਾ ਸੁਚਾ ਕਰਨਾ ਕਿਉਂਕਿ ਮਨ ਹੀ ਮਤ ਘੜਦਾ ਹੈ ਅਤੇ ਸੁਚੱਜੀ ਮੱਤ ਹੀ ਸੁਚੱਜਾ ਜੀਵਨ ਜੀਊਣ ਦੀ ਪ੍ਰੇਰਨਾ ਦਿੰਦੀ ਹੈ। ਇਸ ਲਈ ਚੰਗਾ ਜੀਵਣ ਜੀਊਣ ਵਾਸਤੇ, ਮਨ ਨੂੰ ਸੋਧਣ ਦੀ ਲੋੜ ਹੁੰਦੀ ਹੈ ਅਤੇ ਇਸ ਲਈ ਸਕੂਲਾਂ ਕਾਲਜਾਂ ਵਿਚ ਮਨੋ-ਵਿਗਿਆਨਕ ਸਾਂਇੰਸ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ। ਇਸ ਪੜ੍ਹਾਈ ਵਾਸਤੇ ਬਹੁਤ ਸਾਰੇ ਸਕੂਲ ਕਾਲਜ ਹਨ ਅਤੇ ਬਹੁਤ ਕਿਤਾਬਾਂ ਵੀ ਮਿਲ ਜਾਂਦੀਆਂ ਹਨ ਜੇ ਇਨ੍ਹਾਂ ਦਾ ਚੰਗੀ ਤਰ੍ਹਾਂ ਅਧਿਅਨ ਕੀਤਾ ਜਾਵੇ ਤਾਂ ਬਹੁਤ ਲਾਭ ਹੋ ਸਕਦਾ ਹੈ। ਇਹ ਇਕ ਵਿਸ਼ੇਸ਼ ਪੜ੍ਹਾਈ ਦਾ ਕੋਰਸ ਹੁੰਦਾ ਹੈ। ਪਰ ਇਸ ਸਬੰਧ ਵਿਚ ਇਹ ਅਨੁਭਵ ਕੀਤਾ ਗਿਆ ਹੈ ਕਿ ਐਸੀ ਪੜ੍ਹਾਈ, (theoretical )  ਭਾਵ ਸਿਧਾਂਤਕ ਜਾਂ ਇਲਮੀ ਗਿਆਨ ਤਾਂ ਜ਼ਰੂਰ ਪ੍ਰਦਾਨ ਕਰਦੀ ਹੈ ਪਰ ਸਾਰਥਕ, ਅਰਥ-ਭਰਪੂਰ, ਵਿਹਾਰਕ ਜਾਂ ਅਮਲੀ (practical) ਜੀਵਨ ਜੀਊਣਾ ਕਿਵੇਂ ਹੈ; ਇਸ ਸੰਬੰਧ ਵਿਚ ਕੋਈ ਸੇਧ ਨਹੀਂ ਮਿਲਦੀ।
    ਹੁਣ ਜਦੋਂ ਸਾਰਥਕ, ਅਰਥ-ਭਰਪੂਰ, ਵਿਹਾਰਕ ਅਤੇ ਅਮਲੀ (practical) ਜੀਵਨ ਜੀਊਣ ਦੀ ਗੱਲ ਆਉਂਦੀ ਹੈ ਤਾਂ ਇਸ ਲਈ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਫ਼ਲਸਫ਼ਾ, ਇਕ ਐਸਾ ਦਾਰਸ਼ਨਕ ਸਿਧਾਂਤ ਹੈ, ਐਸਾ ਤੱਤ ਗਿਆਨ ਹੈ ਜੋ ਸੁਚੱਜਾ ਜੀਵਨ ਬਤੀਤ ਕਰਨ ਸੰਬੰਧੀ ਪੂਰਾ ਗਿਆਨ ਪ੍ਰਦਾਨ ਕਰਦਾ ਹੈ। ਇਸ ਗ੍ਰੰਥ ਵਿਚ ਦਰਸਾਏ ਗਏ ਸਿਧਾਂਤ ਹਰ ਪੱਖੋਂ ਅਟੱਲ ਹਨ। ਇਸੇ ਲਈ ਇਸ ਵਿਚ ਅੰਕਿਤ ਫ਼ਲਸਫ਼ੇ ਨੂੰ ਸੱਚੀ ਬਾਣੀ ਕਿਹਾ ਗਿਆ ਹੈ। ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਰਚਣਾ ਦਾ ਮਨੋਰਥ ਹੀ ਇਹ ਸੀ ਕਿ ਮਨੁੱਖ ਨੂੰ ਮਨੁੱਖੀ ਸਿਧਾਂਤਾਂ ਤੋ ਜਾਣੂ ਕਰਵਾਇਆ ਜਾਵੇ ਅਤੇ ਸੁਚੱਜਾ ਜੀਵਨ ਜੀਊਣ ਦਾ ਰਾਹ ਦਰਸਾਇਆ ਜਾਵੇ।ਇਸੇ ਲਈ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਉਤੇ ਹੀ ਲਿਖਿਆ ਹੈ: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਸਚਿਆਰ ਹੋਣਾ ਹੀ ਸੁਚੱਜਾ ਜੀਵਨ ਜੀਊਣਾ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਪੂਜਾ ਕਰਨ ਵਾਸਤੇ ਹੀ ਵਰਤਿਆ ਜਾ ਰਿਹਾ ਹੈ। ਜਦੋਂ ਕਿ ਲੋੜ ਹੈ: ਕਿ ਜੋ ਧਰਮ ਦੇ ਨਾਮ ਤੇ ਭੁਲੇਖੇ ਪਾ ਕੇ, ਪੂਜਾ ਅਤੇ ਕਰਮ ਕਾਂਡਾਂ ਵਾਲੀ, ਕੂੜ ਦੀ ਦਿਵਾਰ ਖਿੱਚ ਦਿੱਤੀ ਗਈ ਹੈ ਉਸ ਨੂੰ ਤੋੜ ਕੇ ਬਾਹਰ ਆਉਣ ਦਾ ਰਸਤਾ ਵਿਖਾਇਆ ਜਾਵੇ, ਜੋ ਕਿ ਉਦੇਸ਼ ਹੈ ਇਸ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ ਗਏ ਫ਼ਲਸਫ਼ੇ ਦਾ।  ਕਰਮ ਕਾਂਡਾਂ ਵਾਲੀ ਕੂੜ ਦੀ ਦਿਵਾਰ ਤੋਂ ਬਾਹਰ ਆ ਕੇ ਹੀ ਅਮਲੀ, ਸਾਰਥਕ, ਅਰਥ ਭਰਪੂਰ ਅਤੇ ਸੁਚੱਜਾ ਜੀਵਨ ਜੀਵਿਆ ਜਾ ਸਕਦਾ ਹੈ। 
     ਸਾਰਥਕ ਅਤੇ ਅਰਥ ਭਰਪੂਰ ਜੀਵਨ ਜੀਊਣ ਵਾਸਤੇ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਥਾਂ ਉਤੇ ਰੱਬੀ ਗੁਣ, ਭਾਵ ਚੰਗੇ ਗੁਣ ਅਪਨਾਉਣ ਲਈ ਪ੍ਰੇਰਿਆ ਗਿਆ ਹੈ। ਇਹ ਗੁਣ ਹੀ ਉਹ ਮਹੱਤਵਪੂਰਣ ਨੁਕਤੇ ਹਨ ਜੋ ਇਨਸਾਨ ਨੂੰ ਇਨਸਾਨ ਬਨਣ ਦੀ ਸੇਧ ਦਿੰਦੇ ਹਨ ਅਤੇ ਮਨੁੱਖ ਨੂੰ ਸੁਚੱਜਾ ਜੀਵਨ ਜੀਊਣ ਦਾ ਰਾਹ ਵਿਖਾਂਉਂਦੇ ਹਨ। ਇਨ੍ਹਾਂ ਨੁਕਤਿਆਂ ਨੂੰ ਸਮਝ ਕੇ ਅਮਲ ਵਿਚ ਲਿਆਉਣ ਦੀ ਲੋੜ ਹੁੰਦੀ ਹੈ ਜਿਸ ਰਾਹੀਂ ਸੁਚੱਜਾ ਜੀਵਨ ਜੀਵਿਆ ਜਾ ਸਕਦਾ ਹੈ। ਉਦਾਰਨ ਵਜੋਂ ਇਥੇ ਕੇਵਲ ਕੁਝ-ਕੁ ਗੁਣਾਂ ਵਾਲੇ ਨੁਕਤਿਆਂ ਦਾ ਉਲੇਖ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਨ੍ਹਾਂ ਗੁਣਾਂ ਨੂੰ ਅਪਣਾ ਕੇ ਨਾ ਕੇਵਲ ਸੁਚੱਜਾ ਜੀਵਨ ਜੀਊਣ ਦੀ ਜਾਚ ਆਉਂਦੀ ਹੈ ਸਗੋਂ ਮਨ ਵੀ ਸ਼ਾਂਤ ਹੁੰਦਾ ਹੈ ਅਤੇ ਸਮਾਜ ਵੀ ਉਨਤ ਹੁੰਦਾ ਹੈ। ਸਭ ਤੋਂ ਪਹਿਲਾਂ ਮਨ ਨੂੰ ਸਾਫ ਕਰਨ ਦੀ ਗੱਲ ਕਰਦੇ ਹਾਂ ਅਤੇ ਫਿਰ ਕੁਝ ਨੁਕਤਿਆਂ ਦੀ ਵਿਚਾਰ ਕਰਕੇ ਇਹ ਸਮਝਣ ਦਾ ਉਪਰਲਾ ਕੀਤਾ ਜਾਂਦਾ ਹੈ ਕਿ ਇਹ ਸੁਚੱਜਾ ਜੀਵਨ ਕਿਵੇਂ ਜੀਵਿਆ ਜਾ ਸਕਦਾ ਹੈ।1. ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ (ਪੰਨਾ-558)
ਭਾਵ ਜੇ ਮਨੁਖ ਦੇ ਮਨ ਵਿਚ ਵਿਕਾਰਾਂ ਦੀ ਮੈਲ ਹੈ;  ਜੇਕਰ ਮਨ ਵਿਚ ਗੁੱਸੇ,ਗਿਲ੍ਹੇ ਜਾਂ ਸ਼ਿਕਵੇ ਹਨ  ਜਾਂ ਫਿਰ ਮਨ ਵਿਚ ਈਰਖਾ, ਵੈਰ, ਵਿਰੋਧ, ਕਰੋਧ ਆਦਿ ਹੈ ਤਾਂ ਮਨ ਮੈਲਾ ਹੈ। ਜੇ ਮਨ ਹੀ ਮੈਲਾ ਹੈ ਤਾਂ ਜੀਵਨ ਸੁਚੱਜਾ ਨਹੀਂ ਹੋ ਸਕਦਾ। ਇਹ ਇਸ ਤਰ੍ਹਾਂ ਹੈ, ਜਿਵੇਂ ਗੰਦਗੀ ਦਾ ਢੇਰ ਚੁਕਿਆ ਹੋਵੇ। ਇਸ਼ਨਾਨ ਕਰਨ ਨਾਲ ਮਨ ਦੀ ਇਹ ਮੈਲ ਨਹੀਂ ਉਤਰਦੀ ਤੇ ਮਨ ਸਾਫ ਨਹੀਂ ਹੁੰਦਾ। ਇਸ ਲਈ ਮਨ, ਤਨ ਦੋਵੇਂ ਰੋਗੀ ਹੋ ਜਾਂਦੇ ਹਨ। ਰੋਗੀ ਜੀਵਨ ਕਦੇ ਸੁਚੱਜਾ ਜੀਵਨ ਨਹੀਂ ਹੋ ਸਕਦਾ। ਲੋੜ ਤਾਂ ਹੈ  ਕਿ ਮਨ ਨੂੰ ਸਾਫ ਰੱਖਿਆ ਜਾਵੇ। ਭਾਵ ਮਨ ਵਿਚੋਂ ਵੈਰ, ਵਿਰੋਧ, ਇਰਖਾ, ਦਵੈਸ਼ ਵਰਗੇ ਬੁਰੇ ਵਿਚਾਰਾਂ ਨੂੰ ਮਨ ਵਿਚ ਕੋੲ ਜਗ੍ਹਾ ਨਾ ਦਿੱਤੀ ਜਾਵੇ। ਇਹ ਵੀ ਸਪਸ਼ਟ ਹੈ ਕਿ ਮਨ ਸਾਫ ਹੁੰਦਾ ਹੈ ਚੰਗੇ ਗੁਣ ਅਪਨਾਉਣ ਨਾਲ। ਇਸ ਲਈ ਹਰ ਹੀਲੇ ਵਸੀਲੇ ਚੰਗੇ ਗੁਣ ਅਪਨਾਉਣ ਲਈ ਕੋਸ਼ਿਸ਼ ਕੀਤੀ ਜਾਵੇ।

ਗੁਰਬਾਣੀ ਵਿਚ ਮਨ ਨੂੰ ਸਾਫ ਕਰਨ ਲਈ ਬਹੁਤ ਸਾਰੇ ਨੁਕਤੇ ਦੱਸੇ ਗਏ ਹਨ, ਜਿਨ੍ਹਾਂ ਵਿਚੋਂ ਇਕ ਬਹੁਤ ਸੁੰਦਰ ਅਤੇ ਵੱਡਮੁਲਾ ਨੁਕਤਾ ਇਸ ਤਰ੍ਹਾਂ ਵੀ ਦੱਸਿਆ ਹੈ:2. ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ॥ ਜਿਉ ਗੋਡਹੁ ਤਿਉ ਤੁਮ੿ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ॥ (ਗ:ਗ:ਸ: ਪੰਨਾ-1171):
ਹਰ ਮਨੁੱਖ ਵਿਚ ਕਾਮ ਅਤੇ ਕ੍ਰੋਧ ਵਰਗੇ ਵਿਕਾਰ ਤਾਂ ਹੁੰਦੇ ਹੀ ਹਨ।ਗੁਰਬਾਣੀ ਦੀ ਇਹ ਖੂਬੀ ਹੈ ਕਿ ਇਹ ਇਨ੍ਹਾਂ ਵਿਕਾਰਾਂ ਨੂੰ ਆਪਣੇ ਭਲੇ ਵਾਸਤੇ ਕਿਵੇਂ ਵਰਤਨਾ ਹੈ? ਗੁਰਬਾਣੀ ਇਹ ਗੁਰ ਵੀ ਦਸਦੀ ਹੈ। ਗੁਰਬਾਣੀ ਰਾਹੀਂ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਇਨ੍ਹਾਂ ਕਾਂਮ ਅਤੇ ਕ੍ਰੋਧ ਨੂੰ ਦਾਤਰੀ ਅਤੇ ਰੰਬੇ ਦੀ ਤਰ੍ਹਾਂ ਵਰਤਿਆ ਜਾਵੇ।ਇਨ੍ਹਾਂ ਨਾਲ ਆਪਣੇ ਸਰੀਰ ਵਿਚਲੀ ਮਨ ਦੀ ਧਰਤੀ ਗੋਡੀ ਜਾਵੇ।ਭਾਵ ਕਾਮ ਕ੍ਰੋਧ ਰੰਬਾ, ਦਾਤਰੀ ਬਣਾ ਕੇ ਆਪਣਾ ਮਨ ਸਾਫ ਕਰਨ ਵਾਸਤੇ ਵਰਤਿਆ ਜਾਵੇ। ਇਹ ਗੋਡੀ ਕਰਦਿਆਂ ਮਨ ਵਿਚੋਂ ਬੁਰੇ ਖਿਆਲ, ਗਿਲੇ ਸ਼ਿਕਵੇ, ਵੈਰ ਵਿਰੋਧ, ਈਰਖਾ ਵਰਗੇ ਹੋਰ ਬਹੁਤ ਸਾਰੇ ਬੁਰੇ ਔਗੁਣ, ਬੁਰੇ ਵਿਕਾਰ ਆਦਿ ਜੋ ਮਨ ਵਿਚ ਪਲ ਰਹੇ ਹੁੰਦੇ ਹਨ ਉਨ੍ਹਾਂ ਨੂੰ ਕ੍ਰੋਧ ਰੂਪੀ ਦਾਤਰੀ ਅਤੇ ਰੰਬੇ ਨਾਲ ਵੱਢ ਕੇ ਅਤੇ ਖਿੱਚ ਕੇ ਬਾਰਹ ਸੁਟ ਦਿੱਤਾ ਜਾਵੇ, ਅਤੇ ਕਾਮ, ਭਾਵ ਪ੍ਰੇਮ ਵਾਲੀ ਬਿਰਤੀ ਨਾਲ ਜੋ ਚੰਗੇ ਵਿਚਾਰ ਹਨ, ਚੰਗੇ ਗੁਣ ਹਨ ਉਨ੍ਹਾਂ ਨੂੰ ਪ੍ਰੇਮ ਨਾਲ ਸੰਭਾਲ ਕੇ ਰੱਖਿਆ ਜਾਵੇ। ਚੰਗੇ ਗੁਣਾਂ ਨੂੰ ਕਾਮ ਵਾਲੀ ਪ੍ਰੇਮ ਦੀ ਬਿਰਤੀ ਨਾਲ ਪਾਲਿਆ ਜਾਵੇ ਅਤੇ ਪ੍ਰਫੁੱਲਿਤ ਕੀਤਾ ਜਾਵੇ। ਇਸ ਤਰ੍ਹਾਂ ਦੀ ਗੋਡੀ ਕਰਨ ਨਾਲ ਸੁਖ ਮਿਲੇਗਾ। ਇਸ ਤਰ੍ਹਾਂ ਦੀ ਕੀਤੀ ਮਹਿਨਤ ਜ਼ਾਇਆ ਨਹੀਂ ਜਾਂਦੀ। ਜਦੋਂ ਮਨ ਵਿਚੋਂ ਬੁਰੇ ਖਿਆਲ ਨਿਕਲ ਜਾਣ ਤਾਂ ਜੀਵਨ ਸੁਖੀ ਹੋ ਜਾਂਦਾ ਹੈ; ਤਾਂ ਹੀ ਤਾਂ ਸੁਚੱਜਾ ਜੀਵਨ ਜੀਵਿਆ ਜਾ ਸਕਦਾ ਹੈ।


3. ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ (ਗ:ਗ:ਸ: ਪੰਨਾ-386):
ਕਿਤਨਾਂ ਸਰਲ ਅਤੇ ਸੌਖਾ ਨੁਕਤਾ ਹੈ। ਕਿਸੇ ਦੇ ਪ੍ਰਤੀ ਮਨ ਵਿਚ ਰੋਸ ਰੱਖਣਾ, ਈਰਖਾ ਕਰਨਾ, ਕਿਸੇ ਪ੍ਰਤੀ ਮਨ ਵਿਚ ਬੁਰਾ ਚਿਤਵਨਾਂ ਇਕ ਰੋਗ ਹੀ ਹੁੰਦਾ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਜੇ ਮਨ ਵਿਚ ਕੁਝ ਬੁਰਾ ਚਿਤਵਿਆ ਜਾਵੇ ਤਾਂ ਸਰੀਰ ਅੰਦਰ ਕੁਝ ਐਸੇ ਰਸਾਇਣ ਪੈਦਾ ਹੁੰਦੇ ਹਨ ਜੋ ਜ਼ਹਿਰ ਦੀ ਤਰ੍ਹਾਂ ਸਰੀਰ ਨੂੰ ਗਾਲਦੇ ਰਿਹੰਦੇ ਹਨ। ਇਸ ਤਰ੍ਹਾਂ ਇਸ ਨਾਲ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਜਿਸ ਨਾਲ ਮਨੁੱਖ ਆਪ ਹੀ ਦੁਖੀ ਹੁੰਦਾ ਹੈ। ਇਸੇ ਲਈ ਸਮਝਾਇਆ ਗਿਆ ਹੈ ਕਿ  ਕਿਸੇ ਪ੍ਰਤੀ ਮਨ ਵਿਚ ਰੋਸ ਜਾਂ ਕੋਈ ਗਿਲਾ ਸ਼ਿਕਵਾ ਨਾ ਰੱਖਿਆ ਜਾਵੇ, ਕਿਸੇ ਪ੍ਰਤੀ ਬੁਰਾ ਨਾ ਚਿਤਵਿਆ ਜਾਵੇ ਤਾਂ ਮਨ ਦੁਖੀ ਨਹੀਂ ਹੋਵੇਗਾ।ਮਨ ਰੋਗੀ ਨਹੀਂ ਹੋਵਾਗਾ। ਜੇ ਮਨ ਰੋਗੀ ਨਹੀਂ ਤਾਂ ਤਨ ਵੀ ਰੋਗੀ ਨਹੀਂ ਹੋਵੇਗਾ। ਐਸਾ ਮਨੁੱਖ ਹੀ ਚੰਗਾ ਅਤੇ ਸੁਚੱਜਾ ਜੀਵਨ ਜੀਅ ਸਕੇਗਾ।4. ਮਨ ਅਪੁਨੇ ਤੇ ਬੁਰਾ ਮਿਟਾਨਾ॥ ਪੇਖੈ ਸਗਲ ਸ੍ਰਿਸਟਿ ਸਾਜਨਾ॥ (ਗ:ਗ:ਸ: ਪੰਨਾ-266):
ਭਾਵ ਸਪਸ਼ਟ ਹੈ ਕਿ ਆਪਣੇ ਮਨ ਵਿਚ ਕਿਸੇ ਪ੍ਰਤੀ ਬੁਰਾ ਭਾਵ ਨਾ ਰੱਖਿਆ ਜਾਵੇ। ਜਦੋਂ ਕਿਸੇ ਪ੍ਰਤੀ ਕੋਈ ਬੁਰਾ ਭਾਵ ਨਹੀਂ ਹੋਵੇਗਾ ਤਾਂ ਇਹ ਮਹਿਸੂਸ ਹੋਵੇਗਾ ਕਿ ਸਰਿਸ਼ਟੀ ਦੇ ਸਾਰੇ ਲੋਕ ਹੀ ਮਿਤਰ ਹਨ। ਸਾਰੀ ਲੋਕਾਈ ਹੀ ਮਿਤਰ ਬਣ ਜਾਵੇਗੀ। ਜਦੋਂ ਸਾਰੀ ਲੋਕਾਈ ਹੀ ਮਿਤਰ ਹੋਵੇ ਤਾਂ ਜੀਵਨ ਵਿਚੋਂ ਬਹੁਤ ਸਾਰੇ ਡਰ, ਗਿਲੇ, ਸ਼ਿਕਵੇ ਖਤਮ ਹੋ ਜਾਣਗੇ। ਸਾਰੀ ਲੋਕਾਈ ਚੰਗੀ ਲਗਣ ਲੱਗੇਗੀ, ਹਰ ਕੋਈ ਆਪਣਾ ਲਗਣ ਲਗੇਗਾ। ਹਰ ਕਿਸੇ ਨਾਲ ਪ੍ਰੇਮ ਉਪਜੇਗਾ।5. ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (ਪੰਨਾ-1381) ਫਰੀਦ ਜੀ ਸਮਝਾਉਂਦੇ ਹਨ ਕਿ ਬੁਰੇ ਦਾ ਭਲਾ ਕਰ ਭਾਵ ਆਪਣੇ ਬੁਰੇ ਖਿਆਲਾਂ ਨੂੰ ਚੰਗੇ ਖਿਆਲਾਂ ਵਿਚ ਬਦਲ ਮਨ ਵਿਚ ਗੁੱਸਾ ਨਾ ਆਉਣ ਦੇ ਗੁਸੇ ਨਾਲ ਮਨ ਰੋਗੀ ਹੁੰਦਾ ਹੈ। ਜੇਕਰ ਮਨ ਵਿਚ ਗੁਸਾ ਨਹੀਂ ਤੇ ਰੋਗ ਵੀ ਨਹੀਂ ਲੱਗੇਗਾ। ਇਸ ਨਾਲ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਬੁਰਾ ਹੈ, ਤਾਂ ਉਸ ਦਾ ਭਲਾ ਕਰ। ਭਾਵ ਉਸ ਪ੍ਰਤੀ ਬਦਲੇ ਦੀ ਭਾਵਣਾ ਨਾ ਰੱਖੀ ਜਾਵੇ ਸਗੋਂ ਉਦਮ ਕਰਕੇ ਉਸ ਬੁਰੇ ਵਿਅਕਤੀ ਨੂੰ ਚੰਗੇ ਰਸਤੇ ਪਾਉਣ ਦਾ ਉਪਰਾਲਾ ਕੀਤਾ ਜਾਵੇ ਉਸ ਨੂੰ ਭਲਾ ਮਨੁੱਖ ਬਣਾਇਆ ਜਾਵੇ। ਇਹ ਹੈ ਸੁਚੱਜੇ ਜੀਵਨ ਦਾ ਗੁਣ।6. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ (ਗ:ਗ:ਸ: ਪੰਨਾ-470):
ਸੁਚੱਜਾ ਜੀਵਨ ਜੀਊਣ ਦਾ ਇਹ ਇਕ ਵਡਮੁਲਾ ਨੁਕਤਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹਰ ਮਨੁਖ ਦਾ ਸੁਭਾਅ ਮਿਠਾ, ਭਾਵ ਠਰੰਮੇ ਵਾਲਾ, ਸਹਿਨਸ਼ੀਲਤਾ ਵਾਲਾ ਹੋਣਾਂ ਚਾਹੀਦਾ ਹੈ। ਇਸ ਤਰ੍ਹਾਂ ਦੇ ਸੁਭਾਅ ਵਾਲੇ ਵਿਅਕਤੀ ਹਮੇਸ਼ਾ ਮਿੱਠੇ ਤੇ ਚੰਗੇ ਬੋਲ ਹੀ ਬੋਲੇਗਾ। ਇਸ ਤਰ੍ਹਾਂ ਦੇ ਸੁਭਾਅ ਦਾ ਹੋਣਾਂ ਸਭ ਚੰਗਿਆਈਆਂ ਦਾ ਤੱਤ ਕਿਹਾ ਗਿਆ ਹੈ। ਇਸ ਦੇ ਉਲਟ ਜੇਕਰ ਸੁਭਾਅ ਫਿਕਾ ਹੈ, ਭਾਵ ਸਹਿਨਸ਼ੀਲਤਾ ਨਹੀਂ ਹੈ, ਠਰੰਮਾ ਨਹੀਂ ਹੈ ਤਾਂ ਬੋਲ ਵੀ ਫਿਕੇ ਅਤੇ ਭੈੜੇ ਹੁੰਦੇ ਹਨ। ਗੁਰੂ ਸਾਹਿਬ ਫਰਮਾਉਂਦੇ ਹਨ: ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ (ਗ:ਗ:ਸ: ਪੰਨਾ-473): ਭਾਵ ਇਹ ਕਿ ਜੇਕਰ ਸੁਭਾਅ ਵਿਚ ਮਿਠਾਸ ਨਹੀਂ, ਬੋਲੀ ਵਿਚ ਮਿਠਾਸ ਨਹੀਂ, ਅਤੇ ਜੇਕਰ ਬੋਲਾਂ ਵਿਚ ਕੁੜੱਤਣ ਹੈ, ਬੋਲ ਫਿਕੇ ਹਨ, ਤਾਂ ਸੁਭਾਅ ਵਿਚ ਫਿਕਾਪਣ ਹੋਵੇਗਾ, ਜੀਵਨ ਵਿਚ ਵੀ ਕੋਈ ਮਿਠਾਸ ਨਹੀਂ ਹੋਵੇਗੀ, ਕੋਈ ਮਿਠਾ ਰਸ ਨਹੀਂ ਹੋਵੇਗਾ। ਇਸ ਤਰ੍ਹਾਂ ਤਨ ਅਤੇ ਮਨ ਵਿਚ ਵੀ ਕੋਈ ਮਿਠਾਸ ਨਹੀਂ ਰਹੇਗਾ। ਜੀਵਨ ਵੀ ਬੇਰਸ ਹੋਵੇਗਾ। ਐਸਾ ਜੀਵਨ ਸੁਚੱਜਾ ਜੀਵਨ ਨਹੀਂ ਹੋ ਸਕਦਾ। ਇਸ ਨੁਕਤੇ ਨੂੰ ਸਮਝਾਉਣ ਵਾਸਤੇ ਇਕ ਬਹੁਤ ਸੁਲਝੇ ਹੋਏ ਵਿਅਕਤੀ ਨੇ ਇਕ ਵਾਕਿਆ ਦਾ ਜ਼ਿਕਰ ਕਰਕੇ ਇਸ ਤਰ੍ਹਾਂ ਸਮਝਾਇਆ ਹੈ:
    ਦਾਦਾ ਪੋਤਾ ਪਾਰਕ ਵਿਚ ਸੈਰ ਕਰਦੇ ਹੋਏ ਗੱਲਾਂ ਕਰਨ ਲੱਗੇ। ਦਾਦਾ ਧਾਰਮਿਕ ਬਿਰਤੀ ਦਾ ਹੋਣ ਕਰਕੇ ਪੋਤੇ ਨੂੰ ਧਾਰਮਿਕ ਰਹਿਣ ਸਹਿਣ ਬਾਰੇ ਸਮਝਾ ਰਿਹਾ ਸੀ। ਪੋਤੇ ਨੇ ਸਹਿਜ ਸੁਭਾਅ ਪੁਛਿਆ, ''ਬਾਬਾ ਜੀ! ਤੁਸੀਂ ਹਰ ਰੋਜ਼ ਪਾਠ ਕਰਦੇ ਹੋ?'' ''ਹਾਂ ਬੇਟਾ!'' ਦਾਦੇ ਨੇ ਉੱਤਰ ਦਿੱਤਾ ''ਪਰ ਬਾਬਾ ਜੀ, ਤੁਸੀਂ ਹਰ ਰੋਜ਼ ਪਾਠ ਕਿਵੇਂ ਕਰ ਲੈਂਦੇ ਹੋ? ਤੁਹਾਡਾ ਪਾਠ ਪੂਰਾ ਹੋ ਜਾਂਦਾ ਹੈ?'' ਬੱਚੇ ਨੇ ਹੈਰਾਨੀ ਨਾਲ ਪਲੁਛਿੱਆ। ''ਕਿਉਂ ਨਹੀਂ ਪੁੱਤਰ? ਹਰ ਰੋਜ਼ ਪੂਰਾ ਹੋ ਜਾਂਦੈ। ਥੋੜ੍ਹਾ ਜਿਹਾ ਸਮਾਂ ਤਾਂ ਲਗਦੈ ਪਾਠ ਕਰਨ 'ਚ''। ਹੁਣ ਦਾਦਾ ਵੀ ਕੁਝ ਹੈਰਾਨ ਜਿਹਾ ਹੋ ਗਿਆ। ਫੇਰ ਪੋਤਾ ਬੋਲਿਆ, ''ਪਰ ਬਾਬਾ ਜੀ, ਮੈ ਗੁਰਬਾਣੀ ਦਾ ਇਕ ਸ਼ਲੋਕ ਪੜ੍ਹਿਆ ਸੀ ਆਪਣੀ ਕਿਤਾਬ 'ਚ''। ''ਕਿਹੜਾ ਸ਼ਲੋਕ ਪੁੱਤਰ?'' ਦਾਦੇ ਨੇ ਪੁਛਿਆ। ''ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥'' ਪੋਤੇ ਨੇ ਗਲ ਜਾਰੀ ਰਖਦੇ ਹੋਏ ਕਿਹਾ, ''ਬਾਬਾ ਜੀ! ਦੋ ਮਹੀਨੇ ਹੋ ਗਏ ਪਰ ਮੇਥੋਂ ਇਸ ਸ਼ਲੋਕ ਦਾ ਪਾਠ ਪੂਰਾ ਹੀ ਨਹੀਂ ਹੋਇਆ। ਹਰ ਰੋਜ਼ ਕਿਸੇ ਨੂੰ ਗਲ਼ਤ ਬੋਲਿਆ ਜਾਂਦਾ''। ਹੁਣ ਦਾਦਾ ਨਿਉੱਤਰ ਸੀ ਕਿਉਂਕਿ ਛੋਟੇ ਬੱਚੇ ਨੇ ਉਸ ਨੂੰ ਉਹ ਭੇਤ ਸਮਝਾ ਦਿੱਤਾ ਸੀ ਜਿਹੜਾ ਉਹ ਸਾਰੀ ਉਮਰ ਨਹੀਂ ਸਮਝ ਸਕਿਆ।

    ਗੁਰੂ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਦੇ ਬਹੁਤ ਹੀ ਨੁਕਤੇ ਹਨ ਜਿਨ੍ਹਾਂ ਨੂੰ ਸਮਝ ਕੇ ਇਕ ਸੁਚੱਜਾ ਜੀਵਨ ਜੀਊਣ ਦੀ ਜਾਚ ਆ ਸਕਦੀ ਹੈ ਪਰ ਅਫਸੋਸ ਤਾਂ ਇਸ ਗੱਲ ਦਾ ਹੁੰਦਾ ਹੈ ਕਿ ਗੁਰਬਾਣੀ ਨੂੰ ਕੇਵਲ ਉਪਚਾਰਕ ਤੌਰ ਤੇ ਪੜ੍ਹਨ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਨਾ ਤਾਂ ਬਾਣੀ ਨੂੰ ਸਮਝਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਅਤੇ ਨਾਂ ਹੀ ਇਸ ਉਪਰ ਅਮਲ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ। ਤੋਤਾ ਰਟਣ ਪਾਠ ਕਰਕੇ ਇਹ ਸਮਝ ਲਿੱਤਾ ਜਾਂਦਾ ਹੈ ਕਿ ਧਰਮ ਦਾ ਕੰਮ ਪੂਰਾ ਹੋ ਗਿਆ।ਜੀਵਨ ਵਿਚ ਕੀ ਸੁਧਾਰ ਹੋਇਆ ਇਸ ਦੀ ਪੜਚੋਲ ਨਹੀਂ ਕੀਤੀ ਜਾਂਦੀ।ਪਾਠ ਪੜ੍ਹ ਤਾਂ ਲਿੱਤਾ ਜਾਂਦਾ ਹੈ ਪਰ ਇਹ ਪੂਰਾ ਹੁੰਦਾ ਹੈ ਜਾਂ ਨਹੀਂ ਇਸ ਬਾਰੇ ਕਦੀ ਨਹੀਂ ਸੋਚਿਆ ਜਾਂਦਾ।
    ਇਸੇ ਲਈ ਗੁਰਬਾਣੀ ਵਿਚ ਕਿਹਾ ਗਿਆ ਹੈ: ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ॥ ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ॥ (ਗ:ਗ:ਸ: ਪੰਨਾ-1102) ਭਾਵ ਇਹ ਕਿ ਧਾਰਮਕ ਗ੍ਰੰਥ, ਜਿਵੇਂ ਬੇਦ ਪੁਰਾਨ ਆਦਿ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਤਾਂ ਲਿੱਤਾ ਜਾਂਦਾ ਹੈ। ਇਸ ਦੇ ਅਖੰਡ ਪਾਠ ਵੀ ਕਰਵਾ ਲਿੱਤੇ ਜਾਂਦੇ ਹਨ ਪਰ ਉਸ ਦਾ ਕੀ ਗੁਨੁ? ਉਸ ਦਾ ਕੀ ਲਾਭ? ਜੇਕਰ ਜੀਵਨ ਵਿਚ ਸੁਧਾਰ ਹੀ ਨਹੀਂ ਹੋਇਆ ਜੇਕਰ ਸੁਚੱਜਾ ਜੀਵਨ ਜੀਊਣਾ ਹੀ ਨਹੀਂ ਆਇਆ। ਸੁਧਾਰ ਤੇ ਤਾਂ ਹੀ ਹੋ ਸਕਦਾ ਹੈ ਜੇਕਰ, ਗੁਰਬਾਣੀ ਨੂੰ, ਗੁਰਬਾਣੀ ਦੇ ਮੰਨਸ਼ੇ ਅਨੁਸਾਰ ਸਮਝ ਲਿੱਤਾ ਜਾਵੇ। ਭਾਵ ਇਹ ਕਿ ਜੇਕਰ ਗੁਰਬਾਣੀ ਨੂੰ ਪੜ੍ਹ ਕੇ ਅਤੇ ਸਮਝ ਕੇ ਅਮਲ ਵਿਚ ਹੀ ਨਾ ਲਿਆਂਦਾ ਜਾਵੇ ਤਾਂ ਇਹ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਖੋਤੇ ਉਤੇ ਚੰਦਨ ਦੀ ਲਕੜੀ ਲੱਧ ਦਿੱਤੀ ਜਾਵੇ। ਖੋਤੇ ਵਾਸਤੇ ਤਾਂ  ਚੰਦਨ ਦੀ ਲਕੜੀ ਦਾ ਵਾਧੂ ਦਾ ਭਾਰ ਹੀ ਹੁੰਦਾ ਹੈ। ਉਸ ਨੂੰ ਚੰਦਨ ਦੀ ਲਕੜ ਦੇ ਗੁਣਾਂ ਦਾ ਕੋਈ ਲਾਭ ਨਹੀੰ ਹੁੰਦਾ।ਇਸ ਲਈ ਲੋੜ ਹੈ ਗੁਰਬਾਣੀ ਨੂੰ ਸਮਝਣ ਦੀ ਅਤੇ ਸੁਚੱਜਾ ਜੀਵਨ ਜੀਊਣ ਵਾਸਤੇ ਉਸ ਗੁਰਬਾਣੀ ਅਨੁਸਾਰ ਜੀਵਨ ਜੀਊਣ ਦੀ।
    ਗੁਰਬਾਣੀ ਫਿਰ ਸਮਝਾਉਂਦੀ ਹੈ: ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ॥ (ਪੰਨਾ-655) ਭਾਵ-ਉਸ ਪੜ੍ਹਨ, ਸੁਨਣ ਜਾਂ ਵਿਚਾਰਨ ਦਾ ਕੋਈ ਲਾਭ ਨਹੀਂ, ਜਾਂ ਉਨ੍ਹਾਂ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਅਤੇ ਸੁਣਨ ਦਾ ਕੋਈ ਫਾਇਦਾ ਨਹੀਂ ਜੇਕਰ ਸਹਜ ਨ ਮਿਲਿਓ ਸੋਈ  - ਭਾਵ ਜੇਕਰ ਉਸ ਗਿਆਨ ਦੇ ਉਪਦੇਸ਼ ਨੂੰ ਸਮਝ ਕੇ ਅਪਨਾਇਆ ਹੀ ਨਾ ਜਾਵੇ। ਭਾਵ ਜੇਕਰ ਗਿਆਨ ਦੇ ਉਪਦੇਸ਼ ਨਾਲ ਜੀਵਣ ਸੁਧਾਰਿਆ ਹੀ ਨਹੀਂ, ਸੁਚੱਜਾ ਜੀਵਨ ਜੀਊਣ ਦੀ ਜਾਚ ਆਈ ਹੀ ਨਹੀਂ, ਤਾਂ ਉਸ ਗਿਆਨ ਨੂੰ ਪੜ੍ਹਨ, ਸੁਣਨ ਜਾਂ ਵਿਚਾਰਣ ਦਾ ਕੋਈ ਲਾਭ  ਨਹੀਂ। ਇਸੇ ਤਰ੍ਹਾਂ ਫਿਰ ਫਰਮਾਇਆ ਹੈ: ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥ (ਗ:ਗ:ਸ: ਪੰਨਾ-685) ਭਾਵ ਜੇ ਗੁਰਮਤਿ ਦੀ ਗੱਲ ਸੁਣ ਕੇ ਉਸ ਗਿਆਨ ਦੀ ਪ੍ਰਾਪਤੀ ਹੀ ਨਾਂ ਹੋਵੇ, ਆਪਣੇ ਜੀਵਨ ਵਿਚ ਕੋਈ ਸੁਧਾਰ ਹੀ ਨਾਂ ਆਇਆ ਹੋਵੇ ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਪਸ਼ੂ ਕੇਵਲ ਆਪਣਾ ਢਿੱਡ ਭਰਣ ਵਾਸਤੇ ਹੀ ਖਾਂਦਾ ਹੈ।
    ਸਮੁੱਚਾ ਭਾਵ ਇਹ ਹੈ ਕਿ ਸੁਚੱਜਾ ਜੀਵਨ ਜੀਊਣ ਵਾਸਤੇ ਜ਼ਰੂਰੀ ਹੈ ਕਿ ਇਸ ਸੰਬੰਧ ਵਿਚ ਗਿਆਨ ਦੀ ਪ੍ਰਾਪਤੀ ਕੀਤੀ ਜਾਵੇ।ਇਹ ਯਕੀਣ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਗਿਆਨ ਮਿਲ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ।ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਰਚਣਾ ਦਾ ਮਨੋਰਥ ਹੀ ਇਹੀ ਹੈ ਕਿ ਮਨੁੱਖ ਨੂੰ ਸਚਿਆਰ ਬਣਾਇਆ ਜਾਵੇ, ਭਾਵ ਮਨੁੱਖ ਨੂੰ ਸੁਚੱਜਾ ਜੀਵਨ ਜੀਊਣ ਦਾ ਰਾਹ ਦਰਸਾਇਆ ਜਾਵੇ। ਇਸ ਤਰ੍ਹਾਂ ਸੁਚੱਜਾ ਜੀਵਨ ਜੀਊਣ ਲਈ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਉੱਤਮ ਹੈ ਅਤੇ ਇਹ ਜ਼ਰੂਰੀ ਵੀ  ਹੈ।ਲੋੜ ਹੈ ਇਸ ਨੂੰ ਸਮਝਣ ਦੀ ਅਤੇ ਉਸ ਅਨੁਸਾਰ ਜੀਵਨ ਜੀਊਣ ਦੀ।

ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

ਐਡਵੋਕੇਟ ਸੁਰਿੰਦਰ ਸਿੰਘ ਕੰਵਰ
 WhatsApp No. +61-468432632
E-mail-   kanwar238@yahoo.com