ਮਨੁੱਖੀ ਅਧਿਕਾਰ ਦਿਵਸ ਅਤੇ ਸਿੱਖ ਵਿਚਾਰਧਾਰਾ - ਬਘੇਲ ਸਿੰਘ ਧਾਲੀਵਾਲ

ਇੱਕੋ ਢੰਗ ਨਾਲ ਜਨਮੀ ਸਾਰੀ ਮਨੁੱਖਾ ਜਾਤੀ ਅੰਦਰ ਬਰਾਬਰਤਾ,ਮਾਣ ਸ਼ਨਮਾਨ ਅਤੇ ਇੱਕੋ ਜਿਹੇ ਅਧਿਕਾਰਾਂ ਦਾ ਹੋਣਾ ਹੀ ਸਹੀ ਅਰਥਾਂ ਵਿੱਚ ਮਾਨਵਤਾ ਦੀ ਇੱਕਸੁਰਤਾ ਅਤੇ ਅਜਾਦੀ ਕਹੀ ਜਾ ਸਕਦੀ ਹੈ,ਰੰਗਾਂ ਨਸਲਾਂ ਦੇ ਅਧਾਰ ਤੇ ਕੀਤੀ ਫਿਰਕੂ ਵੰਡ ਮਾਨਵੀ ਅਧਿਕਾਰਾਂ ਦੇ ਘਾਣ ਦੀ ਸਾਜਿਸ਼ ਸਮਝੀ ਜਾਣੀ ਚਾਹੀਦੀ ਹੈ। ਸੱਤ ਕੁ ਦਹਾਕੇ ਪਹਿਲਾਂ ਯੂ ਐਨ ਓ ਵੱਲੋਂ ਦੁਨੀਆਂ ਪੱਧਰ ਤੇ ਹੁੰਦੇ ਮਨੁੱਖੀ ਅਧਿਕਾਰਾਂ ਦੇ ਹਨਣ ਨੂੰ ਰੋਕਣ ਲਈ 10 ਦਸੰਬਰ ਦੇ ਦਿਨ ਨੂੰ ਸੰਸਾਰ ਪੱਧਰੀ ਮਨੁੱਖੀ ਅਧਿਕਾਰ ਦਿਵਸ ਵਜੋਂ ਮੁਕੱਰਰ ਕੀਤਾ ਗਿਆ ਹੈ।ਇਸ ਦਿਨ ਨਵੀ ਦੁਨੀਆਂ ਦੇ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਮਨੁੱਖੀ ਬਰਾਬਰਤਾ ਲਈ ਕੋਈ ਵਿਸ਼ੇਸ਼ ਦਿਨ ਮੁਕੱਰਰ ਕਰਨਾ ਬੇਹੱਦ ਜਰੂਰੀ ਹੈ,ਜਿਸ ਦਿਨ ਸੰਸਾਰ ਪੱਧਰ ਤੇ ਵਸਦੇ ਲੋਕ ਅਪਣੇ ਅਧਿਕਾਰਾਂ ਦਾ ਲੇਖਾ ਜੋਖਾ ਕਰ ਸਕਣ,ਆਪੋ ਅਪਣੇ ਖਿੱਤੇ ਵਿੱਚ ਹੋਈਆਂ ਸਰਕਾਰੀ ਅਤੇ ਗੈਰ ਸਰਕਾਰੀ ਵਧੀਕੀਆਂ ਤੇ ਚਰਚਾ ਕਰ ਸਕਣ ਅਤੇ ਉਸ ਦੇ ਹੱਲ ਲਈ ਭਵਿੱਖੀ ਫੈਸਲੇ ਲੈ ਸਕਣ,ਪਰੰਤੂ ਮਨੁੱਖੀ ਅਧਿਕਾਰਾਂ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਿੱਖ ਵਿਚਾਰਧਾਰਾ ਦੀ ਨਜਰਸ਼ਾਨੀ ਨਹੀ ਕੀਤੀ ਜਾਂਦੀ,ਤਾਂ ਇਸ ਦਿਹਾੜੇ ਦੀ ਸਾਰਥਕਤਾ ਅਧੂਰੀ ਸਮਝੀ ਜਾਵੇਗੀ। ਸਿੱਖ ਵਿਚਾਰਧਾਰਾ ਜਾਤ ਪਾਤ,ਊਚ ਨੀਚ ਨੂੰ ਮੂਲ਼ੋਂ ਹੀ ਰੱਦ ਕਰਕੇ ਸਭਨਾਂ ਨੂੰ ਬਰਾਬਰਤਾ ਵਾਲੀ ਜੀਵਨ ਜਾਚ ਦੇਣ ਦੀ ਹਾਮੀ ਹੈ।ਇਹ ਵਿਚਾਰਧਾਰਾ ਤਕਰੀਵਨ ਸਾਢੇ ਪੰਜ ਸੌ ਸਾਲ ਪਹਿਲਾਂ ਉਦੋ ਹੋਂਦ ਵਿੱਚ ਆਈ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ।ਗੁਰੂ ਨਾਨਕਕ ਸਾਹਿਬ ਦੀ ਵਿਚਾਰਧਾਰਾ ਕੁਲ ਲੁਕਾਈ ਦੇ ਸਦੀਵੀ ਭਲੇ ਦੀ ਗੱਲ ਕਰਦੀ ਹੈ।ਗੁਰੂ ਨਾਨਕ ਸਾਹਿਬ ਪਹਿਲੇ ਸਮਾਜ ਸੁਧਾਰਰਕ ਅਤੇ ਕਰਾਂਤੀਕਾਰੀ ਯੁੱਗ ਪੁਰਸ਼ ਹੋਏ ਹਨ,ਜਿੰਨਾਂ ਨੇ ਸਮੇ ਦੀ ਹਕੂਮਤ ਦੇ ਜਬਰ ਖਿਲਾਫ ਅਵਾਜ ਬੁਲੰਦ ਕੀਤੀ,ਜਿਸ ਦੇ ਇਵਜ ਵਿੱਚ ਉਹਨਾਂ ਨੂੰ ਜੇਲ੍ਹ ਦੀਆਂ ਚੱਕੀਆਂ ਵੀ ਪੀਸਣੀਆਂ ਪਈਆਂ।ਗੁਰੂ ਨਾਨਕ ਸਾਹਿਬ ਦੀ ਸੋਚ ਅਤੇ ਵਿਚਾਰਧਾਰਾ ਨੂੰ ਅਗਲੇ ਨੌਂ ਗੁਰੂ ਸਾਹਿਬਾਨਾਂ ਨੇ ਅੱਗੇ ਤੋਰਿਆ ਤੇ ਫਿਰ ਉਹ ਸਮਾ ਵੀ ਆਇਆ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਦੁਨਿਆਵੀ ਹਕੂਮਤਾਂ ਵੱਲੋਂ ਕੀਤੇ ਜਾਂਦੇ ਮਾਨਵਤਾ ਦੇ ਘਾਣ ਦੇ ਖਿਲਾਫ ਅਪਣੀ ਸ਼ਹਾਦਤ ਦੇਣੀ ਪਈ।ਇਹ ਪਹਿਲੀ ਸ਼ਹਾਦਤ ਸੀ ਜਿਹੜੀ ਨਿਰੋਲ ਮਨੁੱਖੀ ਅਧਿਕਾਰਾਂ ਦੀ ਰਾਖੀ ਖਾਤਰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੇ ਅਪਣੇ ਤਿੰਨ ਸਿੱਖਾਂ ਸਮੇਤ ਦਿੱਲੀ ਦੇ ਚਾਦਨੀ ਚੌਂਕ ਵਿੱਚ ਦਿੱਤੀ।ਇਸ ਲਈ ਉਹਨਾਂ ਦੇ ਸ਼ਹੀਦੀ ਦਿਨ ਤੋ ਵੱਡਾ ਅਤੇ ਮਹੱਤਵਪੂਰਨ ਦਿਨ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਏ ਜਾਣ ਵਾਲਾ ਹੋਰ ਕੋਈ ਨਹੀ ਹੋ ਸਕਦਾ ਅਤੇ ਸਿੱਖ ਕੌਂਮ ਦੁਨੀਆਂ ਦੀ ਇੱਕੋ ਇੱਕ ਅਜਿਹੀ ਕੌਂਮ ਹੈ ਜੋ ਦੂਜਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸੀਸ ਕਟਵਾਉਣ ਤੋ ਵੀ ਸੰਕੋਚ ਨਹੀ ਕਰਦੀ। ਜੇਕਰ ਗੱਲ ਮੌਜੂਦਾ ਸਮੇ ਦੀ ਕੀਤੀ ਜਾਵੇ,ਤਾਂ ਦੇਖਿਆ ਜਾ ਸਕਦਾ ਹੈ ਕਿ ਜਦੋ ਕਸ਼ਮੀਰੀ ਲੋਕਾਂ ਨੂੰ ਸਾਰੇ ਅਧਿਕਾਰਾਂ ਤੋਂ ਵਾਂਝੇ ਕਰਕੇ ਘਰਾਂ ਅੰਦਰ ਬੰਦ ਕੀਤਾ ਹੋਇਆ ਹੈ ਤੇ ਅਣਐਲਾਨੀ ਨਜਰਬੰਦੀ ਕਾਰਨ ਕਸ਼ਮੀਰ ਦੇ ਹਾਲਾਤ ਬਦ ਤੋ ਬਦਤਰ ਹੁੰਦੇ ਜਾ ਰਹੇ ਹਨ,ਉਸ ਮੌਕੇ ਕਿਸੇ ਵੀ ਮਨੁੱਖੀ ਅਧਿਕਾਰ ਜਥੇਬੰਦੀ ਨੇ ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਅਵਾਜ ਨਹੀ ਉਠਾਈ,ਜੇਕਰ ਕਿਸੇ ਨੇ ਭਾਰਤ ਸਰਕਾਰ ਦੀ ਇਸ ਧੱਕੇਸ਼ਾਹੀ ਅਤੇ ਮਨੁੱਖੀ ਅਧਿਕਾਰਾਂ ਦੇ ਹਨਣ ਦੇ ਖਿਲਾਫ ਕਿਸੇ ਨੇ ਨਿੱਡਰਤਾ ਨਾਲ ਅਵਾਜ ਉਠਾਈ ਹੈ ਤਾਂ ਉਹ ਸਿੱਖ ਕੌਂਮ ਹੀ ਹੈ ਜਿਸ ਨੇ ਕਸ਼ਮੀਰੀਆਂ ਦੇ ਹੱਕਾਂ ਖਾਤਰ ਭਾਰਤ ਸਰਕਾਰ ਦੇ ਖਿਲਾਫ ਦੁਨੀਆਂ ਪੱਧਰ ਤੇ ਜੋਰਦਾਰ ਅਵਾਜ ਬੁਲੰਦ ਕੀਤੀ ਹੈ ਅਤੇ ਲਗਾਤਾਰ ਕਰ ਰਹੇ ਹਨ। ਭਾਰਤ ਦੀਆ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਕਸ਼ਮੀਰੀ ਜਾਂ ਸਿੱਖਾਂ ਦੇ ਅਧਿਕਾਰਾਂ ਦੀ ਗੱਲ ਨਾ ਕਰਨਾ ਜਾਂ ਦੱਬਵੇਂ ਰੂਪ ਚ ਕਰਨ ਦਾ ਸਿੱਧਾ ਤੇ ਸਪਸਟ ਮਤਲਬ ਇਹ ਹੈ ਕਿ ਬਹੁ ਗਿਣਤੀ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਭਾਰਤੀ ਲੋਕ ਵੀ ਭਾਰਤੀ ਜਨਤਾ ਪਾਰਟੀ ਦੇ ਫਿਰਕਾਪ੍ਰਸਤੀ ਨਾਲ ਲਬਰੇਜ ਰਾਸ਼ਟਰਵਾਦ ਦੇ ਬਹਿਕਾਵੇ ਵਿੱਚ ਆ ਚੁੱਕੇ ਹਨ,ਜਿਸ ਕਰਕੇ ਉਹਨਾਂ ਨੂੰ ਅਪਣੇ ਤੋ ਸਿਵਾਏ ਭਾਰਤ ਦੀਆਂ ਹੋਰ ਦੂਸਰੀਆਂ ਕੌਂਮਾਂ,ਫਿਰਕਿਆਂ ਦੇ ਹੱਕਾਂ ਹਕੂਕਾਂ ਨਾਲ ਕੋਈ ਸਰੋਕਾਰ ਨਹੀ ਰਿਹਾ ਹੈ।ਜੇਕਰ ਗੱਲ ਸਿੱਖ ਹਕੂਕਾਂ ਦੀ ਕੀਤੀ ਜਾਵੇ ਤਾਂ ਏਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਕੌਂਮ ਦੂਸਰਿਆਂ ਦੇ ਅਧਿਕਾਰਾਂ ਖਾਤਰ ਲੜਨ ਮਰਨ ਤੋ ਵੀ ਸੰਕੋਚ ਨਹੀ ਕਰਦੀ,ਅੱਜ ਉਹ ਅਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ ਲੈਣ ਵਿੱਚ ਨਾਕਾਮ ਕਿਉਂ ਹੈ,ਕਿਉ ਸਿੱਖ ਹਿਤਾਂ ਲਈ ਲੜਨ ਵਾਲੇ ਸਿੱਖ ਨੌਜਵਾਨ ਅਪਣੀਆਂ ਸਜ਼ਾਵਾਂ ਕੱਟਣ ਤੋ ਬਾਅਦ ਜੇਲਾਂ ਵਿੱਚ ਹੀ ਬਿਰਧ ਹੋ ਗਏ ਹਨ, ਇਹ ਸੁਆਲ ਦਾ ਸਾਦਾ ਤੇ ਸਰਲ ਜਵਾਬ ਕੱਟੜਵਾਦੀ ਫਿਰਕੂ ਸੋਚ ਦਾ ਕੇਂਦਰ ਦੀ ਸੱਤਾ ਤੇ ਭਾਰੂ ਪੈ ਜਾਣਾ ਹੀ ਹੈ।ਜਿਸਤਰਾਂ ਭਾਰਤੀ ਮੀਡੀਏ ਵੱਲੋਂ ਦੇਸ਼ ਦੀਆਂ ਘੱਟ ਗਿਣਤੀਆਂ ਨਾਲ ਹਕੂਮਤ ਵੱਲੋਂ ਕੀਤੀ ਜਾਂਦੀ ਵਿਤਕਰੇਵਾਜੀ ਅਤੇ ਧੱਕੇਸ਼ਾਹੀਆਂ ਸਬੰਧੀ ਖਬਰਾਂ ਦੇਣ ਦੀ ਵਜਾਏ ਗੈਰ ਹਿਦੂਆਂ ਪ੍ਰਤੀ ਅੱਗ ਉਗਲਦੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ,ਪਾਰਲੀਮੈਂਟ ਮੈਬਰਾਂ ਅਤੇ ਰਾਸ਼ਟਰੀ ਨੇਤਾਵਾਂ ਦੇ ਬਿਆਨਾਂ ਨੂੰ ਪਰਮੁੱਖਤਾ ਦੇਣ ਵਿੱਚ ਹੀ ਸੱਚੀ ਰਾਸ਼ਟਰ ਭਗਤੀ ਮੰਨੀ ਜਾ ਰਹੀ ਹੈ,ਇਹ ਵਰਤਾਰਾ ਵੀ ਮਾਨਵਤਾ ਲਈ ਬੇਹੱਦ ਘਾਤਕ ਸਿੱਧ ਹੋ ਰਿਹਾ ਹੈ।ਇਹ ਇਸ ਅਖੌਤੀ ਰਾਂਸਟਰ ਭਗਤੀ ਦਾ ਹੀ ਨਤੀਜਾ ਹੈ ਕਿ ਜਦੋ ਅੰਨਾ ਹਜਾਰੇ ਨੇ ਕੇਂਦਰ ਕਾਂਗਰਸ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਤਾਂ ਭਾਰਤੀ ਮੀਡੀਆ ਪੱਬਾਂ ਭਾਰ ਹੋ ਕੇ ਅੰਨਾ ਦੇ ਅੰਦੋਲਨ ਦੀ ਕਬਰੇਜ ਕਰਦਾ ਰਿਹਾ,ਪ੍ਰੰਤੂ ਜਦੋ 2014 ਵਿੱਚ ਬੰਦੀ ਸਿੱਖਾਂ ਦੀ ਰਿਹਾਈ ਲਈ ਗੁਰਬਖਸ ਸਿੰਘ ਨੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋ ਭੁੱਖ ਹੜਤਾਲ ਰੱਖ ਕੇ ਮੋਰਚਾ ਅਰੰਭ ਕੀਤਾ ਤਾਂ ਕਿਸੇ ਵੀ ਰਾਸ਼ਟਰੀ ਚੈਨਲ ਨੇ ਇਸ ਸਮਘਰਸ਼ ਦੀ ਕਬਰੇਜ ਇਸ ਕਰਕੇ ਨਹੀ ਕੀਤੀ,ਕਿਉਕਿ ਇਹ ਸੰਘਰਸ਼ ਸਿੱਖ ਹਿਤਾਂ ਦੀ ਗੱਲ ਕਰਦਾ ਸੀ।ਏਸੇ ਤਰਾਂ ਹੋਰ ਵੀ ਜਿੰਨੇ ਸਿੱਖ ਸੰਘਰਸ਼ ਪੰਜਾਬ ਤੋ ਹੋਏ ਜਾਂ ਮੌਜੂਦਾ ਸਮੇ ਵੀ ਹੋ ਰਹੇ ਹਨ,ਉਹਨਾਂ ਦੀ ਰਾਸ਼ਟਰੀ ਮੀਡੀਏ ਵਿੱਚ ਇੱਕ ਵੀ ਖਬਰ ਨਹੀ ਮਿਲੇਗੀ,ਜਦੋ ਕਿ ਮੋਦੀ ਵੱਲੋਂ ਕਸ਼ਮੀਰੀਆਂ ਦੇ ਮੁਢਲੇ ਅਧਿਕਾਰਾਂ ਦੇ ਕੀਤੇ ਘਾਣ ਨੂੰ ਵੀ ਭਾਰਤੀ ਮੀਡੀਆ ਬਹੁਤ ਵੱਡੀ ਪਰਾਪਤੀ ਵਜੋਂ ਪੇਸ ਕਰਦਾ ਆ ਰਿਹਾ ਹੈ।ਹੁਣ ਜਦੋ ਕਸ਼ਮੀਰੀ ਪਿਛਲੇ 123 ਦਿਨਾਂ ਤੋਂ ਲਗਾਤਾਰ ਘਰਾਂ ਵਿੱਚ ਤਾੜੇ ਹੋਏ ਹਨ ਤੇ ਅਣਮਨੁੱਖੀ ਜਿੰਦਗੀ ਜਿਉਣ ਲਈ ਮਜਬੂਰ ਹਨ,ਤਾਂ ਉਸ ਦੀ ਇੱਕ ਨਿੱਕੀ ਜਿਹੀ ਖਬਰ ਦੇਣੀ ਵੀ ਭਾਰਤੀ ਮੀਡੀਆ ਮੁਨਾਸਿਬ ਨਹੀ ਸਮਝਦਾ।ਏਸੇ ਤਰਾਂ ਦਾ ਰੋਲ ਭਾਰਤੀ ਮੀਡੀਏ ਦਾ ਸਿੱਖਾਂ ਅਤੇ ਦਲਿਤਾਂ ਪ੍ਰਤੀ ਵੀ ਹੁੰਦਾ ਹੈ। ਸੋ ਜਿੱਥੇ ਮਨੁੱਖੀ ਅਧਿਕਾਰਾਂ ਨੂੰ ਧਰਮਾਂ ਦੀ ਬਲਗਣ ਵਿੱਚ ਕੈਦ ਕਰਕੇ ਰੱਖਣ ਦੀ ਪਰੰਪਰਾ ਬਣ ਗਈ ਹੋਵੇ,ਓਥੇ ਅਜਿਹੇ ਦਿਨਾਂ ਦੇ ਮਨਾਏ ਜਾਣ ਦੀ ਸਾਰਥਿਕਤਾ ਤਰਕਹੀਣ ਹੋ ਜਾਂਦੀ ਹੈ,ਪ੍ਰੰਤੂ ਇਸ ਦੇ ਬਾਵਜੂਦ ਵੀ ਇਸ ਵਿਸ਼ਵ ਪੱਧਰੀ ਅਧਿਕਾਰ ਦਿਵਸ ਮੌਕੇ ਜਦੋ ਸੰਸਾਰ ਦੇ ਲੋਕ ਅਪਣੇ ਅਧਿਕਾਰਾਂ ਦੀ ਰਾਖੀ,ਖੁੱਸੇ ਅਧਿਕਾਰਾਂ ਦੀ ਬਹਾਲੀ ਦਾ ਲੇਖਾ ਜੋਖਾ ਕਰਦੇ ਹੋਏ ਭਵਿੱਖ ਦੀਆਂ ਯੋਜਨਾਵਾਂ ਲਈ ਪਰੋਗਰਾਮ ਉਲੀਕਦੇ ਹਨ,ਤਾਂ ਸਿੱਖਾਂ ਨੂੰ ਵੀ ਇਸ ਦਿਨ ਅਪਣੇ ਖੁੱਸੇ ਅਧਿਕਾਰਾਂ ਦੀ ਬਹਾਲੀ ਲਈ ਅਹਿਦ ਕਰਨ ਦੇ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਹੀਦੀ ਦਿਨ ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਜੋਂ ਮਾਨਤਾ ਦਿਵਾਉਣ ਦੇ ਯਤਨ ਕਰਨੇ ਚਾਹੀਦੇ ਹਨ।

ਬਘੇਲ ਸਿੰਘ ਧਾਲੀਵਾਲ
99142-58142