ਪ੍ਰੇਰਨਾਦਾਇਕ ਲੇਖ :  ਸਿਰਜਨਹਾਰੇ ਹੱਥ - ਗੁਰਸ਼ਰਨ ਸਿੰਘ ਕੁਮਾਰ

ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਹੀ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।

ਮਨੁੱਖ ਦੇ ਸਰੀਰ ਦਾ ਸਭ ਤੋਂ ਸੰਵੇਦਨਸ਼ੀਲ ਭਾਗ ਉਸ ਦਾ ਦਿਮਾਗ ਹੁੰਦਾ ਹੈ। ਉਸ ਦੇ ਦਿਮਾਗ ਵਿਚ ਜੋ ਗਲ ਆਉਂਦੀ ਹੈ ਉਸ ਨੂੰ ਕ੍ਰਿਆਂਤਰ ਰੂਪ ਸਰੀਰ ਦੇ ਬਾਕੀ ਅੰਗ ਦਿੰਦੇ ਹਨ। ਮਨੁੱਖ ਦਾ ਦਿਮਾਗ ਸਰੀਰ ਲਈ ਇੰਜਨ ਦਾ ਕੰਮ ਦਿੰਦਾ ਹੈ। ਇੰਜਨ ਚੱਲਦਾ ਹੈ ਤਾਂ ਹੀ ਬਾਕੀ ਸਾਰੀ ਗੱਡੀ ਤੁਰਦੀ ਹੈ। ਜੇ ਮਨੁੱਖ ਦਾ ਇਹ ਇੰਜਨ ਠੀਕ ਹੈ ਤਾਂ ਸਮਝੋ ਕਿ ਉਸ ਦਾ ਬਾਕੀ ਸਾਰਾ ਸਰੀਰ ਵੀ ਠੀਕ ਕੰਮ ਕਰਦਾ ਹੈ। ਜੇ ਇਹ ਇੰਜਨ ਭਾਵ ਦਿਮਾਗ ਠੀਕ ਨਹੀਂ ਤਾਂ ਬਾਕੀ ਸਰੀਰ ਦੇ ਕੰਮ ਵਿਚ ਵੀ ਵਿਗਾੜ ਆ ਜਾਂਦਾ ਹੈ। ਭਾਵ ਸਰੀਰ ਦੀ ਕਾਰਜ਼ ਸ਼ਕਤੀ ਦੇ ਨਤੀਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਨਿਕਲਦੇ। ਵੈਸੇ ਤਾਂ ਸਰੀਰ ਦੇ ਹਰ ਅੰਗ ਦੀ ਪੂਰੀ ਮਹੱਤਤਾ ਅਤੇ ਯੋਗਦਾਨ ਹੈ। ਕਿਸੇ ਅੰਗ ਦੀ ਮਹੱਤਤਾ ਨੂੰ ਘਟਾ ਕੇ ਜਾਂ ਅਣਗੌਲਿਆਂ ਕਰ ਕੇ ਨਹੀਂ ਦੇਖਿਆ ਜਾ ਸਕਦਾ, ਫਿਰ ਵੀ ਦਿਮਾਗ ਦੇ ਹੁਕਮ ਨੂੰ ਮੰਨਣ ਵਿਚ ਮਨੁੱਖ ਦੇ ਹੱਥਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਦਿਮਾਗ ਦੇ ਇਸ਼ਾਰੇ ਨੂੰ ਮਨੁੱਖ ਦੇ ਹੱਥ ਹੀ ਪਰਤੱਖ ਰੂਪ ਦਿੰਦੇ ਹਨ। ਇਕ ਇਮਾਰਤਸਾਜ਼ ਕਿਸੇ ਇਮਾਰਤ ਨੂੰ ਪਹਿਲਾਂ ਦਿਮਾਗ ਨਾਲ ਆਪਣੇ ਮਨ ਅੰਦਰ ਸਿਰਜਦਾ ਹੈ ਫਿਰ ਮਨੁੱਖੀ ਹੱਥ ਹੀ ਉਸ ਨੂੰ ਪਰਤੱਖ ਰੂਪ ਦੇ ਕੇ ਉਸ ਦੀ ਕਲਪਨਾ ਨੂੰ ਇਕ ਸੁੰਦਰ ਰੂਪ ਵਿਚ ਪੂਰੀ ਇਮਾਰਤ ਖੜ੍ਹੀ ਕਰਦੇ ਹਨ। ਇਕ ਬੁੱਤਘਾੜਾ ਆਪਣੇ ਮਨ ਅੰਦਰ ਕਿਸੇ ਸੁੰਦਰ ਮੂਰਤੀ ਦੀ ਕਲਪਨਾ ਕਰਦਾ ਹੈ ਤਾਂ ਉਹ ਹੱਥਾਂ ਦੁਆਰਾ ਹੀ ਉਸ ਪੱਥਰ ਵਿਚੋਂ ਫਾਲਤੂ ਪੱਥਰ ਨੂੰ ਛਾਂਗ ਕੇ ਮੂਰਤੀ ਨੂੰ ਪਰਤੱਖ ਰੂਪ ਦਿੰਦਾ ਹੈ।ਕੋਈ ਲੇਖਕ ਜਦ ਆਪਣੀ ਰਚਨਾ ਕਰਦਾ ਹੈ ਤਾਂ ਪਹਿਲਾਂ ਉਹ ਹੱਥਾਂ ਦੁਆਰਾ ਹੀ ਆਪਣੇ ਵਿਚਾਰ ਕੋਰੇ ਕਾਗਜ਼ ਤੇ ਲਿਖਦਾ ਹੈ। ਫਿਰ ਉਸ ਵਿਚ ਸੁਧਾਰ ਕਰਦਾ ਹੈ। ਉਸ ਤੋਂ ਬਾਅਦ ਹੀ ਉਸ ਦੀ ਰਚਨਾ ਛੱਪ ਕੇ ਪਾਠਕਾਂ ਤੱਕ ਪਹੁੰਚਦੀ ਹੈ। ਬੇਸ਼ੱਕ ਅੱਜ ਦੇ ਸਮੇਂ ਵਿਚ ਸਵੈ-ਚਾਲਿਤ ਮਸ਼ੀਨਾਂ ਅਤੇ ਰੋਬੋਟ ਬਣ ਗਏ ਹਨ ਜਿਨਾਂ ਨੇ ਹੱਥ ਨਾਲ ਕਰਨ ਵਲੇ ਕੰਮ ਨੂੰ ਬਹੁਤ ਤੇਜ਼ ਅਤੇ ਪ੍ਰਵੀਨ ਕਰ ਦਿੱਤਾ ਹੈ ਪਰ ਮਨੁੱਖੀ ਹੱਥਾਂ ਦੀ ਮਹੱਤਤਾ ਫਿਰ ਵੀ ਨਹੀਂ ਘਟਦੀ ਕਿਉਂਕਿ ਇਹ ਸਾਰੇ ਉਪਕਰਨ ਵੀ ਮਨੁੱਖ ਨੇ ਆਪਣੇ ਹੱਥਾਂ ਦੁਆਰਾ ਹੀ ਤਿਆਰ ਕੀਤੇ ਹਨ। ਹੱਥਾਂ ਬਿਨਾ ਸਾਡੀ ਜ਼ਿੰਦਗੀ ਅਧੂਰੀ ਹੈ। ਹੱਥਾਂ ਦੀ ਕੀਮਤ ਨਹੀਂ ਆਂਕੀ ਜਾ ਸਕਦੀ ਕਿਉਂਕਿ ਹੱਥ ਕਿਸੇ ਕੀਮਤ ਤੇ ਵੀ ਬਾਜ਼ਾਰ ਵਿਚੋਂ ਨਹੀਂ ਮਿਲਦੇ।
ਕੋਈ ਵੀ ਮਨੁੱਖੀ ਸਿਰਜਨਾ ਹੋਵੇ ਉਸ ਨੂੰ ਪਹਿਲਾਂ ਹੱਥਾਂ ਦੁਆਰਾ ਹੀ ਸ਼ੁਰੂ ਕੀਤਾ ਜਾਂਦਾ ਹੈ। ਸਾਡੇ ਹੱਥ ਸਾਡੀ ਕਲਪਨਾ ਨੂੰ ਸਾਕਾਰ ਰੂਪ ਦੇਣ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ। ਅੱਜ ਅਸੀਂ ਜੋ ਵੀ ਸੁਪਨਮਈ ਸੁੰਦਰ ਸੰਸਾਰ ਦੇਖ ਰਹੇ ਹਾਂ ਇਸ ਦੀ ਉਸਾਰੀ ਵਿਚ ਮਨੁੱਖੀ ਹੱਥਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜ਼ਰਾ ਸੋਚੋ ਕਿ ਜੇ ਮਨੁੱਖੀ ਹੱਥ ਨਾ ਹੁੰਦੇ ਤਾਂ ਅੱਜ ਇਸ ਸੁੰਦਰ ਸੰਸਾਰ ਦੀ ਕੀ ਸ਼ਕਲ ਹੁੰਦੀ? ਹੱਥਾਂ ਨਾਲ ਹੀ ਕਿਸਾਨ ਮਿਹਨਤ ਕਰ ਕੇ ਫਸਲ ਉਗਾਉਂਦਾ ਹੈ ਅਤੇ ਸਾਰੀ ਦੁਨੀਆਂ ਦਾ ਢਿੱਡ ਭਰਦਾ ਹੈ। ਹੱਥਾਂ ਨਾਲ ਹੀ ਮਨੁੱਖ ਨੇ ਕਲ ਪੁਰਜੇ ਅਤੇ ਮਸ਼ੀਨਾਂ ਬਣਾਈਆਂ, ਜਿਨਾਂ ਦੁਆਰਾ ਵੱਡੇ ਵੱਡੇ ਕਾਰਖਾਨੇ ਚੱਲਦੇ ਹਨ ਅਤੇ ਮਨੁੱਖੀ ਜ਼ਰੂਰਤਾਂ ਲਈ ਉਤਪਾਦਨ ਹੁੰਦਾ ਹੈ। ਹੱਥਾਂ ਦੁਆਰਾ ਹੀ ਮਨੁੱਖ ਨੇ ਸ਼ਾਹਕਾਰ ਬਣਾਏ। ਸਾਰੀ ਸਿਰਜਨਾ ਹੱਥਾਂ ਦੁਆਰਾ ਹੀ ਹੁੰਦੀ ਹੈ।  ਇਸੇ ਕਾਰਨ ਹੀ ਮਨੁੱਖ ਵਿਚ ਸੁਹਜ ਸੁਆਦ ਦੀ ਰੁੱਚੀ ਆਈ।
ਜੇ ਸਾਡੇ ਹੱਥ ਨਾ ਹੋਣ ਤਾਂ ਸ਼ਾਇਦ ਅਸੀਂ ਕਿਸੇ ਜੋਗੇ ਨਾ ਰਹੀਏ। ਸਾਡੀ ਸ਼ਖਸੀਅਤ ਬੋਨੀ ਬਣ ਕੇ ਰਹਿ ਜਾਏਗੀ। ਸਾਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਉਸ ਨੇ ਕੰਮ ਕਰਨ ਲਈ ਸਾਨੂੰ ਨਰੋਏ ਹੱਥ ਦਿਤੇ ਹਨ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਸੰਵਾਰ ਸਕੀਏ। ਜਿਸ ਬੰਦੇ ਦੇ ਹੱਥਾਂ ਵਿਚ ਹੁਨਰ ਹੈ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲਾ ਜਾਏ, ਕਦੀ ਭੁੱਖਾ ਨਹੀਂ ਮਰ ਸਕਦਾ। ਹੱਥਾਂ ਨਾਲ ਬੰਦਾ ਆਪਣੀ ਬਦਨਸੀਬੀ ਨੂੰ ਖ਼ੁਸ਼ਨਸੀਬੀ ਵਿਚ ਬਦਲ ਸਕਦਾ ਹੈ। ਹੱਥਾਂ ਨਾਲ ਹੀ ਮਨੁੱਖ ਆਪਣੀ ਰੋਟੀ ਰੋਜ਼ੀ ਕਮਾਉਂਦਾ ਹੈ ਅਤੇ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਹੈ। ਆਪਣੇ ਦਸਾਂ ਨਹੂੰਆਂ ਦੇ ਕਮਾਏ ਹੋਏ ਧਨ ਨਾਲ ਹੀ ਉਹ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਕੇ ਆਪਣੀ ਜ਼ਿੰਦਗੀ ਨੂੰ ਸੁਖੀ ਬਣਾ ਸਕਦਾ ਹੈ। ਹੱਥਾਂ ਦੀ ਮਿਹਨਤ ਨਾਲ ਹੀ ਉਹ ਆਪਣੀ ਗ਼ਰੀਬੀ ਦੂਰ ਕਰ ਸਕਦਾ ਹੈ ਅਤੇ ਧਨਵਾਨ ਬਣ ਸਕਦਾ ਹੈ। ਜਿਹੜਾ ਬੰਦਾ ਆਪਣੇ ਹੱਥਾਂ ਦੀ ਮਿਹਨਤ ਦੀ ਸੱਚੀ ਸੁੱਚੀ ਕਮਾਈ ਨੂੰ ਸੰਭਾਲ ਲੈਂਦਾ ਹੈ ਉਸ ਦੇ ਸਭ ਕੰਮ ਰਾਸ ਹੁੰਦੇ ਜਾਂਦੇ ਹਨ। ਇਸੇ ਲਈ ਕਹਿੰਦੇ ਹਨ ਕਿ ਉਸ ਦੇ ਹੱਥਾਂ ਵਿਚ ਬਹੁਤ ਬਰਕਤ ਹੈ।
 ਇਸ ਦਾ ਮਤਲਬ ਇਹ ਨਹੀਂ ਕਿ ਹੱਥਾਂ ਤੋਂ ਬਿਨਾਂ ਸਿਰਜਨਾ ਹੋ ਹੀ ਨਹੀਂ ਸਕਦੀ। ਜਿਨਾਂ ਲੋਕਾਂ ਨੂੰ ਪ੍ਰਮਾਤਮਾਂ ਨੇ ਹੱਥ ਨਹੀਂ ਦਿੱਤੇ ਉਨ੍ਹਾਂ ਅੰਦਰ ਵੀ ਉਸ ਨੇ ਅਥਾਹ ਸਿਰਜਕ ਸ਼ਕਤੀ ਭਰੀ ਹੈ।ਬੇਸ਼ੱਕ ਮਨੁੱਖੀ ਵਜੂਦ ਨੂੰ ਹੱਥਾਂ ਤੋਂ ਬਿਨਾ ਚਿਤਵਿਆ ਨਹੀਂ ਜਾ ਸਕਦਾ ਪਰ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਉਹ ਵੀ ਤਾਂ ਜਿੰਦਗੀ ਜਿਉਂਦੇ ਹੀ ਹਨ। ਜੇ ਕਿਸੇ ਦੁਰਘਟਨਾ ਕਾਰਨ ਜਾਂ ਰੱਬ ਦੇ ਕਿਸੇ ਭਾਣੇ ਕਾਰਨ ਕਿਸੇ ਦੇ ਹੱਥ ਨਾ ਹੋਣ ਤਾਂ ਵੀ ਉਹ ਹੌਸਲੇ ਵਿਚ ਰਹਿੰਦਾ ਹੈ। ਉਹ ਖ਼ੁਦਕੁਸ਼ੀ ਦੇ ਰਸਤੇ ਨਹੀਂ ਪੈਂਦਾ ਸਗੋਂ ਸਰੀਰ ਦੇ ਬਾਕੀ ਅੰਗਾਂ ਤੋਂ ਹੱਥਾਂ ਦਾ ਕੰਮ ਲੈਂਦਾ ਹੈ ਅਤੇ ਅਣਖ ਨਾਲ ਆਪਣੀ ਜ਼ਿੰਦਗੀ ਬਸਰ ਕਰਦਾ ਹੈ। ਕਰਮ ਉਹ ਵੀ ਕਰਦੇ ਹਨ। ਆਪਣੇ ਕਰਮਾਂ ਦੁਆਰਾ ਆਪਣੀ ਬਦਕਿਸਮਤੀ ਨੂੰ ਖ਼ੁਸ਼ਕਿਸਮਤੀ ਵਿਚ ਬਦਲ ਦਿੰਦੇ ਹਨ। ਕਈ ਵਾਰੀ ਤਾਂ ਉਹ ਐਸੇ ਕੰਮ ਕਰ ਕੇ ਦਿਖਾ ਦਿੰਦੇ ਹਨ ਕਿ ਹੱਥਾਂ ਵਾਲਿਆਂ ਨੂੰ ਵੀ ਪਛਾੜ ਦਿੰਦੇ ਹਨ ਕਿਉਂਕਿ ਉਨ੍ਹਾਂ ਵਿਚ ਆਤਮ ਵਿਸ਼ਵਾਸ ਹੁੰਦਾ ਹੈ।ਉਨ੍ਹਾਂ ਦੇ ਕਾਰਨਾਮਿਆਂ ਨੂੰ ਦੇਖ ਕੇ ਪੂਰੀ ਦੁਨੀਆਂ ਹੈਰਾਨ ਰਹਿ ਜਾਂਦੀ ਹੈ। ਹੱਥ ਨਾ ਹੁੰਦਿਆਂ ਹੋਇਆਂ ਪੰਛੀ ਵੀ ਤਾਂ ਆਪਣੀਆਂ ਚੁੰਝਾਂ ਦੁਆਰਾ ਤਿਨਕਾ ਤਿਨਕਾ ਇਕੱਠਾ ਕਰ ਕੇ ਸੁੰਦਰ ਆਲ੍ਹਣਾ ਤਿਆਰ ਕਰਦੇ ਹਨ। ਬਿਜੜੇ ਦਾ ਆਲ੍ਹਣਾ ਤਾਂ ਕਲਾਕਾਰੀ ਦੀ ਇਕ ਉੱਤਮ ਮਿਸਾਲ ਹੈ।

ਕਈ ਮਨੁੱਖ ਆਪਣੇ ਹੱਥਾਂ ਦਾ ਦੁਰਉਪਯੋਗ ਵੀ ਕਰਦੇ ਹਨ। ਇਨ੍ਹਾਂ ਹੱਥਾਂ ਨਾਲ ਹੀ ਉਹ ਬੁਰੇ ਅਤੇ ਗ਼ਲਤ ਕੰਮ ਕਰਦੇ ਹਨ। ਇਨ੍ਹਾਂ ਹੱਥਾਂ ਨਾਲ ਹੀ ਉਹ ਚੋਰੀ ਚਕਾਰੀ ਅਤੇ ਕਤਲੋਗਾਰਤ ਕਰਦੇ ਹਨ। ਇਨ੍ਹਾਂ ਹੱਥਾਂ ਨਾਲ ਹੀ ਉਹ ਗ਼ਰੀਬਾਂ ਅਤੇ ਬੇਵੱਸ ਲੋਕਾਂ ਤੇ ਜ਼ੁਲਮ ਕਰਦੇ ਹਨ। ਉਨ੍ਹਾਂ ਦੀ ਕੁੱਟ ਮਾਰ ਵੀ ਕਰਦੇ ਹਨ। ਕਈ ਗੈਂਗਸਟਰ ਤਾਂ ਇਨ੍ਹਾਂ ਹੱਥਾਂ ਨਾਲ ਹੀ ਛੋਟੇ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਦੇ ਹੱਥ ਪੈਰ ਕੱਟ ਦਿੰਦੇ ਹਨ। ਫਿਰ ਉਨ੍ਹਾਂ ਤੋਂ ਭੀਖ ਮੰਗਵਾਉਂਦੇ ਹਨ ਅਜਿਹੀ ਹਰਾਮ ਦੀ ਕਮਾਈ ਨਾਲ ਉਹ ਖ਼ੁਦ ਐਸ਼ ਕਰਦੇ ਹਨ। ਅਜਿਹੀ ਹਰਾਮ ਦੀ ਕਮਾਈ ਉਨ੍ਹਾਂ ਨੂੰ ਲੱਗਦੀ ਤਾਂ ਮਿੱਠੀ ਹੈ ਪਰ ਜਦ ਨਿਕਲਦੀ ਹੈ ਫਿਰ ਪਤਾ ਲੱਗਦਾ ਹੈ। ਹਰ ਇਕ ਦੇ ਕਰਮਾਂ ਦਾ ਹਿਸਾਬ ਕਰਨ ਵਾਲਾ ਮਾਲਕ ਉਹ ਪ੍ਰਮਾਤਮਾ ਆਪ ਹੀ ਹੈ। ਉਹ ਹੀ ਸਭ ਦਾ ਹਿਸਾਬ ਚੁੱਕਤਾ ਕਰਦਾ ਹੈ।
ਪ੍ਰਮਾਤਮਾ ਨੇ ਮਨੁੱਖ ਦੇ ਹੱਥਾਂ ਵਿਚ ਬੇਹਿਸਾਬੀ ਤਾਕਤ ਬਖ਼ਸ਼ੀ ਹੈ ਜਿਨ੍ਹਾਂ ਨਾਲ ਉਹ ਆਪਣੇ ਸ਼ਾਹਕਾਰ ਤਿਆਰ ਕਰ ਕੇ ਆਪਣੀ ਵਿਲੱਖਣ ਸ਼ਖਸੀਅਤ ਬਣਾ ਸਕਦਾ ਹੈ ਅਤੇ ਪੂਰੀ ਦੁਨੀਆਂ ਤੇ ਛਾਅ ਸਕਦਾ ਹੈ। ਉਹ ਆਪਣੇ ਹੁਨਰ ਦਾ ਸਿੱਕਾ ਜਮਾ ਸਕਦਾ ਹੈ।ਹੱਥਾਂ ਨਾਲ ਅਸੀਂ ਬਹੁਤ ਕੰਮ ਕਰਦੇ ਹਾਂ। ਹੱਥਾਂ ਦੁਆਰਾ ਹੀ ਅਸੀਂ ਆਪਣੇ ਸਰੀਰ ਅਤੇ ਆਲੇ ਦੁਆਲੇ ਦੀ ਸਫਾਈ ਕਰਦੇ ਹਾਂ। ਵਿਗਿਆਨ ਦੇ ਜਿੰਨੇ ਵੀ ਆਵਸ਼ਕਾਰ ਹੋਏ ਹਨ ਉਨਾਂ ਵਿਚ ਦਿਮਾਗ ਦੇ ਨਾਲ ਨਾਲ ਮਨੁੱਖੀ ਹੱਥਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸਰਹੱਦਾਂ ਤੇ ਫੌਜਾਂ ਨੂੰ ਦੁਸ਼ਮਣ ਤੋਂ ਆਪਣੀ ਧਰਤੀ ਦੀ ਰਾਖੀ ਲਈ ਹਮੇਸ਼ਾਂ ਹਥਿਆਰਾਂ ਨਾਲ ਲੈਸ ਰਹਿਣਾ ਪੈਂਦਾ ਹੈ। ਇਹ ਹੱਥਿਆਰ ਵੀ ਹੱਥਾਂ ਨਾਲ ਹੀ ਚਲਾਏ ਜਾਂਦੇ ਹਨ ਤਾਂ ਹੀ ਦੁਸ਼ਮਣ ਮੈਦਾਨ ਛੱਡ ਕੇ ਭੱਜ ਜਾਂਦਾ ਹੈ। ਇਸੇ ਲਈ ਤਾਂ ਕਹਿੰਦੇ ਹਨ:

ਹੱਥਾਂ ਬਾਝ ਕਰਾਰਿਆਂ,
ਵੈਰੀ ਮਿੱਤ ਨਾ ਹੋਣ।

ਹੱਥ ਤੇ ਹੱਥ ਰੱਖ ਕੇ ਬੈਠਿਆਂ ਕੁਝ ਨਹੀਂ ਹੋਣਾ। ਜੇ ਅਸੀਂ ਕਹੀਏ ਕਿ ਜੋ ਕੁਝ ਵੀ ਹੁੰਦਾ ਹੈ ਉਹ ਪ੍ਰਮਾਤਮਾ ਆਪ ਹੀ ਕਰਦਾ ਹੈ ਫਿਰ ਸਾਨੂੰ ਮਿਹਨਤ ਕਰਨ ਦੀ ਕੀ ਲੋੜ ਹੈ?  ਇਹ ਵਿਚਾਰ ਕੇਵਲ ਆਲਸੀ ਲੋਕਾਂ ਦਾ ਹੈ। ਇਸ ਹਿਸਾਬ ਸਿਰ ਤਾਂ ਅਸੀਂ ਦੂਜਿਆਂ ਤੋਂ ਕਾਫੀ ਪੱਛੜ ਜਾਵਾਂਗੇ। ਪ੍ਰਮਾਤਮਾ ਇਹ ਕਹਿੰਦਾ ਹੈ ਕਿ 'ਮੈਂ ਤੈਨੂੰ ਤੇਜ ਦਿਮਾਗ ਦਿੱਤਾ ਹੈ। ਨਰੋਇਆ ਅਤੇ ਸੁੰਦਰ ਸਰੀਰ ਦਿੱਤਾ ਹੈ। ਆਪਣੀਆਂ ਅੱਖਾਂ ਖੋਲ੍ਹ ਕੇ ਰੱਖ ਅਤੇ ਹੱਥਾਂ ਪੈਰਾਂ ਅਤੇ ਦਿਮਾਗ ਤੋਂ ਕੰਮ ਲੈ ਅਤੇ ਅੱਗੇ ਵਧ। ਫਿਰ ਹੀ ਤੇਰੀ ਉਨਤੀ ਹੋਵੇਗੀ।'  ਹੱਥ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ। ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ:

ਯਹ ਹਾਥ ਹੀ ਆਪਣੀ ਦੌਲਤ ਹੈ।
ਯਹ ਹਾਥ ਹੀ ਆਪਣੀ ਤਾਕਤ ਹੈ।
ਕੁਛ ਔਰ ਤੋ ਪੂੰਝੀ ਪਾਸ ਨਹੀਂ,
ਯਹ ਹਾਥ ਹੀ ਆਪਣੀ ਕਿਸਮਤ ਹੈ।

ਤੁਹਾਡੀ ਮਿੱਠੀ ਬਾਣੀ ਦੇ ਨਾਲ ਨਾਲ ਤੁਹਾਡੇ ਦੋ ਹੱਥ ਵੀ ਆਪਸੀ ਮਿਲਵਰਤਣ ਲਈ ਬਹੁਤ ਯੋਗਦਾਨ ਪਾਉਂਦੇ ਹਨ।ਪ੍ਰਮਾਤਮਾ ਨੇ ਹੱਥ ਤੁਹਾਨੂੰ ਕੰਮ ਕਰਨ ਲਈ ਦਿੱਤੇ ਹਨ ਆਪਣੇ ਹੱਥਾਂ ਨਾਲ ਮਿਹਨਤ ਕਰਕੇ ਆਪਣੀ ਕਮਾਈ ਕਰੋ ਆਪਣੇ ਪਰਿਵਾਰ ਦੀ ਪਾਲਣਾ ਕਰੋ। ਹੱਥਾਂ ਦੀ ਵਰਤੋਂ ਸਿਰਜਕ ਕੰਮਾਂ ਲਈ ਕਰੋ। ਤੁਹਾਡੇ ਹੱਥ ਦੂਜੇ ਦੀ ਮਦਦ ਲਈ ਤਿਆਰ ਬਰ ਤਿਆਰ ਰਹਿਣੇ ਚਾਹੀਦੇ ਹਨ। ਬੇਸ਼ੱਕ ਘੱਟ ਖਾ ਕੇ ਗੁਜ਼ਾਰਾ ਕਰ ਲਓ ਪਰ ਕਿਸੇ ਕੋਲੋਂ ਕੁਝ ਮੰਗਣ ਲਈ ਹੱਥ ਅੱਡਣ ਦੀ ਬਜਾਏ ਕਿਸੇ ਲੋੜਵੰਦ ਨੂੰ ਕੁਝ ਦੇਣ ਲਈ ਹੱਥ ਅੱਗੇ ਕਰੋ। ਜੇ ਪ੍ਰਮਾਤਮਾ ਕੋਲੋਂ ਵੀ ਕੁਝ ਮੰਗਣਾ ਪੈ ਜਾਏ ਤਾਂ ਇਹ ਹੀ ਮੰਗੋ ਕਿ ਤੁਹਾਡੇ ਦੋਹਾਂ ਹੱਥਾਂ ਦੀ ਕਮਾਈ ਵਿਚ ਬਰਕਤ ਪਏ ਤਾਂ ਕਿ ਤੁਹਾਨੂੰ ਕਿਸੇ ਦੂਸਰੇ ਦਾ ਮੁਥਾਜ ਨਾ ਹੋਣਾ ਪਏ। ਐਵੇਂ ਹਰ ਸਮੇਂ ਕਿਸਮਤ ਦੇ ਰੋਣੇ ਹੀ ਨਾ ਰੋਂਦੇ ਰਿਹਾ ਕਰੋ। ਰੱਬ ਨੇ ਤੁਹਾਨੂੰ ਐਨੇ ਕੀਮਤੀ ਹੱਥ ਦਿੱਤੇ ਹਨ। ਇਨ੍ਹਾਂ ਦੀ ਕਦਰ ਕਰੋ। ਆਪਣੇ ਹੱਥਾਂ ਨਾਲ ਆਪਣੀ ਬਦਕਿਸਮਤੀ ਨੂੰ  ਖ਼ੁਸ਼ਕਿਸਮਤੀ ਵਿਚ ਬਦਲੋ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ:

ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਹੀ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।

ਦੋਸਤੋ, ਹੱਕ ਹਲਾਲ ਦੀ ਕਿਰਤ ਕਮਾਈ ਵਿਚ ਹੀ ਬਰਕਤ ਹੁੰਦੀ ਹੈ। ਲਾਲਚ ਨਾਲ ਧਨ ਦੇ ਇਕੱਠੇ ਕੀਤੇ ਹੋਏ ਢੇਰ ਸਭ ਇਥੇ ਹੀ ਰਹਿ ਜਾਂਦੇ ਹਨ। ਸਿਕੰਦਰ ਬਹੁਤ ਬਹਾਦੁਰ ਅਤੇ ਦਲੇਰ ਸੂਰਮਾ ਸੀ ਪਰ ਉਹ ਬਹੁਤ ਲਾਲਚੀ ਵੀ ਸੀ। ਉਸ ਦਾ ਪੂਰੀ ਦੁਨੀਆਂ ਨੂੰ ਜਿੱਤਣ ਦਾ ਸੁਪਨਾ ਸੀ। ਉਸ ਨੇ ਕਈ ਦੇਸ਼ ਜਿੱਤੇ ਅਤੇ ਲੁੱਟਮਾਰ ਕਰਕੇ ਬੇਇੰਤਹਾ ਧਨ ਇਕੱਠਾ ਕੀਤਾ। ਜਦ ਉਸ ਦੀ ਮੌਤ ਹੋਈ ਤਾਂ ਉਸ ਨੇ ਕਿਹਾ-'ਮੇਰੇ ਖਾਲੀ ਹੱਥ ਮੇਰੇ ਕੱਫ਼ਨ ਤੋਂ ਬਾਹਰ ਰੱਖੇ ਜਾਣ ਤਾਂ ਕਿ ਪੂਰੀ ਦੁਨੀਆਂ ਨੂੰ ਪਤਾ ਲੱਗੇ ਕਿ ਆਪਣੀ ਮੌਤ ਤੋਂ ਬਾਅਦ ਸਿਕੰਦਰ ਇਸ ਦੁਨੀਆਂ ਤੋਂ ਕੁਝ ਵੀ ਆਪਣੇ ਨਾਲ ਨਹੀਂ ਲੈ ਕੇ ਜਾ ਸੱਕਿਆ। ਇਹ ਸਾਡੇ ਸਾਰਿਆਂ ਲਈ ਇਕ ਬਹੁਤ ਵੱਡਾ ਸਬਕ ਹੈ। ਸਾਡੀ ਮੌਤ ਤੋਂ ਬਾਅਦ ਸਾਡਾ ਸਾਰਾ ਧਨ ਦੌਲਤ, ਰਿਸ਼ਤੇ ਨਾਤੇ ਸਾਡੇ ਲਈ ਸਭ ਸਿਫ਼ਰ ਹੈ। ਨਾਲ ਕੁਝ ਵੀ ਨਹੀਂ ਜਾਂਦਾ। ਨੇਕੀ ਇਕ ਐਸੀ ਚੀਜ ਹੈ ਜੋ ਸਾਡੀ ਮੌਤ ਤੋਂ ਬਾਅਦ ਵੀ ਜਿੰਦਾ ਰਹਿੰਦੀ ਹੈ। ਇਸ ਜੀਵਨ ਵਿਚ ਕਿਸੇ ਨੂੰ ਕੀ ਦਿੱਤਾ ਅਤੇ ਕਿਸੇ ਕੋਲੋਂ ਕੀ ਲਿਆ ਜਾਂ ਕਿਸੇ ਕੋਲੋਂ ਕੀ ਲੈਣਾ ਹੈ ਅਤੇ ਕਿਸੇ ਨੂੰ ਕੀ ਦੇਣਾ ਹੈ, ਇਸ ਸਭ ਦਾ ਹਿਸਾਬ ਰੱਖਣਾ ਬਹੁਤ ਮੁਸ਼ਕਲ ਹੈ। ਇਸ ਲਈ ਮਨੁੱਖ ਪ੍ਰਮਾਤਮਾ ਦੇ ਹੁਕਮ ਨਾਲ ਇਸ ਧਰਤੀ ਤੇ ਖਾਲੀ ਹੱਥ ਆਉਂਦਾ ਹੈ ਅਤੇ ਖਾਲੀ ਹੱਥ ਹੀ ਇਥੋਂ ਰੁਖ਼ਸਤ ਹੁੰਦਾ ਹੈ।

*****

ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email:  gursharan1183@yahoo.in