ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

10 Dec. 2019

ਕਾਂਗਰਸ ਨੇ ਦੇਸ਼ ਨੂੰ ਲੁੱਟਿਆ ਜਦ ਕਿ ਅਸੀਂ ਦੇਸ਼ ਨੂੰ ਬਚਾਇਆ- ਮੋਦੀ
ਕਾਦਰਯਾਰ ਜੇ ਕੋਲ਼ ਗਵਾਹ ਹੁੰਦੇ, ਕਹਿੰਦੇ ਖੋਲ੍ਹ ਹਕੀਕਤ ਸਾਰੀ।

ਸੁਖਦੇਵ ਸਿੰਘ ਢੀਂਡਸਾ ਦੀ ਬਾਦਲ ਦਲ ਨੂੰ ਅਲਵਿਦਾ ਕਹਿਣ ਦੀ ਤਿਆਰੀ- ਇਕ ਖ਼ਬਰ
ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉਡ ਜਾਣਾ।

ਰਾਜਨੀਤੀ ਨੂੰ 'ਸੇਵਾ' ਸਮਝ ਕੇ ਨਿਭਾਉਣਾ ਚਾਹੀਦੈ-ਪ੍ਰਕਾਸ਼ ਸਿੰਘ ਬਾਦਲ
ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।

ਆਪਣੇ ਅਮੀਰ ਦੋਸਤਾਂ ਦੇ ਕਰਜ਼ੇ ਮੁਆਫ਼ ਕਰ ਰਹੀ ਹੈ ਮੋਦੀ ਸਰਕਾਰ-ਰਾਹੁਲ ਗਾਂਧੀ
ਲੱਗੀਆਂ ਦੋਸਤੀਆਂ, ਹੁਣ ਨਹੀਂ ਪੁੱਛਦੀਆਂ ਜ਼ਾਤਾਂ।

ਕਾਂਗਰਸੀਆਂ ਨੇ ਸੁਨੀਲ ਜਾਖੜ ਕੋਲ ਆਪਣਾ ਦੁੱਖੜਾ ਰੋਇਆ-ਇਕ ਖ਼ਬਰ
ਰਾਤੀਂ ਰੋਂਦੀ ਦਾ, ਮੂੰਹ ਪਾਵੇ ਵਿਚ ਵੱਜਾ।

ਆਖਰ 28 ਮਹੀਨਿਆਂ ਬਾਅਦ ਹਨੀਪ੍ਰੀਤ ਦੀ ਸੌਦਾ ਸਾਧ ਨਾਲ ਮੁਲਾਕਾਤ ਹੋਈ-ਇਕ ਖ਼ਬਰ
ਮਿੱਤਰਾਂ ਦੇ ਦਰਦ ਬੁਰੇ, ਬਹਿ ਗਈ ਕਾਲ਼ਜਾ ਫੜ ਕੇ।

ਸਮੁੱਚੀ ਅਕਾਲੀ ਲੀਡਰਸ਼ਿੱਪ ਤਿੰਨ ਦਿਨ ਦਰਬਾਰ ਸਾਹਿਬ ਵਿਖੇ ਜੋੜੇ ਝਾੜਨ ਤੇ ਲੰਗਰ ਸੇਵਾ ਕਰੇਗੀ- ਇਕ ਖ਼ਬਰ
ਅਮਲਾਂ ਬਾਝ ਦਰਗਾਹ ਵਿਚ ਪੈਣ ਪੌਲੇ, ਲੋਕਾਂ ਵਿਚ ਮੀਆਂ ਵਾਰਸ ਸ਼ਾਹ ਹੋਇਆ।

ਸ਼੍ਰੀ ਲੰਕਾ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ- ਇਕ ਖ਼ਬਰ
ਜਲ ਥਲ ਹੋ ਗਿਐ ਲੰਕਾ ਦੇ ਵਿਚ ਯਾਰੋ, ਢੱਕਣ ਘੜੇ ਤੋਂ ਨੀਲੇ ਨੇ ਚੁੱਕਿਆ ਈ।

ਪੰਜਾਬ ਯੂਨੀਵਰਸਿਟੀ ਪੰਜਾਬੀ ਮਾਂ ਬੋਲੀ ਤੋਂ ਹੋਰ ਵੀ ਬੇਮੁੱਖ ਹੋਈ-ਇਕ ਖ਼ਬਰ
ਏਥੇ ਰਾਤ ਹਨ੍ਹੇਰੀ ਨੀਂ, ਏਥੇ ਕੋਈ ਨਹੀਂ ਤੇਰਾ ਦਰਦੀ।

ਬਾਦਲਾਂ ਦੀ ਅਕਾਲੀ ਦਲ ਦੀ 99 ਸਾਲਾਂ ਦੀ ਲੀਜ਼ ਖ਼ਤਮ ਹੋਣ ਵਾਲ਼ੀ ਹੈ- ਇਕ ਖ਼ਬਰ
ਪੱਤ ਝੜੇ ਪੁਰਾਣੇ ਮਾਹੀ ਵੇ, ਰੁੱਤ ਨਵਿਆਂ ਦੀ ਆਈ ਆ, ਢੋਲਾ।

ਕੇਂਦਰ ਸਰਕਾਰ ਪੰਜਾਬ ਦੇ ਹੱਕ ਵਿਚ ਕੁਝ ਵੀ ਨਹੀਂ ਕਰਦੀ-ਗਿਆਨੀ ਹਰਪ੍ਰੀਤ ਸਿੰਘ
ਰੋਲ਼ ਦਿਤੀ ਅਮਲੀ ਨੇ, ਨਾਰ ਪਟੋਲੇ ਵਰਗੀ।

ਮੋਦੀ ਸਰਕਾਰ ਭਾਈ ਰਾਜੋਆਣੇ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰੇ-ਹਰਨਾਮ ਸਿੰਘ ਖ਼ਾਲਸਾ
ਖ਼ਾਲਸਾ ਜੀ, ਅਕਾਲੀਆਂ ਨੂੰ ਪੁੱਛੋ ਕਿ ਉਹਨੀਂ ਬਿਨਾਂ ਪਾਣੀਉਂ ਮੌਜੇ ਕਿਉਂ ਲਾਹੇ।

ਭਾਰਤ ਨਾਲ ਵਪਾਰ ਬੰਦ ਹੋਣ ਕਾਰਨ ਪਾਕਿ 'ਚ ਵਧੀ ਮਹਿੰਗਾਈ ૶ਪਾਕਿ ਮੰਤਰੀ
ਡਿਗੀ ਖੋਤੇ ਤੋਂ, ਗੁੱਸਾ ਘੁਮਿਆਰ 'ਤੇ।

ਚੀਨ ਵਿਰੁੱਧ ਵੀ ਹਮਲਾਵਰ ਨੀਤੀ ਅਪਣਾਏ ਮੋਦੀ ਸਰਕਾਰ- ਕਾਂਗਰਸ
ਆਪੇ ਤੇਰਾ ਰਾਮ ਰੱਖ ਲਊ, ਪਾ ਲੈ ਤੱਤਿਆਂ ਥੰਮ੍ਹਾਂ ਨੂੰ ਜੱਫੀਆਂ।

ਅਕਾਲੀ ਦਲ ਦੇ ਪ੍ਰਧਾਨ ਦੀ ਚੋਣ 14 ਦਸੰਬਰ ਨੂੰ ਹੋਵੇਗੀ- ਇਕ ਖ਼ਬਰ
ਸ਼੍ਰੋਮਣੀ ਕਮੇਟੀ ਦੇ ਡਰਾਮੇ ਤੋਂ ਬਾਅਦ ਅਕਾਲੀ ਦਲ ਦਾ ਗਰੈਂਡ ਫਿਨਾਲੇ।