ਸ਼੍ਰੋਮਣੀ ਰਹਿਣ ਦਾ ਫ਼ਿਕਰ - ਸਵਰਾਜਬੀਰ

ਵੀਹਵੀਂ ਸਦੀ ਅਤੇ ਉਸ ਤੋਂ ਬਾਅਦ ਦੇ ਪੰਜਾਬ ਦੇ ਇਤਿਹਾਸ ਵਿਚ ਵੱਡੀ ਭੂਮਿਕਾ ਨਿਭਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 1920 ਨੂੰ ਉਸ ਵੇਲ਼ੇ ਹੋਂਦ ਵਿਚ ਆਈ ਜਦ ਪੰਜਾਬ ਵਿਚ ਗ਼ਦਰ ਪਾਰਟੀ ਦੁਆਰਾ ਫ਼ੌਜਾਂ ਵਿਚ ਬਗ਼ਾਵਤ ਕਰਾਉਣ ਦੇ ਯਤਨ ਦੀਆਂ ਗੂੰਜਾਂ ਹਰ ਸ਼ਹਿਰ ਅਤੇ ਪਿੰਡ ਪਿੰਡ ਸੁਣਾਈ ਦੇ ਰਹੀਆਂ ਸਨ ਅਤੇ ਪੰਜਾਬ ਜੱਲ੍ਹਿਆਂਵਾਲਾ ਬਾਗ਼ ਦੇ ਦੁਖਾਂਤ ਅਤੇ ਹੋਰ ਸ਼ਹਿਰਾਂ ਵਿਚ ਅੰਗਰੇਜ਼ਾਂ ਦੁਆਰਾ ਕੀਤੇ ਗਏ ਜ਼ੁਲਮ ਨੂੰ ਸਹਿੰਦਾ ਹੋਇਆ ਦੇਸ਼ ਦੀ ਸਿਆਸਤ ਵਿਚ ਉੱਘਾ ਰੋਲ ਅਦਾ ਕਰ ਰਿਹਾ ਸੀ। ਅੰਗਰੇਜ਼ ਹਕੂਮਤ ਦੀ 'ਪਾੜੋ ਤੇ ਰਾਜ ਕਰੋ' ਦੀ ਨੀਤੀ ਕਈ ਤਰੀਕਿਆਂ ਨਾਲ ਕੰਮ ਕਰ ਰਹੀ ਸੀ। ਇਕ ਪਾਸੇ ਉਸ ਨੇ ਪੰਜਾਬ ਵਿਚ ਆਪਣੇ ਪਿੱਠੂਆਂ ਦੀ ਜਮਾਤ ਖੜ੍ਹੀ ਕਰਕੇ ਪੰਜਾਬੀਆਂ ਨੂੰ ਵੱਡੀ ਗਿਣਤੀ ਵਿਚ ਫ਼ੌਜ ਵਿਚ ਭਰਤੀ ਹੋਣ ਲਈ ਪ੍ਰੇਰਿਆ ਸੀ ਅਤੇ ਦੂਸਰੇ ਪਾਸੇ ਆਜ਼ਾਦੀ ਦਾ ਸੰਘਰਸ਼ ਕਰਨ ਵਾਲਿਆਂ ਦਾ ਦਮਨ ਕੀਤਾ ਸੀ।
ਪੰਜਾਬ ਦੇ ਗੁਰਦੁਆਰੇ ਉਸ ਵੇਲ਼ੇ ਪੁਜਾਰੀਆਂ ਦੇ ਹੱਥਾਂ ਵਿਚ ਸਨ ਅਤੇ ਅੰਗਰੇਜ਼ ਸਰਕਾਰ ਉਨ੍ਹਾਂ ਦੀ ਪਿੱਠ 'ਤੇ ਖਲੋਤੀ ਸੀ। 1920 ਵਿਚ ਅਕਾਲੀ ਦਲ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਅਕਾਲੀ ਸੰਘਰਸ਼ ਸ਼ੁਰੂ ਹੋ ਚੁੱਕਾ ਸੀ ਅਤੇ ਵੱਖ ਵੱਖ ਅਕਾਲੀ ਜਥਿਆਂ ਨੇ ਗੁਰਦੁਆਰਿਆਂ ਦੇ ਸੁਧਾਰ ਲਈ ਸ਼ਾਂਤਮਈ ਢੰਗ ਨਾਲ ਯਤਨ ਕਰਨੇ ਸ਼ੁਰੂ ਕਰ ਦਿੱਤੇ ਸਨ। ਦਰਬਾਰ ਸਾਹਿਬ ਤਰਨ ਤਾਰਨ ਨੂੰ ਮਹੰਤ ਤੋਂ ਆਜ਼ਾਦ ਕਰਾਉਣ ਲਈ ਵਿੱਢੇ ਗਏ ਸੰਘਰਸ਼ ਵਿਚ ਭਾਈ ਹੁਕਮ ਸਿੰਘ ਅਤੇ ਭਾਈ ਹਜ਼ਾਰਾ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਅਤੇ ਲਹਿਰ ਦੇ ਪਹਿਲੇ ਸ਼ਹੀਦ ਬਣੇ। 20 ਫਰਵਰੀ 1921 ਨੂੰ ਭਾਈ ਲਛਮਣ ਸਿੰਘ ਦੀ ਅਗਵਾਈ ਵਾਲਾ ਜਥਾ ਨਨਕਾਣਾ ਸਾਹਿਬ ਪਹੁੰਚਿਆ ਜਿਸ ਉੱਤੇ ਮਹੰਤ ਨਰਾਇਣ ਦਾਸ ਦੇ ਭਾੜੇ 'ਤੇ ਲਏ ਹਮਾਇਤੀਆਂ ਨੇ ਗੋਲੀ ਚਲਾਈ ਜਿਸ ਵਿਚ 100 ਤੋਂ ਜ਼ਿਆਦਾ ਅਕਾਲੀ ਸ਼ਹੀਦ ਹੋਏ। ਇਸ ਤਰ੍ਹਾਂ ਇਸ ਪਾਰਟੀ ਦਾ ਇਤਿਹਾਸ ਕੁਰਬਾਨੀਆਂ ਨਾਲ ਸ਼ੁਰੂ ਹੋਇਆ ਅਤੇ ਇਹ ਸਿਲਸਿਲਾ ਗੁਰੂ ਕਾ ਬਾਗ, ਜੈਤੋ ਦਾ ਮੋਰਚਾ ਅਤੇ ਹੋਰ ਮੋਰਚਿਆਂ ਦੇ ਰੂਪ ਵਿਚ ਚੱਲਦਾ ਰਿਹਾ। ਅਕਾਲੀਆਂ ਦੀ ਕਾਲੀ ਪੱਗ ਬਗ਼ਾਵਤ ਦਾ ਪ੍ਰਤੀਕ ਬਣ ਗਈ।
       ਅਕਾਲੀ ਦਲ ਦਾ ਸਭ ਤੋਂ ਵੱਡਾ ਰਾਜਸੀ ਐਕਸ਼ਨ ਸਾਈਮਨ ਕਮਿਸ਼ਨ ਦਾ ਬਾਈਕਾਟ ਸੀ। 3 ਫਰਵਰੀ 1928 ਨੂੰ ਕਾਂਗਰਸੀਆਂ ਤੇ ਅਕਾਲੀਆਂ ਨੇ ਸਾਈਮਨ ਕਮਿਸ਼ਨ ਵਿਰੁੱਧ ਸਾਂਝੇ ਮੁਜ਼ਾਹਰੇ ਕੀਤੇ। ਜਦ 1929 ਵਿਚ ਲਾਹੌਰ ਵਿਚ ਰਾਵੀ ਕੰਢੇ ਹੋਏ ਇਜਲਾਸ ਵਿਚ ਕਾਂਗਰਸ ਨੇ ਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਤਾਂ ਅਕਾਲੀਆਂ ਨੇ ਇਸ ਦੀ ਹਮਾਇਤ ਕੀਤੀ ਅਤੇ 26 ਜਨਵਰੀ 1930 ਨੂੰ ਮਨਾਏ 'ਸੁਤੰਤਰਤਾ ਦਿਵਸ' ਵਿਚ ਸਿੱਖ ਵੱਡੀ ਗਿਣਤੀ ਵਿਚ ਸ਼ਾਮਲ ਹੋਏ। 1930 ਵਿਚ ਅਕਾਲੀ ਦਲ ਕਾਂਗਰਸ ਦੀ ਅਗਵਾਈ ਵਾਲੀ 'ਸਿਵਲ ਨਾਫ਼ਰਮਾਨੀ ਲਹਿਰ' ਵਿਚ ਸ਼ਾਮਲ ਹੋਇਆ ਅਤੇ ਕਾਂਗਰਸੀ ਆਗੂ ਲਾਲਾ ਦੁਨੀ ਚੰਦ ਅਨੁਸਾਰ ਵਸੋਂ ਦੇ ਅਨੁਪਾਤ ਦੇ ਪੱਖ ਤੋਂ ਸਿੱਖਾਂ ਨੇ ਜੇਲ੍ਹ ਵਿਚ ਸਭ ਤੋਂ ਵੱਧ ਵਾਲੰਟੀਅਰ ਭੇਜੇ। 1930ਵਿਆਂ ਵਿਚ ਅਕਾਲੀਆਂ ਨੇ 'ਸਿਵਲ ਨਾਫ਼ਰਮਾਨੀ ਲਹਿਰ' ਦੇ ਸਭ ਪੜਾਵਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ।
      1937 ਤੇ 1945-46 ਦੀਆਂ ਚੋਣਾਂ ਵਿਚ ਅਕਾਲੀ ਪੰਜਾਬ ਦੀ ਮਹੱਤਵਪੂਰਨ ਰਾਜਸੀ ਧਿਰ ਵਜੋਂ ਉੱਭਰੇ ਜਿਸ ਦਾ ਖ਼ਾਸਾ ਪੰਜਾਬੀ ਸੀ ਕਿਉਂਕਿ ਉਹ ਪੰਜਾਬ ਦੀ ਕਾਂਗਰਸ ਜਾਂ ਮੁਸਲਿਮ ਲੀਗ ਵਾਂਗ ਕਿਸੇ ਰਾਸ਼ਟਰੀ ਪੱਧਰ ਦੀ ਪਾਰਟੀ ਦੇ ਅਧੀਨ ਨਹੀਂ ਸਨ। ਇਹ ਸਮਾਂ ਅਕਾਲੀ ਪਾਰਟੀ ਲਈ ਵੱਡੀ ਕਸ਼ਮਕਸ਼ ਵਾਲਾ ਸੀ ਕਿਉਂਕਿ ਮੁਸਲਿਮ ਲੀਗ ਦੇਸ਼ ਨੂੰ ਧਰਮ ਦੇ ਆਧਾਰ 'ਤੇ ਵੰਡਣ ਲਈ ਜ਼ੋਰ ਲਗਾ ਰਹੀ ਸੀ। ਅੰਤ ਵਿਚ ਅਕਾਲੀਆਂ ਨੇ ਕਾਂਗਰਸ ਦੀ ਹਮਾਇਤ ਕਰਨ ਅਤੇ ਭਾਰਤ ਵਿਚ ਰਹਿਣ ਦਾ ਫ਼ੈਸਲਾ ਕੀਤਾ।
      1947 ਵਿਚ ਪੰਜਾਬ ਨੇ ਵੰਡ ਦਾ ਵੱਡਾ ਦੁਖ਼ਾਂਤ ਝੱਲਿਆ ਜਿਸ ਵਿਚ ਲੱਖਾਂ ਪੰਜਾਬੀ ਮਾਰੇ ਗਏ ਅਤੇ ਲੱਖਾਂ ਨੂੰ ਆਪਣੇ ਘਰ-ਘਾਟ ਛੱਡਣੇ ਪਏ। ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਧਾਰਮਿਕ ਤੇ ਭਾਸ਼ਾਈ ਘੱਟਗਿਣਤੀਆਂ ਨੂੰ ਹੋਰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਚੜ੍ਹਦੇ ਪੰਜਾਬ ਵਿਚ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੇ ਪੰਜਾਬੀ ਨੂੰ ਗੁਰਮੁਖੀ ਜਾਂ ਦੇਵਨਾਗਰੀ ਲਿਪੀ ਵਿਚ ਸਿੱਖਿਆ ਦਾ ਮਾਧਿਅਮ ਮੰਨਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਸੱਚਰ ਫਾਰਮੂਲਾ ਬਣਾਇਆ ਗਿਆ ਜਿਸ ਅਨੁਸਾਰ ਪੰਜਾਬੀ ਤੇ ਹਿੰਦੀ ਦੋਹਾਂ ਨੂੰ ਵੱਖ ਵੱਖ ਇਲਾਕਿਆਂ ਵਿਚ ਵੱਖ ਵੱਖ ਜਮਾਤਾਂ ਤੋਂ ਪੜ੍ਹਾਉਣ ਦੀ ਸਹੂਲਤ ਦਿੱਤੀ ਗਈ। ਅਕਾਲੀ ਦਲ ਨੇ ਇਸ ਦੀ ਹਮਾਇਤ ਕੀਤੀ ਜਦੋਂਕਿ ਜਨਸੰਘ ਅਤੇ ਹਿੰਦੂ ਮਹਾਂਸਭਾ ਨੇ ਇਸ ਦਾ ਵਿਰੋਧ ਕੀਤਾ। ਉਸ ਵੇਲ਼ੇ ਅਕਾਲੀ ਦਲ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਉਸ ਨੇ ਮਈ 1950 ਵਿਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਆਧਾਰ 'ਤੇ ਪੰਜਾਬੀ ਸੂਬਾ ਬਣਾਉਣ ਦੀ ਮੰਗ ਉਠਾਈ ਜਿਹੜੀ ਕਈ ਸੰਘਰਸ਼ਾਂ ਬਾਅਦ 1966 ਵਿਚ ਪੰਜਾਬੀ ਸੂਬਾ ਬਣਨ 'ਤੇ ਸਵੀਕਾਰ ਕੀਤੀ ਗਈ। 1967 ਵਿਚ ਅਕਾਲੀ ਦਲ ਨੂੰ ਸਾਂਝੇ ਮੋਰਚੇ ਦੇ ਆਗੂ ਵਜੋਂ ਪਹਿਲੀ ਵਾਰ ਸੱਤਾ ਮਿਲੀ ਜਿਸ ਵਿਚ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਬਣੇ।
      30 ਸਤੰਬਰ 1968 ਨੂੰ ਬਟਾਲੇ ਵਿਚ ਹੋਈ ਅਕਾਲੀ ਕਾਨਫਰੰਸ ਨੇ ਰਾਜਾਂ ਨੂੰ ਫ਼ੈਡਰਲ ਆਧਾਰ 'ਤੇ ਵਧੇਰੇ ਖ਼ੁਦਮੁਖ਼ਤਾਰੀ ਦੇਣ ਦੀ ਮੰਗ ਕੀਤੀ। ਇਸ ਮੰਗ ਨੂੰ 13 ਅਪਰੈਲ 1973 ਨੂੰ 'ਆਨੰਦਪੁਰ ਸਾਹਿਬ ਦੇ ਮਤੇ' ਵਿਚ ਵਿਸਥਾਰ ਦਿੱਤਾ ਗਿਆ। 1975 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਲਾ ਦਿੱਤੀ। ਜੂਨ 1975 ਦੇ ਅੰਤ ਵਿਚ ਅਕਾਲੀ ਦਲ ਦੀ ਕਾਰਜਕਾਰਨੀ ਨੇ ਕਾਂਗਰਸ ਦੀ 'ਫਾਸ਼ੀਵਾਦੀ ਰੁਚੀ' ਦੇ ਖ਼ਿਲਾਫ਼ ਲੜਾਈ ਕਰਨ ਦਾ ਮਤਾ ਪਾਸ ਕੀਤਾ ਅਤੇ ਜੁਲਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਮਹੂਰੀਅਤ ਨੂੰ ਬਚਾਉਣ ਲਈ ਮੋਰਚਾ ਆਰੰਭਿਆ। ਇਸ ਸੰਘਰਸ਼ ਸਦਕਾ ਦਲ ਦਾ ਆਧਾਰ ਹੋਰ ਵਿਸ਼ਾਲ ਹੋਇਆ ਅਤੇ 1977 ਵਿਚ ਪਾਰਟੀ ਫਿਰ ਸੱਤਾ ਵਿਚ ਆਈ। 1966 ਵਿਚ ਭਾਸ਼ਾ ਦੇ ਆਧਾਰ 'ਤੇ ਸੂਬਾ ਬਣਨ ਤੋਂ ਬਾਅਦ ਅਕਾਲੀ ਦਲ ਸਭ ਤੋਂ ਜ਼ਿਆਦਾ ਦੇਰ ਸੱਤਾ ਵਿਚ ਰਹਿਣ ਵਾਲੀ ਪਾਰਟੀ ਹੈ।
      ਸਵਾਲ ਇਹ ਹੈ ਕਿ ਏਨੇ ਵੱਡੇ ਇਤਿਹਾਸਕ ਪਿਛੋਕੜ ਵਾਲੀ ਇਸ ਪਾਰਟੀ ਦਾ ਵਰਤਮਾਨ ਸਰੂਪ ਕਿਹੋ ਜਿਹਾ ਹੈ? 1975 ਵਿਚ ਪਾਰਟੀ ਨੇ ਕਾਂਗਰਸ ਦੀ 'ਫਾਸ਼ੀਵਾਦੀ ਰੁਚੀ' ਵਿਰੁੱਧ ਲੜਨ ਦਾ ਅਹਿਦ ਕੀਤਾ ਸੀ। ਫਾਸ਼ੀਵਾਦੀ ਰੁਚੀਆਂ ਵਿਰੁੱਧ ਲੜਨ ਵਾਲਾ ਉਹ ਅਕਾਲੀ ਦਲ ਹੁਣ ਕਿਤੇ ਦਿਖਾਈ ਨਹੀਂ ਦਿੰਦਾ। ਪਿਛਲੇ ਕੁਝ ਵਰ੍ਹਿਆਂ ਦੌਰਾਨ ਉਸ ਨੇ ਦੇਸ਼ ਦੀ ਵੱਡੀ ਘੱਟਗਿਣਤੀ ਫ਼ਿਰਕੇ ਦੇ ਵਿਰੁੱਧ ਹੋਈ ਹਜੂਮੀ ਹਿੰਸਾ, ਧਾਰਾ 370 ਦੇ ਮਨਸੂਖ਼ ਕਰਨ, ਨਾਗਰਿਕਤਾ ਸੋਧ ਬਿਲ ਪਾਸ ਕਰਨ ਆਦਿ ਵਿਚ ਦੇਸ਼ ਦੇ ਸੰਘੀ ਢਾਂਚੇ ਦੀ ਰਾਖੀ ਕਰਨ ਅਤੇ ਘੱਟਗਿਣਤੀਆਂ ਦੇ ਹੱਕ ਵਿਚ ਆਵਾਜ਼ ਉਠਾਉਣ ਦੇ ਅਸੂਲਾਂ ਨੂੰ ਪਿੱਠ ਵਿਖਾਈ ਹੈ। ਅਕਾਲੀ ਦਲ ਕਿਸੇ ਵੀ ਕੀਮਤ 'ਤੇ ਭਾਰਤੀ ਜਨਤਾ ਪਾਰਟੀ, ਜਿਸ ਦਾ ਵਿਚਾਰਧਾਰਕ ਖ਼ਾਸਾ ਕੇਂਦਰਵਾਦੀ ਅਤੇ ਪੰਜਾਬੀ-ਵਿਰੋਧੀ ਰਿਹਾ ਹੈ, ਨਾਲ ਸੱਤਾ ਦਾ ਭਾਈਵਾਲ ਬਣਿਆ ਰਹਿਣਾ ਚਾਹੁੰਦਾ ਹੈ।
      ਕਈ ਵਾਰ ਦੂਸਰੀਆਂ ਪਾਰਟੀਆਂ ਨਾਲ ਭਾਈਵਾਲੀ ਵੇਲ਼ੇ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। 1928-29 ਵਿਚ ਨਹਿਰੂ ਰਿਪੋਰਟ (ਮੋਤੀ ਲਾਲ ਨਹਿਰੂ ਰਿਪੋਰਟ), ਜਿਸ ਵਿਚ ਵੱਖ ਵੱਖ ਘੱਟਗਿਣਤੀਆਂ ਨੂੰ ਪ੍ਰਤੀਨਿਧਤਾ ਦੇਣ 'ਤੇ ਅਕਾਲੀ ਦਲ ਦੀ ਆਪਣੀ ਸਹਿਯੋਗੀ ਪਾਰਟੀ ਕਾਂਗਰਸ ਨਾਲ ਕਈ ਮੁੱਦਿਆਂ 'ਤੇ ਵੱਡੀ ਅਸਹਿਮਤੀ ਸੀ। ਉਸ ਵੇਲ਼ੇ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ, ''ਮੈਨੂੰ ਕੋਈ ਗਿਲਾ ਨਹੀਂ ਹੋਵੇਗਾ ਜੇ ਤੁਸੀਂ ਕਾਂਗਰਸ ਨਾਲ ਖਲੋਣ ਦੀ ਬਜਾਏ ਇਸ ਦਾ ਬਾਈਕਾਟ ਕਰੋ ਅਤੇ ਆਜ਼ਾਦੀ ਦੀ ਲੜਾਈ ਵਿਚ ਇਸ ਤੋਂ ਅੱਗੇ ਹੋ ਕੇ ਲੜੋ। ਪਰ ਜੇ ਤੁਸੀਂ ਕਾਂਗਰਸ ਦਾ ਬਾਈਕਾਟ ਕੀਤਾ ਅਤੇ ਪਿਛਲੀਆਂ ਪਾਲ਼ਾਂ ਵਿਚ ਖਲੋ ਗਏ ਤਾਂ ਇਹ ਪੰਥ ਲਈ ਸ਼ਰਮ ਵਾਲੀ ਗੱਲ ਹੋਵੇਗੀ।'' ਭਾਵ ਕੁਝ ਅਸੂਲਾਂ 'ਤੇ ਪਹਿਰਾ ਦੇਣਾ ਲਾਜ਼ਮੀ ਹੁੰਦਾ ਹੈ ਪਰ ਵਰਤਮਾਨ ਅਕਾਲੀ ਦਲ ਆਪਣੇ ਬੁਨਿਆਦੀ ਅਸੂਲਾਂ 'ਤੇ ਪਹਿਰਾ ਕਿਉਂ ਨਹੀਂ ਦੇ ਰਿਹਾ।
      ਅਕਾਲੀ ਦਲ ਇਕ ਖੇਤਰੀ ਪਾਰਟੀ ਵਜੋਂ ਨਿੱਖਰ ਸਕਦਾ ਸੀ। ਇਸ ਕੋਲ ਘੱਟਗਿਣਤੀ ਫ਼ਿਰਕਿਆਂ ਦੇ ਹੱਕਾਂ ਦਾ ਅਲੰਬਰਦਾਰ ਬਣਨ ਦੀ ਸਮਰੱਥਾ ਸੀ। ਜੇ ਇਹ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਦਾ ਤਾਂ ਮੰਡੀ ਦੇ ਰਿਸ਼ਤਿਆਂ ਵਿਚ ਪਿਸ ਰਹੀ ਪੰਜਾਬ ਦੀ ਕਿਸਾਨੀ ਦੀ ਆਵਾਜ਼ ਬਣ ਕੇ ਉੱਭਰਦਾ, ਦਬੇ-ਕੁਚਲੇ ਲੋਕਾਂ, ਦਲਿਤਾਂ ਅਤੇ ਦਮਿਤਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਨਾਨਕ ਨਾਮਲੇਵਾ ਲੋਕਾਂ ਦਾ ਦਲ ਬਣਦਾ, ਪੰਜਾਬ ਦੀ ਲੋਕਾਈ ਦੀ ਹੂਕ ਬਣਦਾ, ਪਰ ਦਲ ਨੇ ਆਪਣੇ ਸ਼ਾਨਦਾਰ ਇਤਿਹਾਸਕ ਪਿਛੋਕੜ ਵੱਲੋਂ ਮੂੰਹ ਮੋੜ ਕੇ ਪਰਿਵਾਰਵਾਦ ਦਾ ਪੱਲਾ ਫੜ ਲਿਆ। ਇਸ ਦੇ ਨਾਲ ਹੀ ਉਹ ਸਿਆਸੀ ਤਵਾਜ਼ਨ, ਜੋ ਦਲ ਦੇ ਜ਼ਮੀਨੀ ਪੱਧਰ ਦੇ ਕਾਰਕੁਨਾਂ ਨੂੰ ਮਿਲਦੇ ਮਹੱਤਵ ਅਤੇ ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਸਰਕਾਰ ਦੀ ਵਾਗਡੋਰ ਵੱਖ ਵੱਖ ਸ਼ਖ਼ਸੀਅਤਾਂ ਦੇ ਹੱਥ ਵਿਚ ਹੋਣ ਨਾਲ ਬਣਿਆ ਸੀ, ਵਿਗੜਨਾ ਸ਼ੁਰੂ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਵਿਚ ਪਰਿਵਾਰ ਸ਼੍ਰੋਮਣੀ ਹੋ ਗਿਆ, ਉਸ ਨੂੰ ਖ਼ੁਦ ਨੂੰ ਸ਼੍ਰੋਮਣੀ ਬਣਾਈ ਰੱਖਣ ਦੀ ਵੱਡੀ ਚਿੰਤਾ ਹੈ।
     ਇਸ ਵਰਤਾਰੇ ਕਾਰਨ ਅਕਾਲੀ ਦਲ ਦਾ ਭੋਇੰ-ਮੁਖੀ ਕਿਰਦਾਰ 'ਲੋਪ ਹੋ ਗਿਆ ਹੈ। ਇਸ ਦੇ ਆਗੂਆਂ ਦੀ ਦਿੱਖ ਹੁਣ ਨਵੇਂ ਬਣੇ ਲਾਲਚੀ ਸਰਮਾਏਦਾਰਾਂ ਵਾਲੀ ਹੈ। ਇਸ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ। ਇਸ ਦੇ ਰਾਜ ਵਿਚ ਪੰਜਾਬ ਨਸ਼ਿਆਂ ਦੇ ਥਾਹਹੀਣੇ ਸੁਮੰਦਰ ਵਿਚ ਡੁੱਬ ਗਿਆ। ਰਿਸ਼ਵਤਖੋਰੀ ਸਿਖ਼ਰਾਂ 'ਤੇ ਪਹੁੰਚੀ। ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ ਕਰਦੇ ਰਹੇ ਪਰ ਆਪਣੇ ਆਪ ਨੂੰ ਕਿਸਾਨੀ ਦੀ ਪੱਤ ਰੱਖਣ ਵਾਲੀ ਪਾਰਟੀ ਕਹਾਉਣ ਵਾਲੇ ਇਸ ਦਲ ਦੇ ਆਗੂ ਜਾਤੀ ਲਾਲਚ ਦੀਆਂ ਹੱਦਾਂ ਵਿਚ ਘਿਰ ਕੇ ਰਹਿ ਗਏ, ਉਨ੍ਹਾਂ ਨੂੰ ਗ਼ਰੀਬ-ਗੁਰਬਿਆਂ ਦੀ ਆਵਾਜ਼ ਸੁਣਨੀ ਬੰਦ ਹੋ ਗਈ, ਉਹ ਆਗੂ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਜਥੇਦਾਰ ਕਹਿ ਕੇ ਪਿਆਰਿਆ ਸੀ, ਵੱਡੀਆਂ ਵੱਡੀਆਂ ਕਾਰਾਂ, ਕੋਠੀਆਂ ਤੇ ਕਾਰੋਬਾਰਾਂ ਦੇ ਕੈਦੀ ਬਣ ਗਏ।
     ਚੜ੍ਹਦੇ ਪੰਜਾਬ ਦਾ ਇਤਿਹਾਸ ਇਸ ਪਾਰਟੀ ਨਾਲ ਬੜੀ ਡੂੰਘੀ ਤਰ੍ਹਾਂ ਨਾਲ ਜੁੜਿਆ ਹੋਇਆ ਹੈ। ਇਸ ਪਾਰਟੀ ਦਾ ਪਤਨ ਪੰਜਾਬ ਦਾ ਪਤਨ ਹੈ। ਇਸ ਵੇਲ਼ੇ ਦੇ ਪੰਜਾਬ ਦਾ ਬੌਧਿਕ ਅਤੇ ਸੱਭਿਆਚਾਰਕ ਉਜਾੜਾ ਸਾਰੀਆਂ ਰਾਜਸੀ ਪਾਰਟੀਆਂ ਦੇ ਸਿਆਸੀ ਸੱਭਿਆਚਾਰ ਵਿਚ ਪ੍ਰਤੱਖ ਦਿਖਾਈ ਦੇ ਰਿਹਾ ਹੈ, ਅਕਾਲੀ ਪਾਰਟੀ ਦੇ ਸਿਆਸੀ ਸੱਭਿਆਚਾਰ ਵਿਚ ਵੀ।