ਮਨੁੱਖੀ ਜੀਵਨ ਵਿੱਚ ਮਾਤ-ਭਾਸ਼ਾ ਦਾ ਮਹੱਤਵ

ਮਨੁੱਖੀ ਜੀਵਨ ਵਿੱਚ ਮਾਤ-ਭਾਸ਼ਾ ਦਾ ਮਹੱਤਵ
 
 (ਖੋਜ ਪੱਤਰਾਂ ਵਿੱਚੋਂ ਅੰਸ਼)

                                                                                                                        - ਡਾ. ਜੋਗਾ ਸਿੰਘ


1. ਉੱਤਮ ਵਿੱਦਿਆ ਲਈ ਕਿਹੜੀ ਭਾਸ਼ਾ ਮਾਧਿਅਮ ਹੋਵੇ :
''ਇਹ ਸਵੈ-ਸਿੱਧ ਹੈ ਕਿ ਬੱਚੇ ਲਈ ਸਿੱਖਿਆ ਦਾ ਸਭ ਤੋਂ ਵਧੀਆ ਮਾਧਿਅਮ ਉਸ ਦੀ ਮਾਤ ਭਾਸ਼ਾ ਹੈ। ਮਨੋਵਿਗਿਆਨਕ ਤੌਰ 'ਤੇ ਇਹ ਸਾਰਥਕੀ ਚਿੰਨ੍ਹਾਂ ਦੀ ਅਜਿਹੀ ਪ੍ਰਣਾਲੀ ਹੁੰਦੀ ਹੈ ਜੋ ਪ੍ਰਗਟਾਓ ਅਤੇ ਸਮਝ ਲਈ ਉਸਦੇ ਦਿਮਾਗ ਵਿੱਚ ਸਵੈਚਾਲੀ ਰੂਪ ਵਿੱਚ ਕੰਮ ਕਰਦੀ ਹੈ, ਸਮਾਜੀ ਤੌਰ 'ਤੇ ਜਿਸ ਜਨ-ਸਮੂਹ ਦੇ ਮੈਂਬਰਾਂ ਨਾਲ਼ ਉਸ ਦਾ ਸਬੰਧ ਹੁੰਦਾ ਹੈ ਉਸ ਨਾਲ਼ ਇੱਕਮਿਕ ਹੋਣ ਦਾ ਸਾਧਨ ਹੈ, ਸਿੱਖਿਆਵੀ ਤੌਰ 'ਤੇ ਉਹ ਮਾਤ ਭਾਸ਼ਾ ਰਾਹੀਂ ਇੱਕ ਅਣਜਾਣੇ ਭਾਸ਼ਾਈ ਮਾਧਿਅਮ ਨਾਲ਼ੋਂ ਤੇਜ਼ੀ ਨਾਲ਼ ਸਿੱਖਦਾ ਹੈ।'' (ਯੂਨੈਸਕੋ, 1953 : 11)
      ''ਤਾਜ਼ਾ ਤਜ਼ਰਬਾ ਦੱਸਦਾ ਹੈ ਕਿ ਦੂਜੀ ਭਾਸ਼ਾ ਪੜ੍ਹਾਉਣ ਦਾ ਬਿਹਤਰ ਢੰਗ ਇਹੀ ਹੈ ਕਿ ਮਾਤ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਰੱਖਦੇ ਹੋਏ ਦੂਜੀ ਭਾਸ਼ਾ ਨੂੰ ਪਹਿਲਾਂ ਕੇਵਲ ਇੱਕ ਵਿਸ਼ੇ ਵਜੋਂ ਪੜ੍ਹਾਇਆ ਜਾਵੇ।'' (ਯੂਨੈਸਕੋ 1968 : 691) ਸਿੱਖਿਆ ਦੇ ਪ੍ਰਸੰਗ ਤੋਂ ਹੋਰ ਵੀ ਮਹੱਤਵਪੂਰਨ ਲੱਭਤ ਨਿਮਨ ਉਕਤੀ ਵਿੱਚ ਦਰਜ ਹੈ :
     ''ਬੋਕਾਮਲਾ ਤੇ ਲੋਊ (1977:45) ਨੇ ਦੱਸਿਆ ਕਿ ਘਾਨਾ ਦੇ ਉਨ੍ਹਾਂ ਸਕੂਲੀ ਬੱਚਿਆਂ 'ਚੋਂ ਜੋ ਮੁੱਢਲੇ ਸਕੂਲਾਂ 'ਚੋਂ ਨਿਕਲਦੇ ਹਨ, ਸਿਰਫ਼ ਪੰਜ ਫੀਸਦੀ ਹੀ ਸੈਕੰਡਰੀ ਸਕੂਲ ਤੱਕ ਪਹੁੰਚ ਪਾਉਂਦੇ ਹਨ। ਜ਼ਾਇਰੇ ਵਿੱਚ, ਮੁੱਢਲੇ ਸਕੂਲ 'ਚ ਦਾਖਲਾ ਲੈਣ ਵਾਲ਼ੇ ਬੱਚਿਆਂ 'ਚੋਂ ਸਿਰਫ਼ ਤੀਹ ਫੀਸਦੀ ਹੀ ਚੌਥੀ ਜਮਾਤ ਟੱਪਦੇ ਹਨ। ਲੇਖਕਾਂ ਅਨੁਸਾਰ ਇਸਦਾ ਕਾਰਨ ਪੜ੍ਹਾਈ ਦਾ ਮਾਧਿਅਮ ਬਣੀ ਭਾਸ਼ਾ ਨੂੰ ਚੰਗੀ ਤਰ੍ਹਾਂ ਜਾਣ ਸਕਣ 'ਚ ਅਸਮਰੱਥ ਰਹਿਣਾ ਹੈ।'' (ਫਾਸੋਲਡ, 1984:306) ਅਤੇ ਨੈਤਿਕਤਾ ਦੇ ਪੱਖੋਂ ਵੀ : ''ਇਹ ਸਭ ਲਈ ਸਾਫ਼ ਹੋਣਾ ਚਾਹੀਦਾ ਹੈ ਕਿ ਨਾ ਸਮਝ ਆਉਣ ਵਾਲ਼ੀ ਸਿੱਖਿਆ ਅਨੈਤਿਕ ਹੈ : ਇਹ ਸਮਝਾ ਲੈਣ 'ਚ ਬਿਲਕੁਲ ਵੀ ਤਰਕਸੰਗਤ ਨਹੀਂ ਹੈ ਕਿ ਬੱਚੇ ਆਪਣੇ ਆਪ ਸਕੂਲ ਦੀ ਭਾਸ਼ਾ ਨੂੰ ਸਮਝਣ ਲੱਗ ਪੈਣਗੇ....'' (ਸਪੋਲਸਕੀ, 1977:20) ਸਭ ਤੋਂ ਮਹੱਤਵਪੂਰਨ ਉਕਤੀ ਹੇਠਲੀ ਹੈ :
     ''ਬੱਚੇ ਸਭ ਤੋਂ ਵਧੀਆ ਉਦੋਂ ਸਿੱਖਦੇ ਹਨ ਜਦੋਂ ਉਨ੍ਹਾਂ ਨੂੰ ਮਾਂ ਬੋਲੀ 'ਚ ਪੜ੍ਹਾਇਆ ਜਾਂਦਾ ਹੈ, ਖਾਸ ਕਰਕੇ ਜੀਵਨ ਦੇ ਸ਼ੁਰੂਆਤੀ ਸਾਲਾਂ 'ਚ। ਕਈ ਦੇਸ਼ਾਂ ਦਾ ਤਜ਼ਰਬਾ ਇਹ ਦਿਖਾਉਂਦਾ ਹੈ ਕਿ ਦੋ-ਭਾਸ਼ੀ ਸਿੱਖਿਆ ਜਿਹੜੀ ਨਿਰਦੇਸ਼ਾਂ ਲਈ ਮਾਂ ਬੋਲੀ ਤੇ ਪੜ੍ਹਾਉਣ ਲਈ ਮੁੱਖ ਕੌਮੀ ਭਾਸ਼ਾ ਨੂੰ ਜੋੜਦੀ ਹੈ, ਵਿੱਦਿਅਕ ਤੇ ਹੋਰ ਮੌਕਿਆਂ ਦੇ ਦਰਵਾਜ਼ੇ ਖੋਲ੍ਹਦੀ ਹੈ। ਫਿਲਪਾਈਨਜ਼ ਵਿੱਚ, ਜਿਨ੍ਹਾਂ ਵਿਦਿਆਰਥੀਆਂ ਨੇ ਦੋ-ਭਾਸ਼ੀ ਵਿੱਦਿਆ ਨੀਤੀ (ਤਾਗਾਲੋਗ ਤੇ ਅੰਗਰੇਜ਼ੀ) ਤਹਿਤ ਦੋ ਭਾਸ਼ਾਵਾਂ 'ਚ ਮੁਹਾਰਤ ਹਾਸਿਲ ਕੀਤੀ ਉਨ੍ਹਾਂ ਨੇ ਦੂਜੇ ਵਿਦਿਆਰਥੀਆਂ ਨੂੰ ਜਿਹੜੇ ਘਰਾਂ 'ਚ ਤਾਗਾਲੋਗ ਨਹੀਂ ਬੋਲਦੇ ਸਨ, ਪਿੱਛੇ ਛੱਡ ਦਿੱਤਾ। ਕੈਨੇਡਾ 'ਚ, ਦੋ-ਭਾਸ਼ੀ ਪ੍ਰੋਗਰਾਮਾਂ ਤਹਿਤ ਪੜ੍ਹਦੇ ਅੰਗਰੇਜ਼ੀ ਬੋਲਣ ਵਾਲ਼ੀ ਬਹੁਗਿਣਤੀ ਅਬਾਦੀ 'ਚੋਂ ਆਉਣ ਵਾਲ਼ੇ ਵਿਦਿਆਰਥੀਆਂ ਨੇ ਦੂਜੀ ਭਾਸ਼ਾ (ਫਰੈਂਚ) ਰਾਹੀਂ ਰਵਾਇਤੀ ਪ੍ਰੋਗਰਾਮਾਂ 'ਚ ਵਿੱਦਿਆ ਹਾਸਿਲ ਕਰਨ ਵਾਲ਼ੇ ਆਪਣੇ ਸੰਗੀਆਂ ਨੂੰ ਪਿੱਛੇ ਛੱਡ ਦਿੱਤਾ।


2. ਚੰਗੀ ਅੰਗਰੇਜ਼ੀ ਕਿਵੇਂ ਆਵੇ :
''ਇੰਜ ਮੋਦਿਆਨੇ (1968, 1973) ਦੀ ਮੈਕਸੀਕੋ ਵਿਚਲੀ ਖੋਜ ਸਕੁਨਤਨਾਬ-ਕਾਂਗਸ ਦੀ ਫਿਨਲੈਂਡ ਵਿਚਲੀ ਖੋਜ ਅਤੇ ਉਨ੍ਹਾਂ ਲਾਤੀਨੀ ਅਮਰੀਕੀ ਅਧਿਐਨਾਂ ਜਿਨ੍ਹਾਂ ਦਾ ਸਾਰ ਗੁਦਸ਼ਿੰਸਕੀ (1975) ਵਿੱਚ ਦਿੱਤਾ ਗਿਆ ਹੈ, ਦੇ ਨਤੀਜੇ ਮੈਨੂੰ ਇਕਸਾਰ ਲੱਗਦੇ ਹਨ। ਇਨ੍ਹਾਂ ਅਧਿਐਨਾਂ ਵਿੱਚ ਵਿਖਾਇਆ ਗਿਆ ਹੈ ਕਿ ਉਨ੍ਹਾਂ ਬੱਚਿਆਂ ਦਾ ਵੱਡਾ ਅਨੁਪਾਤ ਜੋ ਪਹਿਲਾਂ ਆਪਣੀ ਪੜ੍ਹਾਈ ਸਥਾਨਕ ਭਾਸ਼ਾ ਵਿੱਚ ਆਰੰਭ ਕਰਦੇ ਹਨ, ਆਪਣੀ ਮਾਤ ਭਾਸ਼ਾ ਵਿੱਚ ਸਾਖਰਤਾ ਦਾ ਵਿਕਾਸ ਕਰ ਲੈਂਦਾ ਹੈ ਅਤੇ ਵਿਸ਼ੇ ਤੇ ਦੂਜੀ ਭਾਸ਼ਾ 'ਤੇ ਉਹਨਾਂ ਬੱਚਿਆਂ ਨਾਲ਼ੋਂ ਬਿਹਤਰ ਮੁਹਾਰਤ ਹਾਸਲ ਕਰ ਲੈਂਦਾ ਹੈ ਜਿਹਨਾਂ ਨੂੰ ਕੇਵਲ ਦੂਜੀ ਭਾਸ਼ਾ ਵਿੱਚ ਪੜ੍ਹਾਇਆ ਜਾਂਦਾ ਹੈ।''
     ਹੇਠਲੇ ਹਵਾਲੇ ਉਹਨਾਂ ਪਰਵਾਸੀਆਂ ਦੇ ਬੱਚਿਆਂ ਬਾਰੇ ਹਨ ਜਿਨ੍ਹਾਂ ਫਿਨਲੈਂਡ 'ਚੋਂ ਸਵੀਡਨ ਵਿੱਚ ਪਰਵਾਸ ਕੀਤਾ ਹੈ : ''ਕਈ ਸਾਲ ਫਿਨਲੈਂਡ ਵਿੱਚ ਸਕੂਲ ਜਾਣ ਕਰਕੇ ਲਗਭਗ ਸਮੁੱਚੇ ਰੂਪ ਵਿੱਚ ਜਿੰਨੀ ਕਿਸੇ ਵਿਦਿਆਰਥੀ ਨੂੰ ਜਿਆਦਾ ਫਿਨੀਸ਼ੀ ਆਉਂਦੀ ਸੀ ਓਨੀ ਹੀ ਉਹ ਬਿਹਤਰ ਸਵੀਡੀ ਸਿੱਖਦਾ ਸੀ। ਇੱਕੋ ਮਾਪਿਆਂ ਦੇ ਬੱਚਿਆਂ ਦੀ ਭਾਸ਼ਾਈ ਮੁਹਾਰਤ ਦੇ ਨਿਰੀਖਣ ਤੋਂ ਪਤਾ ਲੱਗਾ ਕਿ ਜੋ ਬੱਚੇ 10 ਸਾਲ ਦੀ ਔਸਤ ਉਮਰ ਤੇ ਫਿਨਲੈਂਡ ਵਿੱਚੋਂ ਆਏ ਉਨ੍ਹਾਂ ਨੇ ਫਿਨੀਸ਼ੀ ਦਾ ਆਮ ਪੱਧਰ ਵੀ ਨਹੀਂ ਗੁਆਇਆ ਅਤੇ ਉਨ੍ਹਾਂ ਸਵੀਡੀ ਵਿੱਚ ਵੀ ਸਵੀਡੀ ਬੱਚਿਆਂ ਦੇ ਬਰਾਬਰ ਦਾ ਭਾਸ਼ਾਈ ਪੱਧਰ ਹਾਸਲ ਕੀਤਾ। ਜੋ ਬੱਚੇ 6 ਸਾਲ ਤੋਂ ਘੱਟ ਉਮਰ ਵਿੱਚ ਆਏ ਜਾਂ ਜੋ ਸਵੀਡਨ ਵਿੱਚ ਹੀ ਪੈਦਾ ਹੋਏ ਸਨ, ਉਨ੍ਹਾਂ ਦੇ ਨਤੀਜੇ ਚੰਗੇ ਨਹੀਂ ਹਨ। ਉਨ੍ਹਾਂ ਦਾ ਸਵੀਡੀ ਭਾਸ਼ਾ ਵਿੱਚ ਵਿਕਾਸ ਲਗਭਗ 12 ਸਾਲ ਦੀ ਉਮਰ 'ਤੇ ਰੁਕ ਜਾਂਦਾ ਹੈ, ਕਿਉਂਕਿ ਸਪੱਸ਼ਟ ਹੈ ਕਿ ਉਨ੍ਹਾਂ ਦੀ ਮਾਤ-ਭਾਸ਼ਾ ਵਿੱਚ ਨੀਂਹ ਪੱਕੀ ਨਹੀਂ ਹੁੰਦੀ।''(ਪਾਲਸਟਨ 1977:92-3)
       ਇਹ ਹਵਾਲਾ ਹੋਰ ਵੀ ਮਹੱਤਵਪੂਰਨ ਹੈ, ''ਨਿਰੀਖਣ ਦੇ ਨਤੀਜਿਆ ਤੋਂ ਜਾਣੀ ਜਾਂਦੀ ਫਿਨੀਸ਼ੀ ਭਾਸ਼ਾ ਦੀ ਮੁਹਾਰਤ ਦਾ ਗਣਿਤ ਵਿੱਚ ਪ੍ਰਾਪਤ ਅੰਕਾਂ ਨਾਲ਼ ਕਾਫ਼ੀ ਨੇੜਲਾ ਸਬੰਧ ਹੈ। ਸਵੀਡੀ ਨਾਲ਼ੋਂ ਫਿਨੀਸ਼ੀ ਗਣਿਤ ਵਿੱਚ ਪ੍ਰਾਪਤੀ ਲਈ ਵਧੇਰੇ ਮਹੱਤਵਪੂਰਨ ਲੱਗਦੀ ਹੈ, ਭਾਵੇਂ ਕਿ ਗਣਿਤ ਸਵੀਡੀ ਵਿੱਚ ਪੜ੍ਹਾਇਆ ਜਾਂਦਾ ਹੈ। ਨਤੀਜੇ ਇਸ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੇ ਹਨ ਕਿ ਗਣਿਤ ਵਿਚਲੀਆਂ ਸੰਕਲਪੀ ਪ੍ਰਕਿਰਿਆਵਾਂ ਲਈ ਮਾਤ ਭਾਸ਼ਾ ਦਾ ਅਮੂਰਤੀਕਰਨ ਪੱਧਰ ਮਹੱਤਵਪੂਰਨ ਹੈ। ਜੀਵ ਵਿਗਿਆਨ, ਰਸਾਇਣ ਵਿਗਿਆਨ ਅਤੇ ਭੌਤਿਕ ਵਿਗਿਆਨ ਵਿੱਚ ਵੀ ਸੰਕਲਪਾਵੀ ਸੋਚ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਵਿਸ਼ਿਆਂ ਵਿੱਚ ਆਪਣੀ ਮਾਤ-ਭਾਸ਼ਾ 'ਤੇ ਚੰਗੀ ਮੁਹਾਰਤ ਵਾਲ਼ੇ ਪਰਵਾਸੀ ਬੱਚੇ ਉਨ੍ਹਾਂ ਬੱਚਿਆਂ ਨਾਲ਼ੋਂ ਕਿਧਰੇ ਬਿਹਤਰ ਸਫਲਤਾ ਹਾਸਲ ਕਰਦੇ ਹਨ ਜਿਨ੍ਹਾਂ ਦੀ ਮਾਤ ਭਾਸ਼ਾ 'ਤੇ ਮੁਹਾਰਤ ਮਾੜੀ ਸੀ।'' (ਸੁਕਤਨਾਬ-ਕਾਂਗਸ ਅਤੇ ਤੂਨੋਮਾ 1976 (ਪਾਲਸਟਨ 1977 : 94 ਵਿੱਚ ਉਧਰਤ)।
      ਵਿਯਨਸਤਰਾ (1968) ਦੇ ਹਾਲੈਂਡ ਵਿਚਲੇ ਇੱਕ ਫਰਿਸ਼ੀਅਨ ਭਾਸ਼ਾ ਵਾਲ਼ੇ ਇਲਾਕੇ ਦੇ ਵਿਦਿਆਰਥੀਆਂ ਦੇ ਅਧਿਐਨ ਦੇ ਨਤੀਜੇ ਹੋਰ ਵੀ ਹੈਰਾਨੀਜਨਕ ਹਨ। ਉਸਨੇ ਵੇਖਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਕੇਵਲ ਡੱਚ ਰਾਹੀਂ ਹੀ ਪੜ੍ਹਾਈ ਕੀਤੀ ਸੀ ਉਨ੍ਹਾਂ ਦੀ ਡੱਚ ਭਾਸ਼ਾ ਦਾ ਪੱਧਰ ਉਹਨਾਂ ਵਿਦਿਆਰਥੀਆਂ ਨਾਲ਼ੋਂ ਮਾੜਾ ਸੀ ਜਿਨ੍ਹਾਂ ਨੇ ਫਰਿਸ਼ੀਅਨ ਅਤੇ ਡੱਚ ਦੋਹਾਂ ਰਾਹੀਂ ਪੜ੍ਹਾਈ ਕੀਤੀ ਸੀ (ਫਰਿਸ਼ੀਅਨ ਹਾਲੈਂਡ ਵਿੱਚ ਇੱਕ ਛੋਟਾ ਜਿਹਾ ਇਲਾਕਾ ਹੈ)।
       ਫਿਲੀਪੀਨ ਵਿਚਲੇ ਚਰਚਿਤ ਇਲੋਈਲੋ ਅਧਿਐਨ ਦੇ ਨਤੀਜੇ ਵੀ ਧਿਆਨ ਦੀ ਮੰਗ ਕਰਦੇ ਹਨ। ਇਸ ਅਧਿਐਨ ਵਿੱਚ ਬੱਚਿਆਂ ਦੇ ਇੱਕ ਗੁਰੱਪ ਨੂੰ ਦੋ ਸਾਲ ਲਈ ਮਾਤ ਭਾਸ਼ਾ ਰਾਹੀਂ ਪੜ੍ਹਾਇਆ ਗਿਆ ਅਤੇ ਫਿਰ ਅੰਗਰੇਜ਼ੀ ਰਾਹੀਂ। ਦੂਜੇ ਗਰੁੱਪ ਨੂੰ ਸ਼ੁਰੂ ਤੋਂ ਹੀ ਅੰਗਰੇਜ਼ੀ ਰਾਹੀਂ ਪੜ੍ਹਾਇਆ ਗਿਆ। ਪਹਿਲੇ ਗਰੁੱਪ ਦੀ ਕਾਰਗੁਜ਼ਾਰੀ ਸਮਾਜ ਵਿਗਿਆਨਾਂ, ਅੰਕਗਣਿਤ, ਸਾਖਰਤਾ ਅਤੇ ਵਿਅਕਤੀਤਵ ਸੰਕੇਤਾਂ ਦੇ ਦ੍ਰਿਸ਼ਟੀਕੋਣ ਤੋਂ ਬਿਹਤਰ ਸੀ।
        ਸੰਸਾਰ ਭਰ ਵਿੱਚ ਹੋਏ ਅਧਿਐਨਾਂ ਦੇ ਸਿੱਟੇ ਅਤੇ ਇਸ ਮੁੱਦੇ 'ਤੇ ਪੇਸ਼ਾਵਰ ਵਿਦਵਾਨਾਂ ਦੀ ਸਰਬਸੰਮਤ ਰਾਇ ਇਨ੍ਹਾਂ ਧਾਰਨਾਵਾਂ ਲਈ ਅਟੱਲ ਸਬੂਤ ਪੇਸ਼ ਕਰਦੇ ਹਨ ਕਿ ਵਿਦੇਸ਼ੀ ਭਾਸ਼ਾ 'ਤੇ ਮੁਹਾਰਤ ਦੀ ਸਰਵੋਤਮ ਵਿਧੀ ਇਹੀ ਹੈ ਕਿ ਪਹਿਲਾਂ ਮਾਤ ਭਾਸ਼ਾ ਤੇ ਮੁਹਾਰਤ ਕੀਤੀ ਜਾਵੇ ਅਤੇ ਫਿਰ ਵਿਦੇਸ਼ੀ ਭਾਸ਼ਾ ਸਿੱਖੀ ਜਾਵੇ, ਗਿਆਨ ਦੇ ਕਿਸੇ ਖੇਤਰ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰਨ ਲਈ ਜਰੂਰੀ ਹੈ ਕਿ ਸਿੱਖਿਆ ਮਾਤ-ਭਾਸ਼ਾ ਵਿੱਚ ਹੋਵੇ ਅਤੇ ਦੂਜੀ ਭਾਸ਼ਾ ਰਾਹੀਂ ਸਿੱਖਿਆ ਗਿਆਨ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟ ਹੈ, ਵਿਦੇਸ਼ੀ ਭਾਸ਼ਾ ਰਾਹੀਂ ਸਿੱਖਿਆ ਨਾਲ਼ ਵਿਦਿਆਰਥੀ ਦੀ ਸ਼ਖਸੀਅਤ 'ਤੇ ਨਾਂਹ ਪੱਖੀ ਪ੍ਰਭਾਵ ਪੈਂਦੇ ਹਨ ਅਤੇ ਵਿਦੇਸ਼ੀ ਭਾਸ਼ਾ ਰਾਹੀਂ ਪੜ੍ਹਾਈ ਦੇ ਦੂਜੇ ਸਿਖਿਆਵੀ ਪ੍ਰਭਾਵ ਵੀ ਮਾੜੇ ਹਨ।
       “ਸੰਯੁਕਤ ਰਾਜ ਅਮਰੀਕਾ 'ਚ, ਜਿਹੜੇ ਨਵਾਜੋ ਵਿਦਿਆਰਥੀਆਂ ਨੂੰ ਪ੍ਰਾਇਮਰੀ ਸਕੂਲ ਦੇ ਸਾਲਾਂ 'ਚ ਉਹਨਾਂ ਦੀ ਪਹਿਲੀ ਭਾਸ਼ਾ (ਨਵਾਜੋ) ਤੇ ਨਾਲ਼ ਹੀ ਨਾਲ਼ ਦੂਜੀ ਭਾਸ਼ਾ (ਅੰਗਰੇਜ਼ੀ) ਵਿੱਚ ਪੜ੍ਹਾਇਆ ਗਿਆ, ਉਹ ਆਪਣੇ ਉਨ੍ਹਾਂ ਨਵਾਜੋ-ਬੋਲਦੇ ਸਹਿਪਾਠੀਆਂ ਤੋਂ ਅੱਗੇ ਨਿਕਲ ਗਏ ਜਿਨ੍ਹਾਂ ਨੂੰ ਸਿਰਫ਼ ਅੰਗਰੇਜ਼ੀ 'ਚ ਪੜ੍ਹਾਇਆ ਗਿਆ ਸੀ। (ਦਬਾਅ ਜ. ਸ.) (ਯੂਐਨਡੀਪੀ ਰਿਪੋਰਟ 2004:61)''



3. ਪੰਜਾਬੀ ਭਾਸ਼ਾ ਦੀ ਸਮਰੱਥਾ :
     ਪੰਜਾਬੀ ਭਾਸ਼ਾ ਦੀ ਸ਼ਬਦ ਸ਼ਕਤੀ ਬਾਰੇ ਜੋ ਅਸੀਂ ਕਹਿਣ ਜਾ ਰਹੇ ਹਾਂ ਉਹ ਬਹੁਤ ਹੈਰਾਨ ਕਰਨ ਵਾਲ਼ਾ ਹੈ। ਹੈਰਾਨ ਕਰਨ ਵਾਲ਼ਾ ਇਸ ਲਈ ਕਿ ਇਹ ਆਮ ਧਾਰਨਾ ਤੋਂ ਬਿਲਕੁਲ ਉਲਟ ਹੈ। ਆਮ ਧਾਰਨਾ ਇਹ ਹੈ ਕਿ ਕੁਝ ਭਾਸ਼ਾਵਾਂ ਸ਼ਬਦਾਵਲੀ ਪੱਖੋਂ ਅਮੀਰ ਹਨ ਤੇ ਕੁਝ ਗਰੀਬ। ਪਰ ਇਹ ਧਾਰਨਾ ਇੱਕ ਅੰਧਵਿਸ਼ਵਾਸ ਹੀ ਹੈ, ਕਿਉਂਕਿ ਹਰ ਭਾਸ਼ਾ ਦੀ ਸ਼ਬਦ ਸਿਰਜਣ ਸਮਰੱਥਾ ਇੱਕੋ ਜਿਹੀ ਹੈ। ਇਸਦਾ ਕਾਰਨ ਇਹ ਹੈ ਕਿ ਕਿਸੇ ਵੀ ਭਾਸ਼ਾ ਦੀ ਸਾਰੀ ਸ਼ਬਦਾਵਲੀ ਧਾਤੂ (ਰੋਟਸ) ਅਤੇ ਵਧੇਤਰਾਂ (ਆਣਿੲਸ) ਤੋਂ ਬਣੀ ਹੁੰਦੀ ਹੈ ਅਤੇ ਧਾਤੂ ਅਤੇ ਵਧੇਤਰਾਂ ਦੀ ਗਿਣਤੀ ਪੱਖੋਂ ਭਾਸ਼ਾਵਾਂ ਵਿੱਚ ਲਗਭਗ ਸਮਾਨਤਾ ਹੈ। ਇਹ ਵੱਖਰੀ ਗੱਲ ਹੈ ਕਿ ਭਾਸ਼ਾਵਾਂ ਵਿੱਚ ਸ਼ਬਦ ਰਚਨਾ ਦੀਆਂ ਵਿਧੀਆਂ ਵਿੱਚ ਭਿੰਨਤਾ ਹੈ ਪਰ ਹਰ ਭਾਸ਼ਾ ਕੋਲ ਕਿਸੇ ਵੀ ਭਾਵ ਨੂੰ ਆਪਣੇ-ਆਪਣੇ ਢੰਗ ਨਾਲ਼ ਪ੍ਰਗਟ ਕਰਨ ਦੀ ਸਮਰੱਥਾ ਹੈ। ਇੱਥੇ ਅੰਗਰੇਜ਼ੀ ਦੇ ਸ਼ਬਦ inspire ਦੀ ਮਿਸਾਲ ਲਈ ਜਾ ਸਕਦੀ ਹੈ। ਅੰਗਰੇਜ਼ੀ ਦੇ ਇਸ ਇੱਕ ਸ਼ਬਦ ਰਾਹੀਂ ਪ੍ਰਗਟ ਕੀਤੇ ਸੰਕਲਪ ਨੂੰ ਪੰਜਾਬੀ ਵਿੱਚ ਦੋ ਸ਼ਬਦਾਂ 'ਪ੍ਰੇਰਿਤ ਕਰਨਾ' ਰਾਹੀਂ ਪ੍ਰਗਟ ਕੀਤਾ ਜਾ ਸਕਦਾ ਹੈ।
       ਮਿਸਾਲ ਲਈ ਅੰਗਰੇਜ਼ੀ ਦੇ ਨਿਮਨ ਧਾਤੂ ‘Haem' ਤੋ  19 ਸ਼ਬਦ ਬਣੇ ਹਨ। ਕਿਹਾ ਜਾਵੇਗਾ ਕਿ ਪੰਜਾਬੀ ਵਿੱਚ ਇਹਨਾਂ ਲਈ ਸ਼ਬਦ ਨਹੀਂ ਹਨ, ਪਰ ਸੱਚ ਇਹ ਹੈ ਕਿ ਇਹ ਸਾਰੇ 19 ਸ਼ਬਦ ਇਕੱਲੇ ਧਾਤੂ 'Haem', ਜਿਸਦਾ ਅਰਥ 'ਰੱਤ' ਹੈ, ਤੋਂ ਬਣੇ ਹਨ। ਥੱਲੇ ਦਿੱਤੇ ਜਾ ਰਹੇ ਇਹਨਾਂ ਦੇ ਪੰਜਾਬੀ ਸਮਾਨਅਰਥੀ ਆਪ ਹੀ ਦੱਸ ਦੇਣਗੇ ਕਿ ਸਿਰਫ਼ ਕੁਝ ਮਿੰਟਾਂ ਵਿੱਚ ਹੀ ਇਹਨਾਂ ਦੇ ਤੁੱਲ ਪੰਜਾਬੀ ਸ਼ਬਦ ਬਣਾਏ ਜਾ ਸਕਦੇ ਹਨ :
Haem-ਰੱਤ, Haemacyte-ਰੱਤ ਕੋਸ਼ਕਾ, Haemagogue - ਰੱਤ ਵਗਾਊ, Haemal – ਰੱਤੂ/ਰੱਤਾਵੀ, Haemalopia - ਰੱਤੂ ਨੇਤਰ, Haemngiectasis - ਰੱਤਵਹਿਣੀ ਪਸਾਰ, Haemangioma - ਰੱਤ ਮਹੁਕਾ, Haemarthrosis - ਰੱਤ ਜੋੜ ਵਿਕਾਰ, Haematemesis - ਰੱਤ ਉਲਟੀ, Haematin - ਲੋਹ ਰੱਤੀਆ, Haematinic - ਰੱਤ ਵਰਧਕ, Haematinuria - ਰੱਤ ਮੂਤਰ, Haematocele - ਰੱਤ ਗਿਲਟੀ, Haematocolpos - ਰੱਤ ਗਰਭਰੋਧ, Haematogenesis - ਰੱਤ ਪੈਦਾਵਾਰ/ਵਿਕਾਸ, Haematoid – ਰੱਤਰੂਪ/ਰੰਗ, ਰੱਤੀਆ, Haematology- ਰੱਤ ਵਿਗਿਆਨ, Haematolysis - ਰੱਤ ਹਰਾਸ, Haematoma - ਰੱਤ ਗੰਢ ।
      ਇਹ 19 ਸ਼ਬਦ ਅੰਗਰੇਜ਼ੀ ਦੀ ਚਿਕਿਤਸਾ ਵਿਗਿਆਨ ਦੀ ਸ਼ਬਦਾਵਲੀ ਹੈ। ਦੁਨੀਆਂ ਦੀ ਸ਼ਾਇਦ ਕੋਈ ਹੀ ਭਾਸ਼ਾ ਹੋਵੇ ਜਿਸ ਵਿੱਚ ਰੱਤ, ਨੇਤਰ, ਗੰਢ, ਮਹੁਕਾ, ਜੋੜ, ਉਲਟੀ ਆਦਿ ਧਾਤੂ ਨਾ ਹੋਣ ਅਤੇ ਨਾਂਵ, ਵਿਸ਼ੇਸ਼ਣ ਜਾਂ ਕਿਰਿਆ ਬਣਾਉਣ ਦੀ ਵਿਧੀ ਨਾ ਹੋਵੇ। ਸੋ, ਦੁਨੀਆਂ ਦੀ ਕੋਈ ਵੀ ਭਾਸ਼ਾ ਸ਼ਬਦਾਵਲੀ ਪੱਖੋਂ ਵੀ ਅੰਗਰੇਜ਼ੀ ਜਿੰਨੀ ਹੀ ਅਮੀਰ ਹੈ।
      ਪਾਠਕ ਖੁਦ ਸਹਿਜੇ ਹੀ ਅੰਦਾਜਾ ਲਾ ਸਕਦੇ ਹਨ ਕਿ ਉਪਰੋਕਤ 19 ਸ਼ਬਦਾਂ ਦੇ ਪੰਜਾਬੀ ਤੁੱਲ ਬਣਾਉਣ ਲਈ ਕਿੰਨਾ ਸਮਾਂ ਲੱਗਿਆ ਹੋਵੇਗਾ। McGraw Hill ਦੀ ‘Dictionary of Scientific and “echnical``erms* ਵਿੱਚ 1,15,000 ਇੰਦਰਾਜ ਹਨ। ਜੇ ਇੱਕ ਵਿਅਕਤੀ ਇੱਕ ਦਿਨ ਵਿੱਚ ਇਨ੍ਹਾਂ ਵਿੱਚੋਂ ਪੰਜ ਸ਼ਬਦਾਂ ਦੇ ਬਰਾਬਰ ਪੰਜਾਬੀ ਸ਼ਬਦ ਘੜੇ ਅਤੇ ਪ੍ਰਤੀ ਸ਼ਬਦ ਉਸਨੂੰ 500/-ਰੁਪਏ ਦਾ ਭੁਗਤਾਨ ਕੀਤਾ ਜਾਵੇ ਤਾਂ ਇਹ ਪੂਰੀ ਸ਼ਬਦਾਵਲੀ 50 ਵਿਅਕਤੀ 466 ਦਿਨਾਂ ਵਿੱਚ ਬਣਾ ਸਕਦੇ ਹਨ ਅਤੇ ਇਸ ਤੇ ਸਿਰਫ਼ 5 ਕਰੋੜ 75 ਲੱਖ ਰੁਪਏ ਖਰਚ ਆਵੇਗਾ। ਇਹ ਮਿਸਾਲ ਸਾਫ਼ ਕਰ ਦਿੰਦੀ ਹੈ ਕਿ ਜੋ ਪੰਜਾਬੀ ਵਿੱਚ ਵਿਗਿਆਨ ਆਦਿ ਦੀ ਪੜ੍ਹਾਈ ਲਈ ਸ਼ਬਦਾਵਲੀ ਜਾਂ ਸਮੱਗਰੀ ਦੀ ਅਣਹੋਂਦ ਦੀ ਅਕਸਰ ਦੁਹਾਈ ਦਿੱਤੀ ਜਾਂਦੀ ਹੈ ਉਹ ਕਿੰਨੀ ਕੁ ਵਾਜਬ ਹੈ। ਸ਼ਬਦਾਵਲੀ ਪੱਖੋਂ ਪੰਜਾਬੀ ਦੀ ਸਮਰੱਥਾ ਬਾਰੇ ਇੱਕ ਕਿੰਤੂ ਇਹ ਵੀ ਕੀਤਾ ਜਾਂਦਾ ਹੈ ਕਿ ਜੋ ਤਕਨੀਕੀ ਸ਼ਬਦਾਵਲੀ ਹੁਣ ਤੱਕ ਘੜੀ ਗਈ ਹੈ ਉਹ ਔਖੀ ਬਹੁਤ ਹੈ। ਪਰ Haemangioma 'ਰੱਤ ਮਹੁਕੇ' ਨਾਲ਼ੋਂ ਕਿਵੇਂ ਘੱਟ ਮੁਸ਼ਕਲ ਹੈ? ਹਾਂ, ਇੰਨੀਂ ਮੁਸ਼ਕਲ ਜ਼ਰੂਰ ਹੈ ਕਿ Haemangioma ਦੇ ਮੁਕਾਬਲੇ 'ਰੱਤ ਮਹੁਕਾ' ਉਸਦੀ ਸਮਝ ਵਿੱਚ ਵੀ ਆ ਜਾਂਦਾ ਹੈ ਜੋ ਅੰਗਰੇਜ਼ੀ ਸਕੂਲ ਤਾਂ ਕੀ ਸਕੂਲ ਵੀ ਨਹੀਂ ਗਿਆ।
      ਪੰਜਾਬੀ ਦੀ ਸ਼ਬਦ ਸਮਰੱਥਾ ਦੀ ਸਭ ਤੋਂ ਵੱਡੀ ਮਿਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਪੰਜਾਬੀ ਦੀ ਸ਼ਬਦ ਸਿਰਜਣ ਸਮਰੱਥਾ ਜਿਵੇਂ ਤਦਭਵ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਹਮਣੇ ਆਉਂਦੀ ਹੈ, ਇਸ ਤੋਂ ਰੱਤੀ ਭਰ ਵੀ ਸੰਦੇਹ ਨਹੀਂ ਰਹਿ ਜਾਂਦਾ ਕਿ ਪੰਜਾਬੀ ਦੀ ਸ਼ਬਦ ਸਮਰੱਥਾ ਦੁਨੀਆਂ ਦੀ ਕਿਸੇ ਵੱਡੀ ਤੋਂ ਵੱਡੀ ਭਾਸ਼ਾ ਤੋਂ ਵੀ ਘੱਟ ਨਹੀਂ ਹੈ।
      ਸੋ ਇੰਝ, ਇਸ ਨਿਰਣੇ 'ਤੇ ਪਹੁੰਚਿਆ ਜਾ ਸਕਦਾ ਹੈ ਕਿ ਜਿਥੋ ਤੱਕ ਭਾਸ਼ਾ ਦੀ ਬਣਤਰ ਦੇ ਅੰਦਰੂਨੀ ਸਿਰਜਣੇਈ ਅਮਲ ਦਾ ਸਬੰਧ ਹੈ, ਪੰਜਾਬੀ ਓਨੀ ਹੀ ਸਮਰੱਥ ਹੈ ਜਿੰਨੀ ਕੋਈ ਦੁਨੀਆਂ ਦੀ ਵੱਡੀ ਤੋਂ ਵੱਡੀ ਭਾਸ਼ਾ।
        ਪੰਜਾਬੀ ਭਾਸ਼ਾ ਵਿੱਚ ਕੁਝ ਵਿਸ਼ੇਸ਼ ਪ੍ਰਕਾਰ ਦੇ ਗਿਆਨ ਸਾਹਿਤ ਅਤੇ ਸਮੱਗਰੀ ਦੀ ਘਾਟ ਨੇ ਵੀ ਅੰਗਰੇਜ਼ੀ ਦੇ ਹੱਕ ਵਿੱਚ ਅਧਾਰ ਤਿਆਰ ਕੀਤਾ ਹੈ। ਇਹ ਘਾਟ ਅਸਲ ਵਿੱਚ ਪੰਜਾਬੀ ਭਾਸ਼ਾ ਨੂੰ ਰਾਜ ਦੀ ਚੰਗੇਰੀ ਸਰਪ੍ਰਸਤੀ ਦੀ ਅਣਹੋਦ ਕਰਕੇ ਹੈ। ਥੋੜ੍ਹੀ ਜਿਹੀ ਇੱਛਾ ਸ਼ਕਤੀ ਨਾਲ਼ ਅਤੇ ਬਹੁਤ ਥੋੜ੍ਹੇ ਸਾਧਨਾਂ ਨਾਲ਼ ਇਹ ਘਾਟ ਸੌਖੇ ਹੀ ਦੂਰ ਕੀਤੀ ਜਾ ਸਕਦੀ ਹੈ।
ਅੰਗਰੇਜ਼ੀ ਰਾਹੀਂ ਚੰਗੇਰੇ ਰੁਜ਼ਗਾਰ ਨੇ ਵੀ ਅੰਗਰੇਜ਼ੀ ਭਾਸ਼ਾ ਦੇ ਹੱਕ ਵਿੱਚ ਹਵਾ ਬਣਾਈ ਹੈ। ਪਰ ਇਹ 'ਚੰਗੇਰੇ ਰੁਜ਼ਗਾਰ' ਨੂੰ ਅੰਗਰੇਜ਼ੀ ਅਧਾਰਤ ਬਣਾ ਦੇਣ ਕਰਕੇ ਹੈ। ਜੇ ਪੰਜਾਬ ਵਿੱਚ ਇਹ ਸਾਰੇ ਅੰਗਰੇਜ਼ੀ ਅਧਾਰਤ ਰੁਜ਼ਗਾਰ ਪੰਜਾਬੀ ਭਾਸ਼ਾ 'ਤੇ ਅਧਾਰਤ ਕਰ ਦਿੱਤੇ ਜਾਣ ਤਾਂ ਇਹ ਧਾਰਣਾ ਵੀ ਨਿਰਮੂਲ ਸਾਬਤ ਹੋ ਜਾਵੇਗੀ।
     ਮਾਤ ਭਾਸ਼ਾ ਦੇ ਖੁਰ ਜਾਣ ਕਰਕੇ ਜੋ ਸਮਾਜਕ, ਸੱਭਿਆਚਾਰਕ ਅਤੇ ਸਿੱਖਿਆਵੀ ਨੁਕਸਾਨ ਹੋਇਆ ਹੈ ਅਤੇ ਹੋ ਸਕਦਾ ਹੈ ਇਸ ਪ੍ਰਤੀ ਵੀ ਪੰਜਾਬੀ ਲੋਕਸਮੂਹ ਨੂੰ ਸੁਚੇਤ ਕਰਨ ਦੀ ਜ਼ਰੂਰਤ ਹੈ। ਪੰਜਾਬ ਵਿਧਾਨ ਸਭਾ ਵਿੱਚ ਪੰਜਾਬੀ ਭਾਸ਼ਾ ਸਬੰਧੀ ਮਤੇ ਪਾਸ ਹੋਣ ਨਾਲ਼ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਇੱਕ ਵਾਤਾਵਰਣ ਬਣਿਆ ਹੈ ਅਤੇ ਪੰਜਾਬੀ ਲੋਕਸਮੂਹ ਨੂੰ ਆਸ ਬੱਝੀ ਹੈ ਕਿ ਪੰਜਾਬੀ ਵਿਰੋਧੀ ਰੁਝਾਣ ਨੂੰ ਪੁੱਠਾ ਗੇੜਾ ਦਿੱਤਾ ਜਾ ਸਕਦਾ ਹੈ। ਇਸ ਲਈ ਇਹ ਮਤੇ ਪਾਸ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਸ਼ਲਾਘਾ ਕਰਨੀ ਬਣਦੀ ਹੈ।


4. ਭਾਸ਼ਾ ਦੇ ਸੁਆਲ ਬਾਰੇ ਕੁਝ ਹੋਰ ਅਹਿਮ ਨੁਕਤੇ :
1. ਆਮ ਤੌਰ 'ਤੇ ਕੋਈ ਚਾਰ ਸਾਲ ਦੀ ਉਮਰ ਵਿੱਚ ਬੱਚਾ ਸਕੂਲੀ ਸਿੱਖਿਆ ਵਿੱਚ ਸਭ ਤੋਂ ਪਹਿਲਾਂ ਸ਼ਾਮਲ ਹੁੰਦਾ ਹੈ। ਇਸ ਸਮੇਂ ਤੱਕ ਉਹ ਆਪਣੀ ਮਾਤ ਭਾਸ਼ਾ ਦੀਆਂ ਮੁੱਢਲੀਆਂ ਵਿਆਕਰਣਕ ਬਣਤਰਾਂ ਅਤੇ ਕਾਫ਼ੀ ਸ਼ਬਦਾਵਲੀ ਆਪਣੇ ਗਿਆਨ ਭੰਡਾਰ ਵਿੱਚ ਸ਼ਾਮਲ ਕਰ ਚੁੱਕਾ ਹੈ। ਸਿੱਖਿਆ ਦੇ ਆਰੰਭ ਲਈ ਇਹ ਇੱਕ ਬਹੁਮੁੱਲਾ ਅਤੇ ਅਤੁੱਲ ਆਧਾਰ ਹੈ। ਇਸ ਆਧਾਰ ਵੱਲ ਪਿੱਠ ਕਰਕੇ ਅਤੇ ਦੂਜੀ ਭਾਸ਼ਾ ਵਿੱਚ ਸਿੱਖਿਆ ਆਰੰਭ ਕਰਕੇ ਚਾਰ ਸਾਲਾਂ ਦਾ ਕੀਮਤੀ ਮਨੁੱਖੀ ਸਮਾਂ ਅਤੇ ਸਰੋਤਾਂ ਨੂੰ ਖੇਹ ਕਰਨਾ ਕਿਸੇ ਤਰ੍ਹਾਂ ਵੀ ਵਿਦਵਤਾ ਜਾਂ ਸਿਆਣਪ ਦਾ ਸਬੂਤ ਨਹੀਂ ਹੋ ਸਕਦਾ।
2.  ਹਰ ਭਾਸ਼ਾ ਦਾ ਇੱਕ ਸਮਾਜਿਕ-ਸੱਭਿਆਚਾਰਕ ਪ੍ਰਸੰਗ ਹੁੰਦਾ ਹੈ ਅਤੇ ਭਾਸ਼ਾਈ ਇਕਾਈਆਂ ਇਸ ਪ੍ਰਸੰਗ ਵਿੱਚ ਹੀ ਅਰਥ ਹਾਸਲ ਕਰਦੀਆਂ ਹਨ ਅਤੇ ਅਰਥ-ਭਰਪੂਰ ਹੁੰਦੀਆਂ ਹਨ। ਕਿਸੇ ਅਜਿਹੀ ਭਾਸ਼ਾ ਰਾਹੀਂ ਸਿੱਖਿਆ ਦੇਣਾ ਜਿਸਦਾ ਸਮਾਜਿਕ ਪ੍ਰਸੰਗ ਸਿੱਖਿਆਰਥੀ ਨੂੰ ਹਾਸਲ ਨਹੀਂ ਹੈ, ਉਸ ਭਾਸ਼ਾ ਨੂੰ ਅਪਾਰਦਰਸ਼ੀ ਬਣਾ ਦਿੰਦਾ ਹੈ ਅਤੇ ਸਿੱਖਿਆਵੀ ਅਤੇ ਗਿਆਨਗਤ ਟੀਚਿਆਂ ਨੂੰ ਹਾਸਲ ਕਰਨ ਵਿੱਚ ਵੱਡੀ ਰੋਕ ਬਣਦਾ ਹੈ।
3. ਮਾਤ ਭਾਸ਼ਾ ਤੋਂ ਇਲਾਵਾ ਦੂਜੀ ਭਾਸ਼ਾ ਬਣਤਰ ਦੇ ਰੂਪ ਵਿੱਚ ਵੀ ਅਪਾਰਦਰਸ਼ੀ ਹੁੰਦੀ ਹੈ ਅਤੇ ਵਿਦਿਆਰਥੀ ਦੀ ਮਾਨਸਿਕਤਾ 'ਤੇ ਵੱਡਾ ਬੋਝ ਬਣਦੀ ਹੈ। ਮਿਸਾਲ ਲਈ ਪੰਜਾਬੀ ਦੇ 'ਅਸੰਭਵ' ਸ਼ਬਦ ਨੂੰ ਸਿੱਖਿਆਰਥੀ ਸਹਿਜ ਰੂਪ ਵਿੱਚ ਹੀ 'ਅ' ਅਤੇ 'ਸੰਭਵ' ਦੇ ਯੋਗ ਵਜੋਂ ਗ੍ਰਹਿਣ ਕਰ ਸਕਦਾ ਹੈ, ਪਰ ਇਹ ਗੱਲ ਅੰਗਰੇਜ਼ੀ ਦੇ 'impossible' ਸ਼ਬਦ ਬਾਰੇ ਨਹੀਂ ਕਹੀ ਜਾ ਸਕਦੀ। ਵਿਗਿਆਨ ਦੀ ਤਕਨੀਕੀ ਸ਼ਬਦਾਵਲੀ ਨੂੰ ਗ੍ਰਹਿਣ ਕਰਨ ਲਈ ਇਹ ਬਣਤਰੀ ਪਾਰਦਰਸ਼ਤਾ/ਅਪਾਰਦਰਸ਼ਤਾ ਅਤਿਅੰਤ ਮਹੱਤਵਪੂਰਨ ਹੈ।
4.  ਦੂਜੀ ਭਾਸ਼ਾ ਵਿੱਚ ਸਿੱਖਿਆ ਮਾਧਿਅਮ ਅਤੇ ਸਿੱਖਿਆਰਥੀ ਵਿਚਕਾਰ, ਸਿੱਖਿਆਕਾਰ ਅਤੇ ਸਿੱਖਿਆਰਥੀ ਵਿਚਕਾਰ, ਸਕੂਲ ਅਤੇ ਸਿੱਖਿਆਰਥੀ ਵਿਚਕਾਰ, ਅਤੇ ਵਿਸ਼ੇ ਅਤੇ ਸਿੱਖਿਆਰਥੀ ਵਿਚਕਾਰ ਇੱਕ ਕੰਧ ਬਣ ਜਾਂਦੀ ਹੈ। ਇਸਦਾ ਨਤੀਜਾ ਸਿੱਖਿਆਰਥੀ ਦੇ ਅਲਗਾਵ (alienation) ਵਿੱਚ ਨਿੱਕਲਦਾ ਹੈ ਅਤੇ ਸਿੱਖਿਆਰਥੀ ਪੂਰੀ ਸਿੱਖਿਆ ਪ੍ਰਣਾਲੀ ਪ੍ਰਤੀ ਹੀ ਤੁਅੱਸਬਾਂ ਨਾਲ਼ ਭਰਿਆ ਜਾਂਦਾ ਹੈ। ਇਹ ਜਿੱਥੇ ਸਿੱਖਿਆਵੀ ਟੀਚਿਆਂ ਨੂੰ ਹਾਸਲ ਕਰਨ ਵਿੱਚ ਸਮੱਸਿਆ ਬਣਦਾ ਹੈ ਉੱਥੇ ਸਿੱਖਿਆਰਥੀ ਦੀ ਸ਼ਖ਼ਸ਼ੀਅਤ ਨੂੰ ਵੀ ਨਾਂਹ ਵਾਚੀ ਤੱਤਾਂ ਨਾਲ਼ ਭਰਦਾ ਹੈ। ਨਤੀਜੇ ਵਜੋਂ, ਇਹ ਸਿੱਖਿਆਰਥੀ ਦੀ ਸਮਾਜਿਕ ਉਪਯੋਗਤਾ ਵਿੱਚ ਵੀ ਰੋੜਾ ਬਣਦਾ ਹੈ।
5. ਦੁਨੀਆਂ ਵਿੱਚ ਅਨੇਕਾਂ ਅਜਿਹੇ ਗ਼ੈਰ-ਅੰਗਰੇਜ਼ੀ ਭਾਸ਼ੀ ਦੇਸ਼ ਹਨ ਜਿਨ੍ਹਾਂ ਦੀ ਸਰਕਾਰੀ ਜਾਂ ਸਿੱਖਿਆ ਦੀ ਭਾਸ਼ਾ ਕੇਵਲ ਅੰਗਰੇਜ਼ੀ ਹੈ। ਇਹ ਦੇਸ਼ ਹਨ - ਜਮਾਇਕਾ, ਗੁਆਇਨਾ, ਕੀਨੀਆ, ਨਾਈਜੀਰੀਆ, ਫਿਜ਼ੀ, ਕਿਰੀਬਾਟੀ, ਪਾਪੂਆ ਨਿਊ ਗਿਨੀ, ਟੌਗਾ, ਸੋਲੋਮਨ ਦੀਪ, ਵੁਨੂਆਤੂ ਅਤੇ ਪੱਛਮੀ ਸਮੋਆ। ਇਨ੍ਹਾਂ ਦੇਸ਼ਾਂ ਨੇ ਅੰਗਰੇਜ਼ੀ ਦੇ ਅਧਾਰ 'ਤੇ ਦੁਨੀਆਂ ਭਰ ਵਿੱਚ ਜੋ ਸਿੱਕਾ ਜਮਾਇਆ ਹੈ ਉਹ ਸਭ ਭਲੀ ਭਾਂਤ ਜਾਣਦੇ ਹਨ।
6. ਅੰਗਰੇਜ਼ੀ ਦੀ ਲੋੜ ਮਹਿਸੂਸ ਕਰਦਿਆਂ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅੰਗਰੇਜ਼ੀ ਦੇ ਸੰਸਾਰ ਭਾਸ਼ਾ ਹੋਣ ਦੇ ਦਾਅਵੇ ਇੰਨੇ ਠੋਸ ਨਹੀਂ ਹਨ ਜਿਵੇਂ ਸਾਨੂੰ ਇਥੇ ਸ਼ੰਭੂ ਤੋਂ ਵਾਘੇ ਵਿਚਕਾਰ ਬੈਠਿਆਂ ਲਗਦਾ ਹੈ। ਲਗਭਗ ਪੂਰਾ ਲੈਟਿਨ ਅਮਰੀਕਾ ਸਪੇਨੀ ਬੋਲਦਾ ਹੈ। ਗਿਣਤੀ ਪੱਖੋਂ ਚੀਨੀ ਭਾਸ਼ਾ ਦੇ ਬੁਲਾਰੇ ਸਭ ਤੋਂ ਵੱਧ ਹਨ। ਕੋਈ ਸਾਢੇ ਚਾਰ ਦੇਸ਼ਾਂ ਦੇ ਨਾਗਰਿਕਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਹੈ ਅਤੇ ਇਨ੍ਹਾਂ ਦੀ ਆਬਾਦੀ ਕੇਵਲ ਪੈਂਤੀ ਕਰੋੜ ਬਣਦੀ ਹੈ। ਬਹੁਤੇ ਦੇਸ਼ਾਂ ਵਿੱਚ ਜਿੱਥੇ ਲੋਕ ਅੰਗਰੇਜ਼ੀ ਜਾਣਦੇ ਵੀ ਹਨ, ਅੰਗਰੇਜ਼ੀ ਵਿੱਚ ਗੱਲ ਕਰਨਾ ਪਸੰਦ ਨਹੀਂ ਕਰਦੇ। ਮੈਨੂੰ ਖੁਦ ਫਰਾਂਸ ਦੇ ਚੌਥੇ-ਪੰਜਵੇਂ ਨੰਬਰ ਦੇ ਵੱਡੇ ਸ਼ਹਿਰ ਬੋਖਦੋਖ ਵਿੱਚ ਚਾਰ ਘੰਟੇ ਰੇਲਵੇ ਸਟੇਸ਼ਨ 'ਤੇ ਖੜ੍ਹੇ ਰਹਿਣਾ ਪਿਆ ਕਿਉਂਕਿ ਕਿਸੇ ਨੇ ਮੇਰੇ ਨਾਲ਼ ਅੰਗਰੇਜ਼ੀ ਵਿੱਚ ਗੱਲ ਨਹੀਂ ਕੀਤੀ। ਯੂਰਪੀ ਯੂਨੀਅਨ ਨੇ ਅੰਗਰੇਜ਼ੀ ਅਤੇ ਫਰਾਂਸੀਸੀ ਦੋਹਾਂ ਭਾਸ਼ਾਵਾਂ ਨੂੰ ਆਪਣੀਆਂ ਦਫ਼ਤਰੀ ਭਾਸ਼ਾਵਾਂ ਮੰਨਿਆ ਹੈ। ਇਥੋਂ ਤੱਕ ਕਿ ਭਾਰਤ ਵਿੱਚ ਵੀ ਅੰਗਰੇਜ਼ੀ ਬੋਲਣ-ਸਮਝਣ ਵਾਲ਼ਿਆਂ ਦੀ ਗਿਣਤੀ 2-3 ਪ੍ਰਤੀਸ਼ਤ ਤੋਂ ਜ਼ਿਆਦਾ ਨਹੀਂ ਹੈ ਅਤੇ ਮੈਂ ਨਹੀਂ ਸਮਝਦਾ ਕਿ 2050 ਤੱਕ ਭਾਰਤ ਦੇ 15-20 ਪ੍ਰਤੀਸ਼ਤ ਤੋਂ ਜ਼ਿਆਦਾ ਵਿਅਕਤੀ ਇਹ ਸਮਰੱਥਾ ਹਾਸਲ ਕਰ ਲੈਣਗੇ।
7. ਅੰਗਰੇਜ਼ੀ ਸਾਨੂੰ ਪਹਿਲੇ ਦਰਜੇ ਦੇ ਦੇਸ਼ਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰੇਗੀ ਜਾਂ ਅੰਗਰੇਜ਼ੀ ਤੋਂ ਬਿਨਾਂ ਇਸ ਦਰਜੇ ਤੱਕ ਨਹੀਂ ਪਹੁੰਚਿਆ ਜਾ ਸਕਦਾ, ਇਹ ਖ਼ਿਆਲ ਵੀ ਥੋੜ੍ਹਾ ਵਧੇਰੇ ਧਿਆਨ ਦੀ ਮੰਗ ਕਰਦਾ ਹੈ। ਚੀਨ ਅਤੇ ਜਪਾਨ ਨਾਲ਼ੋਂ ਅੰਗਰੇਜ਼ੀ ਪੱਖੋਂ ਅਸੀਂ ਜ਼ਰੂਰ ਅੱਗੇ ਹਾਂ, ਪਰ ਜੋ ਸਾਡੀ ਥਾਂ ਹੈ ਇਹ ਸਭ ਨੂੰ ਪਤਾ ਹੈ। ਉੱਪਰ ਅਸੀਂ ਗ਼ੈਰ-ਅੰਗਰੇਜ਼ੀ ਭਾਸ਼ੀ ਅੰਗਰੇਜ਼ੀ ਦੇਸ਼ਾਂ ਦੇ ਸਥਾਨ ਵੱਲ ਪਹਿਲਾਂ ਹੀ ਸੰਕੇਤ ਕਰ ਆਏ ਹਾਂ।
8. ਅੱਜ ਚਾਰੇ ਪਾਸੇ ਇਹੀ ਧਾਰਨਾ ਹੈ ਕਿ ਸਾਡੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਗਿਰਾਵਟ ਆ ਗਈ ਹੈ ਅਤੇ ਆ ਰਹੀ ਹੈ। ਪਰ ਅੰਗਰੇਜ਼ੀ ਮਾਧਿਅਮ ਸਕੂਲ ਅਤੇ ਅੰਗਰੇਜ਼ੀ ਬੋਲਣ ਵਾਲ਼ਿਆਂ ਵਿੱਚ ਤਾਂ ਚਿਰੋਕਣਾ ਵਾਧਾ ਹੋ ਰਿਹਾ ਹੈ। ਕਿੱਧਰੇ ਸਾਡੀ ਗਿਰਾਵਟ ਦਾ ਇੱਕ ਕਾਰਨ ਅੰਗਰੇਜ਼ੀ ਤਾਂ ਨਹੀਂ? ਫਿਰ ਭਾਰਤ ਵਿੱਚ ਵਿਗਿਆਨ ਦੀ ਉਚੇਰੀ ਪੜ੍ਹਾਈ ਦਾ ਮਾਧਿਅਮ ਤਾਂ ਅੰਗਰੇਜ਼ੀ ਹੀ ਰਿਹਾ ਹੈ। ਕੀ ਵਜ੍ਹਾ ਹੈ ਕਿ ਅਸੀਂ ਦੁਨੀਆਂ ਦੇ ਬਰਾਬਰ ਦਾ ਉੱਚ-ਤਕਨਾਲੋਜੀ ਦਾ ਸਮਾਨ ਤਿਆਰ ਨਹੀਂ ਕਰ ਸਕੇ?
9. ਸੰਸਾਰ ਭਾਸ਼ਾ ਸਮਾਜਕ-ਆਰਥਕ ਵਿਕਾਸ ਵਿੱਚ ਕੋਈ ਢੇਰ ਵਾਧਾ ਕਰੇਗੀ, ਇਹ ਵਿਚਾਰ ਵੀ ਧਿਆਨ ਦੀ ਮੰਗ ਕਰਦਾ ਹੈ। ਭਾਰਤ ਵਿੱਚ ਇੱਕ ਵੇਲ਼ੇ ਸੰਸਕ੍ਰਿਤ ਹੀ ਗਿਆਨ-ਵਿਗਿਆਨ ਅਤੇ ਸਿੱਖਿਆ ਦੀ ਭਾਸ਼ਾ ਸੀ ਅਤੇ ਇਸਦੀ ਪਹੁੰਚ ਭਾਰਤ ਦੀਆਂ ਚੌਹੀਂ ਗੁੱਠੀਂ ਸੀ। ਵਿਕਾਸ ਦੀ ਰਫ਼ਤਾਰ ਕੀ ਸੀ, ਇਹ ਹਿੰਦੂ-ਵਿਕਾਸ-ਦਰ ਨਾਲ਼ ਜਾਣਿਆ ਜਾਂਦਾ ਹੈ। ਵੀਹਵੀਂ ਸਦੀ ਵਿੱਚ ਸਥਾਨਕ ਭਾਸ਼ਾਵਾਂ ਦਾ ਰਾਜਸੀ ਪੱਧਰ 'ਤੇ ਉਦੈ ਹੁੰਦਾ ਹੈ ਅਤੇ ਇਹ ਗਿਆਨ-ਵਿਗਿਆਨ ਅਤੇ ਸਿੱਖਿਆ ਦੀਆਂ ਭਾਸ਼ਾਵਾਂ ਬਣਦੀਆਂ ਹਨ। ਵੀਹਵੀਂ ਸਦੀ ਦੇ ਭਾਰਤ ਦੀ ਵਿਕਾਸ ਦਰ ਅਤੇ ਪਹਿਲੀ ਸੰਸਕ੍ਰਿਤ-ਕਾਲ ਦੀ ਕਈ ਸਦੀਆਂ ਦੀ ਵਿਕਾਸ ਦਰ ਦਾ ਮੁਕਾਬਲਾ ਕਰਕੇ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਅਖੌਤੀ ਸੰਸਾਰ ਭਾਸ਼ਾ ਕਿੰਨੀ ਕੁ ਤਾਕਤ ਬਖਸ਼ ਸਕਦੀ ਹੈ।
       ਸੰਸਕ੍ਰਿਤ ਨੂੰ ਦੂਜੇ ਨਜ਼ਰੀਏ ਤੋਂ ਵੀ ਵੇਖਿਆ ਜਾ ਸਕਦਾ ਹੈ। ਇਹ ਕਿਸ ਨੂੰ ਭੁੱਲਿਆ ਹੈ ਕਿ ਕਿਸੇ ਵੇਲੇ ਭਾਰਤ ਵਿੱਚ ਸੰਸਕ੍ਰਿਤ ਭਾਸ਼ਾ ਰਾਹੀਂ ਕਿੰਨੇ ਉੱਚੇ ਪੱਧਰ ਦੀ ਗਿਆਨ ਵਿਗਿਆਨ ਦੀ ਸਿੱਖਿਆ ਹੁੰਦੀ ਸੀ ਅਤੇ ਵਿਕਾਸ ਵੀ ਹੋਇਆ ਸੀ। ਜੇ ਉਦੋਂ ਇਹ ਸਭ ਕਾਸ ਅੰਗਰੇਜ਼ੀ ਤੋਂ ਬਿਨਾਂ ਹੋ ਗਿਆ ਸੀ ਤਾਂ ਅੱਜ ਸਾਡੀਆਂ ਭਾਸ਼ਾਵਾਂ ਨੂੰ ਕੀ ਲਕਵਾ ਮਾਰ ਗਿਆ ਹੈ?
     ਸੰਸਾਰ ਭਾਸ਼ਾ ਦੇ ਪ੍ਰਸੰਗ ਤੋਂ ਯੂਰਪ ਨੂੰ ਵੀ ਵਿਚਾਰ ਲਿਆ ਜਾਣਾ ਚਾਹੀਦਾ ਹੈ। ਜਦੋਂ ਤੋਂ ਯੂਰਪ ਤੋਂ ਉਸ ਸਮੇਂ ਦੀਆਂ ਯੂਰਪੀ ਗਲੋਬਲੀ ਲਾਤੀਨੀ, ਰੋਮਨ ਅਤੇ ਯੂਨਾਨੀ ਭਾਸ਼ਾਵਾਂ ਦੀ ਜਕੜ ਟੁੱਟੀ ਹੈ ਉਦੋਂ ਤੋਂ ਹੀ ਯੂਰਪ ਵਿੱਚ ਹਰ ਤਰ੍ਹਾਂ ਦੇ ਗਿਆਨ, ਵਿਗਿਆਨ ਅਤੇ ਸਮਾਜਕ ਇਨਕਲਾਬ ਹੋਏ ਹਨ। ਹੁਣ ਤੱਕ ਵੀ ਫਰਾਂਸ, ਜਰਮਨੀ ਅਤੇ ਬਾਕੀ ਗ਼ੈਰ-ਅੰਗਰੇਜ਼ੀ ਯੂਰਪੀ ਦੇਸ਼ ਆਪਣੀਆਂ ਭਾਸ਼ਾਵਾਂ ਦੇ ਬਲਬੂਤੇ ਹੀ ਆਪਣੀ ਥਾਂ ਬਣਾਈ ਬੈਠੇ ਹਨ।
10.  ਇਹ ਵੀ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਅੰਗਰੇਜ਼ੀ ਦੀ ਜਾਣਕਾਰੀ ਨਾਲ਼ ਭਲਾ ਹੋ ਰਿਹਾ ਹੈ ਜਾਂ ਇਸਦੀ ਜਾਣਕਾਰੀ ਸਾਨੂੰ ਡੋਬ ਰਹੀ ਹੈ। ਇਸ ਅੰਗਰੇਜ਼ੀ ਨੇ ਹੀ ਸਾਡੀ ਪ੍ਰਤਿਭਾ ਦੇ ਅਤਿਅੰਤ ਵੱਡੇ ਹਿੱਸੇ ਨੂੰ ਦਿਮਾਗੀ ਨਾਲ਼ੇ (brain drain) ਵਿੱਚ ਹੜ ਛੱਡਿਆ ਹੈ। ਭਾਰਤੀ ਨਾਗਰਿਕਾਂ ਨੇ ਭੁੱਖੇ ਰਹਿ ਕੇ ਇਸ ਪ੍ਰਤਿਭਾ ਦਾ ਆਪਣੀਆਂ ਸਿੱਖਿਆ ਸੰਸਥਾਵਾਂ ਵਿੱਚ ਪਾਲਣ ਪੋਸਣ ਕੀਤਾ ਹੈ, ਪਰ ਉਨ੍ਹਾਂ ਦੀ ਵੱਡੀ ਕਮਾਈ ਸਾਡੀਆਂ ਕਬਰਾਂ ਪੁੱਟਣ ਵਾਲ਼ੇ ਖਾ ਰਹੇ ਹਨ। ਸ਼ਾਇਦ ਚੀਨ ਇਸੇ ਕਰਕੇ ਹੀ ਬਚਿਆ ਹੈ ਅਤੇ ਅੱਗੇ ਲੰਘ ਗਿਆ ਹੈ।
11.  ਤਕਨਾਲੋਜੀ ਦੇ ਪ੍ਰਸ਼ਨ ਵੱਲ ਵੀ ਜਾਈਏ ਤਾਂ ਕੋਈ ਡੇਢ ਸੌ ਸਾਲ ਪਹਿਲਾਂ ਭਾਰਤੀ ਇਸਪਾਤ ਦੇ ਭੇਦ ਅਤੇ ਢਾਕੇ ਦੀ ਮਖ਼ਮਲ ਨੂੰ ਦੁਨੀਆਂ ਤਰਸਦੀ ਸੀ। ਚਿਕਿਤਸਾ ਵਿਗਿਆਨ ਵਿੱਚ ਵੀ ਸ਼ਾਇਦ ਹੀ ਆਪਣਾ ਕੋਈ ਸਾਨੀ ਸੀ। ਇਹੀ ਗੱਲ ਸਾਡੇ ਪੁਰਾਤਨ ਦਰਸ਼ਨ ਸ਼ਾਸਤਰ ਅਤੇ ਭਾਸ਼ਾਈ ਅਧਿਐਨਾਂ ਬਾਰੇ ਵੀ ਸਹੀ ਹੈ। ਜੇ ਉਦੋਂ ਇਹ ਸਭ ਅੰਗਰੇਜ਼ੀ ਬਿਨਾਂ ਸੰਭਵ ਸੀ ਤਾਂ ਹੁਣ ਕਿਉਂ ਨਹੀਂ?
12. ਕੇਵਲ ਗਿਆਨ ਸਿਰਜਣਾ ਹੀ ਸਿੱਖਿਆ ਦਾ ਟੀਚਾ ਨਹੀਂ ਹੈ। ਇਸਦਾ ਪਸਾਰ ਵੀ ਓਨਾ ਹੀ ਮਹੱਤਵਪੂਰਨ ਹੈ। ਕੀ ਅਸੀਂ ਅੰਗਰੇਜ਼ੀ ਨੂੰ ਆਪਣਾ ਘਰ ਸੰਭਾਲ ਕੇ ਪੰਜਾਬੀ ਲੋਕ-ਸਮੂਹ ਵਿੱਚ ਗਿਆਨ-ਵਿਗਿਆਨ ਦੇ ਪਸਾਰ ਦੇ ਦਰਵਾਜ਼ੇ ਬੰਦ ਨਹੀਂ ਕਰ ਰਹੇ? ਕੀ ਬਹੁਤੇ ਲੋਕ-ਸਮੂਹ ਦਾ ਗਿਆਨ-ਵਿਗਿਆਨ ਦੀ ਧਾਰਾ 'ਚੋਂ ਬਾਹਰ ਹੋ ਜਾਣਾ ਇਸਦੇ ਸਿਰਜਣ ਨੂੰ ਵੀ ਖੋਰਾ ਨਹੀਂ ਲਾਏਗਾ। ਗਿਣਤੀ 'ਚੋਂ ਹੀ ਅਕਸਰ ਗੁਣਤਾ ਪੈਦਾ ਹੁੰਦੀ ਹੈ। ਵਿਕਸਿਤ ਦੇਸ਼ਾਂ ਵਿੱਚ ਗਿਆਨ-ਵਿਗਿਆਨ ਦੇ ਵਾਧੇ ਨੂੰ ਤਾਂ ਆਪਾਂ ਵੇਖਦੇ ਹਾਂ ਪਰ ਉੱਥੇ ਇਸ ਪ੍ਰਕਿਰਿਆ ਵਿੱਚ ਲੱਗੇ ਜਨ-ਸਮੂਹ ਦੀ ਗਿਣਤੀ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਬਰਤਾਨੀਆ ਦੀ ਅਬਾਦੀ ਸਾਡੇ ਨਾਲ਼ੋਂ ਅੱਠਵਾਂ ਹਿੱਸਾ ਵੀ ਨਹੀਂ ਹੈ, ਪਰ ਉੱਥੇ ਯੂਨੀਵਰਸਿਟੀਆਂ ਸਾਡੇ ਜਿੰਨੀਆਂ ਹੀ ਹਨ। ਅੰਗਰੇਜ਼ੀ ਨੂੰ ਹੀ ਗਿਆਨ-ਵਿਗਿਆਨ ਦੀ ਭਾਸ਼ਾ ਬਣਾ ਕੇ ਅਤੇ ਬਹੁਤੇ ਲੋਕ-ਸਮੂਹ ਨੂੰ ਇਸ ਧਾਰਾ ਤੋਂ ਵਾਂਝਿਆਂ ਰੱਖਕੇ ਕੀ ਅਸੀਂ ਆਪਣੀ ਬਹੁਮਤ ਅਬਾਦੀ ਨੂੰ ਫਿਰ ਸੱਭਿਅਤਾ ਦੇ ਕਾਲ ਤੋਂ ਪਿਛਾਂਹ ਲੈ ਜਾਣਾ ਚਾਹੁੰਦੇ ਹਾਂ?
13.  ਇਹ ਤੈਅ ਹੈ ਕਿ ਮਨੁੱਖ ਦੀ ਸੰਚਾਰਗਤ ਸਮਰੱਥਾ ਆਪਣੀ ਮਾਤ ਭਾਸ਼ਾ ਵਿੱਚ ਹੀ ਉੱਚੀਆਂ ਸਿਖਰਾਂ ਛੂਹ ਸਕਦੀ ਹੈ। ਕੀ ਮੱਧਵਰਗ ਆਪਣੇ ਬੱਚਿਆਂ ਨੂੰ ਮੁੱਢ ਤੋਂ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਭੇਜ ਕੇ ਅਤੇ ਉਨ੍ਹਾਂ ਨੂੰ ਮਾਤ ਭਾਸ਼ਾ ਵਿੱਚ ਵਿਕਾਸ ਤੋਂ ਵਿਰਵਿਆਂ ਕਰਕੇ ਉਨ੍ਹਾਂ ਨੂੰ ਬੌਧਿਕ ਅਪੰਗ ਨਹੀਂ ਬਣਾ ਰਿਹਾ?
14.  ਮਨੁੱਖ ਦਾ ਵਿਕਾਸ ਕੇਵਲ ਜਾਣਕਾਰੀ ਨਾਲ਼ ਹੀ ਸਬੰਧ ਨਹੀਂ ਰੱਖਦਾ, ਸਗੋਂ ਇਹ ਜਾਣਕਾਰੀ ਤਾਂ ਉਸਦੇ ਮਾਨਵੀ ਗੁਣਾਂ ਦੇ ਵਿਕਾਸ ਵਿੱਚ ਸਹਾਈ ਹੋਣ ਲਈ ਹੀ ਹੋਣੀ ਚਾਹੀਦੀ ਹੈ। ਆਦਮੀ ਜੀਵ ਨੂੰ ਸਮਾਜਕ ਜੀਵ ਬਣਾਉਣ ਵਿੱਚ ਆਪਣੇ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਅੱਖੋਂ ਪਰੋਖੇ ਨਾ ਕੀਤਾ ਜਾ ਸਕਣ ਵਾਲ਼ਾ ਰੋਲ ਹੈ। ਆਪਣੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਦੀ ਵਿਕਸਿਤ ਜਾਣਕਾਰੀ ਤੋਂ ਵਾਂਝਿਆ ਕਰਕੇ ਕੀ ਅਸੀਂ ਉਹਨਾਂ ਨੂੰ ਸੱਭਿਆਚਾਰੀਕਰਨ ਦੇ ਸਰੋਤਾਂ ਤੋਂ ਵਿਰਵਿਆਂ ਨਹੀਂ ਕਰ ਰਹੇ? ਕਿਧਰੇ ਇਸ ਭਾਸ਼ਾਈ ਕਾਰਨ ਕਰਕੇ ਹੀ ਸਾਡੀ ਸਾਰੀ ਉਚੇਰੀ ਸਿੱਖਿਆ ਸਾਡੇ ਸਮਾਜਕ, ਰਾਜਸੀ ਅਤੇ ਆਰਥਕ ਯਥਾਰਥ ਵਿੱਚ ਜ਼ਿਕਰਯੋਗ ਯੋਗਦਾਨ ਪਾਉਣੋ ਤਾਂ ਨਹੀਂ ਰਹਿ ਰਹੀ?
15.  ਜਿਸ ਢੰਗ ਨਾਲ਼ ਸਿੱਖਿਆ ਪ੍ਰਣਾਲੀ ਦੋ ਨਿੱਖੜਵੀਆਂ ਧਾਰਾਵਾਂ ૷ ਅੰਗਰੇਜ਼ੀ ਅਧਾਰਿਤ ਅਤੇ ਮਾਤ ਭਾਸ਼ਾ ਅਧਾਰਿਤ, ਵਿੱਚ ਵਹਿਣ ਲੱਗੀ ਹੈ, ਇਸ ਨਾਲ਼ ਕਿਧਰੇ ਦੋ ਵੱਖਰੀ ਤਰ੍ਹਾਂ ਦੇ ਨਾਗਰਿਕ ਤਾਂ ਪੈਦਾ ਨਹੀਂ ਹੋ ਰਹੇ - ਇੱਕ ਅੰਗਰੇਜ਼ੀਨੁਮਾ ਅਤੇ ਇੱਕ ਮਾਤ-ਭਾਸ਼ਾ ਮੁਖੀ। ਕੀ ਇੰਝ ਅਸੀਂ ਜਾਤਾਂ ਵਿੱਚ ਖੱਖੜੀ-ਖੱਖੜੀ ਹੋਏ ਭਾਰਤੀ ਸਮਾਜ ਵਿੱਚ ਦੋ ਹੋਰ ਜਾਤਾਂ ਤਾਂ ਪੈਦਾ ਨਹੀਂ ਕਰ ਰਹੇ। ਫਿਰ, ਇਹ ਇੰਡੀਆ ਅਤੇ ਭਾਰਤ ਆਪਸ ਵਿੱਚ ਕਿਹੋ ਜਿਹੇ ਸੰਭਵ ਅਦਾਨ-ਪ੍ਰਦਾਨ ਕਰ ਸਕਦੇ ਹਨ, ਇਹ ਵੀ ਸਾਡੇ ਗੰਭੀਰ ਵਿਚਾਰ ਦਾ ਵਿਸ਼ਾ ਹੋਣਾ ਚਾਹੀਦਾ ਹੈ।
16. ਬਰਨਸਟਾਈਨ (1971) ਨੇ ਆਪਣੀਆਂ ਖੋਜਾਂ ਵਿੱਚ ਸਾਬਤ ਕੀਤਾ ਹੈ ਕਿ ਸਾਧਨਹੀਣ ਤਬਕਿਆਂ ਦੇ ਨਿਆਣੇ ਇਸ ਲਈ ਸਿੱਖਿਆ ਵਿੱਚ ਕਾਮਯਾਬੀ ਹਾਸਲ ਨਹੀਂ ਕਰਦੇ ਕਿਉਂਕਿ ਉਨ੍ਹਾਂ ਦੇ ਤਬਕੇ ਦੀ ਭਾਸ਼ਾ ਸੀਮਤ-ਮਾਧਿਅਮ-ਭਾਸ਼ਾ (ਗੈਰ-ਉਪਚਾਰਕ ਪ੍ਰਸੰਗ ਵਿੱਚ ਵਰਤੀ ਜਾਣ ਵਾਲ਼ੀ ਭਾਸ਼ਾਈ ਕਿਸਮ) ਹੁੰਦੀ ਹੈ ਅਤੇ ਉੱਚ-ਵਰਗ ਦੀ ਅਤੇ ਸਿੱਖਿਆ ਦੀ ਭਾਸ਼ਾ ਵਿਸ਼ਾਲ-ਮਾਧਿਅਮ ਦੀ ਭਾਸ਼ਾ ਹੁੰਦੀ ਹੈ। ਇਹ ਗੱਲ ਉਹ ਅੰਗਰੇਜ਼ੀ ਦੇ ਦੋ ਰੂਪਾਂ ਬਾਰੇ ਕਰਦਾ ਹੈ। ਪਰ ਆਪਣੇ ਪ੍ਰਸੰਗ ਵਿੱਚ ਇਹ ਪ੍ਰੀਭਾਸ਼ਾਵਾਂ ਬਦਲ ਜਾਂਦੀਆਂ ਹਨ। ਅੰਗਰੇਜ਼ੀ ਨੂੰ ਸਿੱਖਿਆ-ਮਾਧਿਅਮ ਦੀ ਦ੍ਰਿਸ਼ਟੀ ਤੋਂ ਭਾਵੇਂ ਵਿਸ਼ਾਲ-ਮਾਧਿਅਮ ਮੰਨ ਵੀ ਲਈਏ ਪਰ ਸਮਾਜਕ-ਜੀਵਨ ਦੇ ਨਜ਼ਰੀਏ ਤੋਂ ਇਹ ਸੀਮਤ-ਮਾਧਿਅਮ ਹੈ। ਕਿਧਰੇ ਅਸੀਂ ਮੱਧਵਰਗ ਮਾਪੇ ਅੰਗਰੇਜ਼ੀ ਮਾਧਿਅਮ ਰਾਹੀਂ ਆਪਣੇ ਬੱਚਿਆਂ ਨੂੰ ਸਮਾਜਕ ਜੀਵਨ ਦੇ ਵਿਸ਼ਾਲ ਮਾਧਿਅਮ ਤੋਂ ਤਾਂ ਵਿਰਵਿਆਂ ਨਹੀਂ ਕਰ ਰਹੇ?
17. ਹਾਲੀਡੇ (1964, 1978) ਨੇ ਸਿੱਖਿਆ 'ਤੇ ਆਪਣੇ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ ਕਿ ਸਿੱਖਿਆ ਵਿੱਚ ਕਾਮਯਾਬੀ ਨਾ ਹੋਣ ਦਾ ਇੱਕ ਕਾਰਣ ਇਹ ਹੈ ਕਿ ਅਸੀਂ ਜਿਨ੍ਹਾਂ ਅਰਥਾਂ ਦੀ ਬੱਚਿਆਂ 'ਤੇ ਵਾਛੜ ਕਰਦੇ ਹਾਂ ਉਨ੍ਹਾਂ ਦੇ ਅਰਥਾਂ ਦਾ ਬੱਚਿਆਂ ਦੇ ਜੀਵਨ ਨਾਲ਼ ਕੋਈ ਸਰੋਕਾਰ ਨਹੀਂ ਹੁੰਦਾ। ਇਸ ਲਈ ਅਜਿਹੇ ਅਰਥ ਉਨ੍ਹਾਂ ਨੂੰ ਆਪਣੇ ਤੋਂ ਪਰੇ ਧੱਕਦੇ ਹਨ ਅਤੇ ਨਤੀਜੇ ਵਜੋਂ ਉਨ੍ਹਾਂ ਅੰਦਰ ਸਿੱਖਿਆ ਪ੍ਰਣਾਲੀ ਤੋਂ ਹੀ ਮਾਨਸਿਕ ਰੂਪ ਵਿੱਚ ਅਲਗਾਵ ਪੈਦਾ ਕਰ ਦਿੰਦੇ ਹਨ। ਹੁਣ, ਜੇ ਅੰਗਰੇਜ਼ੀ ਮਾਧਿਅਮ ਵਾਲ਼ੇ ਸਕੂਲਾਂ ਦੀਆਂ ਮੁੱਢਲੀਆਂ ਜਮਾਤਾਂ ਦੀਆਂ ਭਾਸ਼ਾ ਦੀਆਂ ਕਿਤਾਬਾਂ 'ਤੇ ਝਾਤੀ ਮਾਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਅੰਗਰੇਜ਼ੀ ਭਾਸ਼ਾ ਹੀ ਉਨ੍ਹਾਂ ਬੱਚਿਆਂ ਲਈ ਓਪਰੀ ਨਹੀਂ, ਉਸ ਵਿਚਲੇ ਅਰਥ ਉਸ ਤੋਂ ਵੀ ਓਪਰੇ ਹਨ, ਕਿਉਂਕਿ ਉਨ੍ਹਾਂ ਅਰਥਾਂ ਦਾ ਸਾਡੇ ਸਮਾਜਕ ਜੀਵਨ ਨਾਲ਼ ਕੋਈ ਸਰੋਕਾਰ ਨਹੀਂ ਹੈ। ਕੀ ਇਸ ਨਾਲ਼ ਆਮ ਸਿੱਖਿਆ ਅਤੇ ਭਾਸ਼ਾ ਅਧਿਆਪਨ ਵਿੱਚ ਵੱਡੀ ਰੁਕਾਵਟ ਪੈਦਾ ਨਹੀਂ ਹੁੰਦੀ?
18. ਭਾਸ਼ਾ ਸਿਰਫ ਇੱਕ ਸੂਚਨਾ ਦਾ ਮਾਧਿਅਮ ਹੀ ਨਹੀਂ ਹੈ। ਇਹ ਆਪਣੇ ਨਾਲ਼ ਇੱਕ ਪੂਰੇ ਦਾ ਪੂਰਾ ਸੰਕਲਪਾਤਮਕ ਸੰਸਾਰ ਲੈ ਕੇ ਆਉਂਦੀ ਹੈ। ਆਪਣੀਆਂ ਭਾਸ਼ਾਵਾਂ ਤੋਂ ਦੂਰ ਰੱਖ ਕੇ ਅਤੇ ਅੰਗਰੇਜ਼ੀ ਵਿੱਚ ਡੋਬ ਕੇ ਕੀ ਅਸੀਂ ਸਮਾਜਕ ਰੂਪ ਵਿੱਚ ਓਪਰੇ ਨਾਗਰਿਕ ਤਾਂ ਪੈਦਾ ਨਹੀਂ ਕਰ ਰਹੇ?
19. ਕੀ ਪੂਰਾ ਦਾ ਪੂਰਾ ਮੱਧਵਰਗ ਅੰਗਰੇਜ਼ੀ ਅਪਣਾ ਕੇ ਪੰਜਾਬੀ ਦੇ ਅੰਤ ਦਾ ਆਰੰਭ ਤਾਂ ਨਹੀਂ ਕਰ ਰਿਹਾ? ਵੈਸੇ ਦੁਨੀਆਂ ਦੇ ਇਤਿਹਾਸ ਵਿੱਚ ਭਾਸ਼ਾਵਾਂ ਦਾ ਅੰਤ ਵੀ ਹੁੰਦਾ ਆਇਆ ਹੈ। ਪਰ ਸਵਾਲ ਸਾਡੀਆਂ ਮਾਤ ਭਾਸ਼ਾਵਾਂ ਵਿੱਚ ਸਾਡੇ ਸੱਭਿਆਚਾਰ ਅਤੇ ਗਿਆਨ ਨੂੰ ਸੰਭਾਲਣ ਦਾ ਹੈ ਅਤੇ ਜੇ ਸਾਡੀ ਹਲਦੀ ਅਤੇ ਸੌਂਫ ਇੰਨੀਆਂ ਮਹੱਤਵਪੂਰਣ ਹੋ ਗਈਆਂ ਹਨ ਕਿ ਕੰਪਨੀਆਂ ਉਹਨਾਂ ਦੇ ਪੇਟੈਂਟ ਕਰਵਾ ਰਹੀਆਂ ਹਨ ਤਾਂ ਹਾਲੇ ਸਾਡੀਆਂ ਭਾਸ਼ਾਵਾਂ ਵਿੱਚ ਹੋਰ ਵੀ ਬਹੁਤ ਕੁਝ ਹੋਵੇਗਾ ਜੋ ਮਨੁੱਖੀ ਨਸਲ ਦਾ ਜ਼ਰੂਰ ਹਿੱਸਾ ਬਣਨਾ ਚਾਹੀਦਾ ਹੈ। ਸਾਡੀਆਂ ਭਾਸ਼ਾਵਾਂ ਦੀ ਮੌਤ ਨਾਲ਼ ਇਸ ਖਜ਼ਾਨੇ ਤੋਂ ਮਨੁੱਖੀ ਨਸਲ ਨੂੰ ਵਾਂਝਿਆ ਨਹੀਂ ਹੋਣ ਦੇਣਾ ਚਾਹੀਦਾ।
20. ਅਸੀਂ ਅੰਗਰੇਜ਼ੀ ਮਾਧਿਅਮ ਰਾਹੀਂ ਉਸ ਵਰਗ ਨੂੰ ਪੜ੍ਹਾ ਰਹੇ ਹਾਂ ਜਿਨ੍ਹਾਂ ਲਗਭਗ ਸਾਰਿਆਂ ਨੇ ਹੀ ਉਚੇਰੀ ਖੋਜ ਕਰਨ ਅਤੇ ਸਿੱਖਿਆ ਦੇਣ ਦੇ ਪ੍ਰਵਾਹ 'ਚੋਂ ਬਾਹਰ ਰਹਿਣਾ ਹੈ। ਜੋ ਵਿਦਿਆਰਥੀ ਸਕੂਲ ਪੱਧਰ 'ਤੇ ਹੀ ਅੱਧਾ ਲੱਖ ਸਾਲਾਨਾ ਖਰਚਾ ਕਰ ਰਿਹਾ ਹੈ, ਉਹ ਪੀ.ਐਚ.ਡੀ. ਪੱਧਰ ਦੀ ਖੋਜ ਵਿੱਚ ਨਹੀਂ ਲੱਗਣ ਲੱਗਾ, ਖੋਜ ਜਿਹੜੀ ਉਮਰ ਦੇ ਤੀਹਵੇਂ ਸਾਲ ਦੇ ਆਸ-ਪਾਸ ਖ਼ਤਮ ਹੁੰਦੀ ਹੈ ਅਤੇ ਜਿਸ ਨਾਲ਼ ਉਮਰ ਦਾ ਵੱਡਾ ਚੰਗਾ ਹਿੱਸਾ ਲਾ ਦੇਣ ਤੋਂ ਬਾਅਦ ਵੀ 8000/-ਰੁਪਏ ਮੁੱਢਲੀ ਤਨਖਾਹ ਹੀ ਪ੍ਰਾਪਤ ਹੋ ਸਕਦੀ ਹੈ। ਇਸ ਦਾ ਪਤਾ ਲਾਉਣ ਲਈ ਸਧਾਰਨ ਬੁੱਧੀ ਦੀ ਵੀ ਲੋੜ ਨਹੀਂ ਹੈ ਕਿ ਕਿਸੇ ਵੀ ਦੇਸ਼ ਨੇ ਉਚੇਰੀ ਪੱਧਰ ਦੀ ਡੂੰਘੀ ਅਤੇ ਵਿਸ਼ਾਲ ਖੋਜ ਤੋਂ ਬਗੈਰ ਵਿਕਸਤ ਗਿਆਨ ਅਤੇ ਉਪਜਾਂ ਪੈਦਾ ਨਹੀਂ ਕੀਤੀਆਂ। ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿੱਚ ਸ਼ਾਇਦ ਹੀ ਪੀ. ਐਚ. ਡੀ. ਦੇ ਪੰਜ ਤੋਂ ਵੱਧ ਅਜਿਹੇ ਖੋਜਾਰਥੀ ਹੋਣ ਜਿਨ੍ਹਾਂ ਨੂੰ ਵਜ਼ੀਫਾ ਮਿਲਦਾ ਹੋਵੇ।



ਤੂਫ਼ਾਨੀ ਸਵਾਲ :
    ਮੈਂ ਸਮਝ ਸਕਦਾ ਹਾਂ ਕਿ ਇੰਨੀ ਲੰਮੀ ਚਰਚਾ ਤੋਂ ਬਾਅਦ ਵੀ ਦੋ ਸਵਾਲ ਲਗਭਗ ਹਰ ਪਾਠਕ ਦੇ ਮਨ ਵਿੱਚ ਉਸਲਵੱਟੇ ਲੈ ਰਹੇ ਹੋਣਗੇ - ਦੁਨੀਆਂ ਭਰ ਵਿੱਚ ਤੂਫ਼ਾਨੀ ਗਤੀ ਨਾਲ਼ ਸਿਰਜੇ ਜਾ ਰਹੇ ਗਿਆਨ, ਵਿਗਿਆਨ, ਤਕਨੀਕ ਅਤੇ ਵਸਤੂਆਂ ਤੱਕ ਪੰਜਾਬੀਆਂ ਦੀ ਪਹੁੰਚ ਕਿਵੇਂ ਹੋਵੇ ਅਤੇ ਪੰਜਾਬ ਦੁਆਰਾ ਸਿਰਜਿਆ ਜਾ ਰਿਹਾ ਗਿਆਨ, ਵਿਗਿਆਨ, ਤਕਨੀਕ, ਵਸਤੂਆਂ ਬਾਕੀ ਦੁਨੀਆਂ ਤੱਕ ਕਿਵੇਂ ਪਹੁੰਚਣ? ਕੀ ਸਾਡੇ ਕੋਲ ਪੰਜਾਬੀ ਨੂੰ ਵੱਡੇ ਕਾਰਜਾਂ ਦੇ ਹਾਣ ਦਾ ਬਣਾਉਣ ਲਈ ਵਿੱਤੀ ਅਤੇ ਮਨੁੱਖੀ ਸਰੋਤ ਹਨ?
    ਆਓ, ਪਹਿਲਾਂ ਪਹਿਲੇ ਸਵਾਲ ਦੀ ਪੜਚੋਲ ਕਰੀਏ। ਅਸਲ ਵਿੱਚ, ਸੰਕਟ ਦੀ ਜੜ੍ਹ ਸੂਚਨਾ ਤਕਨੀਕ ਵਿੱਚ ਆਇਆ ਤੂਫ਼ਾਨ ਹੈ। ਪਰ ਜਿਵੇਂ ਕਿ ਇਸਦੇ ਨਾਮ ਤੋਂ ਹੀ ਸਪੱਸ਼ਟ ਹੈ, ਇਹ ਇੱਕ ਤਕਨੀਕ ਦਾ ਸਵਾਲ ਹੈ। ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਤਕਨੀਕ 'ਤੇ ਅਧਾਰਿਤ ਉਤਪਾਦ ਦਾ ਸਵਾਲ ਹੈ। ਇਹ ਸੂਚਨਾ ਉਪਜਾਂ ਇਸ ਲਈ ਇਜ਼ਾਦ ਨਹੀਂ ਕੀਤੀਆਂ ਗਈਆਂ ਕਿ ਹਰ ਵਿਅਕਤੀ ਨੂੰ ਗਿਆਨ ਨਾਲ਼ ਰਜਾਇਆ ਜਾਵੇ। ਇਹ ਉਪਜਾਂ ਵੇਚਣ ਲਈ ਪੈਦਾ ਕੀਤੀਆਂ ਗਈਆਂ ਹਨ ਅਤੇ ਮੁਨਾਫ਼ੇ ਲਈ ਪੈਦਾ ਕੀਤੇ ਗਏ ਹਨ। ਅਸਲ ਵਿੱਚ ਅਸੀਂ ਇਨ੍ਹਾਂ ਕੰਪਨੀਆਂ ਦੀ ਲੋੜ ਨੂੰ ਆਪਣੀ ਲੋੜ ਸਮਝ ਬੈਠੇ ਹਾਂ, ਕਿਉਂਕਿ ਇਨ੍ਹਾਂ ਉਪਜਾਂ ਬਾਰੇ ਸੂਚਨਾ ਅੰਗਰੇਜ਼ੀ ਰਾਹੀਂ ਹੀ ਹਾਸਲ ਹੈ, ਇਸ ਲਈ ਅਸੀਂ ਅੰਗਰੇਜ਼ੀ ਨੂੰ ਜ਼ਿੰਦਗੀ ਮੌਤ ਦਾ ਸਵਾਲ ਬਣਾ ਲਿਆ ਹੈ। ਪਰ ਜੇ ਆਪਾਂ ਇੱਕ ਮਿੰਟ ਸੋਚੀਏ ਕਿ ਵੀਹ ਕਰੋੜ ਮੱਧਵਰਗੀ ਭਾਰਤੀ ਇਹ ਹੱਠ ਕਰ ਲੈਂਦਾ ਹੈ ਕਿ ਅਸੀਂ ਤਾਂ ਓਹੀ ਕੰਪਿਊਟਰ ਖਰੀਦਾਂਗੇ ਜੋ ਸਾਡੀਆਂ ਭਾਸ਼ਾਵਾਂ 'ਤੇ ਆਧਾਰਤ ਹੋਵੇ, ਅਸੀਂ ਇੰਟਰਨੈਟ 'ਤੇ ਓਹੀ ਪੜ੍ਹਾਂਗੇ ਜੋ ਸਾਡੀਆਂ ਭਾਸ਼ਾਵਾਂ ਵਿੱਚ ਹੋਵੇ, ਅਸੀਂ ਆਪਣੀ ਭਾਸ਼ਾ ਦੀਆਂ ਕਿਤਾਬਾਂ ਹੀ ਪੜ੍ਹਾਂਗੇ। ਕੀ ਆਪਾਂ ਸੋਚ ਸਕਦੇ ਹਾਂ ਕਿ ਦੁਨੀਆਂ ਭਰ ਦੀਆਂ ਕੰਪਨੀਆਂ ਵੀਹ ਕਰੋੜ ਆਬਾਦੀ ਤੋਂ ਹੋਣ ਵਾਲ਼ੇ ਮੁਨਾਫ਼ੇ ਵੱਲ ਪਿੱਠ ਕਰ ਲੈਣਗੀਆਂ? ਇਤਿਹਾਸ ਗਵਾਹ ਹੈ ਕਿ ਕੰਪਨੀਆਂ ਦਾ ਇਹ ਸੁਭਾਅ ਨਹੀਂ ਹੈ। ਸਗੋਂ ਇਹ ਕੰਪਨੀਆਂ ਸੂਚਨਾ ਦੇ ਸਾਰੇ ਤੂਫ਼ਾਨ ਨੂੰ ਸਾਡੀਆਂ ਭਾਸ਼ਾਵਾਂ ਦੇ ਰੂਪ ਵਿੱਚ ਵਲ੍ਹੇਟ ਕੇ ਆਪਣੀਆਂ ਉਪਜਾਂ ਵਿੱਚ ਪਾ ਕੇ ਸਾਡੇ ਬੂਹਿਆਂ 'ਤੇ ਆ ਕੇ ਵੇਚਣਗੀਆਂ।
      ਇਸ ਪਾਸੇ ਵੱਲ ਸੰਕੇਤ ਆਉਣ ਵੀ ਲੱਗੇ ਹਨ। ਮਾਈਕਰੋਸੌਫਟ ਨੇ ਆਪਣੇ ਸਭ ਤੋਂ ਵੱਧ ਵਿਕਣ ਵਾਲ਼ੀ ਉਪਜ 'ਵਿੰਡੋਜ਼' ਦਾ ਹਿੰਦੀ ਭਾਸ਼ਾ ਵਿੱਚ ਰੂਪ ਪੇਸ਼ ਕਰ ਦਿੱਤਾ ਹੈ। (ਯਾਦ ਰਹੇ ਕਿ ਸਾਡੀਆਂ ਬਹੁਤੀਆਂ ਭਾਸ਼ਾਵਾਂ ਦੀਆਂ ਪਹਿਲੀਆਂ ਵਿਆਕਰਣਾਂ ਅੰਗਰੇਜ਼ਾਂ ਨੇ ਹੀ ਲਿਖੀਆਂ ਸਨ)। ਮੀਡੀਆ-ਸਮਰਾਟ ਮਰਦੋਖ਼ ਨੇ ਤਾਂ ਬਹੁਤ ਪਹਿਲਾਂ ਹੀ ਕਿਹਾ ਸੀ ਕਿ ਭਾਰਤ ਵਿੱਚ ਮੀਡੀਆ ਦਾ ਵਿਉਪਾਰ ਸਥਾਨਕ ਭਾਸ਼ਾਵਾਂ ਬਿਨਾਂ ਨਹੀਂ ਹੋ ਸਕਦਾ। ਭਾਰਤ ਵਿੱਚ ਚੱਲਣ ਵਾਲ਼ੇ ਬਹੁਤੇ ਚੈਨਲਾਂ ਦਾ ਪੈਰ ਅੰਗਰੇਜ਼ੀ ਤੋਂ ਹਿੰਦੀ ਤੇ ਫਿਰ ਸਥਾਨਕ ਭਾਸ਼ਾਵਾਂ ਵਾਲ਼ੇ ਡੰਡੇ 'ਤੇ ਆ ਗਿਆ ਹੈ। ਮਲੇਸ਼ੀਆ ਵਿੱਚ ਸ਼ੈੱਲ ਕੰਪਨੀ ਖੁਦ ਮਲਿਆ ਭਾਸ਼ਾ ਆਧਾਰਤ ਤਕਨਾਲੋਜੀ ਭੇਟ ਕਰਦੀ ਹੈ (ਜਰਨੁੱਡ, 1973:18-19)। ਇਹ ਕੰਪਨੀਆਂ ਨੂੰ ਵੀ ਪਤਾ ਹੈ ਕਿ ਭਾਰਤ ਵਿੱਚ ਅੰਗਰੇਜ਼ੀ ਅਧਾਰਿਤ ਕੰਪਿਊਟਰਾਂ ਤੋਂ ਬਾਅਦ ਸਥਾਨਕ ਭਾਸ਼ਾਵਾਂ ਤੇ ਅਧਾਰਿਤ ਕੰਪਿਊਟਰ ਵੱਡੀ ਗਿਣਤੀ ਵਿੱਚ ਵਿਕ ਸਕਦੇ ਹਨ। ਸਥਾਨਕ ਭਾਸ਼ਾਵਾਂ ਰਾਹੀਂ ਇੰਟਰਨੈਟ ਦੀ ਵਿਕਰੀ ਬਹੁਤ ਵੱਡੀ ਹੋ ਸਕਦੀ ਹੈ। ਸਥਾਨਕ ਭਾਸ਼ਾਵਾਂ ਵਿੱਚ ਪੁਸਤਕਾਂ ਕਾਫ਼ੀ ਵਿਕ ਸਕਦੀਆਂ ਹਨ। ਸੋ, ਇਹ ਸੰਭਵ ਹੈ ਕਿ ਜੇ ਭਾਰਤ ਦੇ ਸਪੁੱਤਰਾਂ ਨੇ ਜਿਸ ਨੂੰ ਸਦੀਆਂ ਵੱਡਾ ਕੰਮ ਸਮਝਕੇ ਸ਼ੁਰੂ ਨਹੀਂ ਕੀਤਾ ਉਹ ਕੰਪਨੀਆਂ ਕੁਝ ਸਾਲਾਂ ਵਿੱਚ ਹੀ ਕਰ ਦੇਣ, ਕਿਉਂਕਿ ਉਹ ਜਾਣਦੀਆਂ ਹਨ ਕਿ ਕੰਮ ਏਨਾ ਵੱਡਾ ਨਹੀਂ ਹੈ ਅਤੇ ਮੁੱਖ ਭਾਰਤੀ ਭਾਸ਼ਾਵਾਂ ਦੇ ਬੁਲਾਰਿਆਂ ਦੀ ਗਿਣਤੀ ਵੇਖਦਿਆਂ ਇਹ ਘਾਟੇ ਵਾਲ਼ਾ ਕਦੇ ਵੀ ਨਹੀਂ ਹੋ ਸਕਦਾ। ਪਰ ਜੇ ਸਿਆਸੀ ਕਾਰਨਾਂ ਕਰਕੇ ਕੰਪਨੀਆਂ ਇਹ ਕੰਮ ਨਹੀਂ ਕਰਦੀਆਂ ਤਾਂ ਸਾਨੂੰ ਇਹ ਕੰਮ ਆਪ ਕਰ ਲੈਣੇ ਚਾਹੀਦੇ ਹਨ ਅਤੇ ਇਹ ਹੋ ਸਕਦੇ ਹਨ। ਜੇ ਮਾਤ ਭਾਸ਼ਾ ਵਿੱਚ ਨਹੀਂ ਵੀ ਕਰਨਾ ਤਾਂ ਅੰਗਰੇਜ਼ੀ ਰਾਹੀਂ ਕਰ ਲੈਣੇ ਚਾਹੀਦੇ ਹਨ। ਪਰ ਚੰਗੀ ਅੰਗਰੇਜ਼ੀ ਕਿਵੇਂ ਆਵੇ, ਇਹ ਪੂਰੇ ਲੇਖ ਵਿੱਚ ਕਾਫ਼ੀ ਦੱਸਿਆ ਗਿਆ ਹੈ। ਪਰ ਜੋ ਕੰਮ ਸ਼ਾਇਦ ਉਨ੍ਹਾਂ ਸਾਨੂੰ ਨਹੀਂ ਦੱਸਣਾ, ਉਸ ਵੱਲ ਸਾਨੂੰ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। ਉਹ ਸਾਡੇ ਦੂਜੇ ਪ੍ਰਸ਼ਨ ਦਾ ਮਸਲਾ ਹੈ। ਯਾਨੀ ਕਿ, ਪਤਾ ਲਾਉਣਾ ਕਿ ਅੰਗਰੇਜ਼ੀ ਨੂੰ ਤਿਆਗ ਕੇ ਆਪਣੀਆਂ ਭਾਸ਼ਾਵਾਂ ਵਿੱਚ ਸਿੱਖਿਆ ਦੇਣਾ ਵਿੱਤੀ ਪੱਖੋਂ ਲਾਹੇਵੰਦ ਹੋਵੇਗਾ ਕਿ ਨਹੀਂ। ਸਾਡੇ ਚੰਗੇ ਭਾਗੀਂ ਇਸ ਦਾ ਸੰਕੇਤ ਵੀ ਪ੍ਰਾਪਤ ਹੈ, ''ਤਦਾਜਿਊਸ (1977) ਦਾ ਕੀਮਤ-ਲਾਭ ਨਿਰੀਖਣ ਉਸ ਨੂੰ ਇਸ ਸਿੱਟੇ 'ਤੇ ਪਹੁੰਚਾਉਂਦਾ ਹੈ ਕਿ ਤੱਤ ਰੂਪ ਵਿੱਚ ਬਹੁਤ ਸਾਰੇ ਅਫ਼ਰੀਕੀ ਦੇਸ਼ਾਂ ਵਿੱਚ ਸਥਾਨਕ-ਭਾਸ਼ਾਈ ਸਿੱਖਿਆ ਲਾਭ ਵਾਲੀ ਹੈ।''
        ਤੇ ਫੇਰ ਭਾਰਤ ਜਾਂ ਪੰਜਾਬ ਤਾਂ ਕੋਈ ਘੱਟ ਸਾਧਨ ਭਰਪੂਰ ਨਹੀਂ ਹਨ। ਵਿਕਸਤ ਦੇਸ਼ਾਂ ਦੇ ਅਫ਼ਸਰ ਆਮ ਨਾਗਰਿਕ ਨਾਲ਼ੋਂ ਦੁੱਗਣੇ ਅਮੀਰ ਹੋਣਗੇ, ਪਰ ਸਾਡੇ ਤਾਂ ਗੁਣਾਂ ਸੈਂਕੜਿਆਂ ਨਾਲ਼ ਕਰਨੀ ਪੈਂਦੀ ਹੈ। ਸਾਡਾ ਲੁਕਵਾਂ ਧਨ ਅਣਲੁਕਵੇਂ ਧਨ ਦਾ ਚਾਲੀ ਫੀਸਦੀ ਹੈ। ਹਾਲੇ ਅਸੀਂ ਅੱਧਾ ਟੈਕਸ ਵੀ ਨਹੀਂ ਉਗਰਾਹੁੰਦੇ। ਇਸ ਲਈ ਵਿੱਤੀ ਸਰੋਤ ਕੋਈ ਵੱਡੀ ਚਿੰਤਾ ਵਾਲ਼ਾ ਵਿਸ਼ਾ ਨਹੀਂ ਹਨ।
     ਇਸ ਲੇਖ ਵਿਚਲੀ ਪੰਜਾਬੀ ਜਾਂ ਮਾਤ ਭਾਸ਼ਾਵਾਂ ਦੀ ਵਕਾਲਤ ਤੋਂ ਇਹ ਬਿਲਕੁਲ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਮੈਂ ਅੰਗਰੇਜ਼ੀ ਸਿੱਖਣ-ਸਿਖਾਉਣ ਦੇ ਹੱਕ ਵਿੱਚ ਨਹੀਂ ਹਾਂ। ਇਸ ਲਈ ਕਿ ਕੋਈ ਭੁਲੇਖਾ ਨਾ ਰਹਿ ਜਾਵੇ ਮੈਂ ਆਪਣੀਆਂ ਕੁਝ ਸਥਾਪਨਾਵਾਂ ਸਾਰ-ਰੂਪ ਵਿੱਚ ਫਿਰ ਦੁਹਰਾਉਦਾ ਹਾਂ :
       ਸਿੱਖਿਆ ਦੇ ਮਾਧਿਅਮ ਲਈ ਮਾਤ ਭਾਸ਼ਾ ਹੀ ਸਭ ਤੋਂ ਢੁੱਕਵੀਂ ਹੈ। ਗਿਆਨ, ਵਿਗਿਆਨ, ਅਤੇ ਤਕਨਾਲੋਜੀ ਦਾ ਵਿਕਾਸ ਵੀ ਮਾਤ ਭਾਸ਼ਾ ਰਾਹੀਂ ਸਿੱਖਿਆ ਦੇ ਕੇ ਹੀ ਬਿਹਤਰ ਹੋ ਸਕਦਾ ਹੈ। ਭਾਸ਼ਾ ਦਾ ਸਵਾਲ ਏਨਾ ਮਾਮੂਲੀ ਜਿਹਾ ਨਹੀਂ ਜਿਵੇਂ ਇਸਨੂੰ ਅਕਸਰ ਸਮਝ ਲਿਆ ਜਾਂਦਾ ਹੈ। ਇਸਦੇ ਪਸਾਰ ਬਹੁਤ ਹੀ ਵੱਡੇ ਹਨ ਅਤੇ ਇਸ ਸਬੰਧੀ ਫੈਸਲੇ ਦੁਨੀਆਂ ਭਰ ਵਿੱਚ ਹੋਏ ਅਧਿਐਨਾਂ ਦੀ ਰੋਸ਼ਨੀ ਵਿੱਚ ਹੀ ਲੈਣੇ ਚਾਹੀਦੇ ਹਨ। ਅੰਗਰੇਜ਼ੀ ਜ਼ਰੂਰੀ ਹੈ, ਪਰ ਚੰਗੀ ਅੰਗਰੇਜ਼ੀ ਸਿੱਖਣ ਲਈ ਮਾਤ ਭਾਸ਼ਾ ਦੀ ਭਰਪੂਰ ਸਿਖਲਾਈ ਜ਼ਰੂਰੀ ਹੈ। ਅੰਗਰੇਜ਼ੀ ਨੂੰ ਮਾਤ ਭਾਸ਼ਾ ਦਾ ਬਦਲ ਬਣਾਉਣ ਦੇ ਸਿੱਟੇ ਭਾਸ਼ਾਈ, ਸਿੱਖਿਆਵੀ, ਸਮਾਜਕ, ਸਿਆਸੀ, ਅਤੇ ਸੱਭਿਆਚਾਰਕ ਆਦਿ ਹਰ ਪੱਖੋਂ ਅਤਿ ਭਿਆਨਕ ਹੋਣਗੇ।
      ਅੰਤ ਵਿੱਚ ਆਪਣੀ ਚਿੰਤਾ ਇੱਕ ਵਾਰ ਫਿਰ ਪੇਸ਼ ਕਰਨੀ ਚਾਹਵਾਂਗਾ। ਸਭ ਭਾਸ਼ਾ ਵਿਗਿਆਨਕ ਅਧਿਐਨ ਇਸ ਨਤੀਜੇ 'ਤੇ ਪਹੁੰਚਦੇ ਹਨ ਕਿ ਭਾਸ਼ਾ ਦੇ ਗ੍ਰਹਿਣ ਜਾਂ ਤਿਆਗਣ ਵਿੱਚ ਕਿਸੇ ਲੋਕਸਮੂਹ ਦਾ ਉਸ ਪ੍ਰਤੀ ਰਵੱਈਆ ਅਤਿਅੰਤ ਮਹੱਤਵਪੂਰਣ ਹੈ ਅਤੇ ਜਿਸ ਭਾਸ਼ਾਈ ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਹਰ ਪਾਸੇ ਮਿਲਦਾ ਹੈ, ਉਸ ਤੋਂ ਪੰਜਾਬੀ ਦੇ ਇੱਕ ਸਥਾਪਤ ਭਾਸ਼ਾ ਵਜੋਂ ਭੋਗ ਪੈਣ ਦਾ ਖਤਰਾ ਅਸਲੀ ਹੈ। ਇਸਦੇ ਲਾਭ ਅਤੇ ਹਾਨੀਆਂ ਦਾ ਲੇਖਾ-ਜੋਖਾ ਹੀ ਇਸ ਲੇਖ ਦਾ ਕੇਂਦਰ ਬਿੰਦੂ ਹੈ।
      ਅੰਗਰੇਜ਼ੀ ਨੂੰ ਵੀ ਅਟੱਲ ਅਤੇ ਸਦੀਵੀ ਸੱਚਾਈ ਨਹੀਂ ਸਮਝ ਲਿਆ ਜਾਣਾ ਚਾਹੀਦਾ। ਜੇ ਕੱਲ੍ਹ ਨੂੰ ਯੂਰਪੀਨ ਕਮਿਊਨਿਟੀ ਅਮਰੀਕਾ ਨੂੰ ਠਿੱਬੀ ਲਾ ਜਾਵੇ ਤਾਂ ਸਾਡੀ ਸ਼ਰਧਾ ਦੀਆਂ ਪਾਤਰ ਫਰਾਂਸੀਸੀ ਅਤੇ ਜਰਮਨੀ ਨੇ ਹੋ ਜਾਣਾ ਹੈ। ਇਸ ਸੰਭਾਵਨਾ ਲਈ ਵੀ ਮਾਨਸਿਕ ਥਾਂ ਛੱਡਣੀ ਚਾਹੀਦੀ ਹੈ।


5. ਭਾਸ਼ਾਈ ਪਾੜੇ ਦੇ ਸਿੱਟੇ :
   ਭਾਸ਼ਾ ਦੇ ਗਿਆਨਮੁਖੀ ਕਾਰਜ ਤੋਂ ਹੁਣ ਅਸੀਂ ਭਾਸ਼ਾ ਦੇ ਸੰਚਾਰਮੁਖੀ ਕਾਰਜਾਂ ਵੱਲ ਆਉਂਦੇ ਹਾਂ। ਇੱਥੇ ਵੀ ਭਾਰਤਵਾਸੀ ਇੱਕ ਬਹੁਪ੍ਰਸੰਗੀ ਸਥਿਤੀ ਵਿੱਚ ਹਨ। ਇਹ ਪ੍ਰਸੰਗ ਖੇਤਰੀ, ਭਾਰਤੀ ਅਤੇ ਕੌਮਾਂਤਰੀ ਹਨ। ਖੇਤਰੀ ਪ੍ਰਸੰਗ ਵਿੱਚ ਖੇਤਰੀ ਭਾਸ਼ਾਵਾਂ ਦਾ ਕੋਈ ਬਦਲ ਨਹੀਂ ਹੋ ਸਕਦਾ। ਇਹ ਕੌਮੀ ਪਛਾਣ, ਸਾਹਿਤ, ਸੱਭਿਆਚਾਰ ਅਤੇ ਵਿਰਸੇ ਨਾਲ਼ ਸਬੰਧਾਂ ਕਰਕੇ ਵੀ ਹੈ। ਪਰ ਏਥੇ ਇੱਕ ਸਥਿਤੀ (ਸੰਚਾਰ ਸੰਕਟ ਦੀ ਸਥਿਤੀ) ਦਾ ਜ਼ਿਕਰ ਜ਼ਰੂਰੀ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਪੈਦਾ ਹੋ ਰਹੀ ਹੈ ਅਤੇ ਜਿਸ ਵੱਲ ਮੈਂ ਕਈ ਸਾਲਾਂ ਤੋਂ (ਵੇਖੋ, ਜੋਗਾ ਸਿੰਘ, 2003) ਉਂਗਲ ਕਰਦਾ ਆ ਰਿਹਾ ਹਾਂ ਅਤੇ ਜੋ ਹੁਣ ਤਿੱਖੇ ਰੂਪ ਵਿੱਚ ਵੀ ਸਾਹਮਣੇ ਆਉਣ ਲੱਗੀ ਹੈ। ਪੰਜਾਬੀ ਟ੍ਰਿਬਿਊਨ (28 ਫਰਵਰੀ, 2005) 'ਚੋਂ ਹੇਠਲੀ ਖ਼ਬਰ ਇਸ ਦੇ ਪ੍ਰਮਾਣ ਲਈ ਕਾਫ਼ੀ ਹੋਵੇਗੀ :

“ਅੰਗਰੇਜ਼ ਯੂਨਾਨੀ ਵੱਲੋਂ ਕੇਂਦਰ ਸ਼ਾਸ਼ਤ ਰਾਜ ਦੇ ਪਿੰਡਾਂ ਬਾਰੇ :
ਚੰੜੀਗੜ੍ਹ, ਫਰਵਰੀ, 27 - ਕੇਂਦਰ ਸ਼ਾਸ਼ਤ ਰਾਜ ਦੇ ਪਿੰਡਾਂ ਦੀ ਮੁੱਖ ਤੌਰ 'ਤੇ ਪੰਜਾਬੀ ਬੋਲਣ ਵਾਲ਼ੀ ਪੇਂਡੂ ਅਬਾਦੀ ਨੂੰ ਸਰਕਾਰ ਨਾਲ਼ ਆਪਣੀ ਭਾਸ਼ਾ 'ਚ ਗੱਲਬਾਤ ਕਰ ਸਕਣ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ। ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਵੱਖ-ਵੱਖ ਮਹਿਕਮਿਆਂ ਅਤੇ ਪੰਚਾਇਤੀ ਰਾਜ ਐਕਟ ਅਧੀਨ ਖੜ੍ਹੀਆਂ ਕੀਤੀਆਂ ਗਈਆਂ ਦੋ ਸੰਸਥਾਵਾਂ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਵਿਚਾਲੇ ਸਹੀ ਤਰੀਕੇ ਨਾਲ਼ ਹੋਣ ਵਾਲ਼ਾ ਰਾਬਤਾ ਸਭ ਤੋਂ ਪਹਿਲਾ ਸ਼ਿਕਾਰ ਬਣਦਾ ਹੈ।
     ਇਸ ਤੱਥ ਉੱਤੇ ਪੰਚਾਇਤ ਸਮਿਤੀ ਦੀ ਬਿਲਕੁਲ ਹੁਣੇ ਮੀਟਿੰਗ ਦੌਰਾਨ ਖਾਸ ਤਵੱਜੋ ਦਿੱਤੀ ਗਈ। ਇਸ ਸੰਬੰਧ 'ਚ 15-ਮੈਂਬਰੀ ਸਮਿਤੀ ਨੇ ਪ੍ਰਸ਼ਾਸ਼ਨ ਨਾਲ਼ ਰਾਬਤਾ ਕਾਇਮ ਕਰਨ ਲਈ ਪੰਜਾਬੀ ਨੂੰ ਅਧਿਕਾਰਤ ਭਾਸ਼ਾ ਬਣਾਉਣ ਦੀ ਮੰਗ ਕਰਦਾ ਹੋਇਆ ਮਤਾ ਪਾਸ ਕੀਤਾ। ਮਤੇ ਨੂੰ ਮਨਜ਼ੂਰੀ ਲਈ ਪ੍ਰਸ਼ਾਸ਼ਨ ਕੋਲ ਭੇਜ ਦਿੱਤਾ ਗਿਆ ਹੈ।
   ਫਿਲਹਾਲ ਵੱਖ-ਵੱਖ ਪ੍ਰੋਜੈਕਟਾਂ ਤੇ ਸਕੀਮਾਂ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦੇਣ ਲਈ ਪ੍ਰਸ਼ਾਸ਼ਨ ਵੱਲੋਂ ਅੰਗਰੇਜ਼ੀ ਦੀ ਵਰਤੋਂ ਕੀਤੀ ਜਾ ਰਹੀ ਸੀ।
   ਪੰਚਾਇਤ ਸਮਿਤੀਆਂ ਤੇ ਜ਼ਿਲਾ ਪ੍ਰੀਸ਼ਦਾਂ 'ਚ ਇਹ ਇਹਨਾਂ ਸੰਸਥਾਵਾਂ ਦੀ ਕਾਇਮੀ ਦੇ ਵੇਲੇ ਤੋਂ ਹੀ ਹੋ ਰਿਹਾ ਹੈ। ਅਸਲੀਅਤ ਵਿੱਚ, ਭਾਸ਼ਾ ਪੇਂਡੂ ਅਬਾਦੀ ਨੂੰ ਪੰਚਾਇਤੀ ਰਾਜ ਕਨੂੰਨ ਦੀਆਂ ਧਾਰਾਵਾਂ ਤੋਂ ਜਾਣੂ ਕਰਵਾਉਣ ਦੇ ਰਾਹ 'ਚ ਅੜਿੱਕਾ ਬਣਦੀ ਹੈ।
ਟ੍ਰਿਬਿਊਨ ਨਾਲ਼ ਗੱਲ ਕਰਦੇ ਹੋਏ ਪੰਚਾਇਤ ਸਮਿਤੀ ਦੇ ਚੇਅਰਮੈਨ ਸ਼੍ਰੀ ਦੀਦਾਰ ਸਿੰਘ ਨੇ ਕਿਹਾ ਕਿ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਅਪਣਾਉਣ ਸਬੰਧੀ ਮਤੇ ਨੂੰ ਸਰਬਸੰਮਤੀ ਨਾਲ਼ ਪਾਸ ਕੀਤਾ ਗਿਆ। ਇਸ ਨਾਲ਼ ਸਮਿਤੀ ਦੇ ਮੈਂਬਰਾਂ ਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵਿਚਾਲੇ ਰਾਬਤੇ 'ਚ ਸੁਧਾਰ ਆਵੇਗਾ।
      ਕੁਝ ਮੈਂਬਰਾਂ ਨੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਉਨ੍ਹਾਂ ਨੂੰ ਸਮਿਤੀ ਦੀ ਮੀਟਿੰਗ ਦਾ ਏਜੰਡਾ ਭੇਜਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਹੋਰਨਾਂ ਕੋਲ ਜਾਣਾ ਪੈਂਦਾ ਹੈ ਜਿਨ੍ਹਾਂ ਨੂੰ ਅੰਗਰੇਜ਼ੀ ਦੀ ਚੰਗੀ ਸਮਝ ਹੈ। ਸਮਿਤੀ ਦੇ ਬਹੁਤ ਸਾਰੇ ਮੈਂਬਰ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਜਾਣਦੇ।
    “ਅਸੀਂ ਆਪਣੀਆਂ ਮੰਗਾਂ ਦੀ ਕਿਸਮਤ ਬਾਰੇ ਕੁਝ ਨਹੀਂ ਜਾਣਦੇ ਹੁੰਦੇ ਕਿਉਂਕਿ ਉਨ੍ਹਾਂ ਨੂੰ ਮੰਨਣ ਦੀ ਸੂਚਨਾ ਅੰਗਰੇਜ਼ੀ ਵਿੱਚ ਦਿੱਤੀ ਜਾਂਦੀ ਹੈ'', ਸਮਿਤੀ ਦੇ ਮੈਂਬਰ ਸ਼ਿੰਗਾਰਾ ਸਿੰਘ ਨੇ ਕਿਹਾ।
   ਉਦਾਹਰਣ ਦਿੰਦੇ ਹੋਏ ਸ਼੍ਰੀ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪ੍ਰਸ਼ਾਸ਼ਨ ਨੇ ਪੰਚਾਇਤੀ ਰਾਜ ਨਾਲ਼ ਸੰਬੰਧਿਤ ਕਿਤਾਬਾਂ ਦਿੱਤੀਆਂ ਜਿਹੜੀਆਂ ਅੰਗਰੇਜ਼ੀ 'ਚ ਲਿਖੀਆਂ ਹੋਈਆਂ ਸਨ। ਸਾਨੂੰ ਪੰਜਾਬੀ 'ਚ ਲਿਖੀਆਂ ਕਿਤਾਬਾਂ ਦਾ ਇੰਤਜ਼ਾਮ ਕਰਨਾ ਪਿਆ।
     ਡਿਪਟੀ ਕਮਿਸ਼ਨਰ ਸ਼੍ਰੀ ਅਰੁਣ ਕੁਮਾਰ ਨੇ ਕਿਹਾ ਕਿ ਭਾਵੇਂ ਉਹਨਾਂ ਨੇ ਪੰਚਾਇਤ ਸਮਿਤੀ ਦੇ ਮਤੇ ਨੂੰ ਅਜੇ ਨਹੀਂ ਦੇਖਿਆ ਪਰ ਉਹ ਸਬੰਧਿਤ ਕਨੂੰਨੀ ਧਾਰਾਵਾਂ ਨੂੰ ਵਾਚਣ ਤੋਂ ਬਾਅਦ ਇਸ ਉੱਤੇ ਹਮਦਰਦੀ ਨਾਲ਼ ਵਿਚਾਰ ਕਰਨਗੇ।''
ਇਸੇ ਤਰ੍ਹਾਂ ਦਾ ਇੱਕ ਪ੍ਰਮਾਣ 15 ਮਾਰਚ, 2006 ਦੇ ਦੇਸ਼ ਸੇਵਕ ਦੀ ਸੰਪਾਦਕੀ ਤੋਂ ਮਿਲਦਾ ਹੈ :



“ਖੁਲ੍ਹੀ ਜੇਲ੍ਹ ਤੇ ਅਦਾਲਤੀ ਭਾਸ਼ਾ ਦਾ ਸਵਾਲ''
ਹਾਲ ਹੀ 'ਚ ਤਿਹਾੜ ਜੇਲ ਦੇ ਕੈਦੀਆਂ ਨੇ ਡਾਇਰੈਕਟਰ ਜਨਰਲ, ਦਿੱਲੀ ਜੇਲ੍ਹਾਂ ਨਾਲ਼ ਹੋਈ ਆਪਣੀ ਮਹਾਂ-ਪੰਚਾਇਤ 'ਚ ਦੋ ਮਹੱਤਵਪੂਰਣ ਮੰਗਾਂ ਉਠਾਈਆਂ ਹਨ। ਇਨ੍ਹਾਂ 'ਚੋਂ ਪਹਿਲੀ ਮੰਗ ਕੈਦੀਆਂ ਲਈ ਖੁੱਲ੍ਹੀ ਜੇਲ੍ਹ ਦੀ ਸਥਾਪਨਾ ਨਾਲ਼ ਸਬੰਧਤ ਹੈ ਅਤੇ ਦੂਜੀ ਅਦਾਲਤਾਂ 'ਚ ਹਿੰਦੀ ਭਾਸ਼ਾ ਦੀ ਵਰਤੋਂ ਨਾਲ਼। ਕੈਦੀਆਂ ਦਾ ਤਰਕ ਹੈ ਕਿ ਅਦਾਲਤਾਂ 'ਚ ਸੰਚਾਰ ਮਾਧਿਅਮ ਅੰਗਰੇਜ਼ੀ ਭਾਸ਼ਾ ਹੋਣ ਕਰਕੇ ਕੇਸਾਂ ਦੀ ਸੁਣਵਾਈ ਸਮੇਂ ਕੀ ਰਿੱਝਦਾ ਪੱਕਦਾ ਹੈ, ਇਸ ਬਾਰੇ ਉਨ੍ਹਾਂ ਨੂੰ ਕੁਝ ਵੀ ਸਮਝ 'ਚ ਨਹੀਂ ਆਉਂਦਾ। ਉਹ ਮੂਕ ਦਰਸ਼ਕ ਹੀ ਬਣੇ ਰਹਿੰਦੇ ਹਨ। ਖੁੱਲ੍ਹੀਆਂ ਜੇਲ੍ਹਾਂ ਦੀ ਉਸਾਰੀ ਦੇ ਮੁੱਦੇ ਨੂੰ ਉਨ੍ਹਾਂ ਸਾਰੇ ਪਹਿਲੂਆਂ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਜੋ ਸਾਡੇ ਅਜੋਕੇ ਜੇਲ੍ਹ ਪ੍ਰਬੰਧ ਨਾਲ਼ ਜੁੜੇ ਹੋਏ ਹਨ। ਇਨ੍ਹਾਂ ਪਹਿਲੂਆਂ 'ਚ ਜੇਲ੍ਹਾਂ ਨੂੰ ਘੁਣ ਵਾਂਗ ਖਾ ਰਹੇ ਭ੍ਰਿਸ਼ਟਾਚਾਰ ਅਤੇ ਅਪਰਾਧੀ ਕੈਦੀਆਂ ਨੂੰ ਜੇਲ੍ਹ ਅਧਿਕਾਰੀਆਂ ਤੇ ਧਨਾਢ ਸਿਆਸੀ ਆਕਾਵਾਂ ਦੀ ਸਰਪ੍ਰਸਤੀ ਦਾ ਘਿਣਾਉਣਾ ਦ੍ਰਿਸ਼ ਪਹਿਲੀ ਨਜ਼ਰੇ ਹੀ ਸਾਹਮਣੇ ਆ ਜਾਂਦਾ ਹੈ। ਇਹ ਸਭ ਘੋਰ ਬੁਰਾਈਆਂ ਹਨ, ਜਿਨ੍ਹਾਂ ਤੋਂ ਨਿਜਾਤ ਪਾਏ ਬਿਨਾਂ ਕਿਸੇ ਪ੍ਰਕਾਰ ਦੇ ਵੀ ਜੇਲ੍ਹ ਸੁਧਾਰ ਦੀ ਆਸ ਕਰਨਾ ਨਿਰਮੂਲ ਹੈ।''
   ਉਪਰੋਕਤ ਖ਼ਬਰਾਂ ਆਉਣ ਵਾਲ਼ੇ ਤੂਫ਼ਾਨ ਜਾਂ ਤੂਫ਼ਾਨੀ ਭਾਸ਼ਾਈ ਸੰਚਾਰ ਸੰਕਟ ਦਾ ਮੇਰੇ ਖ਼ਿਆਲ ਵਿੱਚ ਸਮਝ ਸਕਣ ਵਾਲ਼ੇ ਲਈ ਕਾਫ਼ੀ ਸਪੱਸ਼ਟ ਸੰਕੇਤ ਦਿੰਦੀਆਂ ਹਨ।

6. ਭਾਰਤ ਵਿੱਚ ਸੰਚਾਰ ਦੀ ਭਾਸ਼ਾ :
ਭਾਰਤੀ ਪ੍ਰਸੰਗ ਵਿੱਚ ਕਿਹੜੀ ਭਾਸ਼ਾ ਭਾਰਤੀਆਂ ਦੀ ਮੰਡੀ ਦੀ ਜਾਂ ਸੰਚਾਰ ਦੀ ਭਾਸ਼ਾ ਹੋਵੇਗੀ ਇਸ ਦਾ ਪਤਾ ਹੇਠਲੀ ਖ਼ਬਰ (ਦ ਟ੍ਰਿਬਿਊਨ, ਅਪ੍ਰੈਲ 6, 2006) ਦੇਂਦੀ ਹੈ :
   “ਮਾਨਸਾ, ਅਪ੍ਰੈਲ 5 - ਇਸ ਸ਼ਹਿਰ ਦੇ ਲੋਕ ਪੰਜਾਬੀ ਬੋਲਦੇ ਹਨ ਅਤੇ ਉਹ ਵੀ ਪੰਜਾਬ ਦੇ ਮਾਲਵਾ ਇਲਾਕੇ ਦੀ ਖਾਸੀਅਤ ਮੰਨੀ ਜਾਂਦੀ ਉਪਬੋਲੀ। ਪਰ ਜੋ ਚੀਜ਼ ਕਿਸੇ ਨੂੰ ਹੈਰਾਨ ਕਰ ਸਕਦੀ ਹੈ ਉਹ ਹੈ ਇੱਥੇ ਦੇ ਬੱਸ ਅੱਡੇ ਦੇ ਇਰਦ-ਗਿਰਦ ਅਜਿਹੀਆਂ ਦੁਕਾਨਾਂ ਦੀ ਵਧ ਰਹੀ ਗਿਣਤੀ ਜਿਹਨਾਂ ਨੇ ਆਪਣੇ ਬੋਰਡ ਹਿੰਦੀ 'ਚ ਲਿਖੇ ਹਨ।
     ਪੁੱਛਣ 'ਤੇ ਪਤਾ ਚੱਲਿਆ ਕਿ ਇਹ ਸ਼ਹਿਰ ਕਣਕ ਤੇ ਹੋਰ ਫਸਲਾਂ ਦੀ ਕਟਾਈ ਲਈ ਕੰਮ ਆਉਂਦੇ ਰੀਪਰ ਖਰੀਦਣ ਲਈ ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨਾਂ ਦੀ ਪਹਿਲੀ ਪਸੰਦ ਹੈ।
      “ਮੰਡੀ ਦੀਆਂ ਤਾਕਤਾਂ ਨੇ ਸਾਨੂੰ ਆਪਣੇ ਬੋਰਡ ਹਿੰਦੀ 'ਚ ਟੰਗਣ ਲਈ ਮਜ਼ਬੂਰ ਕਰ ਦਿੱਤਾ ਹੈ। ਸਾਡੇ ਕੋਲੋਂ ਰੀਪਰ ਖਰੀਦਣ ਆਉਂਦੇ ਬਹੁਤੇ ਕਿਸਾਨ ਤੇ ਡੀਲਰ ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਤੇ ਹੋਰ ਮੱਧ ਭਾਰਤ ਸੂਬਿਆਂ ਤੋਂ ਆਉਂਦੇ ਹਨ। ਕਿਉਂਕਿ ਉਹ ਪੰਜਾਬੀ ਨਹੀਂ ਸਮਝ ਸਕਦੇ, ਅਸੀਂ ਉਨ੍ਹਾਂ ਦੀ ਸਹੂਲਤ ਲਈ ਹਿੰਦੀ 'ਚ ਵੀ ਬੋਰਡ ਟੰਗਵਾ ਦਿੱਤੇ ਹਨ'', ਸ਼ਹਿਰ ਦੇ ਇੱਕ ਮੁੱਖ ਰੀਪਰ ਨਿਰਮਾਤਾ ਸੁਖਵਿੰਦਰ ਸਿੰਘ ਨੇ ਕਿਹਾ।''
     ਜਿਥੋਂ ਤੱਕ ਪੰਜਾਬੀ ਅਤੇ ਦੂਜੇ ਭਾਰਤੀ ਨਾਗਰਿਕਾਂ ਨਾਲ਼ ਅਦਾਨ-ਪ੍ਰਦਾਨ ਦਾ ਸਵਾਲ ਹੈ, ਦੋ ਭਾਸ਼ਾਵਾਂ ਪ੍ਰਵਾਨਗੀ ਪ੍ਰਾਪਤ ਕਰਨ ਲਈ ਆਪਸ ਵਿੱਚ ਖਹਿ ਰਹੀਆਂ ਹਨ। ਇਹ ਭਾਸ਼ਾਵਾਂ ਹਨ - ਹਿੰਦੀ ਅਤੇ ਅੰਗਰੇਜ਼ੀ। ਪਰ ਭਾਸ਼ਾਈ ਦ੍ਰਿਸ਼ਟੀਕੋਣ ਤੋਂ ਹਿੰਦੀ ਨੂੰ ਨਿਮਨ ਤਰਕਸੰਗਤ ਅਧਾਰ ਪ੍ਰਾਪਤ ਹਨ :

1.  ਆਮ ਕਲਪਨਾ ਭਾਵੇਂ ਕੁਝ ਵੀ ਕੀਤੀ ਜਾਂਦੀ ਹੋਵੇ, ਸੱਚਾਈ ਇਹ ਹੈ ਕਿ ਭਾਰਤ ਵਿੱਚ ਹਿੰਦੀ ਦੇ ਮੁਕਾਬਲੇ ਅੰਗਰੇਜ਼ੀ ਦੇ
    ਬੁਲਾਰੇ ਅਤਿ ਨਿਗੂਣੀ ਮਾਤਰਾ ਵਿੱਚ ਹਨ ਅਤੇ ਮੈਨੂੰ ਨਹੀਂ ਲੱਗਦਾ ਕਿ 2050 ਤੱਕ 20 ਫੀਸਦੀ ਤੋਂ ਜ਼ਿਆਦਾ ਭਾਰਤੀ
    ਮੌਜੂਦਾ ਹੋ ਰਹੀਆਂ ਕੋਸ਼ਿਸ਼ਾਂ ਨਾਲ਼ ਅੰਗਰੇਜ਼ੀ ਵਿੱਚ ਸੰਵਾਦ ਰਚਾ ਸਕਣਗੇ।

2. ਪੰਜਾਬੀ ਅਤੇ ਹਿੰਦੀ ਦਾ ਅਤਿਅੰਤ ਨੇੜਲਾ ਭਾਸ਼ਾਈ ਰਿਸ਼ਤਾ ਹੈ। ਦੋਹਾਂ ਭਾਸ਼ਾਵਾਂ ਵਿਚਕਾਰ ਸ਼ਬਦਾਵਲੀ ਅਤੇ ਵਾਕ ਬਣਤਰ
    ਦੀਆਂ ਪੱਧਰਾਂ ਤੇ ਬਹੁਤ ਨੇੜਵਾਂ ਸੰਬੰਧ ਹੈ, ਇਸ ਲਈ ਪੰਜਾਬੀ ਬੁਲਾਰਾ ਹਿੰਦੀ 'ਤੇ ਮੁਹਾਰਤ ਸਹਿਜੇ ਹੀ ਪ੍ਰਾਪਤ ਕਰ
    ਸਕਦਾ ਹੈ।

3. ਪੰਜਾਬੀ ਬੁਲਾਰਿਆਂ ਲਈ ਹਿੰਦੀ 'ਤੇ ਮੁਹਾਰਤ ਹਾਸਲ ਕਰਨ ਲਈ ਸੰਸਥਾਗਤ ਆਧਾਰ ਤੋਂ ਇਲਾਵਾ ਗਹਿਰਾ ਭਾਸ਼ਾਈ
    ਪ੍ਰਸੰਗ ਵੀ ਮੌਜੂਦ ਹੈ ਜੋ ਕੋਈ ਭਾਸ਼ਾ ਸਿੱਖਣ ਲਈ ਸੰਸਥਾਗਤ ਆਧਾਰ ਤੋਂ ਵੀ ਬਹੁਤ ਜ਼ਿਆਦਾ ਮਹੱਤਵਪੂਰਣ ਹੈ। ਪਰ
    ਅੰਗਰੇਜ਼ੀ ਲਈ ਅਜਿਹਾ ਭਾਸ਼ਾਈ ਪ੍ਰਸੰਗ ਹਾਸਲ ਨਹੀਂ ਹੈ।

4. ਪੰਜਾਬੀ ਭਾਸ਼ਾ ਵਿੱਚ ਵੱਡੇ ਭਾਸ਼ਾਈ ਸ੍ਰੋਤ ਤਿਆਰ ਕਰਨ ਲਈ ਵੀ ਹਿੰਦੀ ਦੀ ਚੋਣ ਅੰਗਰੇਜ਼ੀ ਨਾਲ਼ੋਂ ਵਧੇਰੇ ਲਾਹੇਵੰਦ ਹੈ
    ਕਿਉਂਕਿ ਹਿੰਦੀ ਅਤੇ ਪੰਜਾਬੀ ਦੇ ਮਾਦਰੀ ਸਰੋਤ ਵੀ ਸਾਂਝੇ ਹਨ ਅਤੇ ਸ਼ਬਦ ਬਣਤਰ ਪੱਖੋਂ ਵੀ ਦੋਵੇਂ ਭਾਸ਼ਾਵਾਂ ਇੰਨੀਆਂ ਨੇੜੇ
    ਹਨ ਕਿ ਦੋਹਾਂ ਦੇ ਸਰੋਤਾਂ ਨੂੰ ਥੋੜ੍ਹੀ ਕੋਸ਼ਿਸ਼ ਨਾਲ਼ ਇੱਕ-ਦੂਜੀ ਵਿੱਚ ਪਲਟਾਇਆ ਜਾ ਸਕਦਾ ਹੈ। ਪਰ ਅੰਗਰੇਜ਼ੀ ਬਾਰੇ
    ਅਜਿਹਾ ਕੁਝ ਨਹੀਂ ਕਿਹਾ ਜਾ ਸਕਦਾ।

7. ਬਹੁਤ ਮਹੱਤਵਪੂਰਨ :
''ਪਰ ਭਾਸ਼ਾਵਾਂ ਦਾ ਪਤਣ ... ਵਿੱਦਿਆ ਢਾਂਚੇ 'ਚ ਸਥਾਨਕ ਬੋਲੀਆਂ ਨੂੰ ਜਗ੍ਹਾ ਨਾ ਮਿਲਣ ਕਰਕੇ ਵੀ ਹੋ ਰਿਹਾ ਹੈ। ਘੱਟਗਿਣਤੀ ਦੀਆਂ ਬੋਲੀਆਂ ਨੂੰ ਤੇ ਨਾਲ਼ ਹੀ ਉਹਨਾਂ ਦੇ ਸੱਭਿਆਚਾਰ ਨੂੰ ਸਾਂਭਣ 'ਚ ਸਕੂਲਾਂ ਦੀ ਅਹਿਮ ਭੂਮਿਕਾ ਹੁੰਦੀ ਹੈ।'' ਏਕਰਟ ਤੇ ਸਾਥੀ, 2006.

***
ਲੇਖਕ : ਡਾ. ਜੋਗਾ ਸਿੰਘ, ਐਮ.ਏ., ਐਮ.ਫ਼ਿਲ, ਪੀਐਚ.ਡੀ. ਯੂਨੀਵਰਸਿਟੀ ਆਫ਼ ਯੌਰਕ, ਯੌਰਕ (ਯੂ.ਕੇ.)
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਪ੍ਰੋਫੈਸਰ ਹਨ।
ਸੰਪਰਕ (ਵਟਸਐਪ) : 991570952, 9988531582