ਲੋੜ ਹੈ - ਗੁਰਚਰਨ ਨੂਰਪੁਰ

ਸੱਤਾ ਨੂੰ ਲੋੜ ਹੈ ਕਿ
ਸੋਚ ਵਿਚਾਰ ਤੇ ਬੋਲਣ ਨੂੰ ਗੁਨਾਹ ਮੰਨਿਆ ਜਾਵੇ।
ਲੋਕ ਫਿਰਕੂ ਰੰਗ ਵਿੱਚ ਰੰਗ ਦਿੱਤੇ ਜਾਣ
ਤੇ ਰਾਮ ਰਹੀਮ ਨੂੰ ਆਪਸ ਵਿੱਚ ਲੜਾਇਆ ਜਾਵੇ।
ਫਿਰ ਲੋੜ ਹੈ ਕਿ
ਰਮੇਸ਼ ਤੇ ਰਸ਼ੀਦ ਇੱਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ।
ਉੱਪਰ ਉਠਣ ਦੀ ਬਜਾਏ ਜੁੜ ਜਾਣ ਰੋਜ਼ਗਾਰ ਮੰਗਦੇ ਹੱਥ।
ਤੇ ਕੰਮ ਦੀ ਬਜਾਇ ਲਾਇਨਾਂ ਵਿੱਚ ਲੱਗ ਜਾਣ ਲੋਕ।

ਫਿਰ ਲੋੜ ਹੈ ਕਿ
ਧਰਤੀ ਲਾਲ ਤੇ ਅਸਮਾਨ ਕਾਲੇ ਰੰਗ ਦੇ ਨਜ਼ਰ ਆਉਣ
ਇਤਿਹਾਸ ਦੇ ਵਰਕਿਆਂ ਤੇ ਲਹੂ ਡੋਹਲ ਦਿੱਤਾ ਜਾਵੇ
ਤੇ ਇਹਨੂੰ ਦੁਬਾਰਾ ਆਪਣੇ ਰੰਗ ਨਾਲ ਲਿਖਿਆ ਜਾਵੇ।

ਫਿਰ ਲੋੜ ਹੈ ਕਿ
ਲਿਖਣ ਤੇ ਮੂੰਹ ਖੋਲਣ ਤੇ ਪਾਬੰਦੀ ਲੱਗੇ
ਲੋਕਾਂ ਦੇ ਇਕੱਠੇ ਰਹਿਣ ਬਹਿਣ ਤੇ ਰੋਣ ਦੀ ਮਨਾਹੀ ਹੋਵੇ।
ਤੇ ਅਜਿਹਾ ਕਰਦੇ ਲੋਕਾਂ ਨੂੰ ਗਹਿਰੇ ਸਦਮੇਂ ਦਿੱਤੇ ਜਾਣ

ਇਹ ਸਭ ਜਰੂਰੀ ਵੀ ਹੈ
ਇਸ ਤੋਂ ਪਹਿਲਾਂ ਕਿ
ਆਪਣੇ ਗਲ ਵਿੱਚ ਫਾਹਾ ਪਾਉਣ ਵਾਲੇ ਹੱਥ...ਤੇ ਡਿਗਰੀਆਂ ਵਾਲੇ ਹੱਥ
ਮੁੱਕੇ ਬਣ ਹਵਾ ਵਿੱਚ ਲਹਿਰਾਉਣ ਲੱਗ ਪੈਣ

ਇਸ ਤੋਂ ਪਹਿਲਾਂ ਕਿ
ਆਪਣੀ ਆਬਰੂ ਬਚਾਉਣ ਲਈ ਗੁੰਡਿਆਂ ਨਾਲ ਲੜਦੀ
ਅੱਗ ਦੀਆਂ ਲਾਟਾਂ ਵਿੱਚ ਲਿਪਟੀ ਕੁੜੀ ਦੀ ਆਵਾਜ ਬਿਜਲੀ ਬਣ ਕੜਕਣ ਲੱਗ ਪਏ।

ਇਸ ਤੋਂ ਪਹਿਲਾਂ ਕਿ
ਗੁੰਡਾਗਰਦੀ ਖਿਲਾਫ ਖੜ੍ਹੇ ਹੋ ਜਾਣ ਹਜਾਰਾਂ ਹੀ ਸਵਾਲ
ਲੋਕ ਇਸ ਦੇਸ਼ ਦੀ ਮਿੱਟੀ ਨੂੰ ਪੁਰਖਿਆਂ ਦੀ ਮਿੱਟੀ ਕਹਿਣ
ਤੇ ਬੇਰੁਜਗਾਰ ਆਪਣੇ ਹੱਕਾਂ ਦੀ ਗੱਲ ਕਰਨ ਲੱਗਣ

ਇਸ ਤੋਂ ਪਹਿਲਾਂ ਕਿ
'ਭਾਤ' ਮੰਗਦਿਆਂ ਕੋਈ ਸ਼ੰਤੋਸ਼ੀ ਭੁੱਖ ਨਾਲ ਮਰ ਜਾਵੇ
ਤੇ ਇਸ ਲਈ ਸੱਤਾ ਨੂੰ ਕੋਈ ਇਹ ਸਵਾਲ ਕਰੇ
ਤੇ ਕੋਈ ਇਸ ਖਬਰ ਨੂੰ ਹਵਾ ਦੇਵੇ
ਬੜਾ ਜਰੂਰੀ ਹੈ
ਸੋਚਣ ਵਿਚਾਰਨ ਨੂੰ ਗੁਨਾਹ ਮੰਨਿਆ ਜਾਵੇ
ਏਕਤਾ ਦੀ ਗੱਲ ਕਰਦੀ ਹਰ ਜੁਬਾਨ ਨੂੰ ਦੇਸ਼ ਧਿਰੋਹੀ ਕਿਹਾ ਜਾਵੇ।
ਤੇ ਦੇਸ਼ ਦੇ ਹਰ ਚੱਪੇ ਨੂੰ
ਧਰਮ ਦੇ ਫਿਰਕੂ ਰੰਗ ਵਿੱਚ ਰੰਗਿਆ ਜਾਵੇ
ਤਾਂ ਕਿ ਲੋਕ
ਅਨਿਆਂ, ਭੁੱਖ, ਬੇਰੁਜ਼ਗਾਰੀ ਤੇ ਬੱਚਿਆਂ ਦੇ
ਭਵਿੱਖ ਦੀ ਗੱਲ ਛੱਡ
ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਨਿਕਲ ਪੈਣ ਸੜਕਾਂ ਤੇ।
ਸੱਤਾ ਨੂੰ ਬੰਦਿਆਂ ਦੀ ਨਹੀਂ ਬਲਕਿ ਤੋਤਿਆਂ ਦੀ ਲੋੜ ਹੈ
ਅਤੇ ਤੋਤਿਆਂ ਦਾ ਧਰਮ ਹੈ ਕਿ
ਉਹ ਮਾਲਕ ਦੀ ਬੋਲੀ ਬੋਲਣ
ਲੋੜ ਹੈ ਕਿ
ਜਬਰ ਜੁਲਮ ਖਿਲਾਫ ਬੋਲਦੀ ਹਰ ਜੁਬਾਨ
ਨੂੰ ਦੇਸ਼ ਧਿਰੋਹੀ ਕਿਹਾ ਜਾਵੇ।
ਸੋਚਣ ਵਿਚਾਰਨ ਤੇ ਬੋਲਣ ਨੂੰ ਗੁਨਾਹ ਮੰਨਿਆ ਜਾਵੇ।