ਸਾਹਿਤ ਅਕਾਡਮੀ ਦਾ ਇਨਾਮ ਮਿਲਣ ਤੇ  ਸ਼ਬਦਾਂ ਦਾ ਜਾਦੂਗਰ ਕਹਾਣੀਕਾਰਕਾਰ : ਕ੍ਰਿਪਾਲ ਕਜ਼ਾਕ (ਪ੍ਰੋ.) - ਉਜਾਗਰ ਸਿੰਘ

ਪ੍ਰੋ ਕ੍ਰਿਪਾਲ ਕਜ਼ਾਕ ਨੂੰ ਸਾਹਿਤ ਅਕਾਡਮੀ ਨਵੀਂ ਦਿੱਲੀ ਵੱਲੋਂ ਉਸਦੀ ਕਹਾਣੀਆਂ ਦੀ ਪੁਸਤਕ ਅੰਤਹੀਣ ਨੂੰ ਸਾਹਿਤ ਅਕਾਡਮੀ ਦਾ ਇਨਾਮ ਦੇਣ ਦੇ ਐਲਾਨ ਤੋਂ ਇਹ ਅਖਾਣ ਸਹੀ ਸਾਬਤ ਹੋ ਗਿਆ ਹੈ ਕਿ 'ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ'। ਕ੍ਰਿਪਾਲ ਕਜ਼ਾਕ ਨੂੰ ਇਹ ਸਨਮਾਨ ਮਿਲਣ ਤੇ ਜਿਹੜਾ ਆਮ ਸਾਹਿਤਕਾਰਾਂ ਵਿਚ ਚਰਚਾ ਦਾ ਵਿਸ਼ਾ ਹਮੇਸ਼ਾ ਬਣਿਆਂ  ਰਹਿੰਦਾ ਸੀ ਕਿ ਸਾਹਿਤ ਅਕਾਡਮੀ ਦੇ ਇਨਾਮ ਸਿਰਫ ਜੁਗਾੜੀ ਸਾਹਿਤਕਾਰਾਂ ਨੂੰ ਹੀ ਮਿਲਦੇ ਹਨ, ਉਹ ਅੰਦੇਸ਼ਾ ਵੀ ਦੂਰ ਹੋ ਗਿਆ ਹੈ, ਹੁਣ ਬਿਨਾ ਸਿਫ਼ਾਰਸ ਵੀ ਅਵਾਰਡ ਮਿਲ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਭਾਸ਼ਾ ਵਿਭਾਗ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਇਤਨਾ ਵੱਡਾ ਕਹਾਣੀਕਾਰ ਪੰਜਾਬ ਵਿਚ ਉਹ ਵੀ ਉਨ੍ਹਾਂ ਦੇ ਮੁੱਖ ਦਫ਼ਤਰ ਵਾਲੇ ਪਟਿਆਲੇ ਸ਼ਹਿਰ ਵਿਚ ਰਹਿ ਰਿਹਾ ਹੈ। ਕਿਰਪਾਲ ਕਜ਼ਾਕ ਪੰਜਾਬੀ ਦਾ ਸਮਰੱਥ ਕਹਾਣੀਕਾਰ ਹੈ, ਜਿਸਨੇ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਵਰਗ ਦੇ ਲੋਕਾਂ ਦੀ ਜਦੋਜਹਿਦ ਭਰੀ ਜ਼ਿੰਦਗੀ ਨੂੰ ਕਾਗਜ਼ ਦੀ ਕੈਨਵਸ ਤੇ ਲਿਖਕੇ ਉਨ੍ਹਾਂ ਨੂੰ ਅਮਰ ਕਰ ਦਿੱਤਾ ਹੈ। ਉਸਨੇ ਦੋ ਦਰਜਨ ਦੇ ਲਗਪਗ ਪੰਜਾਬੀ ਭਾਸ਼ਾ ਵਿਚ ਕਹਾਣੀਆਂ ਦੀਆਂ ਪੁਸਤਕਾਂ ਲਿਖੀਆਂ ਹਨ। ਵੈਸੇ ਤਾਂ ਉਸ ਦੀਆਂ ਸਾਰੀਆਂ ਪੁਸਤਕਾਂ ਹੀ ਚਰਚਿਤ ਰਹੀਆਂ ਪ੍ਰੰਤੂ ਕੁਝ ਪੁਸਤਕਾਂ ਜਿਨ੍ਹਾਂ ਵਿਚ ਅੰਤਹੀਣ, ਕਾਲਾ ਇਲਮ, ਹੁੰਮਸ ਅਤੇ ਸ਼ਰੇਆਮ ਵਿਸ਼ੇਸ ਤੌਰ ਤੇ ਬਾਕੀਆਂ ਨਾਲੋਂ ਵਿਲੱਖਣ ਹਨ। ਕ੍ਰਿਪਾਲ ਕਜ਼ਾਕ ਨੇ ਪੰਜਾਬੀ ਯੂਨੀਵਰਸਿਟੀ ਵਿਚ ਜਾਣ ਤੋਂ ਬਾਅਦ ਬਹੁਤਾ ਖੋਜ ਦਾ ਕੰਮ ਕੀਤਾ। ਕਹਾਣੀਕਾਰਾਂ ਨੂੰ ਇਉਂ ਮਹਿਸੂਸ ਹੋਣ ਲੱਗ ਗਿਆ ਸੀ ਕਿ ਕਿਰਪਾਲ ਕਜ਼ਾਕ ਦੀ ਕਹਾਣੀ ਕਲਾ ਨੂੰ ਯੂਨੀਵਰਸਿਟੀ ਵਿਚ ਆਉਣ ਨਾਲ ਨੁਕਸਾਨ ਹੋਇਆ ਹੈ ਕਿਉਂਕਿ ਉਹ ਅਕਾਦਮਿਕ ਕੰਮ ਵਿਚ ਰੁੱਝ ਗਿਆ ਹੈ। ਉਸਨੇ ਕਹਾਣੀਆਂ ਲਿਖਣ ਨੂੰ ਤਿਲਾਂਜਲੀ ਦੇ ਦਿੱਤੀ ਹੈ, ਜਿਸਦਾ ਸਾਹਿਤ ਜਗਤ ਨੂੰ ਘਾਟਾ ਰਹੇਗਾ।
           ਉਸਨੇ ਯੂਨੀਵਰਸਿਟੀ ਵਿਚ ਸੇਵਾ ਮੁਕਤੀ ਤੋਂ ਬਾਅਦ ਫਿਰ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਜਿਸਦਾ ਨਤੀਜਾ ਸਾਹਿਤ ਅਕਾਡਮੀ ਦਾ ਅਵਾਰਡ ਤੁਹਾਡੇ ਸਾਹਮਣੇ ਹੈ। ਸੇਵਾ ਮੁਕਤੀ ਤੋਂ ਬਾਅਦ ਉਸਨੇ ਤਿੰਨ ਮਾਅਰਕੇ ਦੀਆਂ ਪੁਸਤਕਾਂ ਹੁੰਮਸ 2014, ਅੰਤਹੀਣ 2015, ਕਾਲਾ ਇਲਮ 2016, ਸ਼ਰੇਆਮ 2018 ਅਤੇ ਚੌਥੀ ਸਿਲਸਿਲਾ ਪ੍ਰਕਾਸ਼ਨ ਅਧੀਨ ਹੈ। ਅੰਤਹੀਣ ਦੀਆਂ ਤਿੰਨ ਐਡੀਸ਼ਨਾ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਭਾਰਤੀ ਸਾਹਿਤ ਅਕਾਡਮੀ ਦਿੱਲੀ ਨੇ ਉਸਦੀ ਕਹਾਣੀਆਂ ਦੀ ਪੁਸਤਕ ਅੰਤਹੀਣ ਨੂੰ ਇਨਾਮ ਦੇਣ ਲਈ ਚੁਣਕੇ ਸਮੁੱਚੇ ਉਸ ਗ਼ਰੀਬ ਵਰਗ ਨੂੰ ਸਨਮਾਨਿਆਂ ਹੈ, ਜਿਨ੍ਹਾਂ ਬਾਰੇ ਕ੍ਰਿਪਾਲ ਕਜ਼ਾਕ ਨੇ ਇਹ ਕਹਾਣੀਆਂ ਲਿਖੀਆਂ ਹਨ। ਕ੍ਰਿਪਾਲ ਕਜ਼ਾਕ ਦੀ ਜ਼ਿੰਦਗੀ ਇਕ ਖੁਲ੍ਹੀ ਕਿਤਾਬ ਦੀ ਤਰ੍ਹਾਂ ਹੈ। ਉਸਦੀ ਜ਼ਿੰਦਗੀ ਵਿਚ ਅਨੇਕ ਵਾਰੀ ਉਤਰਾਅ ਚੜ੍ਹਾਅ ਆਏ ਹਨ ਪ੍ਰੰਤੂ ਉਹ ਡੋਲਿਆ ਨਹੀਂ। ਉਸਨੇ ਹਰ ਮੁਸ਼ਕਲ ਦਾ ਦਲੇਰੀ ਨਾਲ ਮੁਕਾਬਲਾ ਕਰਦਿਆਂ ਉਸ ਉਪਰ ਕਾਬੂ ਹੀ ਨਹੀਂ ਪਾਇਆ ਸਗੋਂ ਸਮਾਜ ਲਈ ਇਕ ਰਾਹ ਦਸੇਰਾ ਬਣਕੇ ਉਭਰਿਆ ਹੈ। ਉਸਨੇ ਆਪਣੇ ਜੀਵਨ ਵਿਚ ਉਸਨੇ ਜੋ ਹੰਢਾਇਆ ਉਹੀ ਲਿਖਿਆ ਹੈ। ਉਹ ਸ਼ਬਦਾਂ ਦਾ ਜਾਦੂਗਰ ਹੈ। ਜਦੋਂ ਉਹ ਲਿਖਣ ਬੈਠਦਾ ਹੈ ਤਾਂ ਸ਼ਬਦ ਆਪ ਮੁਹਾਰੇ ਉਸਦੇ ਆਲੇ ਦੁਆਲੇ ਘੁੰਮਣਘੇਰੀ ਪਾ ਕੇ ਬੈਠ ਜਾਂਦੇ ਹਨ। ਉਸਦੀ ਸ਼ਬਦਾਂ ਦੀ ਚੋਣ ਵੀ ਕਮਾਲ ਦੀ ਹੈ। ਉਸਦੀ ਬੋਲੀ ਤੇ ਸ਼ੈਲੀ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਉਸਨੇ ਗੁਰਬਤ ਦੇ ਦਿਨ ਵੀ ਵੇਖੇ ਹਨ, ਭਾਵੇਂ ਉਹ ਅੱਜ ਕਲ੍ਹ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਦੇ ਪੋਸ਼ ਇਲਾਕੇ ਵਿਚ ਇਕ ਛੋਟੇ ਜਿਹੇ ਆਪ ਡਿਜ਼ਾਇਨ ਕੀਤੇ ਘਰ ਵਿਚ ਆਪਣੀ ਪਤਨੀ ਨਾਲ ਸ਼ੰਤੁਸ਼ਟਤਾ ਵਿਚ ਜੀਵਨ ਬਸਰ ਕਰ ਰਿਹਾ ਹੈ, ਪ੍ਰੰਤੂ ਆਪਣੇ ਜੀਵਨ ਦੇ ਨਿਰਵਾਹ ਲਈ ਅਜੇ ਵੀ ਉਸਨੂੰ ਇਸ ਵਡੇਰੀ ਉਮਰ ਵਿਚ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ। ਮੈਂ ਪਹਿਲੀ ਵਾਰ 1980 ਵਿਚ ਮੇਰੇ ਇਕ ਦੋਸਤ ਦਰਸ਼ਨ ਸਿੰਘ ਵਿਰਕ ਦੇ ਇਹ ਦੱਸਣ ਤੇ ਕਿ ਇੱਕ ਪੰਜਾਬੀ ਦਾ ਕਹਾਣੀਕਾਰ, ਜਿਸ ਦੀਆਂ ਕਹਾਣੀਆਂ ਦੀਆਂ ਪੁਸਤਕਾਂ ਐਮ ਏ ਦੇ ਸਲੇਬਸ ਵਿਚ ਲੱਗੀਆਂ ਹੋਈਆਂ ਹਨ ਪ੍ਰੰਤੂ ਉਹ ਰੋਜ਼ੀ ਰੋਟੀ ਲਈ ਰਾਜਗਿਰੀ ਦਾ ਕੰਮ ਕਰਦਾ ਹੈ, ਉਸਨੂੰ ਮਿਲਣ ਲਈ ਪਟਿਆਲਾ ਜਿਲ੍ਹੇ ਦੇ ਸਨੌਰ ਕਸਬੇ ਨੇੜੇ ਗਿਆ ਸੀ। ਉਹ ਉਸ ਸਮੇਂ ਇੱਕ ਸ਼ੈਲਰ ਦੀ ਇਮਾਰਤ ਦੀ ਉਸਾਰੀ ਕਰ ਰਿਹਾ ਸੀ, ਮੈਂ ਉਸਨੂੰ ਪੈੜ ਤੇ ਹੀ ਉਪਰ ਚੜ੍ਹਕੇ ਮਿਲਿਆ। ਮੈਂ ਕਿਉਂਕਿ ਸਾਹਿਤ ਦਾ ਵਿਦਿਆਰਥੀ ਸੀ, ਇਸ ਲਈ ਮੇਰਾ ਸਿਰ ਕਿਰਪਾਲ ਕਜ਼ਾਕ ਦੇ ਸਤਿਕਾਰ ਵਿਚ ਝੁਕ ਗਿਆ ਕਿਉਂਕਿ ਉਸਦੀ ਨਮਰਤਾ, ਸਾਦਗੀ, ਸਲੀਕਾ, ਮਿਹਨਤ ਅਤੇ ਲੇਖਣੀ ਦਾ ਕੋਈ ਮੁਲ ਨਹੀਂ ਪਾ ਰਿਹਾ ਸੀ। ਕ੍ਰਿਪਾਲ ਕਜ਼ਾਕ ਨੂੰ ਇਸ ਗੱਲ ਦਾ ਵੀ ਕੋਈ ਹੰਦੇਸ਼ਾ ਨਹੀਂ ਸੀ। ਉਸਦੀ ਖਾਸੀਅਤ ਇਹ ਹੈ ਕਿ ਉਸਨੇ ਆਰਥਿਕ ਤੌਰ ਤੇ ਮਜ਼ਬੂਤ ਨਾ ਹੋਣ ਦੇ ਬਾਵਜੂਦ ਕਿਸੇ ਅੱਗੇ ਹੱਥ ਨਹੀਂ ਅੱਡਿਆ। ਪਰਿਵਾਰ ਵਿਚ ਵੱਡਾ ਹੋਣ ਦੇ ਨਾਤੇ ਪਹਿਲਾਂ ਉਸਨੇ ਆਪਣੇ ਪਿਤਾ ਦੇ ਸਾਰੇ ਪਰਿਵਾਰ ਦੀ ਪਾਲਣ ਪੋਸ਼ਣ ਕੀਤੀ ਅਤੇ ਫਿਰ ਆਪਣੇ ਪਰਿਵਾਰ ਨੂੰ ਪਾਲਿਆ। ਸਾਰੀ ਉਮਰ ਉਹ ਇਸੇ ਚੱਕਰ ਵਿਚ ਉਲਝਿਆ ਰਿਹਾ। ਉਸਨੇ ਆਪਣੇ ਬਹੁਤ ਸਾਰੇ ਸਾਹਿਤਕਾਰ ਦੋਸਤਾਂ ਦੇ ਘਰ ਆਪ ਡੀਜ਼ਾਈਨ ਕੀਤੇ ਅਤੇ ਆਪ ਹੀ ਉਸਾਰੀ ਕੀਤੀ। ਉਹ ਦੋਸਤਾਂ ਦਾ ਦੋਸਤ ਹੈ ਪ੍ਰੰਤੂ ਸਾਹਿਤ ਸਿਰਜਣਾ ਬਾਰੇ ਕੋਰਾ ਹੈ। ਸੱਚੀ ਗੱਲ ਮੂੰਹ ਤੇ ਕਹਿ ਦਿੰਦਾ ਹੈ। ਉਹ ਸਿਰੜੀ ਕਿਸਮ ਦਾ ਇਨਸਾਨ ਹੈ। ਉਸਨੇ ਕਈ ਵੇਲਣ ਵੇਲੇ। ਉਹ ਚੰਗਾ ਆਰਟਿਸਟ ਵੀ ਹੈ ਜਿਸ ਕਰਕੇ ਉਹ ਇਕ ਪੇਂਟਰ ਦੀ ਦੁਕਾਨ ਤੇ ਵਾਧੂ ਸਮੇਂ ਵਿਚ ਕੰਮ ਕਰਦਾ ਰਿਹਾ। ਉਸਨੇ ਆਪਣੇ ਪਿੰਡ ਸਭ ਤੋਂ ਪਹਿਲਾਂ ਆਪਣੇ ਹੀ ਘਰ ਵਿਚ ਇਕ ਲਾਇਬਰੇਰੀ ਖੋਲ੍ਹੀ ਤਾਂ ਜੋ ਪਿੰਡਾਂ ਦੇ ਬੱਚਿਆਂ ਨੂੰ ਸਾਹਿਤ ਨਾਲ ਜੋੜਿਆ ਜਾ ਸਕੇ। ਮੈਂ ਅੰਗਰੇਜ਼ੀ ਟ੍ਰਿਬਿਊਨ ਦੇ ਪਟਿਆਲਾ ਸਥਿਤ ਪੱਤਰਕਾਰ ਸ਼ੇਰ ਸਿੰਘ ਗੁਪਤਾ ਨੂੰ ਉਸਦੀ ਸਾਰੀ ਕਹਾਣੀ ਦੱਸੀ। ਉਨ੍ਹਾਂ ਕ੍ਰਿਪਾਲ ਕਜ਼ਾਕ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਸ਼ੇਰ ਸਿੰਘ ਗੁਪਤਾ ਨੇ ਅੰਗਰੇਜ਼ੀ ਟ੍ਰਿਬਿਊਨ ਵਿਚ ਕ੍ਰਿਪਾਲ ਕਜ਼ਾਕ ਬਾਰੇ ਲੇਖ ਲਿਖਿਆ ''ਬਰਿਕ ਟੂ ਬਰਿਕ ਵਰਡ ਬਾਈ ਵਰਡ''। ਉਸਤੋਂ ਬਾਅਦ ਜਦੋਂ ਮੈਂ ਉਸ ਸਮੇਂ ਪੰਜਾਬ ਦੇ ਮੰਤਰੀ ਸਰਦਾਰ ਬੇਅੰਤ ਸਿੰਘ ਨੂੰ  ਕ੍ਰਿਪਾਲ ਕਜਜ਼ਾ ਬਾਰੇ ਦੱਸਿਆ ਤਾਂ ਉਨ੍ਹਾਂ ਡਾਕਟਰ ਭਗਤ ਸਿੰਘ ਉਪ ਕੁਲਪਤੀ ਨੂੰ ਫ਼ੋਨ ਕਰਕੇ ਕਿਹਾ ਕਿ ਤੁਹਾਡੇ ਇਲਾਕੇ ਵਿਚ ਇਤਨਾ ਵੱਡਾ ਕਹਾਣੀਕਾਰ ਰਹਿੰਦਾ ਹੈ ਤੇ ਉਹ ਰਾਜਗਿਰੀ ਦਾ ਕੰਮ ਕਰਦਾ ਹੈ। ਅਜਿਹੇ ਸਾਹਿਤਕਾਰ ਦਾ ਸਥਾਨ ਯੂਨੀਵਰਸਿਟੀ ਹੈ। ਇਸ ਲਈ ਉਸਦੀ ਕਾਬਲੀਅਤ ਦਾ ਲਾਭ ਉਠਾਇਆ ਜਾਵੇ। ਡਾ ਭਗਤ ਸਿੰਘ ਦੀ ਮਿਹਰਬਾਨੀ ਨਾਲ ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀ ਦਾ ਰਾਹ ਖੁਲ੍ਹ ਗਿਆ। ਪੰਜਾਬੀ ਯੂਨੀਵਰਸਿਟੀ ਦੀ ਨੌਕਰੀ ਦੌਰਾਨ ਕ੍ਰਿਪਾਲ ਕਜ਼ਾਕ ਨੇ ਆਪਣੀ ਪ੍ਰਤਿਭਾ ਦਾ ਅਜਿਹਾ ਪ੍ਰਗਟਾਵਾ ਕੀਤਾ ਕਿ ਉਹ ਹਰ ਉਪ ਕੁਲਪਤੀ ਦਾ ਚਹੇਤਾ ਬਣ ਗਿਆ।
      ਸਾਹਿਤਕਾਰ ਆਮ ਵਿਅਕਤੀ ਨਹੀਂ ਹੁੰਦਾ। ਕੁਦਰਤ ਵੱਲੋਂ ਦਿੱਤੇ ਅਸਧਾਰਣ ਗੁਣ ਹੀ ਕਿਸੇ ਵਿਅਕਤੀ ਨੂੰ ਸਾਹਿਤਕਾਰ ਬਣਾਉਣ ਵਿਚ ਸਹਾਈ ਹੁੰਦੇ ਹਨ। ਸਾਹਿਤਕਾਰ ਆਮ ਲੋਕਾਂ ਦੀਆਂ ਖ਼ੁਸ਼ੀਆਂ ਅਤੇ ਗ਼ਮੀਆਂ ਨੂੰ ਵਧੇਰੇ ਤੀਖਣਤਾ ਨਾਲ ਅਨੁਭਵ ਕਰਨ ਦੀ ਸਮਰੱਥਾ ਰੱਖਦਾ ਹੁੰਦਾ ਹੈ। ਸਮਾਜ ਵਿਚ ਜੋ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਹਨ, ਸਾਰਾ ਸਮਾਜ ਉਨ੍ਹਾਂ ਨੂੰ ਵੇਖਦਾ ਹੈ ਪ੍ਰੰਤੂ ਕੋਈ ਪ੍ਰਤੀਕ੍ਰਿਆ ਨਹੀਂ ਦਿੰਦਾ। ਸਾਹਿਤਕਾਰ ਉਨ੍ਹਾਂ ਹਾਲਾਤਾਂ ਨੂੰ ਵੇਖਕੇ ਸਹਿਜ ਅਵਸਥਾ ਵਿਚ ਨਹੀਂ ਰਹਿ ਸਕਦਾ, ਇਸ ਲਈ ਉਹ ਉਨ੍ਹਾਂ ਘਟਨਾਵਾਂ ਨੂੰ ਆਪਣੀ ਕਲਮ ਨਾਲ ਸਾਹਿਤਕ ਰੂਪ ਵਿਚ ਲਿਖਕੇ ਸਮਾਜ ਨੂੰ ਪ੍ਰੇਰਨਾ ਦਿੰਦਾ ਹੈ। ਉਹ ਸਮਾਜ ਨਾਲ ਜੁੜਿਆ ਹੁੰਦਾ ਹੈ। ਲੇਖਕ ਅਕਾਦਿਮਕ ਵਿਦਿਆ ਦੇ ਨਾਲੋਂ ਸਮਾਜਿਕ ਤੌਰ 'ਤੇ ਵਿਚਰਿਆ ਅਤੇ ਗੁੜ੍ਹਿਆ ਹੋਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਸਮਾਜ ਵਿਚ ਜੋ ਵਾਪਰ ਰਿਹਾ ਉਸਦਾ ਅਨੁਭਵ ਲੈਣ ਦੀ ਤੀਖ਼ਣ ਬੁਧੀ ਹੋਣਾ ਵੀ ਲਾਜ਼ਮੀ ਹੁੰਦਾ ਹੈ। ਅਜਿਹੇ ਵਿਅਕਤੀਆਂ ਵਿਚ ਪ੍ਰੋ.ਕ੍ਰਿਪਾਲ ਕਜ਼ਾਕ ਦਾ ਸਥਾਨ ਜ਼ਮੀਨ ਨਾਲ ਜੁੜੇ ਹੋਏ ਲੇਖਕ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਅਕਾਦਮਿਕ ਤੌਰ ਤੇ ਭਾਵੇਂ ਉਹ ਬਹੁਤੀ ਸਿਖਿਆ ਪ੍ਰਾਪਤ ਨਹੀਂ ਕਰ ਸਕਿਆ ਪ੍ਰੰਤੂ ਸਮਾਜਿਕ ਤੌਰ ਤੇ ਉਹ ਗੁੜ੍ਹਿਆ ਹੋਇਆ ਸੁਘੜ ਅਤੇ ਸੰਜੀਦਾ ਲੇਖਕ ਹੈ। ਆਪਦੇ ਜੀਵਨ ਵਿੱਚ ਮਹੱਤਵਪੂਰਨ ਮੋੜ ਆਇਆ ਆਪ ਪੰਜਾਬੀ ਯੂਨੀਵਰਸਿਟੀ ਨੇ ਫੋਕ ਲੋਰ ਸਹਾਇਕ ਦੀ ਅਸਾਮੀ ਬਣਾਕੇ ਉਸ ਉਪਰ ਨਿਯੁਕਤ ਕਰ ਦਿੱਤਾ ਅਤੇ ਉਸਦਾ ਖੋਜ ਵਾਲੇ ਪਾਸੇ ਰੁਖ਼ ਬਦਲ ਲਿਆ। ਸੰਤੋਸ਼ਜਨਕ ਗੱਲ ਹੈ ਕਿ ਆਪਦੀ ਸਾਹਿਤਕ ਪ੍ਰਤਿਭਾ ਦੀ ਪਛਾਣ ਕਰਕੇ ਉਸਦਾ ਮੁੱਲ ਪਾਉਂਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਦੋਂ ਦੇ ਉਪ ਕੁਲਪਤੀ ਸਵਰਨ ਸਿੰਘ ਬੋਪਾਰਾਇ ਨੇ ਕ੍ਰਿਪਾਲ ਕਜ਼ਾਕ ਨੂੰ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਦੀ ਪਦਵੀ ਤੇ ਨਿਯੁਕਤ ਕਰਕੇ ਨਾਮਣਾ ਖੱਟਿਆ ਹੈ। ਭਾਵੇਂ ਐਨ ਐਸ ਰਤਨ ਆੲਂ ਏ ਐਸ ਅਧਿਕਾਰੀ ਜੋ ਥੋੜ੍ਹਾ ਸਮਾਂ ਕਾਰਜਕਾਰੀ ਉਪਕੁਲਪਤੀ ਰਹੇ, ਉਹ ਕ੍ਰਿਪਾਲ ਕਜ਼ਾਕ ਨੂੰ ਪ੍ਰੋਫੈਸਰ ਬਣਾਉਣਾ ਚਾਹੁੰਦੇ ਸਨ ਪ੍ਰੰਤੂ ਉਨ੍ਹਾਂ ਦੀ ਥਾਂ ਸਵਰਨ ਸਿੰਘ ਬੋਪਾਰਾਏ ਨਿਯੁਕਤ ਹੋ ਗਏ। ਆਪ ਬੜਾ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਦੇ ਖੋਜ ਪੱਤ੍ਰਿਕਾ ਰਸਾਲੇ ਦੇ ਸੰਪਾਦਕ ਰਹੇ ਅਤੇ ਬਹੁਤ ਸਾਰੇ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਨ ਦਾ ਮਾਣ ਵੀ ਆਪ ਨੂੰ ਜਾਂਦਾ ਹੈ। ਆਪਦੀਆਂ ਖੋਜ ਦੀਆਂ ਚਾਰ ਅਤੇ ਬਾਲ ਸਾਹਿਤ ਦੀਆਂ ਤਿੰਨ ਪੁਸਤਕਾਂ ਵੀ ਹਨ।
    ਪ੍ਰੋ.ਕ੍ਰਿਪਾਲ ਕਜ਼ਾਕ ਦਾ ਜਨਮ ਪਾਕਿਸਤਾਨ ਵਿੱਚ 15 ਜਨਵਰੀ 1943 ਨੂੰ ਸ੍ਰ ਸਾਧੂ ਸਿੰਘ ਦੇ ਘਰ ਆਮ ਸਾਧਾਰਨ ਦਿਹਾਤੀ ਪਰਿਵਾਰ ਵਿੱਚ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਆਪਦਾ ਪਰਿਵਾਰ ਪਹਿਲਾਂ ਪਟਿਆਲਾ ਸ਼ਹਿਰ ਵਿੱਚ ਆਕੇ ਥੋੜ੍ਹਾ ਸਮਾਂ ਰਿਹਾ ਅਤੇ ਬਾਅਦ ਵਿੱਚ ਪਟਿਆਲਾ ਜਿਲ੍ਹੇ ਦੇ ਪਿੰਡ ਫਤਿਹਪੁਰ ਰਾਜਪੂਤਾਂ ਵਿੱਚ ਆਕੇ ਵੱਸ ਗਿਆ। ਆਪਨੇ ਆਪਣੀ ਮੁਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ। ਪਰਿਵਾਰਕ ਮਜ਼ਬੂਰੀਆਂ ਕਰਕੇ ਪੜ੍ਹਾਈ ਅੱਧ ਵਿਚਕਾਰ ਛੱਡਣੀ ਪਈ ਅਤੇ ਪਿਤਾ ਪੁਰਖੀ ਰਾਜਗਿਰੀ ਦੇ ਕੰਮ ਕਾਜ ਵਿੱਚ ਜੁਟ ਗਏ। ਹੈਰਾਨੀ ਦੀ ਗੱਲ ਹੈ ਕਿ ਅਕਾਦਮਿਕ ਸਿਖਿਆ ਪ੍ਰਾਪਤ ਨਾ ਕਰਨ ਦੇ ਬਾਵਜੂਦ ਉਸ ਨੂੰ ਗ੍ਰਾਮਰ ਦੀ ਪੂਰੀ ਜਾਣਕਾਰੀ ਹੈ। ਮਜਾਲ ਹੈ ਕੋਈ ਸ਼ਬਦ ਜੋੜ ਜਾਂ ਗ੍ਰਾਮਰ ਦੀ ਊਣਤਾਈ ਉਸਦੀ ਲੇਖਣੀ ਵਿਚ ਰਹਿ ਜਾਵੇ। ਉਹਨਾਂ ਪਿੰਡਾਂ ਦੇ ਲੋਕਾਂ ਦੀ ਜਦੋਜਹਿਦ ਭਰੀ ਜ਼ਿੰਦਗੀ ਨੂੰ ਬੜਾ ਨੇੜੇ ਤੋਂ ਵੇਖਦਿਆਂ ਬੜੀ ਬਾਰੀਕੀ ਨਾਲ ਉਸਦੀ ਜਾਣਕਾਰੀ ਇੱਕਤਰ ਕੀਤੀ। ਪਿੰਡਾਂ ਦੇ ਲੋਕਾਂ ਦੇ ਜੀਵਨ ਜਿਉਣ ਦੇ ਸੰਘਰਸ਼, ਰਹਿਣ-ਸਹਿਣ, ਵਰਤਾਰਾ, ਗ਼ਰੀਬ ਲੋਕਾਂ ਦੀ ਗ਼ੁਰਬਤ ਭਰੀ ਜ਼ਿੰਦਗੀ ਨੂੰ ਬੜਾ ਨੇੜਿਓਂ ਵੇਖਿਆ। ਫਿਰ ਉਸ ਦੇ ਬਿਰਤਾਂਤ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ, ਕਿਸ ਪ੍ਰਕਾਰ ਮਜ਼ਦੂਰ ਅਤੇ ਦਲਿਤ ਲੋਕਾਂ ਦੀਆਂ ਮਜਬੂਰੀਆਂ ਦਾ ਕਿਸਾਨ ਜਾਂ ਖਾਂਦੇ ਪੀਂਦੇ ਪਰਿਵਾਰ ਨਜਾਇਜ਼ ਲਾਭ ਉਠਾਉਂਦੇ ਹਨ। ਇਸ ਕਰਕੇ ਉਸਦੀਆਂ ਕਹਾਣੀਆਂ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਦੀ ਜਿੰਦਗੀ ਦਾ ਸਹੀ ਤੇ ਸੁਚੱਜਾ ਪ੍ਰਗਟਾਵਾ ਕਰਦੀਆਂ ਹਨ। ਸ਼ੁਰੂ ਦੇ ਸਮੇਂ ਵਿੱਚ ਆਪਨੇ ਕਹਾਣੀਆਂ ਦੀਆਂ ਚਾਰ ਪੁਸਤਕਾਂ ਅਤੇ ਇੱਕ ਨਾਵਲ ਲਿਖਿਆ । ਆਪਦੇ ਵਿਸ਼ੇ ਸਮੇਂ ਦੇ ਸੱਚ ਨੂੰ ਦਰਸਾਉਂਦੇ ਸਨ। ਇਸ ਤੋਂ ਉਪਰੰਤ ਆਪਨੇ ਸਿਕਲੀਗਰ ਲੋਕਾਂ ਦੀ ਜ਼ਿੰਦਗੀ ਤੇ ਭਰਪੂਰ ਖੋਜ ਕੀਤੀ ਅਤੇ ਕਈ ਕਈ ਮਹੀਨੇ ਉਹਨਾਂ ਨਾਲ ਰਹਿਕੇ ਉਹਨਾਂ ਨੂੰ ਨੇੜੇ ਤੋਂ ਜਾਣਿਆਂ ਅਤੇ ਉਹਨਾਂ ਦੇ ਰੀਤੀ ਰਿਵਾਜਾਂ ਤੇ ਖੋਜ ਭਰਪੂਰ ਪੁਸਤਕ ਲਿਖੀ, ਜਿਸਨੂੰ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਤ ਕਰਵਾਇਆ ਅਤੇ ਹਿੰਦੀ ਤੇ ਅੰਗਰੇਜੀ ਵਿੱਚ ਅਨੁਵਾਦ ਕਰਵਾਕੇ ਵੀ ਪ੍ਰਕਾਸ਼ਤ ਕਰਵਾਇਆ। ਆਪਨੇ ਹੁਣ ਤੱਕ 30 ਪੁਸਤਕਾਂ ਲਿਖੀਆਂ ਅਤੇ ਕੁਝ ਕੁ ਦੀ ਸੰਪਾਦਨਾ ਵੀ ਕੀਤੀ ਹੈ।
     ਇਸ ਤੋਂ ਬਾਅਦ ਆਪ ਦੀ ਜ਼ਿੰਦਗੀ ਦਾ ਤੀਜਾ ਦੌਰ ਸ਼ੁਰੂ ਹੁੰਦਾ ਹੈ, ਜਿਸ ਵਿੱਚ ਆਪਨੇ ਇੱਕ ਫੀਚਰ ਫਿਲਮ, 11ਹਿੰਦੀ ਤੇ ਪੰਜਾਬੀ ਦੀਆਂ ਟੈਲੀ ਫਿਲਮਾਂ, 9 ਡਾਕੂਮੈਂਟਰੀ ਫਿਲਮਾਂ, 7 ਟੀ ਵੀ ਸੀਰੀਅਲਾਂ ਦੀਆਂ ਸਕਰਿਪਟਾਂ ਅਤੇ ਨਾਟਕ ਵੀ ਲਿਖੇ ਹਨ। ਆਪ ਦੀਆਂ ਪੁਸਤਕਾਂ ਪੰਜਾਬ, ਪੰਜਾਬੀ, ਦਿੱਲੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੇ ਸਲੇਬਸ ਵਿੱਚ ਲੱਗੀਆਂ ਰਹੀਆਂ ਹਨ ਅਤੇ ਪੀ. ਐਚ. ਡੀ. ਦੀਆਂ ਡਿਗਰੀਆਂ ਵੀ ਮਿਲੀਆਂ ਹਨ। ਇਸ ਅਵਾਰਡ ਤੋਂ ਪਹਿਲਾਂ ਪ੍ਰੋ. ਕਿਰਪਾਲ ਕਜ਼ਾਕ ਦੀਆਂ ਬਹੁਤ ਸਾਰੀਆਂ ਪੁਸਤਕਾਂ ਤੇ ਮਾਣ ਸਨਮਾਨ ਵੀ ਮਿਲੇ ਹਨ ਆਪਦੀਆਂ ਖੋਜ ਦੀਆਂ ਚਾਰ ਪੁਸਤਕਾਂ ਹਨ। ਜਿਹਨਾਂ ਵਿੱਚ ਵਿਸ਼ੇਸ਼ ਜਿਕਰ ਯੋਗ ਹਨ, ਭਾਈ ਵੀਰ ਸਿੰਘ ਗਲਪ ਪੁਰਸਕਾਰ, ਗਿਆਨੀ ਹੀਰਾ ਸਿੰਘ ਦਰਦ, ਨਾਗਮਣੀ, ਦਲਿਤ ਲੇਖਨ, ਗੁਰਦਾਸ ਰਾਮ ਆਲਮ, ਪੰਜਾਬੀ ਅਕਾਦਮੀ ਨਵੀਂ ਦਿੱਲੀ, ਸਾਹਿਤ ਪ੍ਰੀਸ਼ਦ ਹਰਿਆਣਾ, ਪੰਜਾਬੀ ਸਾਹਿਤ ਸਰਵੋਤਮ, ਪੰਜਾਬ ਰਤਨ, ਪ੍ਰਿੰ ਸੁਜਾਨ ਸਿੰਘ ਯਾਦਗਾਰੀ ਆਦਿ ਅਨੇਕਾਂ ਪੁਰਸਕਾਰ ਮਿਲੇ ਹਨ।
         ਉਨ੍ਹਾਂ ਨੂੰ ਸਾਹਿਤ ਅਕਾਡਮੀ ਦਾ ਵਕਾਰੀ ਸਨਮਾਨ ਦਾ ਐਲਾਨ ਹੋਣ ਤੇ ਵੱਡੀ ਗਿਣਤੀ ਵਿਚ ਸਾਹਿਤਕ ਹਲਕਿਆਂ ਨੇ ਸਵਾਗਤ ਕੀਤਾ ਹੈ।
ਤਸਵੀਰਾਂ-ਕਿਰਪਾਲ ਕਜ਼ਾਕ
                    ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
                          ujagarsingh48@yahoo.com   
                         ਮੋਬਾਈਲ-94178 13072