ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

24 Dec. 2019

ਕੈਪਟਨ ਸਾਡੇ ਪਰਵਾਰ ਨੂੰ ਬਦਨਾਮ ਕਰ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ 'ਚ- ਪ੍ਰਕਾਸ਼ ਸਿੰਘ ਬਾਦਲ
ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।


ਪੱਛਮੀ ਪੰਜਾਬ ਦੇ ਸਕੂਲਾਂ 'ਚ ਪੰਜਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਲਾਗੂ ਕਰਨ ਦਾ ਅਦਾਲਤੀ ਫ਼ੈਸਲਾ-ਇਕ ਖ਼ਬਰ
ਕੰਨਾਂ ਦੇ ਵਿਚ ਮਿੱਠਾ ਮਿੱਠਾ, ਦਿੰਦੀ ਏ ਰਸ ਘੋਲ਼ ਪੰਜਾਬੀ।


'ਖ਼ਾਲਸਾ ਏਡ' ਕਸ਼ਮੀਰੀ ਵਿਦਿਆਰਥੀਆਂ ਲਈ ਬਣੀ ਸਹਾਰਾ- ਇਕ ਖ਼ਬਰ
ਗੁਰੂ ਜੀ ਤੇਰੀ ਫੌਜ ਰੰਗਲੀ, ਆਈ ਆ ਮੋਰਚਾ ਜਿੱਤ ਕੇ।


ਮਾਇਆਵਤੀ ਅਤੇ ਅਖ਼ਿਲੇਸ਼ ਵਿਚਕਾਰ ਸੀਟਾਂ ਦੀ ਵੰਡ ਮੁਕੰਮਲ- ਇਕ ਖ਼ਬਰ
ਭੋਂ ਦੇ ਵਿਚੋਂ ਅੱਧ ਸਾਂਭ ਲੈ, ਬਲ਼ਦ ਸਾਂਭ ਲੈ ਨਾਰਾ।


ਕਸ਼ਮੀਰੀ ਵਿਦਿਆਰਥੀਆਂ ਨਾਲ ਹੋ ਰਹੀ ਬਦਸਲੂਕੀ ਬਾਰੇ ਮੋਦੀ ਚੁੱਪ ਕਿਉਂ?- ਉਮਰ ਅਬਦੁੱਲਾ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।


ਡਾ. ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਸੀਟ ਲੜਾਉਣ ਲਈ ਤਿਆਰੀ 'ਚ ਕਾਂਗਰਸ- ਇਕ ਖ਼ਬਰ
ਬੱਗੇ ਬਲਦ ਖਰਾਸੇ ਜਾਣਾ, ਕੋਠੀ 'ਚੋਂ ਲਿਆ ਦੇ ਘੁੰਗਰੂ।


ਸ਼ਰਾਬ ਦੀ ਖਪਤ ਵਾਲ਼ੇ ਮੋਹਰੀ ਰਾਜਾਂ 'ਚ ਪੰਜਾਬ ਵੀ ਸ਼ਾਮਲ- ਇਕ ਖ਼ਬਰ
ਵੈਰੀਆਂ ਦਾ ਖੂਹ ਵਗਦਾ, ਮੈਨੂੰ ਤੇਰੀ ਵੇ ਜਾਨ ਦਾ ਧੋਖਾ।


ਅਕਾਲੀ-ਭਾਜਪਾਈਆਂ ਨੂੰ 'ਸ਼ੋਅਲੇ' ਦੇ ਗੱਬਰ ਸਿੰਘ ਵਾਂਗ ਨਵਜੋਤ ਸਿੱਧੂ ਸੁਪਨੇ 'ਚ ਵੀ ਦਿਸਦੈ- ਜਾਖੜ
ਅਰੇ ਸੁਸਰੋ ਸੋ ਜਾਉ, ਨਹੀਂ ਤੋ ਸਿੱਧੂ ਆ ਜਾਏਗਾ।


ਲੰਬੀ ਤੋਂ ਚੰਡੀਗੜ੍ਹ ਪਹੁੰਚੇ ਵੱਡੇ ਬਾਦਲ ਵਲੋਂ ਗ੍ਰਿਫ਼ਤਾਰੀ ਦੀ ਪੇਸ਼ਕਸ਼- ਇਕ ਖ਼ਬਰ
ਅੰਮ੍ਰਿਤਸਰ 'ਚ ਖੇਡੇ ਡਰਾਮੇ ਤੋਂ ਬਾਅਦ ਇਸ ਦਾ ਦੂਜਾ ਸੀਨ।


ਸ਼੍ਰੋਮਣੀ ਕਮੇਟੀ ਚੋਣਾਂ ਲਈ ਵਿਧਾਨ ਸਭਾ 'ਚ ਮਤਾ ਪਾਸ ਕਰਾਉਣਾ ਫੂਲਕਾ ਦੀ ਹਿੰਮਤ- ਬ੍ਰਹਮਪੁਰਾ
ਬਾਜ਼ੀ ਲੈ ਗਿਆ ਜੀ ਦਾਖੇ ਵਾਲ਼ਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ।


 ਜਸਟਿਸ ਰਣਜੀਤ ਸਿੰਘ ਕੇਸ 'ਚ ਹਾਈ ਕੋਰਟ ਵਲੋਂ ਸੁਖਬੀਰ ਅਤੇ ਮਜੀਠੀਆ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ- ਇਕ ਖ਼ਬਰ
ਟੈਮ ਹੋ ਗਿਆ ਬਦਲ ਗਏ ਕਾਂਟੇ, ਗੱਡੀ ਆਉਣੀ ਸ਼ੂੰ ਕਰ ਕੇ।


ਤਖ਼ਤ ਪਟਨਾ ਸਾਹਿਬ ਦਾ 'ਜਥੇਦਾਰ' ਹੀ ਮਹੰਤਸ਼ਾਹੀ ਚਲਾ ਰਿਹਾ ਹੈ- ਹਿਤ
ਟੁੱਟ ਪੈਣੇ ਦਾ ਕੁਲੱਛਣਾ ਬੋਤਾ, ਚੜ੍ਹਦੀ ਨੂੰ ਵੱਢੇ ਦੰਦੀਆਂ।


ਸਮਝੌਤੇ ਤੋਂ ਦੂਜੇ ਦਿਨ ਹੀ ਭਾਜਪਾ-ਸ਼ਿਵ ਸੈਨਾ ਗੱਠਜੋੜ 'ਚ ਦਿਸੀਆਂ ਤਰੇੜਾਂ- ਇਕ ਖ਼ਬਰ
ਕੋਹ ਤੁਰੀ ਨਾ, ਬਾਬਾ ਤ੍ਰਿਹਾਈ।


ਪ੍ਰਕਾਸ਼ ਪੁਰਬ ਸਮਾਗਮਾਂ ਲਈ ਅਕਾਲੀ ਸਾਥ ਦੇਣ- ਕੈਪਟਨ
ਉਹਨਾਂ ਨੂੰ ਪ੍ਰਕਾਸ਼ ਪੁਰਬ ਸੁੱਝਦੈ, ਉਹਨਾਂ ਦੇ ਤਾਂ ਭਾਅ ਦੀ ਬਣੀ ਹੋਈ ਐ।


ਕੇਜਰੀਵਾਲ ਨੇ ਮੋਦੀ ਨੂੰ ਪੂਰਨ ਰਾਜ ਦੇ ਦਰਜੇ ਦਾ ਵਾਅਦਾ ਯਾਦ ਕਰਵਾਇਆ-ਇਕ ਖ਼ਬਰ
ਜਿਧਰ ਗਈਆਂ ਬੇੜੀਆਂ, ਉਧਰ ਗਏ ਮਲਾਹ।