ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

27 Dec. 2019

ਝਾਰਖੰਡ ਵਿਚ ਭਾਜਪਾ ਦਾ ਬਿਸਤਰਾ ਗੋਲ਼, ਗੱਠਜੋੜ ਨੂੰ ਮਿਲੀ ਸੱਤਾ-ਇਕ ਖ਼ਬਰ
ਬੇਰੀਆਂ ਦੇ ਬੇਰ ਮੁੱਕ ਗਏ, ਹੁਣ ਕਾਸ ਦੇ ਬਹਾਨੇ ਆਵਾਂ।

ਪੰਜਾਬ ਦੀ ਮਾੜੀ ਵਿਤੀ ਹਾਲਤ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਜ਼ਿੰਮੇਵਾਰ- ਕੈਪਟਨ
ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲ਼ਾ ਤਿਲਕ ਪਿਆ।

ਵਿਤ ਮੰਤਰਾਲੇ ਵਲੋਂ ਭਾਰਤੀਆਂ ਦੇ ਸਵਿਸ ਖਾਤਿਆਂ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ- ਇਕ ਖ਼ਬਰ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।

ਕੇਂਦਰ ਸਰਕਾਰ ਵਿਚ ਹਿੰਮਤ ਹੈ ਤਾਂ ਮੇਰੀ ਸਰਕਾਰ ਡੇਗ ਕੇ ਦਿਖਾਏ-ਮਮਤਾ ਬੈਨਰਜੀ
ਮੈਂ ਡਿਪਟੀ ਦੀ ਸਾਲ਼ੀ, ਕੈਦ ਕਰਾ ਦਊਂਗੀ।

ਮੋਦੀ ਸਰਕਾਰ ਲੋਕਾਂ ਦੀ ਆਵਾਜ਼ ਨਹੀਂ ਸੁਣ ਰਹੀ- ਸੋਨੀਆ ਗਾਂਧੀ
ਕੰਤ ਨਿਆਣੇ ਨੂੰ, ਦੱਸ ਮੈਂ ਕਿਵੇਂ ਸਮਝਾਵਾਂ!

ਆਸਟ੍ਰੇਲੀਆ 'ਚ ਘੱਟ ਤੇਲ ਪਾਉਣ ਵਾਲੇ ਪਟਰੌਲ ਪੰਪਾਂ ਨੂੰ ਜ਼ੁਰਮਾਨੇ- ਇਕ ਖ਼ਬਰ
ਪਹੁੰਚ ਗਈਆਂ ਕਰਤੂਤਾਂ ਆਸਟ੍ਰੇਲੀਆ ਵੀ, ਸ਼ਾਬਾਸ਼ੇ!

ਟਰੰਪ ਵਿਰੁੱਧ ਸੰਸਦ ਦੇ ਹੇਠਲੇ ਸਦਨ 'ਚ ਮਹਾਂਦੋਸ਼ ਮਤਾ ਪਾਸ- ਇਕ ਖ਼ਬਰ
ਵੈਲੀਆਂ ਨੇ ਵੈਲ ਕਮਾਉਣੇ, ਲੋਕ ਭਾਵੇਂ ਦੇਣ ਗਾਲ਼ੀਆਂ।

ਢੀਂਡਸਾ ਨੇ ਹਮਾਇਤੀਆਂ ਦਾ ਵੱਡਾ ਇਕੱਠ ਕਰ ਕੇ ਬਾਦਲਾਂ ਨੂੰ ਆਪਣਾ ਜ਼ੋਰ ਵਿਖਾਇਆ-ਇਕ ਖ਼ਬਰ
ਕੱਢ ਹਰਨਾੜੀਆਂ ਜੱਟ ਤਿਆਰ ਹੋਏ, ਸੀਆਂ ਭੋਇੰ ਨੂੰ ਜਿਨ੍ਹਾਂ ਲਾਉਣੀਆਂ ਨੇ।

ਸੰਸਦ ਦੇ ਇਜਲਾਸ 'ਚੋਂ ਗ਼ੈਰਹਾਜ਼ਰ ਰਹਿਣ ਦੀ ਸੁਖਬੀਰ ਅਤੇ ਸੰਨੀ ਦਿਉਲ ਦੀ ਝੰਡੀ-ਇਕ ਖ਼ਬਰ
ਹੱਥ ਪੁਰਾਣੇ ਖੌਂਸੜੇ, ਬਸੰਤੇ ਹੋਰੀਂ ਆਏ।

ਸੁਖਬੀਰ 21 ਨੂੰ ਪਟਿਆਲੇ ਤੇ 24 ਨੂੰ ਮੋਗੇ ਵਿਖੇ ਧਰਨਿਆਂ ਦੀ ਅਗਵਾਈ ਕਰਨਗੇ- ਇਕ ਖ਼ਬਰ
ਹੋਰ ਵਿਹਲਾ ਬੰਦਾ ਕਰੇ ਵੀ ਕੀ, ਯਾਰ!

38 ਵਰ੍ਹਿਆਂ ਦੀ ਔਰਤ ਨੇ 17ਵੇਂ ਬੱਚੇ ਨੂੰ ਜਨਮ ਦਿਤਾ- ਇਕ ਖ਼ਬਰ
ਕੋਈ ਮੈਡਲ ਸ਼ੈਡਲ ਦਿਉ ਯਾਰ, ਫੋਕੀਆਂ ਖ਼ਬਰਾਂ ਹੀ ਨਾ ਲਾਉ।

ਅਸਲੀ ਥਾਣੇਦਾਰ ਨਾਲ ਨਕਲੀ ਥਾਣੇਦਾਰ ਨੇ ਮਾਰੀ ਲੱਖਾਂ ਦੀ ਠੱਗੀ-ਇਕ ਖ਼ਬਰ
ਚੋਰਾਂ ਨੂੰ ਮੋਰ!

ਚੁਣੌਤੀਆਂ ਭਰਪੂਰ ਰਹੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲ਼ਾ ਸਾਲ-ਇਕ ਖ਼ਬਰ
ਘੁੱਗੂਆਂ ਨੂੰ ਤੂੰ ਟੱਕਰੀ, ਤੈਨੂੰ ਟੱਕਰੂ ਬੰਸਰੀ ਵਾਲ਼ਾ।