ਬਦਚਲਨ ਜ਼ਬਾਨ ਤੇ ਕਿਰਦਾਰ ਦੀ ਪੱਕੀ, ਪੁਲਿਸ ਕੱਚੀ - ਹਰਦੇਵ ਸਿੰਘ ਧਾਲੀਵਾਲ

1978 ਵਿੱਚ ਮੈਂ ਮੁੱਖ ਅਫਸਰ ਮਾਨਸਾ ਸੀ। ਇੰਸਪੈਕਟਰ ਪ੍ਰਮੋਟ ਹੋ ਗਿਆ। ਮੇਰੀ ਤਾਇਨਾਤੀ ਇੰਸਪੈਕਟਰ ਤਫਤੀਸ਼ ਸੀ, ਪਰ ਮੇਰੇ ਪੁਲਿਸ ਕਪਤਾਨ ਸ. ਗੁਰਸ਼ਰਨ ਸਿੰਘ ਜੇਜੀ ਨੇ ਮੈਨੂੰ ਥਾਣੇ ਮਾਨਸਾ ਦੀ ਨਿਗਰਾਨੀ ਵੀ ਦੇ ਦਿੱਤੀ। ਅਗਸਤ ਦੀ ਗੱਲ ਹੈ ਕਿ ਥਾਣੇ ਮਾਨਸਾ ਵਿੱਚ ਇੱਕ 364 ਆਈ.ਪੀ.ਸੀ. ਦਾ ਮੁਕੱਦਮਾ ਦਰਜ਼ ਹੋਇਆ। ਪੁਲਿਸ ਅਨੁਸਾਰ ਸ. ਸਿੰਘ ਪੰਚ ਨੂੰ ਦੋ ਮੁੰਡੇ ਬ. ਸਿੰਘ ਤੇ ਹ. ਸਿੰਘ ਸਕੂਟਰ ਤੇ ਬਿਠਾ ਕੇ ਲੈ ਗਏ ਪਰ ਦੋ ਦਿਨਾਂ ਤੱਕ ਵੀ ਉਹ ਵਾਪਸ ਨਾ ਆਇਆ। ਇਨ੍ਹਾਂ ਦੇ ਪਹਿਲਾਂ ਸਬੰਧ ਚੰਗੇ ਨਹੀਂ ਸਨ, ਪਰ ਖਾਂਦੇ ਪੀਂਦੇ ਘਰਾਂ ਦੇ ਹੋਣ ਕਰਕੇ ਰਾਜੀਨਾਮਾ ਕਰ ਲਿਆ ਸੀ। ਖਿਚੋਤਾਨ ਮੌਜੂਦ ਸੀ। ਬ. ਸਿੰਘ ਦੀ ਮੋਟਰ ਨਹਿਰ ਦੇ ਨਜਦੀਕ ਹੀ ਸੀ, ਜਿੱਥੋਂ ਸ. ਸਿੰਘ ਪੰਚ ਨੇ ਵਾਪਸ ਆਉਣਾ ਸੀ, ਪਰ ਉਹ ਨਾ ਆਇਆ ਉਹਦੀ ਲਾਸ਼ ਨਹਿਰ ਰਾਹੀਂ ਥਾਣੇ ਰਾਮੇ ਦੀ ਹੱਦ ਵਿੱਚ ਪੁੱਜ ਗਈ। ਸ਼ਨਾਖਤ ਹੋਣ ਤੇ ਕਤਲ ਦਾ ਮੁਕੱਦਮਾ ਬਦਲ ਗਿਆ। ਲੋਕਾਂ 'ਚ ਚਰਚਾ ਸੀ ਕਿ ਪੰਚ ਨੂੰ ਕਤਲ ਕੀਤਾ ਗਿਆ ਹੈ। ਇਸ ਤੇ ਮੇਰੇ ਐਸ.ਐਸ.ਪੀ. ਜੇਜੀ ਸਾਹਿਬ ਦਾ ਹੁਕਮ ਆ ਗਿਆ ਕਿ ਤਫਤੀਸ਼ ਮੈਂ ਕਰਾਂ। ਮੇਰੀ ਆਦਤ ਸੀ ਕਿ ਮੈਂ ਕਤਲ ਜਾਂ ਵੱਡੇ ਕੇਸ ਆਪ ਹੀ ਲਿਖਦਾ ਸੀ।
    ਬ. ਸਿੰਘ ਦਾ ਤਾਇਆ ਜੱਥੇਦਾਰ ਪ. ਸਿੰਘ ਸੀ ਉਹਦੀ ਭਰਵੀਂ ਚਿੱਟੀ ਦਾਹੜੀ ਪੇਂਡੂ ਸਿਆਸਤ ਦਾ ਮਾਹਰ ਜਾਹਰ ਕਰਦੀ ਸੀ। ਉਹ ਪੁਲਿਸ ਨੂੰ ਮੇਰੇ ਤੋਂ ਇਲਾਵਾ ਮੱਦਤ ਦਿੰਦਾ ਸੀ। ਲੈਣ ਦੇਣ ਦੇ ਕੰਮ ਕਰਾਉਣ ਵਿੱਚ ਮਾਹਰ ਸੀ। ਉਸ ਨੇ ਕਾਫੀ ਜਾਇਦਾਤ ਬਣਾਈ। ਜੋੜ ਤੋੜ ਵੀ ਕਰਦਾ ਸੀ, ਪਰ ਅਕਾਲੀ ਨਹੀਂ ਸੀ। ਤਫਤੀਸ਼ ਮੇਰੇ ਕੋਲ ਆਈ ਤਾਂ ਰਾਤ ਦੇ 9 ਵਜੇ ਮੈਂ ਲਿਖਤ ਪੜ੍ਹਤ ਪੂਰੀ ਕਰ ਰਿਹਾ ਸੀ ਕਿਉਂਕਿ ਕੋਈ ਪ੍ਰਗਤੀ ਨਹੀਂ ਸੀ ਹੋਈ। ਮੈਨੂੰ ਮੁਨਸ਼ੀ ਨੇ ਕਿਹਾ ਜੱਥੇਦਾਰ ਪ. ਸਿੰਘ ਤੁਹਾਨੂੰ ਮਿਲਣ ਆਇਆ ਹੈ। ਮੈਂ ਉਸ ਨੂੰ ਥਾਣੇ ਦੇ ਦਫਤਰ ਵਿੱਚ ਹੀ ਸੱਦ ਲਿਆ। ਜੱਥੇਦਾਰ ਬਹੁਤ ਵਧੀਆ ਢੰਗ ਨਾਲ ਕਹਿਣ ਲੱਗਿਆ, "ਤੁਹਾਡੇ ਮੁਕੱਦਮੇ ਦੀ ਐਫ.ਆਈ.ਆਰ. ਅਨੁਸਾਰ ਮੈਂ ਦੋਵੇਂ ਮੁਲਜਮ ਪੇਸ਼ ਕਰ ਦਿੰਦਾ ਹਾਂ। ਤੁਹਾਡਾ ਮੁਕੱਦਮਾ ਪੂਰਾ ਹੋ ਜਾਏਗਾ। ਦੋਹਾਂ ਦਾ ਚਲਾਨ ਕਰ ਦਿਓ। ਹੋਰ ਪੁਛ ਤਾਸ਼ ਨਾ ਕਰਿਓ। ਮੈਂ 50 ਹਜ਼ਾਰ ਰੁਪਏ ਦੇ ਸਕਦਾ ਹਾਂ ਜੋ ਮੇਰੇ ਕੋਲ ਹਨ?" ਮੈਂ ਕਿਹਾ ਮੈਂ ਖੁਸ਼ ਹਾਂ ਕਿ ਤੂੰ ਸਿੱਧਾ ਆਇਆ ਹੈਂ। ਤੈਨੂੰ ਪਤਾ ਹੀ ਹੈ ਕਿ ਮੈਂ ਸੱਚ ਕਰਾਂਗਾ। ਇਹ ਪੈਸੇ ਮੁਕੱਦਮੇ ਤੇ ਖਰਚ ਕਰਿਓ। ਦੋਵੇਂ ਦੋਸ਼ੀ ਜੱਥੇਦਾਰ ਛੱਡ ਗਿਆ ਸੀ ਤੇ ਬਠਿੰਡੇ ਜਾ ਕੇ ਸ. ਨਰਦੇਵ ਸਿੰਘ ਵਕਲ ਕਰ ਲਿਆ। ਉਹ ਫੌਜਦਾਰੀ ਦੇ ਮਸ਼ਹੂਰ ਵਕੀਲ ਸਨ। ਸਾਡਾ ਪਿਛਲਾ ਪਿੰਡ ਇੱਕ ਹੀ ਸੀ। ਜੱਥੇਦਾਰ ਨੇ ਨਰਦੇਵ ਸਿੰਘ ਹੋਰਾਂ ਕੋਲ ਕਿਹਾ, "ਦੇਖ ਨਰਦੇਵ ਸਿੰਹਾਂ, ਜੱਟ ਤੋਂ 50 ਹਜ਼ਾਰ ਰੁਪਏ ਲਏ ਨੀ ਗਏ, ਮੈਂ ਤਾਂ ਐਫ.ਆਈ.ਆਰ. ਵਿਚਲੇ ਮੁੰਡੇ ਚਲਾਨ ਕਰਾਉਣ ਨੂੰ ਤਿਆਰ ਸੀ। ਦੱਸ 50 ਹਜ਼ਾਰ ਥੋੜੇ ਹੁੰਦੇ ਨੇ?" ਇਹ ਗੱਲ ਮੈਨੂੰ ਸ. ਨਰਦੇਵ ਸਿੰਘ ਨੇ ਆਪ ਦੱਸੀ ਤੇ ਮੇਰੇ ਤੇ ਮਾਣ ਮਹਿਸੂਸ ਕੀਤਾ।
    ਦੂਜੇ ਦਿਨ ਮੈਂ ਦੋਹਾਂ ਨੂੰ ਪੁੱਛਗਿੱਛ ਦੇ ਕਮਰੇ ਵਿੱਚ ਸੱਦ ਲਿਆ। ਦੋਵਾਂ ਨੇ ਸੱਚ ਦੱਸਿਆ ਕਿਉਂਕਿ ਜੱਥੇਦਾਰ ਜਾਂਦਾ ਹੋਇਆ ਕਹਿ ਗਿਆ ਸੀ ਕਿ ਹੁਣ ਸੱਚ ਬੋਲਿਓ, ਇਹ ਕੌੜਾ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਬਠਿੰਡੇ ਤੋਂ ਮਸ਼ਹੂਰ ਕੁੜੀ ਬੌਬੀ ਮਾਨਸਾ ਅੱਡੇ ਤੇ ਦੇਖੀ ਗਈ। ਉਨ੍ਹਾਂ ਦੇ ਦੱਸਣ ਅਨੁਸਾਰ ਉਹ ਉਸ ਨੂੰ ਘੁੰਮਣ ਕਲਾਂ ਤੋਂ ਬੱਸ ਵਿੱਚੋਂ ਉਤਾਰ ਲਿਆਏ। ਉਨ੍ਹਾਂ ਨਾਲ ਇੱਕ ਗ. ਸਿੰਘ ਰਲ ਗਿਆ। ਉਸ ਨਾਲ 100 ਰੁਪਏ ਵਿੱਚ ਗੱਲ ਕਰ ਲਈ, ਉਸ ਸਮੇੈਂਂ 100 ਰੁਪਏ ਵਾਹਵਾ ਹੁੰਦੇ ਸਨ ਤੇ ਉਹ ਬ. ਸਿੰਘ ਦੀ ਮੋਟਰ ਤੇ ਲੈ ਆਏ। ਗ. ਸਿੰਘ ਪੰਚ ਨਾਲ ਦੋਸਤੀ ਪੈ ਗਈ ਸੀ ਤੇ ਉਹ ਖਰਚੀਲਾ ਸੀ। ਪਿੰਡ ਤੋਂ ਉਹ ਦਾਰੂ ਦੀਆਂ ਦੋ ਬੋਤਲਾਂ ਵੀ ਲੈ ਆਇਆ। ਦੋ ਹੋਰ ਦੋਸਤ ਮਿਲ ਗਏ। ਇੱਕ ਵਕੀਲ ਦਾ ਮੁੰਡਾ ਤੇ ਇੱਕ ਹੋਰ ਦੋਸਤ ਵੀ ਰਲ ਗਿਆ। ਉਹ ਸਾਰੇ ਪੰਜੇ ਜਾਣੇ ਸ਼ਰਾਬ ਪੀਂਦੇ ਰਹੇ। ਸਿਰਫ ਵਕੀਲ ਦੇ ਮੁੰਡੇ ਨੇ ਬਦਚਲਣੀ ਨਹੀਂ ਸੀ ਕੀਤੀ। ਸ਼ਰਾਬੀ ਹੋ ਗਏ ਤਾਂ ਬ. ਸਿੰਘ ਦੇ ਚਾਚੇ ਦੇ ਦੋ ਲੜਕੇ ਉੱਥੇ ਪਹੁੰਚ ਗਏ ਤਾਂ ਉਨ੍ਹਾਂ ਨੇ ਪੰਚ ਨੂੰ ਗਾਲ ਕੱਢੀ ਤੇ ਚਾਰਾਂ ਨੇ ਪੰਚ ਵੱਢ ਦਿੱਤਾ। ਬ. ਸਿੰਘ ਤੇ ਹ. ਸਿੰਘ ਹੁਸ਼ਿਆਰ ਸਨ। ਉਹਨੇ ਦੂਸਰੇ ਤਿੰਨਾਂ ਦੇ ਹੱਥ ਵੀ ਨਾਲ ਲੁਆਏ ਤੇ ਨਹਿਰ ਵਿੱਚ ਸੁੱਟ ਦਿੱਤਾ।
    ਬੌਬੀ ਤੋਂ ਬਿਨਾਂ ਸਾਰਿਆਂ ਦੀ ਪੁੱਛਗਿਛ ਹੋਈ ਤੇ ਇਹ ਕੇਸ ਚਰਚਾ ਦਾ ਵਿਸ਼ਾ ਬਣ ਗਿਆ। ਉਸ ਸਮੇਂ ਅਨੁਸਾਰ ਖ਼ਬਰਾਂ ਵੀ ਲੱਗੀਆਂ। ਬੌਬੀ ਨੂੰ ਲੱਭਣ ਲਈ ਮੈਂ ਬਠਿੰਡੇ ਦੇ ਕੋਤਵਾਲ ਨੂੰ ਕਹਿ ਦਿੱਤਾ ਸੀ, ਉਨ੍ਹਾਂ ਨੇ ਉਹ ਮੇਰੇ ਕੋਲ ਭੇਜ ਦਿੱਤੀ, ਜਦੋਂ ਮੇਰੇ ਸਾਹਮਣੇ ਆਈ, ਮੈਂ ਦੇਖਿਆ ਉਹ ਭਰ ਜਵਾਨ 5 ਫੁੱਟ 3 ਇੰਚ, ਰੰਗ ਕਣਕਵੰਨਾ, ਨਕਸ਼ ਖਿੱਚਵੇਂ ਤੇ ਅੱਖਾਂ ਮਟਕਾ ਕੇ ਉਸ ਨੇ ਮੇਰੇ ਵੱਲ ਨਖਰੇ ਨਾਲ ਦੇਖਿਆ। ਮੈਂ ਅਜਿਹੀ ਸ਼ਖਤੀ ਨਾਲ ਪੇਸ਼ ਹੋਇਆ ਕਿ ਉਸ ਦਾ ਖੜੀ ਦਾ ਸਭ ਕੁੱਝ ਨਿਕਲ ਗਿਆ। ਮਹਿਲਾ ਕਾਂਸਟੇਬਲ ਗੁਸਲਖਾਨੇ ਲੈ ਗਈਆਂ। ਮੈਂ ਉਸ ਨੂੰ ਕਿਹਾ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਤੂੰ ਇੱਕ ਨੌਜਵਾਨ ਮੁੰਡਾ ਕਤਲ ਕਰਵਾ ਦਿੱਤਾ। ਉਹਨੇ ਬੜੀ ਸਫਾਈ ਨਾਲ ਕਿਹਾ, ਸਾਬ ਮੈਂ ਕਤਲ ਕਰਵਾਉਣ ਤਾਂ ਨਹੀਂ ਸੀ ਆਈ। ਇੰਨ੍ਹਾਂ ਦੇ ਰੌਲੇ ਦਾ ਮੈਨੂੰ ਕੀ ਪਤੇ? ਵਕੀਲ ਸਾਹਿਬ ਦੇ ਸਬੰਧ ਕਾਮਰੇਡ ਜੰਗੀਰ ਸਿੰਘ ਜੋਗਾ ਨਾਲ ਚੰਗੇ ਸਨ। ਐਸ.ਐਸ.ਪੀ. ਜੇਜੀ ਸਾਹਿਬ ਦੇਸ਼ ਭਗਤਾਂ ਦੇ ਪਰਿਵਾਰ ਦੇ ਹੋਣ ਕਰਕੇ ਉਨ੍ਹਾਂ ਦਾ ਸਤਿਕਾਰ ਵੀ ਕਰਦੇ ਸਨ। ਕਾਮਰੇਡ ਜੋਗਾ ਨੇ ਸਾਰਾ ਸੱਚ ਦੱਸ ਦਿੱਤਾ। ਉਨ੍ਹਾਂ ਨੇ ਮੈਨੂੰ ਵੀ ਸੱਦਿਆ ਤੇ ਵਕੀਲ ਦੇ ਲੜਕੇ ਨੂੰ ਗਵਾਹ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਕੋਲ ਐਸ.ਪੀ. (ਡੀ.) ਬੈਠੇ ਸਨ। ਉਨ੍ਹਾਂ ਨੇ ਇੱਕ ਹੋਰ ਦੀ ਸਿਫਾਰਸ਼ ਕੀਤੀ। ਮੈਂ ਕਿਹਾ ਇਸ ਤਰ੍ਹਾਂ ਨਾ ਕਰੋ, ਅਸਲ ਵਿੱਚ ਤਾਂ ਇਹ ਚਾਰੇ ਹੀ ਕਾਤਲ ਹਨ। ਦੂਸਰੇ ਤਿੰਨ ਤੇ ਬੌਬੀ ਵੀ ਕਾਤਲ ਤਾਂ ਨਹੀਂ ਤਾਂ ਮੈਨੂੰ ਜੇਜੀ ਸਾਹਿਬ ਨੇ ਕਿਹਾ ਸੱਚ ਦੇ ਆਧਾਰ ਤੇ ਚਲਾਨ ਕਰ ਦੇ। ਮੈਂ ਸਾਰੇ ਗਵਾਹ ਰੱਖ ਲਏ। ਮੁਲਾਜਮ ਬੌਬੀ ਤੋਂ ਡਰਨ ਲੱਗ ਗਏ ਸਨ, ਕੋਈ ਕੁੱਝ ਨਹੀਂ ਸੀ ਕਹਿੰਦਾ। ਜੱਥੇਦਾਰ ਪ. ਸਿੰਘ ਬਹੁਤ ਚਾਤਰ ਤੇ ਪੈਸੇ ਵਾਲਾ ਇਨਸ਼ਾਨ ਸੀ। ਉਹ ਚੰਡੀਗੜ੍ਹ ਤੋਂ ਉੱਚ ਅਫਸਰ ਦੀ ਪੜਤਾਲ ਲੈ ਆਏ। ਜੱਥੇਦਾਰ ਮੈਨੂੰ ਕਹਿਣ ਲੱਗਿਆ। ਸਰਦਾਰਾ ਤੂੰ ਤਾਂ ਸਾਡਾ ਕੰਮ ਨਹੀਂ ਕੀਤਾ, ਹੁਣ ਜਾਂ ਤਾਂ ਸਾਰੇ     ਚਲਾਨ ਹੋਣਗੇ ਜਾਂ ਪਹਿਲੇ ਦੋ। ਪੜਤਾਲੀਆ ਅਫਸਰ ਦੇ ਆਉਣ ਤੇ ਕੋਈ ਸੌ ਸਵਾ ਸੋ ਆਦਮੀ ਇਕੱਠੇ ਹੋ ਗਏ। ਭੈਣੀ ਬਾਘੇ ਰੈਸਟ ਹਾਊਸ ਵਿੱਚ ਬੋਹੜ ਥੱਲੇ ਬੈਠੇ ਸੀ ਤਾਂ ਅਫਸਰ ਦੀ ਮੌਜੂਦੀ ਵਿੱਚ ਮੈਂ ਕਿਹਾ, "ਜੱਥੇਦਾਰਾ ਜਦ ਤੂੰ ਮੇਰੇ ਕੋਲ ਇਹ ਦੋਵੇਂ ਪੇਸ਼ ਕੀਤੇ ਤਾਂ ਤੂੰ ਮੈਨੂੰ 50 ਹਜ਼ਾਰ ਦੇਣ ਦੀ ਗੱਲ ਕੀਤੀ ਸੀ।" ਉਹ ਚੁੱਪ ਰਿਹਾ। ਮੈਂ ਫੇਰ ਕਿਹਾ, "ਦੂਜੇ ਦਿਨ ਸ. ਨਰਦੇਵ ਸਿੰਘ ਨੂੰ ਨਹੀਂ ਕਿਹਾ ਕਿ ਵੇਖ ਨਰਦੇਵ ਸਿੰਹਾਂ ਜੱਟ ਤੋਂ 50 ਹਜ਼ਾਰ ਰੁਪਏ ਲਏ ਨਹੀਂ ਗਏ। ਜੱਥੇਦਾਰ ਦੀ ਚੁੱਪ ਦੇਖ ਕੇ ਅਫਸਰ ਬਹੁਤ ਗਰਮ ਬੋਲੇ। ਉਹ ਦੁਪਹਿਰ ਦਾ ਖਾਣਾ ਖਾਣ ਲਈ ਰੈਸਟ ਹਾਊਸ ਵਿੱਚ ਚਲੇ ਗਏ ਤਾਂ ਜੱਥੇਦਾਰ ਕਹਿਣ ਲੱਗਿਆ ਕਿ ਸਰਦਾਰਾ ਤੂੰ ਮੈਨੂੰ ਗਾਲਾਂ ਪੁਆ ਦਿੱਤੀਆਂ, ਪਰ ਇਹ ਮੇਰਾ ਕੰਮ ਕਰਕੇ ਜਾਊ। ਜੱਥੇਦਾਰ ਦੂਰੋਂ ਮੇਰਾ ਰਿਸ਼ਤੇਦਾਰ ਵੀ ਸੀ। ਬੌਬੀ ਤੋਂ ਬਿਨਾਂ ਸਾਰੇ ਚਲਾਨ ਹੋ ਗਏ।
    ਮੈਂ ਬੌਬੀ ਨੂੰ ਹੋਰ ਤਕੜੀ ਕਰ ਦਿੱਤਾ ਤੇ ਮੁਦਈਆਂ ਤੋਂ ਉਹਦੀ ਮਦਤ ਵੀ ਕਰਾਈ। ਅਗਲੇ ਸਾਲ ਜਨਵਰੀ ਦਾ ਅੱਧ ਸੀ, ਮੈਂ ਬਠਿੰਡੇ ਸ਼ੈਸ਼ਨ ਕੋਰਟ ਵਿੱਚੋਂ ਚੱਲਣ ਲੱਗਿਆ ਤਾਂ ਡਰਾਇਵਰ ਨੇ ਕਿਹਾ ਕਿ ਬੌਬੀ ਭੱਜੀ ਆਉਂਦੀ ਹੈ, ਉਸ ਨੇ ਕਿਹਾ ਕਿ ਉਸ ਨੂੰ ਚੱਕਿਆ ਜਾਏਗਾ ਤੇ ਪੇਸ਼ੀ ਵਿੱਚ 10-15 ਦਿਨ ਸਨ। ਮੈਂ ਮਜਬੂਰੀ ਬਸ ਉਸ ਨੂੰ ਜੀਪ ਦੇ ਪਿੱਛੇ ਬਿਠਾ ਲਿਆ। ਮੈਨੂੰ ਪਤਾ ਸੀ ਕਿ ਪਾਰਟੀ ਪੈਸੇ ਵਾਲੀ ਹੈ। ਹਾਈ ਕੋਰਟ ਦਾ ਰੇਡ ਇਸ ਤੇ ਜ਼ਰੂਰ ਹੋਏਗਾ। ਅਸੀਂ ਉਸ ਨੂੰ ਥਾਣਾ ਬੋਹਾ ਮਾਨਸਾ ਦੇ ਰਤੀਆ ਵਿੱਚ ਥਾਂ ਬਦਲ ਕੇ ਰੱਖਦੇ ਰਹੇ। ਮੁਲਾਜਮਾਂ ਨੂੰ ਹਦਾਇਤ ਕੀਤੀ ਕਿ ਇਸ ਦੀ ਕੋਈ ਸ਼ਿਕਾਇਤ ਨਾ ਆਏ। ਪੇਸ਼ੀ ਤੋਂ ਇੱਕ ਰਾਤ ਪਹਿਲਾਂ ਅਸੀਂ ਉਸ ਨੂੰ ਥਾਣੇ ਵਿੱਚ ਲਿਆਦਾ। ਮੈਂ ਕ. ਸਿੰਘ ਸਹਾਇਕ ਥਾਣੇਦਾਰ ਨੂੰ ਸਵੇਰੇ ਕਿਹਾ ਕਿ ਇੱਕ ਗੱਡੀ ਥਾਣੇ ਵਿੱਚ ਲੈ ਕੇ ਆਏ। ਉਹ ਕਹਿਣ ਲੱਗਿਆ ਕਿ ਮਾੜੀ ਗੱਡੀ ਭੇਜ ਦੇਣਗੇ, ਆਪਾਂ ਅੱਡੇ ਤੋਂ ਹੀ ਗੱਡੀ ਲੈ ਲੈਂਦੇ ਹਾਂ। ਮੇਰੇ ਦੁਬਾਰੇ ਕਹਿਣ ਤੇ ਸਹਾਇਕ ਥਾਣੇਦਾਰ ਨੇ ਫੇਰ ਉਹੀ ਰਾਇ ਦਿੱਤੀ। ਅਸੀਂ 200 ਗਜ ਪੈਦਲ ਆਏ ਹੋਵਾਂਗੇ, ਫੇਰ ਗੱਡੀ ਲੈ ਕੇ ਬਠਿੰਡੇ ਪਹੁੰਚ ਗਏ। ਜਦੋਂ ਮੁਕੱਦਮਾ ਸ਼ੁਰੂ ਹੋਇਆ ਤਾਂ ਸ. ਨਰਦੇਵ ਸਿੰਘ ਨੇ ਗਵਾਹ ਨਾਲ ਸਾਡੀਆਂ ਫੋਟੋ ਪੇਸ਼ ਕਰ ਦਿੱਤੀਆਂ। ਜਿਸ ਵਿੱਚ ਮੈਂ, ਬੌਬੀ ਤੇ ਕ. ਸਿੰਘ ਸਾਫ ਦਿਖਾਈ ਦੇ ਰਹੇ ਸੀ। ਮੇਰਾ ਮੱਥਾ ਠਨਕਿਆ ਕਿ ਸਾਰੀ ਕੀਤੀ ਕਤਾਈ ਮਿਹਨਤ ਤੇ ਪਾਣੀ ਫਿਰ ਗਿਆ ਹੈ। ਪਰ ਇਸ ਦੇ ਬਾਵਜੂਦ ਬੌਬੀ ਨੇ ਡਟ ਕੇ ਗਵਾਹੀ ਦਿੱਤੀ। ਵਕੀਲ ਦੇ ਕਹਿਣ ਤੇ ਕਿ ਪੁਲਿਸ ਵਾਲੇ ਅੱਜ ਤੈਨੂੰ ਨਾਲ ਲਿਆਏ ਹਨ ਇਹ ਤੇਰੀ ਫੋਟੋ ਹੈ, ਤਾਂ ਉਸ ਨੇ ਜਵਾਬ ਦਿੱਤਾ, ਇਹ ਫੋਟੋ ਉਸ ਦਿਨ ਦੀ ਹੈ, ਜਿਸ ਦਿਨ ਮੈਨੂੰ ਫੜ ਕੇ ਲੈ ਗਏ ਸਨ। ਵਕੀਲ ਨੇ ਕਿਹਾ ਸਿਆਲ ਕਾਰਨ ਪੂਰੀਆਂ ਬਾਹਾਂ ਦੇ ਕਮੀਜ ਹਨ ਗਰਮੀ ਵਿੱਚ ਤਾਂ ਅੱਧੀਆਂ ਬਾਹਾਂ ਦੇ ਪੈਂਦੇ ਹਨ। ਉਸ ਨੇ ਜਵਾਬ ਦਿੱਤਾ ਸਰਦਾਰ ਨੇ ਪੁਲਿਸ ਵਾਲਿਆਂ ਨੂੰ ਕਿਹਾ ਸੀ ਕਿ ਮੱਛਰ ਬਹੁਤ ਹੈ ਪੂਰੀਆਂ ਬਾਹਾਂ ਦੇ ਕਮੀਜ ਪਾਓ। ਗਵਾਹੀ ਤੇ ਜੱਜ ਸਾਹਿਬ ਵੀ ਹੈਰਾਨ ਹੋ ਗਏ, ਪਰ ਫੋਟੋ ਗ੍ਰਾਫਰ ਦੀ ਸਹਾਦਤ ਸਾਡੇ ਵਿਰੁੱਧ ਸੀ, ਮੈਨੂੰ ਨਹੀਂ ਸੀ ਪਤਾ ਕਿ ਕ. ਸਿੰਘ ਦੋਸ਼ੀ ਪਾਰਟੀ ਨਾਲ ਰਲ ਗਿਆ ਹੈ। ਪੈਸੇ ਦੇ ਜੋਰ ਨੇ ਇੱਕ ਪੁਲਿਸ ਅਫਸਰ ਦਾ ਕਿਰਦਾਰ ਨੰਗਾ ਕੀਤਾ।
    ਪਰ ਇੱਕ ਬਦਚਲਣ ਔਰਤ ਆਪਣੇ ਕੀਤੀ ਹੋਈ ਜਬਾਨ ਤੇ ਪੂਰੀ ਉਤਰੀ।
    
ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279