ਪਿੰਡਾਂ ਦਾ ਸਿਰਨਾਵਾਂ - ਦੁੱਧ ਦੀ ਡੇਅਰੀ - ਸੁਖਪਾਲ ਸਿੰਘ ਗਿੱਲ

ਸਰਕਾਰ ਵੱਲੋਂ ਕਿਸਾਨੀ ਦਸ਼ਾ ਅਤੇ ਦਿਸ਼ਾ ਸੁਧਾਰਨ ਦੇ ਉਪਰਾਲਿਆਂ ਵਿੱਚ ਦੁੱਧ ਕੇਂਦਰ ਦੁੱਧ ਦੀ ਡੇਅਰੀ ਵੀ ਇਕ ਮਾਤਮੱਤਾ ਉਪਰਾਲਾ ਹੈ । ਰੋਜ਼ਾਨਾ ਦੁੱਧ ਪਾਉਣ ਨਾਲ ਵਪਾਰੀ ਵਾਂਗ ਪਿੰਡਾਂ ਦੇ ਲੋਕਾਂ ਦੀ  ਜੇਬ ਹਰੀ ਰਹਿੰਦੀ ਹੈ । ਸਵੇਰੇ ਸ਼ਾਮ ਪਸ਼ੂਆਂ ਤੋਂ ਦੁੱਧ ਪੈਦਾ ਕਰਨ ਲਈ ਸਾਰਾ ਪਰਿਵਾਰ ਕੰਮ ਤੇ ਲੱਗਾ ਰਹਿੰਦਾ ਹੈ । ਵਿਅੰਗਆਤਮਿਕ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਦੁੱਧ ਦੀ ਡੇਅਰੀ ਤੇ ਦੁੱਧ ਪਾਉਣ ਨਾਲ "  ਊਂ ਤਾਂ ਭੈਣੇ ਮੈਨੂੰ ਚੁਗਲੀ ਕਰਨ ਦੀ ਆਦਤ ਨਾ , ਪਰ ਸੱਚ ਦੇਖ ਕੇ ਹੁੰਦਾ ਵੀ ਬਰਦਾਸ਼ਤ ਨਾ  "   ਵਾਲੀ ਗੁਰਦਾਸ ਮਾਨ ਦੀ ਸਤਰ ਸਦਾ ਬਹਾਰ ਰਹਿੰਦੀ ਹੈ । ਸਾਰੇ ਪਿੰਡ ਦੀ ਤਾਜ਼ਾ ਤਰੀਨ ਖਬਰ ਵੀ ਦੁੱਧ ਦੀ ਡੇਅਰੀ ਤੋਂ ਮਿਲਦੀ ਰਹਿੰਦੀ ਹੈ ।
                ਪਿੰਡਾਂ ਦੀ ਡੇਅਰੀ ਵਿੱਚ ਦੁੱਧ ਪਾਉਣ ਨਾਲ  ਨਜ਼ਾਰਾ ਅਤੇ ਹੌਂਸਲਾਂ ਜਿਹਾ ਬਣਿਆ ਰਹਿੰਦਾ ਹੈ । ਕਾਰਨ ਸਪਸ਼ਟ ਹੈ  ਕਿ ਹਰ 10 ਦਿਨਾਂ ਬਾਅਦ ਦੁੱਧ ਦੀ ਫਸਲ ਤੋਂ ਜੇਬ ਹਰੀ ਹੋ ਜਾਂਦੀ ਹੈ । ਬਾਕੀ ਫਸਲਾਂ 6 ਮਹੀਨੇ ਬਾਅਦ ਮੌਸਮ ਤੇ ਨਿਰਭਰ ਕਰਦੀਆਂ ਹਨ । ਪਿੰਡ ਦੀ ਡੇਅਰੀ ਨੇ ਰੂੜੀਵਾਦੀ ਵਿਚਾਰ ਕਿ ਦੁੱਧ , ਪੁੱਤ ਵੇਚਣ ਵਾਂਗ ਹੈ , ਨੂੰ  ਪਰੇ ਧੱਕ ਕੇ ਨਵੀਂ ਆਸ  ਵੀ ਜਗਾਈ ਹੈ ।    ਦਾਰੂ ਦੇ ਸ਼ੌਕੀਨਾ ਲਈ ਦੁੱਧ ਦੀ ਡੇਅਰੀ ਅੰਦਰੂਨੀ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੈ  । ਸ਼ਾਮ ਨੂੰ ਰੰਗੀਲੀ ਬਣਾਉਣ ਲਈ ਡੇਅਰੀ ਤੋਂ ਪੈਸੇ ਲੈ ਕੇ  ਠੇਕੇ ਵੱਲ ਚਾਲੇ ਪਾ ਦਿੱਤੇ  ਜਾਂਦੇ ਹਨ    । 10 ਦਿਨਾਂ ਬਾਅਦ ਰੋਜ਼ਾਨਾ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ ।  ਜੀਵਨ ਨਿਰਵਾਹ ਸੁਖਾਲਾ ਹੋ ਜਾਂਦਾ ਹੈ ।  ਪੁਰਾਣੇ ਸਮੇਂ ਖੂਹਾਂ ਜ਼ਰੀਏ ਸੱਭਿਆਚਾਰ ਦੀ ਤਸਵੀਰ ਝਲਕਦੀ ਸੀ , ਅੱਜ ਉਸ ਨਜ਼ਾਰੇ ਨੂੰ ਦੁੱਧ ਦੀ ਡੇਅਰੀ ਤਰੋ - ਤਾਜ਼ਾ ਰੱਖਦੀ ਹੈ ।
              ਭਾਈਚਾਰਕ ਏਕਤਾ  ਅਤੇ ਅਨੁਸ਼ਾਸ਼ਤ ਜਿੰਦਗੀ ਦੀ ਗਵਾਹੀ ਵੀ ਪਿੰਡ ਦੀ ਡੇਅਰੀ ਭਰਦੀ ਹੈ । ਸ਼ਾਂਤਮਈ ਤਰੀਕੇ ਨਾਲ ਵਾਰੀ ਸਿਰ ਦੁੱਧ ਪਾਉਣ ਦੀ ਉਡੀਕ ਲਾਈਨਾਂ ਵਿੱਚ ਲੱਗ ਕੇ  ਕੀਤੀ ਜਾਂਦੀ ਹੈ । ਕੁਝ ਸਮੇਂ ਪਹਿਲਾਂ ਚੱਕਰ ਜਿਹਾ ਘੁੰਮਾ ਕੇ ਫੈਂਟ ਕੱਢੀ ਜਾਂਦੀ ਸੀ ,  ਜਿਸਤੇ ਕਿੰਤੂ - ਪਰੰਤੂ  ਹੁੰਦਾ ਰਹਿੰਦਾ ਸੀ ।  ਹੁਣ ਕੰਪਿਊਟਰ ਲੱਗਣ ਨਾਲ ਇਹ ਝੰਜਟ ਵੀ ਖਤਮ ਹੈ । ਹਰ ਸਾਲ  ਬੋਨਸ ਵੀ ਮਿਲਦਾ ਹੈ । ਘਰ ਦਾ ਕੋਈ ਵੀ ਮੈਂਬਰ ਨਿਆਣਾ ਸਿਆਣਾ  ਆ ਕੇ ਦੁੱਧ ਪਾ ਸਕਦਾ ਹੈ ।
                           ਸਰਕਾਰ ਵੱਲੋਂ ਸਹਾਇਕ ਧੰਦਿਆਂ ਦੀ ਹੱਲਾਸ਼ੇਰੀ ਦਾ ਰੂਝਾਨ ਦੁੱਧ ਦੀ ਡੇਅਰੀ ਵਿੱਚ ਸਪੱਸ਼ਟ ਝਲਕਦਾ ਹੈ । 2012 ਦੀ ਪਸ਼ੂ ਜਨਗਣਨਾ ਅਨੁਸਾਰ 51 ਲੱਖ 60 ਹਜ਼ਾਰ  ਮੱਝਾਂ  ਅਤੇ 24 ਲੱਖ 28 ਹਜ਼ਾਰ ਗਾਵਾਂ ਸਨ । ਇਹਨਾਂ ਲਈ 1367 ਪਸ਼ੂ ਹਸਪਤਾਲ ਅਤੇ 1485 ਪਸ਼ੂ ਡਿਸਪੈਂਸਰੀਆਂ ਸਨ ।  ਪਸ਼ੂਆਂ ਨੂੰ ਪਸ਼ੂ ਧੰਨ ਕਹਿਣਾ ਵੀ ਡੇਅਰੀ ਦੀ ਕਿਤਾਬ ਦਾ ਇੱਕ ਵਰਕਾ ਹੈ । ਪਸ਼ੂਆਂ ਦੇ ਸਿਰ  ਤੇ ਨਿੱਤ ਦਿਨ ਦੀਆਂ ਗਰਜ਼ਾਂ ਪੂਰੀਆਂ ਹੋਣ ਨਾਲ ਰੁਜ਼ਗਾਰ ਵੀ  ਬਣਿਆ ਰਹਿੰਦਾ ਹੈ । ਪਰਿਵਾਰ ਨੂੰ ਡੇਅਰੀ ਵਿੱਚ  ਦੁੱਧ ਪਾਉਣ ਦੀ ਇਕ ਆਦਤ ਜਿਹੀ ਬਣ ਜਾਂਦੀ ਹੈ ।  ਵੰਨ ਸੁਵੰਨੀਆਂ , ਪੈਸਾ ਧੇਲਾ ਅਤੇ ਮਨੋਰੰਜਨ ਦਾ ਨਕਸ਼ਾ ਮੱਲੋ  ਮੱਲੀ ਪੇਸ਼ ਹੁੰਦਾ ਰਹਿੰਦਾ ਹੈ । 
                                  ਹਾਂ , ਇਕ ਗੱਲ ਪੱਕੀ ਹੈ ,  ਜੇ ਕਿਸਾਨ ਦੁੱਧ ਦੀ ਡੇਅਰੀ ਤੇ ਨਜ਼ਾਰੇ ਵਾਂਗ ਬਾਕੀ ਫਸਲਾਂ ਵੇਚਣ ਦਾ ਨਜ਼ਾਰਾ ਵੀ ਮਨ ਵਿੱਚ ਵਸਾ ਲੈਣ ਤਾਂ  ਦਸ਼ਾ ਵਿੱਚ ਵੱਡਾ ਸੁਧਾਰ ਹੋ ਸਕਦਾ ਹੈ । ਜਦੋਂ ਖੁਦ  ਦੁੱਧ ਵੇਚਣ ਵਿੱਚ ਸ਼ਰਮ ਮਹਿਸੂਸ ਨਹੀਂ ਕੀਤੀ ਜਾਂਦੀ ਤਾਂ  ਬਾਕੀ ਕਿਸਾਨੀ ਉਪਜਾਂ ਵਿੱਚ  ਕਿਉਂ  ?   ਦੁੱਧ ਦੀ ਡੇਅਰੀ ਪਿੰਡ ਦੇ ਲੋਕਾਂ ਲਈ  ਆਰਥਿਕ , ਸੱਭਿਆਚਾਰ  ਅਤੇ ਰੁਜ਼ਗਾਰ ਦਾ ਮਾਣ ਮੱਤਾ ਸੁਮੇਲ ਹੈ । 

ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ