ਨਵਾਂ ਸਾਲ - ਨਿਰਮਲ ਸਿੰਘ ਕੰਧਾਲਵੀ

ਠੱਕ ਠੱਕ:
   
ਪਹਿਲੀ ਆਵਾਜ਼:  ''ਕੌਣ ਐ ਬਈ''?
ਦੂਜੀ   ਆਵਾਜ਼:   ''ਮੈਂ ਨਵਾਂ ਵਰ੍ਹਾ ਆਂ ਜੀ''!
ਪਹਿਲੀ ਆਵਾਜ਼:  ''ਅੱਛਾ, ਆ ਗਿਐਂ ਬਈ, ਜੀ ਆਇਆਂ ਨੂੰ! ਅੰਦਰ ਲੰਘ ਆ''।
ਨਵਾਂ ਵਰ੍ਹਾ     :  ''ਵੱਡਾ ਭਾਈ ਨਹੀਂ ਦਿਸਦਾ ਕਿਧਰੇ''?
ਆਵਾਜ਼       :  ''ਉਹ ਜਾਣ ਦੀ ਤਿਆਰੀ ਕਰ ਰਿਹੈ।ਸਾਮਾਨ ਬੰਨਦ੍ਹੈ ਸਵੇਰ ਦਾ। ਕਹਿੰਦਾ ਸੀ
                  ਟੈਕਸੀ ਦਾ ਬੰਦੋਬਸਤ ਕਰਨ ਚੱਲਿਐ''।
ਨਵਾਂ ਵਰ੍ਹਾ     :  ''ਮੈਂ ਜਿਹੜੀ ਟੈਕਸੀ 'ਚ ਆਇਆਂ ਇਹਨੂੰ ਹੀ ਕਹਿ ਦਿੰਨੇ ਆਂ, ਇਹੀ
                  ਉਡੀਕ ਲਉ ਉਨਾ ਚਿਰ''                                               
ਆਵਾਜ਼       :  ''ਕਦੋਂ ਕੁ ਚੱਲਿਆ ਸੀ ਬਈ''?
ਨਵਾਂ ਵਰ੍ਹਾ     :  ''ਅਸੀਂ ਤਾਂ ਅਜ਼ਲ ਤੋਂ ਹੀ ਚੱਲੇ ਹੋਏ ਆਂ।ਬਸ ਖੂਹ ਦੀਆਂ ਟਿੰਡਾਂ ਵਾਂਗ 
                  ਆਉਂਦੇ ਜਾਂਦੇ ਰਹੀਦਾ''।
ਆਵਾਜ਼       : ''ਕੋਈ ਚੰਗੀਆਂ ਚੀਜ਼ਾਂ ਵੀ ਲੈ ਕੇ ਆਇਐਂ ਕਿ ਪਿਛਲੇ ਸਾਲ ਵਾਂਗ ਤੂੰ ਵੀ
                 ਹਲਚਲਾਂ ਹੀ ਮਚਾਏਂਗਾ''!
ਨਵਾਂ ਵਰ੍ਹਾ     : ''ਬਸ ਦੂਸਰਿਆਂ ਨੂੰ ਇਲਜ਼ਾਮ ਦੇਣੇ ਹੀ ਆਉਂਦੇ ਐ ਤੁਹਾਨੂੰ।ਕਦੀ ਇਹ ਵੀ
                ਸੋਚਿਐ ਕਿ ਇਨ੍ਹਾਂ ਹਲਚਲਾਂ ਦੇ ਜ਼ਿੰਮੇਵਾਰ ਤੁਸੀਂ ਆਪ ਹੀ ਹੋ''।
ਆਵਾਜ਼       : ''ਯਾਰ, ਤੂੰ ਤਾਂ ਆਉਂਦਾ ਹੀ ਗਲ਼ ਪੈ ਗਿਐਂ''!
ਨਵਾਂ ਵਰ੍ਹਾ     : ''ਬਿਲਕੁਲ ਨਹੀਂ, ਮੈਂ ਗਲ਼ ਨਹੀਂ ਪਿਆ, ਮੈਂ ਤਾਂ ਸੱਚੀ ਗੱਲ ਕੀਤੀ ਐ।
                ਤੁਸੀਂ ਲੋਕ ਤਾਂ ਰੱਬ ਨੂੰ ਵੀ ਉਲਾਂਭੇ ਦੇਣ ਤੋਂ ਬਾਜ਼ ਨਹੀਂ ਆਉਂਦੇ ਜਿਸ ਨੇ ਤੁਹਾਡੇ ਲਈ
                ਏਨੀ ਖ਼ੂਬਸੂਰਤ ਦੁਨੀਆਂ ਬਣਾਈ ਐ।ਭਿੰਨ ਭਿੰਨ ਪ੍ਰਕਾਰ ਦੇ ਭੋਜਨ ਪਦਾਰਥ,
                ਦਰਖ਼ਤ, ਸਮੁੰਦਰ, ਪਹਾੜ, ਰੰਗ ਰੰਗ ਦੇ ਮੌਸਮ, ਹਵਾ, ਪਾਣੀ, ਕੀ ਕੀ ਨਹੀਂ ਬਣਾਇਆ
                ਰੱਬ ਨੇ ਤੁਹਾਡੇ ਲਈ ਪਰ ਤੁਸੀਂ ਅਕ੍ਰਿਤਘਣਾਂ ਨੇ ਕੀ ਹਾਲ ਕਰ ਦਿੱਤਾ ਇਸ ਖ਼ੂਬਸੂਰਤ
                ਦੁਨੀਆਂ ਦਾ।ਜਿਹੜੇ ਜੰਗਲ ਤੁਹਾਡੇ ਲਈ ਫੇਫੜਿਆਂ ਦਾ ਕੰਮ ਕਰਦੇ ਹਨ ਤੁਸੀਂ ਮੂਰਖੋ
                ਉਨ੍ਹਾਂ ਨੂੰ ਹੀ ਵੱਢੀ ਜਾਂਦੇ ਹੋ।ਧਰਤੀ ਵੀ ਜ਼ਹਿਰੀਲੀ ਤੇ ਹਵਾ ਤੇ ਪਾਣੀ ਵੀ ਜ਼ਹਿਰੀਲਾ
                ਕਰ ਲਿਆ ਤੁਸੀਂ ਤੇ ਦੋਸ਼ ਕਿਸੇ ਹੋਰ ਦੇ ਮੱਥੇ ਮੜ੍ਹਨਾ ਚਾਹੁੰਦੇ ਹੋ।ਆਪਸ
                ਵਿਚੀਂ ਲੜ ਲੜ ਮਰੀ ਜਾਂਦੇ ਹੋ, ਤੁਹਾਡੇ ਨਾਲੋਂ ਵੀ ਮੂਰਖ ਹੋਵੇਗਾ ਕੋਈ! ਮਨੁੱਖ
                ਨਾਲੋਂ ਤਾਂ ਖੂੰਖਾਰ ਜਾਨਵਰ ਚੰਗੇ ਨੇ ਜਿਹੜੇ ਸ਼ਿਕਾਰ ਮਾਰ ਕੇ ਸਾਰਾ ਹੀ ਨਹੀਂ ਖਾ
                ਜਾਂਦੇ ਸਗੋਂ ਹੋਰ ਜਾਨਵਰਾਂ ਲਈ ਵੀ ਛੱਡ ਦਿੰਦੇ ਆ ਪਰ ਲਾਲਚੀ ਮਨੁੱਖ ਤਾਂ ਗ਼ਰੀਬਾਂ ਦਾ    
                ਖ਼ੂਨ ਪੀ ਪੀ ਕੇ ਕਾਰੂੰ ਨੂੰ ਵੀ ਮਾਤ ਪਾਈ ਜਾਂਦੇ ਆ।ਛੱਡੀ ਹੈ ਇਹ ਦੁਨੀਆਂ ਤੁਸੀਂ
                ਰਹਿਣ ਜੋਗੀ''?
                ਏਨੀ ਦੇਰ ਨੂੰ ਬਾਹਰ ਟੈਕਸੀ ਦੀ ਆਵਾਜ਼ ਆਉਂਦੀ ਹੈ ਤੇ ਨਵਾਂ ਵਰ੍ਹਾ ਬਾਹਰ ਆਪਣੇ
                ਵੱਡੇ ਵੀਰ ਨੂੰ ਵਿਦਾ ਕਰਨ ਲਈ ਚਲਿਆ ਜਾਂਦਾ ਹੈ।