ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

5 Jan. 2020

ਢੀਂਡਸਾ ਦੀ ਚੁੱਪ ਤੋਂ ਮਿਲ ਰਹੀ ਹੈ ਵੱਡੀ ਸਿਆਸੀ ਹਲਚਲ ਦੀ ਆਹਟ-ਇਕ ਖ਼ਬਰ
ਇਹਦੀ ਚੁੱਪ ਵਿਚ ਛੁਪਿਆ ਤੂਫਾਨ ਜੀ, ਕਰੂ ਬਾਦਲਾਂ ਦਾ ਡਾਢਾ ਨੁਕਸਾਨ ਜੀ।

ਨਾਗਰਿਕਤਾ ਕਾਨੂੰਨ ਦੇ ਫ਼ੈਸਲੇ ਤੋਂ ਇਕ ਇੰਚ ਵੀ ਪਿੱਛੇ ਨਹੀਂ ਹਟਾਂਗੇ-ਸ਼ਾਹ
ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।

ਭਾਜਪਾ, ਅਮਰਿੰਦਰ ਤੇ ਬਾਦਲਾਂ ਦੀ ਯਾਰੀ ਸਿੱਖਾਂ ਨੂੰ ਲੈ ਡੁੱਬੀ-ਭੋਮਾ, ਜੰਮੂ
ਤਿੰਨ ਰਲ਼ੇ, ਘਰ ਗਲ਼ੇ।

ਵਿਧਾਇਕਾਂ ਦੀ ਸਲਾਹ ਨਾਲ਼ ਹੀ ਢਿੱਲੋਂ ਨੂੰ ਆਗੂ ਥਾਪਿਆ- ਚੀਮਾ
ਖਵਾਜੇ ਦਾ ਗਵਾਹ.......।

ਹੱਥਾਂ ਨਾਲ਼ ਦਿਤੀਆਂ ਗੰਢਾਂ ਬਾਦਲਾਂ ਨੂੰ ਮੂੰਹ ਨਾਲ਼ ਖੋਲ੍ਹਣੀਆਂ ਪੈ ਰਹੀਆਂ ਹਨ- ਰਾਮੂਵਾਲੀਆ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।

ਨਵੇਂ ਸਾਲ ਮੌਕੇ ਭਾਰਤ 'ਚ ਜੰਮੇ ਸਭ ਤੋਂ ਵੱਧ ਬੱਚੇ- ਇਕ ਖ਼ਬਰ
ਚਲੋ ਕਿਸੇ ਪਾਸੇ ਤਾਂ ਜੀ.ਡੀ.ਪੀ. ਵਧੀ, ਵਧਾਈਆਂ।

ਮੱਧ ਪ੍ਰਦੇਸ਼ ਚੋਂ ਸਿੱਖਾਂ ਨੂੰ ਕੱਢਣ ਖਿਲਾਫ਼ ਦਿੱਲੀ ਕਮੇਟੀ ਦਾ ਵਫ਼ਦ ਮਿਲੇਗਾ ਸ਼ਾਹ ਨੂੰ- ਇਕ  ਖ਼ਬਰ
ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।

ਮੈਂ ਸੁਖਬੀਰ ਦੀ ਤਾਨਾਸ਼ਾਹੀ ਕਾਰਨ ਅਸਤੀਫ਼ਾ ਦਿਤਾ- ਪਰਮਿੰਦਰ ਢੀਂਡਸਾ
ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

ਉੱਤਰ ਪ੍ਰਦੇਸ਼ 'ਚ ਨਗਰ ਕੀਰਤਨ ਸਜਾਉਣ ਤੋਂ ਰੋਕਣਾ ਸਿੱਖਾਂ ਦੀ ਧਾਰਮਕ ਆਜ਼ਾਦੀ 'ਤੇ ਹਮਲਾ-ਲੌਂਗੋਵਾਲ
ਬਾਣੀਆਂ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ।

ਮਮਤਾ ਵਲੋਂ ਸਾਰੀਆਂ ਧਿਰਾਂ ਨੂੰ ਇਕਜੁੱਟ ਹੋ ਕੇ ਭਾਜਪਾ ਦੇ ਬਾਈਕਾਟ ਦਾ ਸੱਦਾ-ਇਕ ਖ਼ਬਰ
ਕੁਰਸੀ 'ਤੇ ਬੈਠਦੀ ਲਗਾ ਕੇ ਮੇਜ਼ ਜੀ, ਬੀਬੀ ਦਾ ਸਰੂਪ ਬਿਜਲੀ ਤੋਂ ਤੇਜ਼ ਜੀ।

ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕੈਪਟਨ ਸਰਕਾਰ-ਰਾਜੂ ਖੰਨਾ
ਦੋ ਘੁੱਟ ਪੀ ਕੇ ਦਾਰੂ, ਪੈਰ 'ਤੇ ਮੁਕਰ ਗਿਆ।

ਭਾਰਤ ਦੇ ਉਪ ਰਾਸ਼ਟਰਪਤੀ ਵਲੋਂ ਜ਼ਾਤ-ਪਾਤ ਖ਼ਤਮ ਕਰਨ ਦੀ ਅਪੀਲ-ਇਕ ਖ਼ਬਰ
ਬਿਆਨ ਦੇਣ ਤੋਂ ਪਹਿਲਾਂ 'ਘਰੇ' ਸਲਾਹ ਨਹੀਂ ਕੀਤੀ ਲਗਦੀ।

ਨਵੇਂ ਸਾਲ 'ਚ ਪਰਮਿੰਦਰ ਸਿੰਘ ਢੀਂਡਸਾ ਵੀ ਬਾਦਲਾਂ ਖਿਲਾਫ਼ ਫਰੰਟ ਖੋਲ੍ਹਣਗੇ- ਬੱਬੀ ਬਾਦਲ
ਘੁੱਗੂਆਂ ਨੂੰ ਤੂੰ ਟੱਕਰੀ, ਤੈਨੂੰ ਟੱਕਰੂ ਬੰਸਰੀ ਵਾਲ਼ਾ।

ਨਵੇਂ ਸਾਲ 'ਚ ਵੀ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਵੇਗੀ ਪੰਜਾਬ ਸਰਕਾਰ- ਇਕ ਖ਼ਬਰ
ਲੱਤ ਮਾਰੂੰਗੀ ਪੰਜੇਬਾਂ ਵਾਲ਼ੀ, ਪਰ੍ਹਾਂ ਹੋ ਜਾ ਚੱਟੂ ਵੱਟਿਆ।

ਮਹਾਂਰਾਸ਼ਟਰ 'ਚ ਮੰਤਰੀਆਂ ਦੀ ਚੋਣ ਤੋਂ ਕਾਂਗਰਸ ਧੜਾ ਨਾਰਾਜ਼- ਇਕ ਖ਼ਬਰ
ਕੋਹ ਤੁਰੀ ਨਾ ਅਖੇ ਬਾਬਾ ਤ੍ਰਿਹਾਈ।

ਕੇਰਲਾ ਅਸੈਂਬਲੀ ਨੇ ਨਾਗਰਿਕਤਾ ਕਾਨੂੰਨ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ- ਇਕ ਖ਼ਬਰ
ਹਾਜੀ ਲੋਕ ਮੱਕੇ ਵਲ ਜਾਂਦੇ, ਅਸਾਂ ਜਾਣਾ ਤਖ਼ਤ ਹਜ਼ਾਰੇ।