ਇਸ ਵਾਰ ਦੀ ਲੋਹੜੀ ...   - ਸਵਰਾਜਬੀਰ

ਪੰਜਾਬ ਅਤੇ ਇਸ ਦੇ ਨਜ਼ਦੀਕੀ ਇਲਾਕਿਆਂ ਵਿਚ ਲੋਹੜੀ ਦਾ ਤਿਉਹਾਰ ਪੋਹ ਦੀ ਅਖ਼ੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਬਹੁਤ ਸਾਰੇ ਵਿਆਖਿਆਕਾਰਾਂ ਅਨੁਸਾਰ ਇਹ ਮੌਸਮ ਦੇ ਬਦਲਣ ਦਾ ਤਿਉਹਾਰ ਹੈ ਜਦ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਕੜਕਦੀ ਠੰਢ ਘਟਣ ਲੱਗਦੀ ਹੈ। ਆਮ ਜ਼ਿੰਦਗੀ ਵਿਚ ਲੋਹੜੀ ਵਾਲੀ ਰਾਤ ਪੁੱਤਰਾਂ ਦੇ ਜਨਮ ਤੇ ਵਿਆਹਾਂ ਦੀਆਂ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ। ਲੋਕ ਇਕੱਠੇ ਹੋ ਕੇ ਅੱਗ ਬਾਲਦੇ, ਸੇਕਦੇ ਤੇ ਉਸ ਉੱਤੇ ਤਿਲ਼, ਚਿੜਬਿੜੇ ਤੇ ਫੁੱਲੇ ਸੁੱਟਦੇ ਹਨ। ਕਈ ਲੋਕ ਇਸ ਨੂੰ ਪੁਰਾਣਿਆਂ ਸਮਿਆਂ ਵਿਚ ਹੁੰਦੀ ਅਗਨੀ ਪੂਜਾ ਨਾਲ ਜੋੜ ਕੇ ਵੀ ਵੇਖਦੇ ਹਨ। ਲੋਹੜੀ ਨੂੰ ਜ਼ਿੰਦਗੀ ਤੇ ਲੰਮੇ ਜੀਵਨ ਦੇ ਪੁਰਬ ਵਜੋਂ ਵੀ ਮਾਨਤਾ ਦਿੱਤੀ ਜਾਂਦੀ ਹੈ ਅਤੇ ਇਸ ਸਮੇਂ ਦੁਹਰਾਈ ਜਾਣ ਵਾਲੀ ਹਰਮਨਪਿਆਰੀ ਤੁਕ 'ਭਰੀ ਆਈਂ ਤੇ ਸੱਖਣੀ ਜਾਈਂ' ਇਸ ਦੀ ਗਵਾਹ ਹੈ। ਉਸ ਰਾਤ ਬੋਲੀ ਜਾਂਦੀ ਇਕ ਹੋਰ ਤੁਕ 'ਇੱਸ਼ਰ (ਖੁਸ਼ਹਾਲੀ) ਆਏ ਦਲਿੱਦਰ ਜਾਏ/ ਦਲਿੱਦਰ ਦੀ ਜੜ ਚੁੱਲ੍ਹੇ ਪਾਏ' ਵੀ ਖੁਸ਼ਹਾਲ ਜੀਵਨ ਦੀ ਕਾਮਨਾ ਕਰਦੀ ਹੈ।
       ਲੋਹੜੀ ਮੌਕੇ ਗਾਏ ਜਾਂਦੇ ਗੀਤਾਂ ਵਿਚੋਂ ਸਭ ਤੋਂ ਮਕਬੂਲ ਗੀਤ 'ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ' ਹੈ ਜੋ ਇਸ ਤਿਉਹਾਰ ਦਾ ਸਬੰਧ ਦੁੱਲੇ ਭੱਟੀ ਨਾਲ ਜੋੜਦਾ ਹੈ। ਪ੍ਰਚਲਿਤ ਗਾਥਾ ਅਨੁਸਾਰ ਦੁੱਲੇ ਦੇ ਪਿਉ ਫਰੀਦ ਨੇ ਅਕਬਰ ਵਿਰੁੱਧ ਬਗ਼ਾਵਤ ਕੀਤੀ ਜਿਸ ਦੇ ਸਿੱਟੇ ਵਜੋਂ ਅਕਬਰ ਨੇ ਫਰੀਦ ਅਤੇ ਉਸ ਦੇ ਪਿਉ ਨੂੰ ਕਤਲ ਕਰਵਾ ਕੇ ਉਨ੍ਹਾਂ ਦੀਆਂ ਲਾਸ਼ਾਂ ਵਿਚ ਤੂੜੀ ਭਰਵਾਈ ਤੇ ਲਾਹੌਰ ਦੇ ਬਾਹਰਲੇ ਦਰਵਾਜ਼ਿਆਂ 'ਤੇ ਟੰਗਣ ਦੇ ਹੁਕਮ ਦਿੱਤੇ। ਦੁੱਲੇ ਦੇ ਬਚਪਨ ਬਾਰੇ ਕਈ ਕਹਾਣੀਆਂ ਮਸ਼ਹੂਰ ਹਨ ਜਿਨ੍ਹਾਂ ਵਿਚ ਇਕ ਵਿਸ਼ਨੂੰ ਦੇ ਅਵਤਾਰ ਕ੍ਰਿਸ਼ਨ ਦੇ ਨਾਲ ਮਿਲਦੀ-ਜੁਲਦੀ ਹੈ ਜਿਸ ਵਿਚ ਉਹ ਪਿੰਡਾਂ ਦੀਆਂ ਕੁੜੀਆਂ ਦੀਆਂ ਪਾਣੀ ਦੀਆਂ ਮਟਕੀਆਂ ਤੋੜਦਾ ਹੈ। ਦੁੱਲੇ ਨੂੰ ਮੁਗ਼ਲ ਹਕੂਮਤ ਵੱਲੋਂ ਆਪਣੇ ਪਿਉ ਤੇ ਦਾਦੇ ਦੇ ਕਰਵਾਏ ਗਏ ਕਤਲ ਬਾਰੇ ਪਤਾ ਲੱਗਣ ਮਗਰੋਂ ਉਹ ਵੀ ਬਾਗ਼ੀ ਬਣ ਜਾਂਦਾ ਹੈ। ਇਹ ਕਹਾਣੀ ਵੀ ਮਿਲਦੀ ਹੈ ਕਿ ਉਸ ਵੇਲ਼ੇ ਇਲਾਕੇ ਦੇ ਹਾਕਮ ਨੇ ਹਿੰਦੂ ਕੁੜੀ ਸੁੰਦਰੀ (ਕਈ ਥਾਵਾਂ 'ਤੇ ਦੋ ਕੁੜੀਆਂ ਸੁੰਦਰੀ ਤੇ ਮੁੰਦਰੀ) ਨੂੰ ਅਗਵਾ ਕਰ ਲਿਆ। ਦੁੱਲਾ ਸੁੰਦਰੀ ਨੂੰ ਛੁਡਵਾ ਕੇ ਉਸ ਦਾ ਵਿਆਹ ਕਰਵਾਉਂਦਾ ਹੈ। ਵਿਆਹ ਵਾਸਤੇ ਉਹ ਲੋਕਾਂ ਤੋਂ ਸਹਾਇਤਾ ਮੰਗਦਾ ਹੈ। ਹਾਕਮ ਨੇ ਦੁੱਲੇ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਹਨ ਤੇ ਉਸ ਦੇ ਘਰ ਤੋਂ ਕੁੜੀ ਦੇ ਵਿਆਹ 'ਤੇ ਦੇਣ ਲਈ ਸਿਰਫ਼ ਸਵਾ ਸੇਰ ਸ਼ੱਕਰ ਆਉਂਦੀ ਹੈ ਜਿਸ ਦਾ ਵਰਨਣ ਇਸ ਗੀਤ ਵਿਚ ਮਿਲਦਾ ਹੈ। ਬਾਅਦ ਵਿਚ ਦੁੱਲਾ ਮੁਗ਼ਲਾਂ ਦੀਆਂ ਫ਼ੌਜਾਂ ਨਾਲ ਲੋਹਾ ਲੈਂਦਿਆਂ ਗ੍ਰਿਫ਼ਤਾਰ ਹੋ ਜਾਂਦਾ ਹੈ ਅਤੇ ਅਕਬਰ ਦੀ ਈਨ ਮੰਨਣ ਤੋਂ ਇਨਕਾਰ ਕਰਨ ਕਰਕੇ ਹਾਕਮ ਉਸ ਨੂੰ ਫਾਹੇ ਲਾ ਦਿੰਦੇ ਹਨ। ਅਜਿਹੀ ਬਹਾਦਰੀ ਕਾਰਨ ਦੁੱਲਾ ਪੰਜਾਬ ਦੀ ਨਾਬਰੀ ਤੇ ਬਗ਼ਾਵਤ ਦਾ ਪ੍ਰਤੀਕ ਬਣ ਕੇ ਉੱਭਰਦਾ ਹੈ। ਸ਼ਾਹ ਮੁਹੰਮਦ ਦੀ ਗਵਾਹੀ ਅਨੁਸਾਰ ਪੰਜਾਬ ਵਿਚ ਦੁੱਲੇ ਭੱਟੀ ਤੇ ਜੈਮਲ ਫੱਤੇ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ। ਬਾਅਦ ਵਿਚ ਕਿਸ਼ਨ ਸਿੰਘ ਨੇ ਦੁੱਲੇ ਭੱਟੀ 'ਤੇ ਕਿੱਸਾ ਲਿਖਿਆ ਜੋ ਬਹੁਤ ਮਸ਼ਹੂਰ ਹੋਇਆ। ਆਧੁਨਿਕ ਸਮਿਆਂ ਵਿਚ ਲਹਿੰਦੇ ਪੰਜਾਬ ਦੇ ਲੇਖਕ ਅਤੇ ਕਿਸਾਨ ਮਜ਼ਦੂਰ ਪਾਰਟੀ ਦੇ ਬਾਨੀ ਇਸਹਾਕ ਮੁਹੰਮਦ ਨੇ ਦੁੱਲੇ ਉੱਤੇ 'ਕੁਕਨੂਸ' ਨਾਮੀ ਨਾਟਕ ਲਿਖਿਆ। ਅਹਿਮਦ ਸਲੀਮ ਨੇ ਫ਼ੌਜੀ ਹਾਕਮਾਂ ਦੇ ਵੇਲ਼ਿਆਂ ਵਿਚ ਲਹਿੰਦੇ ਪੰਜਾਬ ਦੇ ਮਨੁੱਖ ਦੀ ਹੋਣੀ ਨੂੰ ਆਪਣੀ ਰਚਨਾ 'ਦੁੱਲੇ ਦੀ ਵਾਰ' ਰਾਹੀਂ ਪੇਸ਼ ਕੀਤਾ ਅਤੇ ਨਜ਼ਮ ਹੁਸੈਨ ਸਈਅਦ ਨੇ ਆਪਣੇ ਨਾਟਕ 'ਤਖ਼ਤ ਲਾਹੌਰ' ਵਿਚ ਉਸ ਦਾ ਨਾਤਾ ਸ਼ਾਹ ਹੁਸੈਨ ਨਾਲ ਗੰਢਿਆ। ਚੜ੍ਹਦੇ ਪੰਜਾਬ ਵਿਚ ਗੁਰਸ਼ਰਨ ਸਿੰਘ ਨੇ ਦੁੱਲੇ ਦੀ ਲੋਕ-ਗਾਥਾ ਨੂੰ 'ਧਮਕ ਨਗਾਰੇ ਦੀ' ਨਾਟਕ ਰਾਹੀਂ ਪੇਸ਼ ਕੀਤਾ।
       ਹਰ ਤਿਉਹਾਰ ਤੇ ਮਿਥ ਦਾ ਪਿਛੋਕੜ ਬਹੁਤ ਜਟਿਲ ਹੁੰਦਾ ਹੈ। ਇਕ ਪਾਸੇ ਲੋਹੜੀ ਖ਼ੁਸ਼ੀਆਂ ਦਾ ਤਿਉਹਾਰ ਹੈ ਅਤੇ ਦੂਸਰੇ ਪਾਸੇ ਇਹ ਸਾਡੇ ਸਮਾਜ ਵਿਚ ਪਸਰੀ ਹੋਈ ਮਰਦ-ਪ੍ਰਧਾਨ ਸੋਚ ਦਾ ਪ੍ਰਤੀਕ ਹੈ ਜਿਸ ਵਿਚ ਪੁੱਤਰਾਂ ਦੇ ਜਨਮ ਤੇ ਵਿਆਹ ਦੀ ਖ਼ੁਸ਼ੀ ਤਾਂ ਮਨਾਈ ਜਾਂਦੀ ਹੈ ਪਰ ਧੀਆਂ ਦੇ ਜਨਮ ਨੂੰ ਮਾੜਾ ਤੇ ਅਸ਼ੁਭ ਸਮਝਿਆ ਜਾਂਦਾ ਹੈ। ਮਾਵਾਂ ਤੇ ਭੈਣਾਂ ਆਪਣੇ ਪੁੱਤਾਂ ਤੇ ਭਰਾਵਾਂ ਦੇ ਜੰਮਣ ਦੀ ਲੋਹੜੀ ਗਾਉਂਦੀਆਂ ਹਨ ਪਰ ਧੀਆਂ ਦੇ ਜਨਮ ਨੂੰ ਮਨਾਉਂਦਾ ਕੋਈ ਗੀਤ ਨਹੀਂ। ਦੁੱਲੇ ਭੱਟੀ ਨਾਲ ਸਬੰਧਿਤ ਗੀਤ ਦੀ ਪਹਿਲੀ ਸਤਰ (ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ) ਵੀ ਇਸ ਸੋਚ ਦੀ ਗਵਾਹੀ ਭਰਦੀ ਹੈ ਕਿ ਮਰਦ ਨੇ ਹੀ ਔਰਤਾਂ ਦੀ ਪੱਖ-ਪੱਤ ਦੀ ਰਾਖੀ ਕਰਨੀ ਹੈ ਅਤੇ ਧੀਆਂ, ਭੈਣਾਂ ਤੇ ਪਤਨੀਆਂ ਆਪਣੀ ਰਾਖੀ ਕਰਨ ਦੇ ਸਮਰੱਥ ਨਹੀਂ ਹਨ। ਇਸ ਕਾਰਨ ਕਈ ਵਾਰ ਲੋਹੜੀ ਮਨਾਉਣ ਦਾ ਵਿਰੋਧ ਵੀ ਕੀਤਾ ਜਾਂਦਾ ਹੈ।
      ਕਿਸੇ ਵੀ ਤਿਉਹਾਰ ਜਾਂ ਮਿਥ ਪਿੱਛੇ ਪਈ ਮਾਨਸਿਕਤਾ ਨੂੰ ਹੋਂਦ ਵਿਚ ਆਉਂਦਿਆਂ ਸਦੀਆਂ ਲੱਗ ਜਾਂਦੀਆਂ ਹਨ ਅਤੇ ਇਹ ਸਮਾਜ ਵਿਚੋਂ ਜਲਦੀ ਖਾਰਜ ਨਹੀਂ ਹੁੰਦੀ ਪਰ ਇਹ ਨਹੀਂ ਕਿ ਇਸ ਵਿਚ ਬਦਲਾਓ ਨਹੀਂ ਕੀਤਾ ਜਾ ਸਕਦਾ। ਸ਼ਾਇਦ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਲੋਹੜੀ ਮਨਾਉਣ ਵਿਚ ਕਿਸੇ ਨਾ ਕਿਸੇ ਤਰੀਕੇ ਨਾਲ ਪੁਰਾਤਨ ਸਮਿਆਂ ਵਿਚ ਹੁੰਦੀ ਅਗਨੀ ਦੀ ਪੂਜਾ ਦੇ ਚਿੰਨ੍ਹ ਅਸਿੱਧੇ ਰੂਪ ਵਿਚ ਮੌਜੂਦ ਹਨ। ਅਗਨੀ ਵੇਦਾਂ ਦੇ ਪ੍ਰਧਾਨ ਦੇਵਤਿਆਂ ਵਿਚੋਂ ਸੀ ਜਿਨ੍ਹਾਂ ਦੀਆਂ ਰਿਚਾਵਾਂ (ਕਵਿਤਾਵਾਂ) ਦੀ ਬਹੁਗਿਣਤੀ ਇਸੇ ਨੂੰ ਸੰਬੋਧਿਤ ਹੈ। ਵੇਦਾਂ ਵਿਚਲੇ ਤਿੰਨ ਮੁੱਖ ਦੇਵਤੇ - ਅਗਨੀ, ਵਾਯੂ (ਇੰਦਰ) ਅਤੇ ਸੂਰਜ ਕ੍ਰਮਵਾਰ ਪ੍ਰਿਥਵੀ, ਪੁਲਾੜ ਤੇ ਅਕਾਸ਼ ਦੇ ਮਾਲਕ ਮੰਨੇ ਜਾਂਦੇ ਸਨ।
        ਹੋਰ ਦੇਸ਼ਾਂ ਵਿਚ ਵੀ ਅਗਨੀ ਪੂਜਾ ਕਿਸੇ ਨਾ ਕਿਸੇ ਰੂਪ ਵਿਚ ਪ੍ਰਚਲਿਤ ਸੀ, ਖ਼ਾਸ ਕਰਕੇ ਇਰਾਨ ਵਿਚ ਜਿੱਥੋਂ ਦੇ ਪਾਰਸੀ (ਜਿਨ੍ਹਾਂ ਦੀ ਸੰਤਾਨ ਅੱਜਕੱਲ੍ਹ ਹਿੰਦੋਸਤਾਨ ਵਿਚ ਰਹਿੰਦੀ ਹੈ) ਅਗਨੀ-ਪੂਜਕ ਸਨ। ਇਰਾਨ ਵਿਚ ਇਸਲਾਮ ਆਉਣ ਦੇ ਬਾਵਜੂਦ ਉੱਥੇ ਅਜੋਕੇ ਸਮਿਆਂ ਵਿਚ ਵੀ ਚਾਰ-ਛੰਭੇ-ਸੁਰੀ ਤਿਉਹਾਰ, ਜਿਸ ਦਾ ਰੂਪ-ਸਰੂਪ ਲੋਹੜੀ ਨਾਲ ਮਿਲਦਾ-ਜੁਲਦਾ ਹੈ, ਮਨਾਇਆ ਜਾਂਦਾ ਹੈ। ਇਰਾਨੀ ਸਾਲ ਦੇ ਆਖ਼ਰੀ ਮਹੀਨੇ ਦੇ ਆਖ਼ਰੀ ਮੰਗਲਵਾਰ ਦੀ ਰਾਤ (ਨੋਰੋਜ਼ ਤੋਂ ਪਹਿਲਾਂ) ਨੂੰ ਲੋਕ ਘਰਾਂ ਵਿਚ ਅੱਗ ਬਾਲ ਕੇ ਉਸ 'ਤੇ ਤਿਲ਼ ਤੇ ਸੁੱਕੇ ਮੇਵੇ ਸੁੱਟਦੇ ਹੋਏ ਅਜਿਹੇ ਗੀਤ ਗਾਉਂਦੇ ਹਨ ਜਿਨ੍ਹਾਂ ਵਿਚ ਅੱਗ ਪ੍ਰਤੀ ਮਨੁੱਖੀ ਮਨ ਦਾ ਆਦਰ-ਸਤਿਕਾਰ ਸਾਹਮਣੇ ਆਉਂਦਾ ਹੈ। ਅੱਗ ਨੂੰ 'ਆਤਿਸ਼-ਏ-ਮੁਕੱਦਮ' ਭਾਵ ਪਵਿੱਤਰ ਅਗਨੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ।
       ਅਸੀਂ ਤਿਉਹਾਰਾਂ ਤੇ ਮਿਥਾਂ ਨੂੰ ਆਧੁਨਿਕ ਤਰੀਕੇ ਦੀ ਸਤਹੀ ਤਰਕਸ਼ੀਲਤਾ ਨਾਲ ਨਹੀਂ ਸਮਝ ਸਕਦੇ। ਅੱਗ ਦੀ ਖੋਜ ਅਤੇ ਇਸ ਨੂੰ ਆਪਣੇ ਕਾਬੂ ਰੱਖਣ ਦੀ ਯੋਗਤਾ ਮਨੁੱਖ ਦੀਆਂ ਸਭ ਤੋਂ ਵੱਡੀਆਂ ਖੋਜਾਂ ਵਿਚ ਮੰਨੀਆਂ ਜਾਂਦੀਆਂ ਹਨ। ਜਿੱਥੇ ਮਨੁੱਖ ਨੂੰ ਅੱਗ ਦੇ ਮਹੱਤਵ ਦਾ ਪਤਾ ਲੱਗ ਗਿਆ ਸੀ, ਉੱਥੇ ਪੁਰਾਣੇ ਸਮਿਆਂ ਵਿਚ ਮਨੁੱਖ ਜੰਗਲਾਂ ਵਿਚ ਲੱਗਦੀ ਅੱਗ ਅਤੇ ਇਸ ਦੇ ਭਿਆਨਕ ਰੂਪ ਤੋਂ ਡਰਦਾ ਵੀ ਹੋਵੇਗਾ। ਇਸ ਲਈ ਮਨੁੱਖ ਵਿਚ ਅੱਗ ਦੀ ਪੂਜਾ ਦੇ ਭਾਵ ਪੈਦਾ ਹੋਏ ਹੋਣਗੇ। ਇਸ ਦਾ ਮਤਲਬ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਉਹ ਮਨੁੱਖ ਵਿਕਸਿਤ ਜਾਂ ਤਰਕਸ਼ੀਲ ਨਹੀਂ ਸੀ। ਇਸ ਦਾ ਮਤਲਬ ਸਗੋਂ ਇਹ ਹੈ ਕਿ ਉਹ ਆਪਣੇ ਤਰੀਕੇ ਨਾਲ ਆਪਣੇ ਵੇਲ਼ੇ ਦੇ ਸੰਸਾਰ ਨੂੰ ਸਮਝਣ ਅਤੇ ਉਸ ਦੇ ਅਰਥ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ।
        ਯੂਨਾਨੀ ਸੱਭਿਅਤਾ ਵਿਚ ਪ੍ਰੋਮੇਥੀਅਸ (Prometheus) ਨਾਂ ਦਾ ਦੇਵਤਾ ਦੂਸਰੇ ਦੇਵਤਿਆਂ ਕੋਲੋਂ ਅੱਗ ਚੋਰੀ ਕਰਕੇ ਮਨੁੱਖਾਂ ਨੂੰ ਸੌਂਪ ਦਿੰਦਾ ਹੈ। ਇਸ ਉੱਤੇ ਮੁੱਖ ਦੇਵਤਾ ਤੇ ਦੁਨੀਆਂ ਦਾ ਮਾਲਕ ਮੰਨਿਆ ਜਾਣ ਵਾਲਾ ਜੀਊਸ (jupItr) ਨਾਰਾਜ਼ ਹੋ ਕੇ ਪ੍ਰੋਮੇਥੀਅਸ ਨੂੰ ਸਜ਼ਾ ਦਿੰਦਾ ਹੈ। ਉਸ (ਪ੍ਰੋਮੇਥੀਅਸ) ਨੂੰ ਇਕ ਚਟਾਨ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਜੀਊਸ ਦਾ ਬਾਜ਼ ਰੋਜ਼ ਆ ਕੇ ਉਸ ਦਾ ਕਾਲ਼ਜਾ ਖਾਂਦਾ ਹੈ। ਖ਼ੁਦ ਵੀ ਦੇਵਤਾ ਹੋਣ ਕਾਰਨ ਉਹ ਮਰਦਾ ਨਹੀਂ ਤੇ ਉਸ ਦਾ ਕਾਲ਼ਜਾ ਅਗਲੇ ਦਿਨ ਤਕ ਫਿਰ ਵਧ ਜਾਂਦਾ ਹੈ ਤੇ ਬਾਜ਼ ਉਸ ਨੂੰ ਕੋਹਣਾ ਜਾਰੀ ਰੱਖਦਾ ਹੈ। ਪੁਰਾਤਨ ਸਮਿਆਂ ਵਿਚ ਪ੍ਰੋਮੇਥੀਅਸ ਨੂੰ ਲੋਕਾਂ ਦਾ ਮਿੱਤਰ ਮੰਨਿਆ ਗਿਆ ਅਤੇ ਨਾਟਕਕਾਰ ਐਸ਼ੀਲਸ (Aeschylus) ਨੇ ਆਪਣੇ ਨਾਟਕਾਂ ਵਿਚ ਉਸ ਦੀ ਕਹਾਣੀ ਦੱਸੀ ਜਿਸ ਦੇ ਅੰਤ ਵਿਚ ਜੀਊਸ ਤੇ ਪ੍ਰੋਮੇਥੀਅਸ ਦੀ ਸੁਲ੍ਹਾ-ਸਫ਼ਾਈ ਹੋ ਜਾਂਦੀ ਹੈ। ਮੱਧਕਾਲੀਨ ਸਮਿਆਂ ਵਿਚ ਅੰਗਰੇਜ਼ੀ ਕਵੀ ਪੀਬੀ ਸ਼ੈਲੇ ਨੇ ਪ੍ਰੋਮੇਥੀਅਸ ਨੂੰ ਲੋਕ-ਨਾਇਕ ਤੇ ਬਾਗ਼ੀ ਵਜੋਂ ਚਿਤਰਿਆ ਜੋ ਦੇਵਤਿਆਂ ਵਿਰੁੱਧ ਬਗ਼ਾਵਤ ਕਰਦਾ ਹੋਇਆ ਲੋਕਾਂ ਦਾ ਸਾਥ ਦਿੰਦਾ ਹੈ। ਸ਼ੈਲੇ ਦੀ ਮਹਾਨ ਰਚਨਾ 'ਪ੍ਰੋਮੇਥੀਅਸ ਅਨਬਾਊਂਡ' ਵਿਚ ਪ੍ਰੋਮੇਥੀਅਸ ਉਸੇ ਤਰ੍ਹਾਂ ਬਗ਼ਾਵਤ ਦਾ ਚਿੰਨ੍ਹ ਬਣ ਗਿਆ ਜਿਵੇਂ ਦੁੱਲਾ ਭੱਟੀ ਸਾਡੀਆਂ ਗਾਥਾਵਾਂ ਵਿਚ।
       ਇਸ ਤਰ੍ਹਾਂ ਹਰੇਕ ਮਿਥ, ਕਹਾਣੀ, ਲੋਕ-ਗਾਥਾ ਅਤੇ ਲੋਕ-ਤਿਉਹਾਰ ਨਾਲ ਲੋਕਾਂ ਦਾ ਰਿਸ਼ਤਾ ਵਿਕਾਸ ਕਰਦਾ ਤੇ ਬਦਲਦਾ ਰਹਿੰਦਾ ਹੈ। ਇਹ ਰਿਸ਼ਤਾ ਸਿਰਜਣਾਤਮਕ ਵੀ ਹੋ ਸਕਦਾ ਹੈ ਜਿਵੇਂ ਸ਼ੈਲੇ ਦੇ ਹੱਥਾਂ ਵਿਚ ਆ ਕੇ ਪ੍ਰੋਮੇਥੀਅਸ ਦੀ ਕਹਾਣੀ ਦੇ ਅਰਥ ਬਦਲ ਜਾਂਦੇ ਹਨ। ਅਸੀਂ ਵੀ ਆਪਣੀਆਂ ਲੋਕ-ਪਰੰਪਰਾਵਾਂ ਤੇ ਕਹਾਣੀਆਂ ਦੇ ਅਰਥ ਬਦਲ ਸਕਦੇ ਹਾਂ। ਕੁਝ ਲੋਕਾਂ ਨੇ ਹੁਣ ਧੀਆਂ ਦੀਆਂ ਲੋਹੜੀਆਂ ਮਨਾਉਣੀਆਂ ਵੀ ਸ਼ੁਰੂ ਕੀਤੀਆਂ ਹਨ। ਨਵੀਂ ਦਿੱਲੀ ਵਿਚ ਸ਼ਾਹੀਨ ਬਾਗ਼ ਦੀਆਂ ਔਰਤਾਂ ਨੇ ਪਿਛਲੇ ਕਈ ਦਿਨਾਂ ਤੋਂ ਕੌਮੀ ਨਾਗਰਿਕਤਾ ਸੋਧ ਕਾਨੂੰਨ ਅਤੇ ਜਾਮੀਆ ਮਿਲੀਆ ਇਸਲਾਮੀਆ ਵਿਚ ਹੋਈ ਪੁਲੀਸ ਕਾਰਵਾਈ ਦੇ ਵਿਰੁੱਧ ਦਿਨ-ਰਾਤ ਵਿਰੋਧ ਕਰਨ ਦਾ ਨਵਾਂ ਮੋਰਚਾ ਖੋਲ੍ਹਿਆ ਹੋਇਆ ਹੈ। ਕੌਮੀ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਸਿਰਫ਼ ਵਿਦਿਆਰਥੀ, ਨੌਜਵਾਨ ਤੇ ਬੁੱਧੀਜੀਵੀ ਹੀ ਨਹੀਂ ਨਿੱਤਰੇ ਸਗੋਂ ਸਮਾਜ ਦੇ ਹਰ ਵਰਗ ਵਿਚੋਂ ਔਰਤਾਂ ਵੀ ਸਾਹਮਣੇ ਆਈਆਂ ਹਨ। ਥਾਂ ਥਾਂ 'ਤੇ ਵਸਦੇ ਪੰਜਾਬੀ ਇਸ ਵਾਰ ਦੀ ਲੋਹੜੀ ਸ਼ਾਹੀਨ ਬਾਗ਼ ਦੀਆਂ ਔਰਤਾਂ, ਜੋ ਲੋਹੜੀ ਨਾਲ ਜੁੜੇ ਨਾਇਕ ਦੁੱਲੇ ਭੱਟੀ ਦੀ ਬਗ਼ਾਵਤ ਦੀਆਂ ਵਾਰਿਸ ਬਣ ਕੇ ਸਾਹਮਣੇ ਆਈਆਂ ਹਨ, ਦੇ ਨਾਂ ਉੱਤੇ ਮਨਾ ਸਕਦੇ ਹਨ। ਆਪਣੀਆਂ ਧੀਆਂ ਦੇ ਜੰਮਣ ਤੇ ਉਨ੍ਹਾਂ ਦੇ ਵਿਆਹ ਦੀਆਂ ਲੋਹੜੀਆਂ ਮਨਾਉਣ ਦੇ ਨਾਲ ਨਾਲ ਸ਼ਾਹੀਨ ਬਾਗ਼ ਦੀਆਂ ਔਰਤਾਂ ਦੀ ਬਗ਼ਾਵਤ ਦੀ ਰੂਹ ਨੂੰ ਸਲਾਮ ਕਰਕੇ ਅਸੀਂ ਵੀ ਲੋਹੜੀ ਦੇ ਅਰਥਾਂ ਨੂੰ ਬਦਲਣ ਦੀ ਜੁਰਅੱਤ ਕਰ ਸਕਦੇ ਹਾਂ।