ਪੰਜਾਬ ਤੇ ਕਰਨਾਟਕ ਦੀ ਇਤਿਹਾਸਕ-ਸਭਿਆਚਾਰਕ ਸਾਂਝ - ਗੁਰਬਚਨ ਸਿੰਘ ਭੁੱਲਰ

ਕਰਨਾਟਕ ਦੇ 'ਰਾਸ਼ਟਰਕਵੀ ਕੁਵੇਂਪੂ ਪ੍ਰਤਿਸ਼ਠਾਨ' ਨੇ ਮੇਰੇ ਅਤੇ ਬੀਬੀ ਅਜੀਤ ਕੌਰ ਦੇ ਨਾਂ ਪੰਜ-ਲੱਖੀ ਕੁਵੇਂਪੂ ਪੁਰਸਕਾਰ ਦਾ ਐਲਾਨ ਕੀਤਾ ਤਾਂ ਮੇਰਾ ਧਿਆਨ ਉਸ ਭਾਸ਼ਨ ਵੱਲ ਜਾਣਾ ਕੁਦਰਤੀ ਸੀ ਜੋ ਮੈਂ ਉਥੇ ਦੇਣਾ ਸੀ। ਇਹਦੇ ਲਈ ਪੰਜਾਬ ਤੇ ਕਰਨਾਟਕ ਵਿਚਕਾਰ ਕੁਝ ਇਤਿਹਾਸਕ-ਸਭਿਆਚਾਰਕ ਸਾਂਝਾਂ ਲੱਭਣੀਆਂ ਜ਼ਰੂਰੀ ਸਨ। ਮੈਂ ਬਾਬਾ ਨਾਨਕ ਦੇ ਬਿਦਰ ਨੂੰ ਹੀ ਜਾਣਦਾ ਸੀ। ਮੈਨੂੰ ਤਸੱਲੀ ਹੋਈ ਜਦੋਂ ਇਕ-ਦੋ ਨਹੀਂ, ਕਈ ਅਜਿਹੀਆਂ ਸਾਂਝਾਂ ਲੱਭ ਗਈਆਂ ਜੋ ਮਹੱਤਵਪੂਰਨ ਵੀ ਸਨ ਤੇ ਦਿਲਚਸਪ ਵੀ।
       ਇਕ ਸਾਂਝ ਤਾਂ ਸੱਜਰੀ ਹੋਣ ਕਰਕੇ ਤੇ ਆਪਣੇ ਨਾਲ ਵੀ ਜੁੜੀ ਹੋਈ ਹੋਣ ਕਰਕੇ ਚੇਤੇ ਹੋਣੀ ਹੀ ਸੀ। ਉਹ ਸੀ ਕੱਨੜ ਵਿਦਵਾਨ ਤੇ ਲੇਖਕ ਕਲਬੁਰਗੀ ਦੇ ਕਤਲ ਵੱਲ ਸਾਹਿਤ ਅਕਾਦਮੀ ਦੇ ਰਵੱਈਏ ਨੂੰ ਦੇਖਦਿਆਂ ਮੇਰਾ ਸਾਹਿਤ ਅਕਾਦਮੀ ਪੁਰਸਕਾਰ ਮੋੜਨ ਦੀ ਪੰਜਾਬੀ ਵਿਚ ਪਹਿਲ ਕਰਨਾ। ਮੈਂ ਸਵੈਪ੍ਰਸੰਸਾ ਤੋਂ ਦੂਰ ਰਹਿ ਕੇ ਇਹਦੀ ਜਾਣਕਾਰੀ ਜ਼ਰੂਰ ਦੇਣਾ ਚਾਹੁੰਦਾ ਸੀ। ਮੈਨੂੰ ਇਹ ਉਤਸੁਕਤਾ ਵੀ ਸੀ ਕਿ ਸਰੋਤਿਆਂ ਦਾ ਪ੍ਰਤੀਕਰਮ ਕੀ ਹੋਵੇਗਾ! ਮੈਨੂੰ ਪਰ ਕੁਝ ਸੋਚਣ ਤੇ ਕਰਨ ਦੀ ਲੋੜ ਹੀ ਨਾ ਰਹੀ ਜਦੋਂ ਟਰੱਸਟ ਦੇ ਪ੍ਰਧਾਨ ਨੇ ਮੇਰੀ ਪਛਾਣ ਕਰਵਾਉਂਦਿਆਂ ''ਪੰਜਾਬੀ ਭਾਸ਼ਾ ਦਾ ਵੱਡਾ ਲੇਖਕ'' ਆਖਣ ਦੇ ਨਾਲ ਨਾਲ ਇਹ ਵੀ ਕਹਿ ਦਿੱਤਾ, ''ਪੰਜਾਬ ਦਾ ਇਹ ਸਪੁੱਤਰ ਕਲਬੁਰਗੀ ਜੀ ਦੇ ਕਤਲ ਦੀ ਦੁੱਖ ਦੀ ਘੜੀ ਵਿਚ ਕਰਨਾਟਕ ਦੇ ਲੋਕਾਂ ਦੇ ਨਾਲ ਖੜ੍ਹਾ ਹੋਇਆ ਤੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ।'' ਸਰੋਤਿਆਂ ਦੇ ਜਿਸ ਪ੍ਰਤੀਕਰਮ ਨੂੰ ਜਾਣਨ ਦੀ ਉਤਸੁਕਤਾ ਸੀ, ਉਹ ਵੀ ਪੰਡਾਲ ਦੇ ਤਾੜੀਆਂ ਨਾਲ ਗੂੰਜ ਪੈਣ ਤੋਂ ਮਿਲ ਗਿਆ।
ਪੁਰਸਕਾਰ ਪ੍ਰਾਪਤ ਕਰਨ ਮਗਰੋਂ ਮੈਂ ਆਪਣੇ ਧੰਨਵਾਦੀ ਭਾਸ਼ਨ ਵਿਚ ਆਖਿਆ :
      ਕੱਨੜ ਤਾਈਗੇ ਪੰਜਾਬੀ ਮਾਂ-ਬੋਲੀਐ ਨਮਸਕਾਰ ਗਲੁ! (ਮੇਰੀ ਮਾਂ-ਬੋਲੀ ਪੰਜਾਬੀ ਵਲੋਂ ਕੱਨੜ ਭਾਸ਼ਾ ਨੂੰ ਨਮਸਕਾਰ!) ਨਨਗੇ ਕੁਵੇਂਪੂ ਰਾਸ਼ਟ੍ਰੀਆ ਪੁਰਸਕਾਰਾ ਨਿਡੀਦੱਕੇ ਨਿਮਗੇਯੱਲਰੀਗੁ ਹੁਤੁਪੂਰਵਕ ਅਭਿਨੰਦਨੇ ਗਲੁ! (ਮੈਨੂੰ 'ਕੁਵੇਂਪੂ ਰਾਸ਼ਟਰੀ ਪੁਰਸਕਾਰ' ਜਿਹਾ ਵੱਡਾ ਸਨਮਾਨ ਦੇਣ ਲਈ ਮੈਂ ਤੁਹਾਡਾ ਸਭ ਦਾ ਦਿਲੋਂ ਧੰਨਵਾਦੀ ਹਾਂ!) ਬਾਰੀਸ਼ੂ ਕੱਨੜ ਡਿੱਮਡਿੱਮਵਾ ਯੇਂਦੂ ਬਰੇਡਾ ਕੁਵੇਂਪੂ ਅਵਰ ਕਈ ਮੁੰਡੇ ਨਾ ਤਲੀ ਬਾਗੁਸੁਵੇ! ('ਬਾਰੀਸ਼ੂ ਕੱਨੜ ਡਿੱਮਡਿੱਮਵਾ' ਜਿਹੀ ਹਰਮਨਪਿਆਰੀ ਰਚਨਾ ਕਰਨ ਵਾਲ਼ੇ ਮਹਾਨ ਕਵੀ ਕੁਵੇਂਪੂ ਜੀ ਅੱਗੇ ਮੈਂ ਸਿਰ ਝੁਕਾਉਂਦਾ ਹਾਂ!)
       ਮੈਂ ਗੁਰੂ ਨਾਨਕ ਦੇਵ ਜੀ ਦੀ ਧਰਤੀ, ਪੰਜਾਬ ਦੇ ਲੋਕਾਂ ਵਲੋਂ ਅਤੇ ਪੰਜਾਬੀ ਭਾਸ਼ਾ ਦੇ ਸਮੁੱਚੇ ਸਾਹਿਤਕ ਪਰਿਵਾਰ ਵਲੋਂ ਤੁਹਾਡੇ ਸਭ ਲਈ ਬਹੁਤ ਬਹੁਤ ਸ਼ੁਭ-ਇਛਾਵਾਂ ਲੈ ਕੇ ਇਥੇ ਹਾਜ਼ਰ ਹੋਇਆ ਹਾਂ। ਕਰਨਾਟਕ ਪੰਜਾਬੀਆਂ ਲਈ ਭਾਰਤ ਦਾ ਸਿਰਫ਼ ਇਕ ਹੋਰ ਭਰਾਤਰੀ ਰਾਜ ਹੀ ਨਹੀਂ ਹੈ ਸਗੋਂ ਇਹ ਉਹਨਾਂ ਦੇ ਦਿਲ ਵਿਚ ਇਕ ਵਿਸ਼ੇਸ਼ ਸਥਾਨ ਰਖਦਾ ਹੈ। ਅੱਜ ਮੈਨੂੰ ਪੰਜਾਬ ਅਤੇ ਕਰਨਾਟਕ ਦੇ ਸਦੀਆਂ ਪੁਰਾਣੇ ਸਭਿਆਚਾਰਕ ਸੰਬੰਧਾਂ ਦਾ ਚੇਤਾ ਕਰਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ। ਇਹਨਾਂ ਸੰਬੰਧਾਂ ਦੀਆਂ ਕੁਝ ਘਟਨਾਵਾਂ ਤਾਂ ਉਚੇਚਾ ਜ਼ਿਕਰ ਲੋੜਦੀਆਂ ਹਨ।
      ਸਿੱਖ ਧਰਮ ਦੇ ਬਾਨੀ, ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦਾ 550ਵਾਂ ਜਨਮ-ਦਿਵਸ ਇਹਨੀਂ ਦਿਨੀਂ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ, ਨੇ ਚਾਰੇ ਦਿਸ਼ਾਵਾਂ ਵਿਚ ਦੂਰ ਦੂਰ ਤੱਕ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ 'ਉਦਾਸੀਆਂ' ਕਿਹਾ ਜਾਂਦਾ ਹੈ। ਇਹਨਾਂ ਯਾਤਰਾਵਾਂ ਦਾ ਉਦੇਸ਼ ਹੋਰ ਧਰਮਾਂ ਅਤੇ ਮੱਤਾਂ ਦੇ ਆਮ ਲੋਕਾਂ, ਸਾਧੂਆਂ-ਸੰਤਾਂ ਤੇ ਪੀਰਾਂ-ਫ਼ਕੀਰਾਂ ਨਾਲ ਸੰਵਾਦ ਰਚਾਉਣਾ, ਉਹਨਾਂ ਦੇ ਵਿਚਾਰ ਜਾਣਨਾ ਤੇ ਆਪਣੇ ਵਿਚਾਰ ਉਹਨਾਂ ਨਾਲ ਸਾਂਝੇ ਕਰਨਾ ਸੀ। ਸੋਲ੍ਹਵੀਂ ਸਦੀ ਦੇ ਸ਼ੁਰੂ ਵਿਚ ਉਹ ਤਿੰਨ ਸਾਲ ਤੋਂ ਵੱਧ ਦੇ ਸਮੇਂ ਵਾਸਤੇ ਦੱਖਣ ਦੀ ਯਾਤਰਾ ਉੱਤੇ ਰਹੇ। ਉਸ ਸਮੇਂ ਉਹ ਕਰਨਾਟਕ ਦੇ ਨਗਰ ਬਿਦਰ ਪਹੁੰਚੇ ਜਿਥੇ ਉਹਨਾਂ ਨੇ ਪ੍ਰਸਿੱਧ ਸੂਫ਼ੀ ਸੰਤਾਂ, ਪੀਰ ਜਲਾਲੁਦੀਨ ਅਤੇ ਪੀਰ ਯਾਕੂਬ ਅਲੀ ਨਾਲ ਸੰਵਾਦ ਰਚਾਇਆ। ਜਿਵੇਂ ਤੁਸੀਂ ਜਾਣਦੇ ਹੀ ਹੋਵੋਗੇ, ਬਿਦਰ ਵਿਚ ਉਹਨਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਅਤੇ ਉਹਨਾਂ ਦੇ ਨਾਂ ਦੀਆਂ ਕਈ ਵਿਦਿਅਕ ਸੰਸਥਾਵਾਂ ਵੀ ਮੁੱਲਵਾਨ ਕੰਮ ਕਰ ਰਹੀਆਂ ਤੇ ਹਜ਼ਾਰਾਂ ਵਿਦਿਆਰਥੀਆਂ ਦਾ ਜੀਵਨ ਸੰਵਾਰ ਰਹੀਆਂ ਹਨ।
      ਕਰਨਾਟਕ ਅਤੇ ਪੰਜਾਬ ਨਾਲ ਸੰਬੰਧਿਤ ਦੂਜੀ ਘਟਨਾ ਵੀ ਬਹੁਤ ਮਹੱਤਵਪੂਰਨ ਹੈ। ਸਿੱਖ ਧਰਮ ਦੇ ਦਸਵੇਂ ਗੁਰੂ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਲੰਮੀ ਸੋਚ-ਵਿਚਾਰ ਮਗਰੋਂ ਇਸ ਨਤੀਜੇ ਉੱਤੇ ਪਹੁੰਚੇ ਕਿ ਸਾਧਾਰਨ ਲੋਕਾਂ ਉੱਤੇ ਹੁੰਦੇ ਬਾਦਸ਼ਾਹੀ ਜ਼ੁਲਮਾਂ ਦੇ ਮੁਕਾਬਲੇ ਲਈ ਅਜਿਹੇ ਬਹਾਦਰਾਂ ਦੀ ਲੋੜ ਹੈ ਜੋ ਆਪਣੀ ਜਾਨ ਤੱਕ ਕੁਰਬਾਨ ਕਰ ਸਕਣ। ਤੁਹਾਨੂੰ 1699 ਵਿਚ ਉਹਨਾਂ ਵਲੋਂ ਖਾਲਸਾ ਸਾਜੇ ਜਾਣ ਦੀ ਘਟਨਾ ਦਾ ਤਾਂ ਪਤਾ ਹੀ ਹੋਵੇਗਾ। ਉਹਨਾਂ ਨੇ ਸ਼ਰਧਾਲੂਆਂ ਦੇ ਭਾਰੀ ਇਕੱਠ ਵਿਚੋਂ ਪੰਜ ਇਹੋ ਜਿਹੇ ਆਦਮੀਆਂ ਦੀ ਮੰਗ ਕੀਤੀ ਜੋ ਆਪਣੇ ਸੀਸ ਦੇਣ ਲਈ ਤਿਆਰ ਹੋਣ। ਪੰਜ ਬਹਾਦਰ ਇਕ ਇਕ ਕਰ ਕੇ ਝੱਟ ਹਾਜ਼ਰ ਜਾ ਹੋਏ। ਇਹਨਾਂ ਵਿਚੋਂ ਇਕ ਨੌਜਵਾਨ ਕਰਨਾਟਕ ਦੇ ਬਿਦਰ ਤੋਂ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਪੰਜਾਂ ਨਿਰਭੈ ਯੋਧਿਆਂ ਨੂੰ ਆਪਣੇ ਹੱਥੀਂ ਪਹਿਲੇ ਅੰਮ੍ਰਿਤਧਾਰੀ ਸਿੰਘ ਸਜਾਇਆ। ਇਸ ਪਿੱਛੋਂ ਬਾਦਸ਼ਾਹਤ ਤੇ ਵਡੇਰਾਸ਼ਾਹੀ ਦੇ ਉਸ ਜ਼ਮਾਨੇ ਵਿਚ ਬੇਮਿਸਾਲ ਜਮਹੂਰੀ ਪ੍ਰੰਪਰਾ ਸਥਾਪਤ ਕਰਦਿਆਂ, ਗੁਰੂ ਜੀ ਨੇ ਉਹਨਾਂ ਪੰਜਾਂ ਦੇ ਹੱਥੋਂ ਆਪ ਅੰਮ੍ਰਿਤ ਛਕਿਆ ਤੇ ਸਿੱਖ ਧਰਮ ਦੇ ਸਾਰੇ ਫ਼ੈਸਲੇ ਕਰਨ ਦਾ ਅਧਿਕਾਰ ਉਹਨਾਂ ਨੂੰ ਸੌਂਪ ਦਿੱਤਾ ਜੋ ਗੁਰੂ ਜੀ ਸਮੇਤ ਸਭ ਲਈ ਪਰਵਾਨ ਕਰਨੇ ਲਾਜ਼ਮੀ ਹੋਣੇ ਸਨ। ਬਿਦਰ ਦੇ ਇਸ ਨੌਜਵਾਨ ਸਾਹਿਬ ਚੰਦ ਦਾ ਸਿੱਖ ਨਾਂ ਭਾਈ ਸਾਹਿਬ ਸਿੰਘ ਰੱਖਿਆ ਗਿਆ।
     ਇਹ ਤੱਥ ਉਚੇਚਾ ਜ਼ਿਕਰ ਲੋੜਦਾ ਹੈ ਕਿ ਇਹ ਪੰਜੇ ਸਿਰਲੱਥ ਸੂਰਮੇ ਸਾਧਾਰਨ ਕਿਰਤੀ ਸਨ ਜਿਨ੍ਹਾਂ ਵਿਚੋਂ ਬਹੁਤੇ ਤਾਂ ਉਹਨਾਂ ਜਾਤਾਂ ਨਾਲ ਸੰਬੰਧਿਤ ਸਨ ਜਿਨ੍ਹਾਂ ਨੂੰ ਨੀਵੀਆਂ ਕਿਹਾ ਜਾਂਦਾ ਸੀ। ਤੁਸੀਂ ਸੋਚ ਹੀ ਸਕਦੇ ਹੋ ਕਿ ਗੁਰੂ ਜੀ ਨੇ ਉਸ ਸਮੇਂ ਹਜ਼ਾਰਾਂ ਸਾਲਾਂ ਤੋਂ ਤੁਰੀ ਆ ਰਹੀ ਘੋਰ ਅਣਮਨੁੱਖੀ ਜਾਤਪਾਤੀ ਰੀਤ ਉੱਤੇ ਕਿੰਨੀ ਵੱਡੀ ਸੱਟ ਮਾਰੀ ਸੀ ਜਦੋਂ ਇਹਨਾਂ ਪੰਜਾਂ ਨੂੰ ਪੰਜ ਪਿਆਰਿਆਂ ਦੀ ਪਦਵੀ ਤੱਕ ਉੱਚਾ ਚੁੱਕ ਦਿੱਤਾ ਸੀ। ਸਿੱਖ ਧਰਮ ਵਿਚ, ਸਿੱਖ ਇਤਿਹਾਸ ਵਿਚ ਤੇ ਸਿੱਖਾਂ ਦੀ ਨਜ਼ਰ ਵਿਚ ਪੰਜ ਪਿਆਰਿਆਂ ਦਾ ਬਹੁਤ ਸਤਿਕਾਰਜੋਗ ਸਥਾਨ ਹੈ। ਸਿੱਖ ਆਪਣੀ ਅਰਦਾਸ ਵਿਚ ਵੀ ਪੰਜ ਪਿਆਰਿਆਂ ਨੂੰ ਸਿਮਰਦੇ ਹਨ।
     ਪੰਜਾਬ ਤੇ ਕਰਨਾਟਕ ਵਿਚਕਾਰ ਇਤਿਹਾਸਕ-ਸਭਿਆਚਾਰਕ ਸਾਂਝ ਦੀ ਇਕ ਹੋਰ ਮਹੱਤਵਪੂਰਨ ਘਟਨਾ ਮਾਈ ਭਾਗੋ ਜੀ ਨਾਲ ਸੰਬੰਧਿਤ ਹੈ। ਰਣਖੇਤਰ ਦੇ ਡਰਪੋਕ ਭਗੌੜਿਆਂ ਵਿਚ ਨਵੀਂ ਜਾਨ ਪਾ ਦੇਣ ਵਾਲੀ ਆਵਾਜ਼ ਵਜੋਂ ਸਿੱਖ ਇਤਿਹਾਸ ਉਸ ਨੂੰ ਬਹੁਤ ਆਦਰ ਦਿੰਦਾ ਹੈ। ਉਹ ਆਪਣੇ ਹੱਥ ਸ਼ਮਸ਼ੀਰ ਫੜ ਕੇ ਰਣਖੇਤਰ ਵਿਚ ਵੈਰੀ ਉੱਤੇ ਟੁੱਟ ਪੈਣ ਵਾਲ਼ੀ ਵੀਰਾਂਗਣਾ ਵਜੋਂ ਸਿੱਖਾਂ ਦੇ ਦਿਲ ਵਿਚ ਵਸੀ ਹੋਈ ਹੈ। ਉਹ ਸਿੱਖਾਂ ਦੇ ਉਸ ਵਿਸ਼ੇਸ਼ ਦਸਤੇ ਵਿਚ ਸ਼ਾਮਲ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਂਦੇੜ ਪੁੱਜਿਆ। ਨਾਂਦੇੜ ਵਿਖੇ ਹੀ 1708 ਵਿਚ ਗੁਰੂ ਜੀ ਦੇ ਜੋਤੀ ਜੋਤ ਸਮਾ ਜਾਣ ਮਗਰੋਂ ਉਹ ਗੁਰੂ ਨਾਨਕ ਦੀ ਚਰਨ-ਛੋਹ ਪਰਾਪਤ ਨਗਰੀ ਬਿਦਰ ਪਹੁੰਚੀ ਅਤੇ ਅੰਤ ਨੂੰ ਬਿਦਰ ਦੇ ਨੇੜੇ ਹੀ ਜਨਵਾੜਾ ਦੇ ਸਥਾਨ ਉੱਤੇ ਕੁਟੀਆ ਪਾ ਕੇ ਗੁਰਮਤ ਦਾ ਪ੍ਰਚਾਰ ਕਰਨ ਲੱਗੀ। ਹੁਣ ਇਸ ਕੁਟੀਆ ਦੇ ਸਥਾਨ ਉੱਤੇ ਗੁਰਦੁਆਰਾ ਤਪ ਅਸਥਾਨ ਮਾਈ ਭਾਗੋ ਬਣਿਆ ਹੋਇਆ ਹੈ।
       ਗੁਰੂ ਨਾਨਕ ਜੀ ਦਾ ਚੇਤਾ ਆਉਂਦਿਆਂ ਹੀ ਸਾਨੂੰ ਕਰਨਾਟਕ-ਵਾਸੀ ਗੁਰੂ ਕਣਕਦਾਸ ਜੀ ਯਾਦ ਆ ਜਾਂਦੇ ਹਨ। ਉਹ ਗੁਰੂ ਨਾਨਕ ਦੇ ਲਗਭਗ ਸਮਕਾਲੀ ਸਨ ਅਤੇ ਆਯੂ ਦੇ ਪੱਖੋਂ ਉਹਨਾਂ ਨਾਲੋਂ ਸਿਰਫ਼ 40 ਸਾਲ ਛੋਟੇ ਸਨ। ਵੈਸੇ ਤਾਂ ਮਨੁੱਖੀ ਇਤਿਹਾਸ ਵਿਚ ਜੋ ਵੀ ਮਹਾਂਪੁਰਸ਼ ਹੋਏ ਹਨ, ਉਹਨਾਂ ਦੇ ਵਿਚਾਰਾਂ ਵਿਚ ਬਹੁਤ ਸਾਂਝ ਦੇਖਣ ਨੂੰ ਮਿਲਦੀ ਹੈ, ਪਰ ਗੁਰੂ ਨਾਨਕ ਅਤੇ ਗੁਰੂ ਕਣਕਦਾਸ ਦੇ ਜੀਵਨ ਦੇਖੀਏ ਤਾਂ ਉਹਨਾਂ ਦੀ ਸਾਂਝ ਬਹੁਤ ਵੱਡੀ ਹੈ। ਦੋਵਾਂ ਨੇ ਉੱਤਮ ਕਾਵਿ-ਰਚਨਾ ਕੀਤੀ। ਦੋਵਾਂ ਨੇ ਆਪਣੀ ਰਚਨਾ ਦਾ ਮਾਧਿਅਮ ਲੋਕਾਂ ਦੀ ਬੋਲੀ ਨੂੰ ਬਣਾਇਆ। ਦੋਵਾਂ ਨੇ ਆਪਣੀ ਗੱਲ ਗਾ ਕੇ ਕਹੀ। ਗੁਰੂ ਕਣਕਦਾਸ ਦੇ ਚਿੱਤਰਾਂ ਵਿਚ ਸਾਜ਼ ਉਹਨਾਂ ਦਾ ਪੱਕਾ ਸਾਥੀ ਹੈ। ਗੁਰੂ ਨਾਨਕ ਦਾ ਪੱਕਾ ਸਾਥੀ ਭਾਈ ਮਰਦਾਨਾ ਮਹਾਨ ਸੰਗੀਤਕਾਰ ਸੀ।
      ਇਹ ਤੱਥ ਉਚੇਚੀ ਮਹੱਤਤਾ ਰਖਦਾ ਹੈ ਕਿ ਪੰਜਾਬੀ ਸਾਹਿਤ ਦੇ ਪੁਰਖੇ, ਗੁਰੂ ਨਾਨਕ ਅਤੇ ਕੱਨੜ ਸਾਹਿਤ ਦੇ ਪੁਰਖੇ, ਗੁਰੂ ਕਣਕਦਾਸ ਨੇ ਅਮੀਰਾਂ ਤੇ ਜ਼ੋਰਾਵਰਾਂ ਦੇ ਟਾਕਰੇ ਉੱਤੇ ਗ਼ਰੀਬਾਂ ਤੇ ਨਿਤਾਣਿਆਂ ਦਾ ਸਾਥ ਦਿੱਤਾ। ਤੁਸੀਂ ਜਾਣਦੇ ਹੀ ਹੋ, ਗੁਰੂ ਕਣਕਦਾਸ ਨੇ ਉਸ ਸਮੇਂ ਅਮੀਰਾਂ ਦੀ ਖ਼ੁਰਾਕ ਮੰਨੇ ਜਾਂਦੇ ਚੌਲਾਂ ਦੇ ਮੁਕਾਬਲੇ ਗ਼ਰੀਬਾਂ ਦੀ ਖ਼ੁਰਾਕ ਰਾਗੀ ਦੀ ਵਡਿਆਈ ਕੀਤੀ। ਤੁਹਾਨੂੰ ਇਹ ਗੱਲ ਦਿਲਚਸਪ ਲੱਗੇਗੀ ਕਿ ਬਿਲਕੁਲ ਅਜਿਹੀ ਹੀ ਘਟਨਾ ਗੁਰੂ ਨਾਨਕ ਦੇ ਜੀਵਨ ਨਾਲ ਜੁੜੀ ਹੋਈ ਹੈ। ਉਹ ਐਮਨਾਬਾਦ ਨਾਂ ਦੇ ਨਗਰ ਵਿਚ ਪਹੁੰਚੇ ਤਾਂ ਉਥੋਂ ਦੇ ਅਧਿਕਾਰੀ ਮਲਿਕ ਭਾਗੋ ਨੇ ਸਭ ਨੂੰ ਭੋਜਨ ਦਾ ਸੱਦਾ ਦਿੱਤਾ ਹੋਇਆ ਸੀ। ਗੁਰੂ ਨਾਨਕ ਨੇ ਕਿਹਾ ਕਿ ਉਹ ਇਹ ਭੋਜਨ ਨਹੀਂ ਕਰਨਗੇ ਸਗੋਂ ਗ਼ਰੀਬ ਤਰਖਾਣ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾਣਗੇ। ਕੋਧਰਾ ਵੀ ਰਾਗੀ ਵਰਗਾ ਹੀ ਮੋਟਾ ਅਨਾਜ ਹੁੰਦਾ ਹੈ ਜੋ ਉਸ ਸਮੇਂ ਗਰੀਬਾਂ ਦਾ ਖਾਈਆ ਸੀ। ਗੁੱਸੇ ਵਿਚ ਆਏ ਅਧਿਕਾਰੀ ਨੇ ਕਾਰਨ ਪੁੱਛਿਆ ਤਾਂ ਗੁਰੂ ਨਾਨਕ ਨੇ ਕਿਹਾ ਕਿ ਤੇਰੇ ਸੁਆਦੀ ਪਦਾਰਥਾਂ ਤੇ ਮਾਲ੍ਹਪੂੜਿਆਂ ਵਿਚੋਂ ਮੈਨੂੰ ਗ਼ਰੀਬ ਕਿਰਤੀ-ਕਿਸਾਨਾਂ ਦੇ ਖ਼ੂਨ ਦੀ ਬੂ ਆਉਂਦੀ ਹੈ ਅਤੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿਚੋਂ ਮੈਨੂੰ ਮਿਹਨਤ ਦੇ ਦੁੱਧ ਦੀ ਸੁਗੰਧ ਆਉਂਦੀ ਹੈ!
       ਗੁਰੂ ਕਣਕਦਾਸ ਜਿਹੇ ਪੁਰਖਿਆਂ ਦੇ ਰੂਪ ਵਿਚ ਕੱਨੜ ਸਾਹਿਤ ਨੂੰ ਅਜਿਹੀਆਂ ਜੜਾਂ ਮਿਲੀਆਂ ਜਿਨ੍ਹਾਂ ਨੇ ਭਵਿੱਖ ਵਿਚ ਵਧ-ਫੁੱਲ ਕੇ ਰਾਸ਼ਟਰਕਵੀ ਕੁਵੇਂਪੂ ਜਿਹੇ ਮਹਾਨ ਰਚਨਾਕਾਰਾਂ ਨੂੰ ਵਿਸ਼ਵ ਪੱਧਰ ਦੀਆਂ ਮਾਨਵ-ਹਿਤੈਸ਼ੀ ਰਚਨਾਵਾਂ ਕਰਨ ਲਈ ਪ੍ਰੇਰਿਆ। ਗੁਰੂ ਨਾਨਕ ਨੇ ਬੜੇ ਮਾਣ ਨਾਲ ਆਪਣੇ ਆਪ ਨੂੰ 'ਸਾਇਰ', ਕਵੀ ਕਿਹਾ ਅਤੇ ਲਿਖਾਰੀਆਂ ਨੂੰ ਧੰਨ ਕਿਹਾ। ਉਹਨਾਂ ਨੇ ਇਕਪਾਸੀ ਪ੍ਰਵਚਨ, ਜਿਸ ਵਿਚ ਆਪਣੇ ਆਪ ਨੂੰ ਸਿਆਣਾ ਸਮਝਣ ਵਾਲਾ ਕੋਈ ਇਕ ਬੋਲਦਾ ਸੀ ਤੇ ਬਾਕੀ ਸਭ ਨੇ ਕਿੰਤੂ-ਪ੍ਰੰਤੂ ਦੇ ਕਿਸੇ ਵੀ ਅਧਿਕਾਰ ਤੋਂ ਬਿਨਾਂ ਉਸ ਨੂੰ ਬੱਸ ਸੁਣਨਾ ਹੁੰਦਾ ਸੀ, ਦੀ ਥਾਂ ਦੁਪਾਸੀ ਸੰਵਾਦ ਦੀ ਪ੍ਰੰਪਰਾ ਨੂੰ ਬਲ ਦਿੱਤਾ। ਸੰਵਾਦ ਵਿਚ ਵੀ ਉਹਨਾਂ ਨੇ ਆਪਣੀ ਗੱਲ ਕਹਿਣ ਨਾਲੋਂ ਦੂਜੇ ਦੀ ਗੱਲ ਸੁਣਨ ਨੂੰ ਵੱਧ ਮਹੱਤਵ ਦਿੱਤਾ। ਉਹਨਾਂ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਜਿਥੇ ਜ਼ੋਰਾਵਰਾਂ ਤੇ ਨਿਤਾਣਿਆਂ ਦਾ ਟਾਕਰਾ ਹੋਵੇਗਾ, ਮੇਰਾ ਕਥਿਤ ਵੱਡਿਆਂ ਨਾਲ ਕੋਈ ਵਾਹ-ਵਾਸਤਾ ਨਹੀਂ, ਮੈਂ ਨੀਵੇਂ ਕਹੇ ਜਾਂਦੇ ਨਿਤਾਣੇ ਲੋਕਾਂ ਵਿਚੋਂ ਵੀ ਸਭ ਤੋਂ ਨੀਵਿਆਂ ਨਾਲ ਖਲੋਵਾਂਗਾ।
         ਗੁਰੂ ਨਾਨਕ ਨੇ ਧਰਮਾਂ, ਜਾਤਾਂ, ਇਲਾਕਿਆਂ ਦੇ ਵਖਰੇਵਿਆਂ ਤੋਂ ਉੱਚੇ ਉੱਠ ਕੇ ਵਿਸ਼ਵ-ਮਾਨਵ ਦੀ ਕਲਪਨਾ ਕੀਤੀ ਅਤੇ ਇਸ ਕਲਪਨਾ ਨੂੰ ਸਾਕਾਰਨ ਦੇ ਯਤਨ ਕੀਤੇ। ਇਹ ਗੱਲ ਧਿਆਨਜੋਗ ਹੈ ਕਿ ਰਾਸ਼ਟਰਕਵੀ ਕੁਵੇਂਪੂ ਦੀ ਰਚਨਾ ਰਾਹੀਂ ਸਾਨੂੰ ਸਾਹਿਤ ਦੀ ਇਸੇ ਮਹਾਨ ਮਾਨਵ-ਹਿਤੈਸ਼ੀ ਪ੍ਰੰਪਰਾ ਦੇ ਦਰਸ਼ਨ ਹੁੰਦੇ ਹਨ ਅਤੇ ਉਹਨਾਂ ਦੀ ਸਮੁੱਚੀ ਰਚਨਾ ਦਾ ਧੁਰਾ ਵੀ ਵਿਸ਼ਵ-ਮਾਨਵ ਲਈ ਤਾਂਘ ਹੈ। ਪੰਜਾਬੀ ਅਤੇ ਕੱਨੜ, ਦੋਵਾਂ ਭਾਸ਼ਾਵਾਂ ਦੇ ਮੁੱਖਧਾਰਾਈ ਸਾਹਿਤਾਂ ਦੀ ਮਾਨਵ-ਹਿਤੈਸ਼ੀ ਸਾਂਝ ਧਰਮ, ਜਾਤਪਾਤ, ਇਲਾਕੇ, ਆਦਿ ਦੇ ਨਾਂ ਉਤੇ ਵੰਡੇ ਹੋਏ ਤੇ ਹੋਰ ਵੰਡੇ ਜਾ ਰਹੇ ਵਰਤਮਾਨ ਸੰਸਾਰ ਵਿਚ ਮਾਨਵ-ਏਕਤਾ ਪੈਦਾ ਕਰਨ ਵਾਲ਼ੀ ਸ਼ਕਤੀ ਵਜੋਂ ਬਹੁਤ ਮੁੱਲਵਾਨ ਹੈ।
       ਇਕ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਕਿਸੇ ਭਾਰਤੀ ਭਾਸ਼ਾ ਦੇ ਮਹਾਨ ਰਚਨਾਕਾਰਾਂ ਦੀਆਂ ਰਚਨਾਵਾਂ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਪਾਠਕਾਂ ਨੂੰ ਸੌਖਿਆਂ ਹੀ ਹਾਸਲ ਨਹੀਂ ਹੁੰਦੀਆਂ। ਮਿਸਾਲ ਵਜੋਂ ਰਾਸ਼ਟਰਕਵੀ ਕੁਵੇਂਪੂ ਜੀ ਦੀ ਕੋਈ ਵੀ ਰਚਨਾ ਮੇਰੀ ਭਾਸ਼ਾ ਪੰਜਾਬੀ ਵਿਚ ਪ੍ਰਾਪਤ ਨਹੀਂ। ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਸਾਡੀਆਂ ਦੋ ਵੱਡੀਆਂ ਤੇ ਸਾਧਨ-ਪ੍ਰਾਪਤ ਸਾਹਿਤਕ ਸੰਸਥਾਵਾਂ, ਸਾਹਿਤ ਅਕਾਦਮੀ ਅਤੇ ਨੈਸ਼ਨਲ ਬੁੱਕ ਟਰੱਸਟ, ਜਿਨ੍ਹਾਂ ਦਾ ਇਕ ਮੁੱਖ ਉਦੇਸ਼ ਭਾਰਤੀ ਭਾਸ਼ਾਵਾਂ ਦੇ ਸਾਹਿਤਾਂ ਨੂੰ ਇਕ ਦੂਜੀ ਭਾਸ਼ਾ ਵਿਚ ਪੁਜਦਾ ਕਰਨਾ ਹੈ, ਇਸ ਮਨੋਰਥ ਵਿਚ ਬਹੁਤੀਆਂ ਸਫਲ ਸਿੱਧ ਨਹੀਂ ਹੋਈਆਂ। ਇਸ ਹਾਲਤ ਵਿਚ ਉਹ ਸਾਹਿਤਕ ਮੋਤੀ ਜੋ ਹਰ ਭਾਰਤੀ ਭਾਸ਼ਾ ਦੇ ਪਾਠਕ ਤੱਕ ਪੁੱਜਣੇ ਚਾਹੀਦੇ ਹਨ, ਆਪਣੀ ਮੂਲ ਭਾਸ਼ਾ ਤੱਕ ਸੀਮਤ ਹੋ ਕੇ ਰਹਿ ਜਾਂਦੇ ਹਨ।
        ਮੈਂ ਅੱਜ ਇਸ ਮੰਚ ਤੋਂ ਤੁਹਾਡੇ ਨਾਲ ਇਕਰਾਰ ਕਰਦਾ ਹਾਂ ਕਿ ਆਯੂ ਨਾਲ ਸੰਬੰਧਿਤ ਆਪਣੀਆਂ ਸਮੱਸਿਆਵਾਂ ਦੇ ਬਾਵਜੂਦ ਰਾਸ਼ਟਰਕਵੀ ਕੁਵੇਂਪੂ ਜੀ ਦੀਆਂ ਕਵਿਤਾਵਾਂ ਆਪਣੀ ਭਾਸ਼ਾ ਪੰਜਾਬੀ ਵਿਚ ਅਨੁਵਾਦ ਕਰ ਕੇ ਇਕ ਚੋਣਵਾਂ ਸੰਗ੍ਰਹਿ ਜ਼ਰੂਰ ਛੇਤੀ ਹੀ ਪ੍ਰਕਾਸ਼ਿਤ ਕਰਾਵਾਂਗਾ! ਮੈਂ ਜਾਣਦਾ ਹਾਂ ਕਿ ਏਨੇ ਮਹਾਨ ਦਾਰਸ਼ਨਿਕ ਕਵੀ ਦੀਆਂ ਕਵਿਤਾਵਾਂ ਦਾ ਅਨੁਵਾਦ, ਉਹ ਵੀ ਕਵਿਤਾ ਦਾ ਕਵਿਤਾ ਵਿਚ ਅਨੁਵਾਦ, ਮੇਰੇ ਲਈ ਇਕ ਵੰਗਾਰ ਹੋਵੇਗਾ। ਪਰ, ਉਮੀਦ ਹੈ, ਸਗੋਂ ਮੈਂ ਬੜੀ ਨਿਮਰਤਾ ਨਾਲ ਕਹਿਣਾ ਚਾਹਾਂਗਾ ਕਿ ਵਿਸ਼ਵਾਸ ਹੈ, ਮੈਂ 'ਨਾਨਕ ਸਾਇਰ' ਦਾ ਧਿਆਨ ਧਰਦਿਆਂ ਤੇ ਰਾਸ਼ਟਰਕਵੀ ਕੁਵੇਂਪੂ ਨੂੰ ਸਤਿਕਾਰਦਿਆਂ ਇਸ ਵੰਗਾਰ ਉੱਤੇ ਪੂਰਾ ਉੱਤਰ ਸਕਾਂਗਾ।
       ਮੈਂ ਰਾਸ਼ਟਰਕਵੀ ਕੁਵੇਂਪੂ ਪ੍ਰਤਿਸ਼ਠਾਨ ਦਾ ਅਤੇ ਪੁਰਸਕਾਰ ਦੀ ਜਿਉਰੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਪੁਰਸਕਾਰ ਦੇ ਯੋਗ ਸਮਝ ਕੇ ਤੇ ਮੈਨੂੰ ਇਕ ਵਸੀਲਾ ਬਣਾ ਕੇ ਅਸਲ ਵਿਚ ਮੇਰੀ ਮਾਂ, ਪੰਜਾਬੀ ਭਾਸ਼ਾ ਦਾ ਸਨਮਾਨ ਕੀਤਾ ਹੈ। ਮੈਂ ਇਹ ਸਨਮਾਨ ਸਮੁੱਚੇ ਪੰਜਾਬੀ ਸਾਹਿਤਕ ਪਰਿਵਾਰ ਨਮਿੱਤ ਬੇਹੱਦ ਨਿਮਰਤਾ ਤੇ ਭਰਪੂਰ ਸ਼ਰਧਾ ਨਾਲ ਪੰਜਾਬੀ ਮਾਂ ਦੀ ਗੋਦ ਵਿਚ ਭੇਟ ਕਰਦਾ ਹਾਂ! ਤੁਹਾਡਾ ਸਾਰਿਆਂ ਦਾ ਸੱਚੇ ਦਿਲੋਂ ਬਹੁਤ ਬਹੁਤ ਧੰਨਵਾਦ!