ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

15 Jan. 2020

ਜੇ.ਐਨ.ਯੂ. ਹਿੰਸਾ ਵਿਰੁੱਧ ਰੋਹ ਦਿੱਲੀ ਤੋਂ ਆਕਸਫੋਰਡ ਤੱਕ ਫ਼ੈਲਿਆ-ਇਕ ਖ਼ਬਰ
ਜਿਊਣਾ ਮੌੜ ਵੱਢਿਆ ਨਾ ਜਾਵੇ, ਛਵ੍ਹੀਆਂ ਦੇ ਘੁੰਡ ਮੁੜ ਗਏ।

ਸਾਰਿਆਂ ਨੂੰ ਤਰੱਕੀ ਦੇ ਮੌਕੇ ਤੇ ਰੋਜ਼ਗਾਰ ਦਿੱਤੇ ਬਿਨਾਂ ਸਿਆਸਤ ਨਹੀਂ ਛੱਡਾਂਗਾ- ਕੈਪਟਨ
ਇਕ ਤਾਂ ਮੁੰਡਾ ਚੜ੍ਹ ਗਿਆ ਪਿੱਪਲ 'ਤੇ, ਡਾਹਣੇ ਨੂੰ ਹੱਥ ਪਾ ਕੇ।

ਐਨ.ਆਰ.ਸੀ. ਦੇ ਮਸਲੇ 'ਤੇ ਮੈਂ ਸੋਨੀਆ ਵਲੋਂ ਬੁਲਾਈ ਮੀਟਿੰਗ 'ਚ ਨਹੀਂ ਜਾਵਾਂਗੀ- ਮਮਤਾ
ਘੜਾ ਚੁੱਕ ਲਉਂ ਪੱਟਾਂ 'ਤੇ ਹੱਥ ਧਰ ਕੇ, ਖ਼ਸਮਾਂ ਨੂੰ ਖਾਣ ਕੁੜੀਆਂ।

ਈਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦਾ ਅਹਿਦ ਦੁਹਰਾਇਆ- ਇਕ ਖ਼ਬਰ
ਤੇਰੇ ਲਹੂ ਦੇ ਪੂਰਨਾ ਘੁੱਟ ਭਰਸਾਂ, ਕਿੱਥੇ ਜਾਏਂਗਾ ਬਚ ਕੇ ਛੋਹਰੂਆ ਓਏ।

ਢੀਂਡਸਾ ਬਾਰੇ ਫ਼ੈਸਲਾ ਕੋਰ ਕਮੇਟੀ ਕਰੇਗੀ- ਸੁਖਬੀਰ ਸਿੰਘ ਬਾਦਲ
ਹਾਹਾਹਾ, ਕੋਰ ਕਮੇਟੀ!..............

ਐਸ.ਐਚ.ਓ. ਨੇ ਲੁਟੇਰਿਆਂ ਨੂੰ ਛੱਡਣ ਬਦਲੇ ਸਾਢੇ ਤਿੰਨ ਲੱਖ ਰੁਪਏ ਲਏ- ਇਕ ਖ਼ਬਰ
ਕੋਠੀ ਦਾ ਲੈਂਟਰ ਵਿਚਾਰੇ ਦਾ ਅੱਧ 'ਚ ਪਿਆ ਸੀ, ਹੋਰ ਕੀ ਕਰਦਾ।

ਸਹਿਕਾਰੀ ਸੁਸਾਇਟੀ 'ਚੋਂ ਕਰਜ਼ਿਆਂ ਦਾ ਰਜਿਸਟਰ ਗ਼ਾਇਬ, ਮੈਨੇਜਰ ਸ਼ੱਕ ਦੇ ਘੇਰੇ 'ਚ-ਇਕ ਖ਼ਬਰ
ਨਾ ਰਹੇ ਬਾਂਸ , ਨਾ ਵੱਜੇ ਬੰਸਰੀ।

ਸੜਕ ਵਿਚਕਾਰ ਆਪਸ 'ਚ ਭਿੜੇ ਆਵਾਰਾ ਸਾਨ੍ਹ, ਜਾਨੀ ਮਾਲੀ ਨੁਕਸਾਨ ਤੋਂ ਬਚਾਅ-ਇਕ ਖ਼ਬਰ
ਸਰਕਾਰ ਨੂੰ ਚਾਹੀਦੈ ਕਿ ਸੈੱਸ ਦੀ ਰਾਸ਼ੀ 'ਚੋਂ ਇਹਨਾਂ ਲਈ ਸਟੇਡੀਅਮ ਬਣਵਾਵੇ।

ਢੀਂਡਸਾ ਪਿਉ-ਪੁੱਤਰ ਨੂੰ ਅਕਾਲੀ ਦਲ 'ਚੋਂ ਕੱਢਣ ਦੀ ਕਵਾਇਦ ਸ਼ੁਰੂ-ਇਕ ਖ਼ਬਰ
ਵੱਢਿਆ ਗੰਡਾਸਿਆਂ ਦੇ ਨਾਲ਼, ਚੰਦੜਾਂ ਨੇ ਮਿਰਜ਼ੇ ਨੂੰ।

ਰਾਮਗੜ੍ਹੀਆ ਫੈਡਰੇਸ਼ਨ ਵਲੋਂ ਅਵਤਾਰ ਸਿੰਘ ਹਿੱਤ ਦਾ ਸਵਾਗਤ- ਇਕ ਖ਼ਬਰ
ਸਵਾਗਤ ਹੋਣਾ ਵੀ ਚਾਹੀਦੈ, ਮੂੰਹ 'ਚੋਂ ਫੁੱਲ ਜੁ ਕਿਰਦੇ ਐ।

ਸ਼ਮਸ਼ਾਨਘਾਟ 'ਚ ਲੱਗਾ ਲੋਹੇ ਦਾ ਗੇਟ ਅਤੇ ਪਾਣੀ ਦੀ ਟੈਂਕੀ ਚੋਰੀ- ਇਕ ਖ਼ਬਰ
ਨੰਗ ਭੁੱਖ ਦੀ ਏਥੇ ਪ੍ਰਵਾਹ ਕੋਈ ਨਹੀਂ, ਹੁਕਮ ਹੋਵੇ ਤਾਂ ਦੇਗਾਂ ਨੂੰ ਚੱਟੀਏ ਜੀ।

 ਕੌਮੀ ਨਾਗਰਿਕਤਾ ਰਜਿਸਟਰ ਦੀ ਕੋਈ ਲੋੜ ਨਹੀਂ- ਨਿਤੀਸ਼ ਕੁਮਾਰ
ਪਰੇ ਹਟ ਜਾ ਬਲ਼ਦ ਸਿੰਗ ਮਾਰੂ, ਨੀਂ ਸੋਨੇ ਦੇ ਤਵੀਤ ਵਾਲ਼ੀਏ।

ਸੂਬਾ ਪ੍ਰਧਾਨ ਲਈ ਭਾਜਪਾ ਨੂੰ ਨਹੀਂ ਲੱਭਿਆ ਕੋਈ ਦਮਦਾਰ ਚਿਹਰਾ- ਇਕ ਖ਼ਬਰ
ਦੀਵਾ ਬਾਲ਼ ਕੇ ਮਿਟਾ ਲੈ ਨੀਂ ਹਨ੍ਹੇਰਾ, ਕੁੱਲੀ ਵਿਚੋਂ ਯਾਰ ਲੱਭ ਲੈ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਨਫ਼੍ਰੰਸ ਨੂੰ ਮਾਘੀ 'ਤੇ ਪਈ ਮੀਂਹ ਦੀ ਮਾਰ- ਇਕ ਖ਼ਬਰ
ਭਿੱਜ ਗਈਆਂ ਨਣਾਨੇ ਪੂਣੀਆਂ, ਰੰਗਲੇ ਭਿੱਜ ਗਏ ਚਰਖ਼ੇ।