ਕਈ ਕਲਾਵਾਂ ਦਾ ਸੁਮੇਲ ਗਾਇਕਾ ਗੁਰਪ੍ਰੀਤ ਕੌਰ

ਗਾਉਣਾ ਇੱਕ ਕਲਾ ਹੈ, ਜੋ ਕਿ ਪ੍ਰਮਾਤਮਾਂ ਦੀ ਦਿੱਤੀ ਇੱਕ ਸੌਗਾਤ ਦੀ ਤਰ੍ਹਾਂ ਹੈ, ਗਾਇਕੀ ਦੇ ਖੇਤਰ ਵਿੱਚ ਜਿੱਥੇ ਮਰਦਾਂ ਨੇ ਕਾਫੀ ਨਾਮਣਾਂ ਖੱਟਿਆ ਹੈ, ਉਥੇ ਔਰਤਾਂ ਵੀ ਕਿਸੇ ਗੱਲੋਂ ਘੱਟ ਨਹੀਂ ਹਨ, ਪੰਜਾਬ ਦੀਆਂ ਮਾਣਮੱਤੀਆਂ ਗਾਇਕਾਵਾਂ ਜਿੰਨ੍ਹਾਂ ਵਿੱਚ ਗੁਰਮੀਤ ਬਾਵਾ, ਸੁਰਿੰਦਰ ਕੌਰ, ਰੰਜ਼ਨਾ, ਨਰਿੰਦਰ ਬੀਬਾ, ਸਵਰਨ ਲਤਾ, ਜਗਮੋਹਣ ਕੌਰ, ਸੁਦੇਸ਼ ਕੁਮਾਰੀ ਆਦਿ ਨੇ ਜਿੱਥੇ ਆਪਣੀ ਗਾਇਕੀ ਦੇ ਪਿੜ ਵਿੱਚ ਲੋਹਾ ਮਨਵਾਇਆ ਹੈ, ਉਥੇ ਅੱਜ ਸ਼ਹਿਰ ਅੰਬਾਲੇ ਦੀ ਸੁੰਦਰ, ਮਿਲਾਪੜੇ ਸ਼ੁਭਾਅ ਦੀ ਮਲਿਕਾ ਉਭਰਦੀ ਗਾਇਕਾ ਗੁਰਪ੍ਰੀਤ ਕੌਰ, ਜੋ ਬੜੀ ਹੀ ਦਲੇਰੀ ਨਾਲ ਗਾਇਕੀ ਦੀਆਂ ਪੌੜੀਆਂ ਚੜ੍ਹਦੀ ਨਜ਼ਰ ਆ ਰਹੀ ਹੈ।           
           25 ਜੂਨ 1986 ਨੂੰ ਅੰਬਾਲਾ ਵਿਖੇ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਪਿਤਾ ਨਸ਼ੀਬ ਸਿੰਘ ਦੇ ਘਰ ਜਨਮੀ ਗੁਰਪ੍ਰੀਤ ਕੌਰ ਨੇ ਗਾਇਕੀ ਦੀ ਸੁਰੂਆਤ ਸਕੂਲ ਪੜ੍ਹਦੇ ਸਮੇਂ ਕੀਤੀ। ਆਪ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਕਰਨ ਉਪਰੰਤ ਗ੍ਰੈਜੂਏਸ਼ਨ ਸਰਕਾਰੀ ਕਾਲਜ ਅੰਬਾਲਾ ਤੋਂ ਕੀਤੀ ਅਤੇ ਪੀਐਚਡੀ ਦੀ ਪੜ੍ਹਾਈ ਵੀ ਕੂਰਕਸ਼ੇਤਰ ਯੂਨੀਵਰਸਿਟੀ ਤੋਂ ਪੂਰੀ ਕੀਤੀ। ਗੁਰਪ੍ਰੀਤ ਕੌਰ ਗਾਇਕਾ ਹੋਣ ਦੇ ਨਾਲ ਨਾਲ ਜਿੱਥੇ ਯੂਨੀਵਰਸਿਟੀ 'ਚ ਪੜ੍ਹਦੇ ਸਮੇਂ ਗਿੱਧੇ 'ਚ ਟੌਪਰ ਰਹੀ ਹੈ, ਉੱਥੇ ਕਵਿਤਾਵਾਂ, ਆਰਟੀਕਲ ਅਤੇ ਗਜ਼ਲਾ ਲਿਖਣ ਦਾ ਸ਼ੌਂਕ ਵੀ ਰੱਖਦੀ ਹੈ। ਆਪ ਦੇ ਲਿਖੇ ਆਰਟੀਕਲ, ਕਵਿਤਾਵਾਂ ਅਤੇ ਗਜ਼ਲਾਂ ਅਖ਼ਬਾਰਾਂ ਵਿੱਚ ਛਪਦੇ ਰਹਿੰਦੇ ਹਨ।
           ਸਾਲ 2016 'ਚ ਹਰਿਆਣਾ ਸਰਕਾਰ ਵੱਲੋਂ ਕਰਵਾਏ ਕਹਾਣੀ ਮੁਕਾਬਲੇ 'ਚ ਆਪ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਅਤੇ ਕੁੱਝ ਸਮਾਂ ਪਹਿਲਾਂ ਦਿੱਲੀ ਸਰਕਾਰ ਵੱਲੋਂ ਕਰਵਾਏ ਗਏ ਸਮਾਗਮ 'ਚ ਆਪ ਜੀ ਨੂੰ ਬਤੌਰ ਲੇਖਿਕਾ ਸਨਮਾਨ ਮਿਲ ਚੁੱਕਾ ਹੈ। ਪ੍ਰੋਡਿਊਸ਼ਰ ਗੁਰਪ੍ਰੀਤ ਸਿੰਘ ਕੈਨੇਡਾ ਦੇ ਯਤਨਾ ਸਦਕਾ ਗਾਇਕਾ ਗੁਰਪ੍ਰੀਤ ਕੌਰ ਆਪਣਾ ਨਵਾਂ ਗੀਤ 'ਬਰਿੱਥ' (ਸ਼ਾਹ ਰੂਹ ਪਿਆਰ ਦੀ) ਲੈ ਕੇ ਹਾਜ਼ਰ ਹੋਈ ਹੈ, ਮਿਊਜਿਕ ਡਾ. ਰਵੀ ਗੌਤਮ, ਵੀਡੀਓ ਫਿਲਮਾਂਕਣ ਸਤਵਿੰਦਰ ਬੀ ਵੱਲੋਂ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ ਜਸ ਰਿਕਾਰਡ ਕੰਪਨੀ ਵੱਲੋਂ ਮਾਰਕੀਟ ਵਿੱਚ ਰਿਲੀਜ ਕੀਤਾ ਗਿਆ ਹੈ, ਜਿਸ ਨੂੰ ਸਰੋਤਿਆਂ ਵੱਲੋਂ ਅਥਾਹ ਪਿਆਰ ਬਖ਼ਸਿਆ ਗਿਆ ਹੈ। ਗਾਇਕਾ ਗੁਰਪ੍ਰੀਤ ਕੌਰ ਅੱਜਕੱਲ੍ਹ ਬਤੌਰ ਅਧਿਆਪਕਾ ਜਿੱਥੇ ਆਪਣੀ ਸੇਵਾ ਨਿਭਾਅ ਰਹੇ ਹਨ, ਉੱਥੇ ਹੀ ਆਪਣੇ ਹਮਸਫ਼ਰ ਪੁਸ਼ਕਰਨ ਸਿੰਘ ਨਾਲ ਸ਼ਹਿਰ ਅੰਬਾਲਾ ਵਿਖੇ ਰਹਿ ਕੇ ਖੂਬਸੂਰਤ ਜ਼ਿੰਦਗੀ ਦੇ ਬਤੀਤ ਕਰ ਰਹੇ ਹਨ।
          ਗਾਇਕਾ ਗੁਰਪ੍ਰੀਤ ਕੌਰ ਪੰਜਾਬੀ ਗਾਇਕੀ 'ਚ ਆਪਣਾ ਯੋਗਦਾਨ ਪਾਉਂਦੀ ਹੋਈ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਅਸੀਂ ਇਹੀ ਕਾਮਨਾ ਕਰਦੇ ਹਾਂ।

ਲੇਖਕ ਗੁਰਭਿੰਦਰ ਗੁਰੀ
99157-27311