ਇਨਸਾਫ ਦੇਣ-ਦੁਆਣ ਵਾਲਾ ਭਰਾ ਦੀ ਦਹਿਲੀਜ਼ 'ਤੇ  - ਜਸਵੰਤ ਸਿੰਘ 'ਅਜੀਤ'

ਮੰਨੋ ਭਾਵੇਂ ਨਾਂਹ : ਦਿੱਲੀ ਹਾਈਕੋਰਟ ਦੇ ਇੱਕ ਸਾਬਕਾ ਜੱਜ, ਜਿਨ੍ਹਾਂ ਦੀ ਜਨਮ-ਭੂਮੀ ਅਨੰਦਪੁਰ ਸਾਹਿਬ ਅਤੇ ਕਰਮਭੂਮੀ ਦਿੱਲੀ ਹੈ, ਕਿਸੇ ਸਮੇਂ ਸੁਪ੍ਰੀਮ ਕੋਰਟ ਦੇ ਚਰਚਿਤ ਐਡਵੋਕੇਟ ਹੁੰਦਿਆਂ ਹੋਇਆਂ ਲੋੜਵੰਦਾਂ ਨੂੰ ਇਨਸਾਫ ਦੁਆਉਣ ਲਈ ਅਦਾਲਤ ਦੇ ਵਿਦਵਾਨ ਜਜਾਂ ਸਾਹਮਣ ਵਿਰੋਧੀ ਵਕੀਲਾਂ ਦੇ ਨਾਲ ਜੂਝਦੇ ਰਹਿੰਦੇ ਸਨ ਅਤੇ ਆਪ ਦਿੱਲੀ ਹਾਈਕੋਰਟ ਦੇ ਸਨਮਨਾਤ ਜੱਜ ਬਣ, ਲੋਕਾਂ ਨੂੰ ਇਨਸਾਫ ਦੇਣ ਦੀ ਜ਼ਿਮੇਂਦਾਰੀ ਨਿਭਾਉਂਦੇ ਰਹੇ। ਉਨ੍ਹਾਂ ਦੀ ਸਦਾ ਹੀ ਇਹ ਕੌਸ਼ਿਸ਼ ਰਹੀ ਕਿ ਉਨ੍ਹਾਂ ਵਲੋਂ ਇਨਸਾਫ ਦੁਆਣ ਦੀਆਂ ਕੀਤੀਆਂ ਗਈਆਂ ਕੌਸ਼ਿਸ਼ਾਂ ਅਤੇ ਦਿੱਤੇ ਗਏ ਇਨਸਾਫ ਪੁਰ ਕਿਸੇ ਨੂੰ ਕਿਸੇ ਵੀ ਪਧੱਰ ਪੁਰ ਕਿਸੇ ਨੂੰ ਸ਼ੰਕਾ ਨਾ ਹੋਵੇ।
ਅੱਜ ਜਦੋਂ ਉਹ ਹਾਈਕੋਰਟ ਦੇ ਜੱਜ ਦੇ ਅਹੁਦੇ ਤੋਂ ਸੇਵਾ-ਮੁਕਤ ਹੋ ਗਏ ਹੋਏ ਹਨ ਤਾਂ ਇਨਸਾਫ ਦੀ ਪ੍ਰਾਪਤੀ ਲਈ ਆਪ ਬੀਐਸਐਫ ਦੇ ਸੇਵਾ-ਮੁੱਕਤ ਅਧਿਕਾਰੀ ਭਰਾ ਦੇ ਸਾਹਮਣੇ ਹੱਥ ਬੱਧੀ ਖੜੇ ਇਨਸਾਫ ਦੀ ਗੁਹਾਰ ਲਾ ਰਹੇ ਹਨ। ਪਰ ਉਨ੍ਹਾਂ ਦੇ ਭਰਾ ਹਨ ਕਿ ਇਹ ਕਹਿ ਟਾਲੀ ਜਾ ਰਹੇ ਹਨ ਕਿ 'ਮੈਂ ਅੱਜਕਲ ਆਪ ਪੰਜਾਬ ਵਿਧਾਨਸਭਾ ਦੀ ਚੋਣ ਲੜਨ ਦੀਆਂ ਤਿਆਰੀਆਂ ਕਰਨ ਵਿੱਚ ਰੁਝਿਆ ਹੋਇਆ ਹਾਂ। ਚੋਣ ਜਿਤਣ ਤੋਂ ਬਾਅਦ ਹੀ ਤੁਹਾਡੀ ਸੁਣਾਈ ਕਰ ਸਕਾਂਗਾ'।
ਸੇਵਾ-ਮੁੱਕਤ ਜਸਟਿਸ ਸਾਹਿਬ ਦੀ ਮੰਗ ਸਿਰਫ ਇਤਨੀ ਹੈ ਕਿ ਪਿਤਾ-ਪੁਰਖੀ ਜਾਇਦਾਦ ਵਿਚੋਂ ਉਨ੍ਹਾਂ ਦਾ ਬਣਦਾ ਹਿਸਾ, ਉਨ੍ਹਾਂ ਨੂੰ ਦੇ ਦਿੱਤਾ ਜਾਏ ਤਾਂ ਜੋ ਉਸਨੂੰ ਉਹ ਆਪਣੀਆਂ ਦੋਹਾਂ ਬੇਟੀਆਂ ਵਿੱਚ ਵੰਡ ਸੁਰਖਰੂ ਹੋ ਸਕਣ।

ਖਜ਼ਾਨਾ ਖਾਲੀ, ਰਿਜ਼ਰਵ ਬੈਂਕ ਤੇ ਝਾਕ : ਖਬਰਾਂ ਅਨੁਸਾਰ ਸਰਕਾਰ ਦਾ ਖਜ਼ਾਨਾ ਖਾਲੀ ਹੋ ਰਿਹਾ ਹੈ ਅਤੇ ਆਮਦਨ ਆਸ ਨਾਲੋਂ ਕਿਤੇ ਬਹੁਤ ਹੀ ਘਟਦੀ ਜਾ ਰਹੀ ਹੈ, ਇਸ ਕਰਕੇ ਜ਼ਰੂਰੀ ਖਰਚੇ ਪੂਰੇ ਕਰਨ ਵਿੱਚ ਹੋ ਰਹੀ ਪ੍ਰੇਸ਼ਾਨੀ ਤੋਂ ਬਚਣ ਲਈ ਸਰਕਾਰ ਨੇ ਇੱਕ ਵਾਰ ਫਿਰ ਤੋਂ ਕੇਂਦਰੀ ਰਿਜ਼ਰਵ ਬੈਂਕ (ਆਂਰ.ਬੀ.ਆਈ) ਤਕ ਪਹੁੰਚ ਕਰ ਉਸਨੂੰ ਮਦਦ ਕਰਨ ਲਈ ਅਗੇ ਆਉਣ ਵਾਸਤੇ ਕਿਹਾ ਹੈ। ਇਨ੍ਹਾਂ ਖਬਰਾਂ ਅਨੁਸਾਰ ਹੀ ਇਸ ਚਲਦੇ ਵਿਤੀ ਵਰ੍ਹੇ (2019-2020) ਦੇ ਲਈ ਉਸ ਵਲੋਂ ਕੇਂਦਰੀ ਸਰਕਾਰ ਦੇ ਲਈ 1.76 ਲੱਖ ਕਰੋੜ ਜਾਰੀ ਕੀਤੇ ਗਏ ਸਨ। ਹੁਣ ਤਕ ਇਸ ਵਿਤੀ ਵਰ੍ਹੇ ਵਿੱਚ ਰਿਜ਼ਰਵ ਬੈਂਕ ਵਲੋਂ ਸਰਕਾਰ ਨੂੰ 1,23,414 ਕਰੋੜ ਰੁਪਏ ਜਾਰੀ ਕੀਤੇ ਜਾ ਚੁਕੇ ਹਨ, ਜੋ ਕਿ ਹੁਣ ਤਕ ਇੱਕ਀ਿ ਸਾਲ ਵਿੱਚ ਜਾਰੀ ਕੀਤੇ ਗਏ ਟ੍ਰਾਂਸਫਰ ਨਾਲੋਂ ਸਭ ਤੋਂ ਜ਼ਿਆਦਾ ਹਨ। ਇਸ ਤੋਂ ਬਿਨਾਂ ਰਿਜ਼ਰਵ ਬੈਂਕ ਨੇ ਇੱਕ ਵਾਰ ਪਹਿਲਾਂ ਵੀ ਇਕੋ ਵਾਰ ਵਿੱਚ 52,537 ਕਰੋੜ ਰੁਪਏ ਅਲਗ ਤੋਂ ਸਰਕਾਰ ਨੂੰ ਟ੍ਰਾਂਸਫਰ ਕੀਤੇ ਸਨ, ਜਿਸਤੇ ਕਾਫੀ ਵਿਵਾਦ ਹੋਇਆ ਸੀ। ਖਬਰਾਂ ਅਨੁਸਾਰ ਕੇਂਦਰ ਸਰਕਾਰ 35,000-45,000 ਕਰੋੜ ਰੁਪਏ ਰਿਜ਼ਰਵ ਬੈਂਕ ਤੋਂ ਮਦਦ ਮੰਗ ਸਕਦੀ ਹੈ। ਇਸ ਸਾਲ ਗ੍ਰੋਥ ਰੇਟ ਘਟ ਕੇ 5 ਪ੍ਰਤੀਸ਼ਤ ਪੁਰ ਪਹੁੰਚ ਚੁਕੀ ਹੈ। ਦਸਿਆ ਜਾਂਦਾ ਹੈ ਕਿ ਨਵੰਬਰ ਮਹੀਨੇ ਵਿੱਚ ਮੈਨੂਫੈਕਚਰਿੰਗ ਸੈਕਟਰ ਵਿੱਚ ਤੇਜ਼ੀ ਆਈ ਹੈ। ਆਉਣ ਵਾਲੇ ਦਿਨਾਂ ਵਿੱਚ ਉਹ 2 ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਕਰੇਗਾ। ਜੋਕਿ ਪਿਛਲੇ ਸਾਲ ਲਗਭਗ 6 ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਕਰ ਰਿਹਾ ਸੀ। ਇਸ ਸਥਿਤੀ ਵਿੱਚ ਸਰਕਾਰ ਦੀ ਕਮਾਈ ਪੁਰ ਜ਼ਰੂਰ ਅਸਰ ਹੋਵੇਗਾ। 

ਸ਼ਰਮਨਾਕ ਰਿਕਾਰਡ : ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਵਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਅਨੁਸਾਰ 2018 ਵਰ੍ਹੇ ਵਿੱਚ ਸਮੁਚੇ ਦੇਸ਼ ਵਿੱਚ ਹਰ ਰੋਜ਼ ਔਸਤਨ ਹਤਿਆ ਦੀਆਂ 80, ਅਗਵਾ ਦੀਆਂ 289 ਅਤੇ ਬਲਾਤਕਾਰ ਦੀਆਂ 91ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਹਨ। ਅੰਕੜਿਆਂ ਅਨੁਸਾਰ 2018 ਵਿੱਚ 50,74,634 ਅਪਰਾਧਾਂ ਵਿਚੋਂ 31,32,954 ਆਮ ਮਾਮਲੇ ਭਾਰਤੀ ਦੰਡ ਧਾਰਾ ਦੇ ਅਧੀਨ ਅਤੇ 19,41,680 ਮਾਮਲੇ ਵਿਸ਼ੇਸ਼ ਅਤੇ ਸਥਾਨਕ ਕਾਨੂੰਨ ਦੇ ਤਹਿਤ ਦਰਜ ਕੀਤੇ ਗੲੈ।ਜਦਕਿ 2017 ਵਿੱਵ ਇਹ ਗਿਣਤੀ 50,07,044 ਸੀ। ਆਮ ਅਪਰਾਧ ਜਾ ਮਾਮਲਾ ਉਹ ਹੂੰਦਾ ਹੈ, ਜਿਸਦੇ ਸੰਬੰਧ ਵਿੱਚ ਪੁਲਿਸ ਥਾਣਾ ਇੰਨਚਾਰਜ ਮੈਜਿਸਟਰੇਟ ਦੇ ਆਦੇਸ਼ ਦੇ ਬਿਨਾਂ ਜਾਂਚ ਕਰ ਸਕਦਾ ਹੈ।

ਭਲਾਤਕਾਰ ਦੇ ਮਾਮਲਿਆਂ ਵਿੱਚ ਸਜ਼ਾ ਮਾਤ੍ਰ 27.2 ਪ੍ਰਤੀਸ਼ਤ : ਨਿਰਭਆ ਕਾਂਡ ਵਿੱਚ ਦੋਸ਼ੀਆਂ ਨੂੰ ਸਜ਼ਾ ਮਿਲਣ ਅਤੇਨਾਲ ਹੀ ਡੈਥ ਵਾਰੰਟ ਜਾਰੀ ਹੋ ਜਾਣ ਨਾਲ ਮੰਨਿਆ ਜਾਣ ਲਗਾ ਹੈ ਕਿ ਇਸ ਨਾਲ ਲੋਕਾਂ ਨੂੰ ਸੰਤੁਸ਼ਟਤਾ ਹੋਣ ਲਗੀ ਹੈ ਕਿ ਬਲਾਤਕਾਰ ਦੇ ਸਜ਼ਾ ਵਿੱਚ ਹੁਣ ਇਨਸਾਫ ਮਿਲਣ ਲਗ ਪਿਆ ਹੈ। ਪ੍ਰੰਤੂ ਦੂਸਰੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਸਜ਼ਾ ਦੀ ਦਰ ਅਜੇ ਵੀ ਮਾਤ੍ਰ 27.2 ਪ੍ਰਤੀਸ਼ਤ ਹੀ ਹੈ। ਐਨਸੀਆਂਰਬੀ ਦੇ ਮੁਤਾਬਕ ਸੰਨ 2018 ਵਿੱਚ ਬਲਾਤਕਾਰ ਦੇ 1,56,327 ਮਾਮਲਿਆਂ ਦੀ ਸੁਣਵਾਈ ਹੋਈ। ਇਨ੍ਹਾਂ ਵਿਚੋਂ 17,313 ਮਾਮਲਿਆਂ ਵਿੱਚ ਸਜ਼ਾ ਸੁਣਵਾਈ ਪੂਰੀ ਹੋਈ, ਪਰ ਸਜ਼ਾ ਕੇਵਲ, 4,708 ਮਾਮਲਿਆਂ ਵਿੱਚ ਦੋਸ਼ੀਆਂ ਨੂੰ ਹੋਈ। 11,133 ਵਿੱਚ ਦੋਸ਼ੀ ਬਰੀ ਹੋ ਗਏ। ਖਾਸ ਗਲ ਇਹ ਹੈ 2018 ਵਿੱਚ ਬਲਾਤਕਾਰ ਦੇ 1,38,642 ਮਾਮਲੇ ਪੈਂਡਿੰਗ ਚਲੇ ਆ ਰਹੇ ਸਨ। ਬਲਾਤਕਾਰ ਦੇ ਮਾਮਲਿਆਂ ਦੀ ਸਜ਼ਾ ਦੀ ਦਰ ਸੰਨ 2018 ਵਿੱਚ ਪਿਛਲੇ ਸਾਲ ਦੇ ਮੁਕਾਬਲੇ ਘਟੀ ਹੈ। 2017 ਵਿੱਚ ਸਜ਼ਾ ਦੀ ਦਰ 32.2 ਪ੍ਰਤੀਸ਼ਤ ਸੀ।

ਘਟਦਾ ਲਿੰਗ ਅਨੁਪਾਤ ਬਨਾਮ ਭਰੂਣ ਹਤਿਆ : ਦੇਸ਼ ਵਿੱਚ ਲਗਾਤਾਰ ਘਟਦੇ ਜਾ ਰਹੇ ਲਿੰਗ ਅਨੁਪਾਤ ਨੂੰ ਲੈ ਕੇ ਸਮੇਂ-ਸਮੇਂ ਕੌਮੀ ਅਤੇ ਇਲਾਕਾਈ ਆਗੂਆਂ ਵਲੋਂ ਚਿੰਤਾ ਪ੍ਰਗਟ ਕੀਤੀ ਜਾਂਦੀ ਰਹਿੰਦੀ ਹੈ। ਜੇ ਇਸ ਸਬੰਧ ਵਿੱਚਲੇ ਸਾਰੇ ਹਾਲਾਤ ਨੂੰ ਗੰਭੀਰਤਾ ਨਾਲ ਘੋਖਿਆ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਇਹ ਚਿੰਤਾ ਕੇਵਲ ਕੌਮੀ ਅਤੇ ਇਲਾਕਾਈ ਆਗੂਆਂ ਦੀ ਹੀ ਨਹੀਂ, ਸਗੋਂ ਸਮੁਚੇ ਭਾਰਤੀ ਸਮਾਜ ਦੀ ਹੈ।
ਪ੍ਰੰਤੂ ਸੁਆਲ ਉਠਦਾ ਹੈ ਕਿ ਕੀ ਇਸ ਚਿੰਤਾ ਤੋਂ ਛੁਟਕਾਰਾ ਹਾਸਲ ਕਰਨ ਲਈ ਭਾਰਤੀ ਸਮਾਜ ਵਲੋਂ ਕੋਈ ਸਾਰਥਕ ਹਲ ਲਭਿਆ ਜਾਂ ਅਪਨਾਇਆ ਜਾ ਰਿਹਾ ਹੈ? ਘਟਦੇ ਲਿੰਗ ਅਨੁਪਾਤ ਵਿੱਚ ਭਰੂਣ-ਹਤਿਆ ਦੀ ਵੱਧ ਰਹੀ ਭੂਮਿਕਾ ਨੂੇੰ ਕੇਵਲ ਦਾਜ ਦੀ ਸਮਸਿਆ ਨਾਲ ਜੋੜ ਕੇ ਵੇਖਣਾ, ਇਸ ਸਮਸਿਆ ਦੇ ਹਲ ਲਈ ਸਾਰਥਕ ਪਹੁੰਚ ਨਹੀਂ ਮੰਨੀ ਜਾ ਸਕਦੀ? ਸਮਾਜਕ ਕੁਰੀਤੀਆਂ ਵਿਰੁਧ ਸੰਘਰਸ਼ ਕਰ ਰਹੀਆਂ ਸੰਸਥਾਵਾਂ ਦੇ ਮੁੱਖੀਆਂ ਦਾ ਮੰਨਣਾ ਹੈ ਕਿ ਜੇ ਅੱਜ ਦੇ ਸਮੁਚੇ ਵਾਤਾਵਰਣ ਨੂੰ ਵੇਖਿਆ, ਪਰਖਿਆ ਅਤੇ ਸਮਝਿਆ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ 'ਭਰੂਣ-ਹਤਿਆ' ਨੂੰ ਠਲ੍ਹ ਨਾ ਪੈਣ ਦਾ ਕਾਰਣ ਕੇਵਲ ਵਧਦੀ ਜਾ ਰਹੀ ਦਾਜ-ਲਾਲਸਾ ਨਹੀਂ, ਇਸਨੂੰ ਤਾਂ ਕਈ ਹੋਰ ਕਾਰਣਾਂ ਵਿੱਚੋਂ ਕੇਵਲ ਇੱਕ ਕਾਰਣ ਹੀ ਮੰਨਿਆ ਜਾ ਸਕਦਾ ਹੈ।

ਅਗਵਾ ਅਤੇ ਰੇਪ ਦੀਆਂ ਘਟਨਾਵਾਂ : ਅੱਜਕਲ ਕੁੜੀਆਂ ਦੇ ਅਗਵਾ ਤੇ ਰੇਪ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਮੁੱਖ ਖਬਰਾਂ ਬਣ ਬਿਜਲਈ ਤੇ ਪ੍ਰਿੰਟ ਮੀਡੀਆ 'ਚ ਛਾਈਆਂ ਨਜ਼ਰ ਆਉਂਦੀਆਂ ਹਨ। ਇਹੀ ਕਾਰਣ ਹੈ ਕਿ ਜਿਥੇ ਇੱਕ ਪਾਸੇ ਕੁੜੀਆਂ ਨੂੰ ਮੂੰਹ ਛੁਪਾਈ ਰਖਣ ਤੇ ਮਜਬੂਰ ਹੋਣਾ ਪੈਂਦਾ ਹੈ, ਉਥੇ ਹੀ ਦੂਜੇ ਪਾਸੇ ਉਨ੍ਹਾਂ ਮਾਪਿਆਂ, ਜਿਨ੍ਹਾਂ ਧੀਆਂ ਨੂੰ ਬਹੁਤ ਲਾਡਾਂ-ਪਿਆਰਾਂ ਨਾਲ ਪਾਲਿਆ ਹੁੰਦਾ ਹੈ, ਨਾਲ ਵੀ ਉਨ੍ਹਾਂ ਦੇ ਆਸੇ-ਪਾਸੇ ਦਾ ਸਮਾਜ ਕੋਈ ਘਟ ਨਹੀਂ ਗੁਜ਼ਾਰਦਾ। ਧੀਆਂ ਦੇ ਅਗਵਾ ਹੋਣ, ਰੇਪ ਦਾ ਸ਼ਿਕਾਰ ਹੋਣ ਤੇ ਉਧਲ ਜਾਣ ਦੀਆਂ ਘਟਨਾਵਾਂ ਕਾਰਣ ਮਾਪਿਆਂ ਦੇ ਦਿਲਾਂ ਪੁਰ ਜੋ ਬੀਤਦੀ ਹੈ, ਉਸਨੂੰ ਸਮਝਣਾ ਤੇ ਮਹਿਸੂਸ ਕਰਨਾ ਸਹਿਜ ਨਹੀਂ। 

...ਅਤੇ ਅੰਤ ਵਿੱਚ : ਭਾਵੇਂ ਇਹ ਗਲ ਬਹੁਤ ਕੌੜੀ ਹੈ, ਪਰ ਹੈ ਸਚਾਈ, ਕਿ ਜਦੋਂ ਧੀਆਂ ਨਾਲ ਇਹ ਕੁਝ ਵਾਪਰਦਾ ਹੈ ਤਾਂ ਇਹ ਮਾਪਿਆਂ ਲਈ ਇਤਨੀ ਨਮੋਸ਼ੀ ਤੇ ਸ਼ਰਮਿੰਦਗੀ ਦਾ ਕਾਰਣ ਬਣ ਜਾਂਦਾ ਹੈ, ਕਿ ਉਹ ਜਾਂ ਤਾਂ ਆਪ ਖੁਦਕਸ਼ੀ ਕਰਨ ਜਾਂ ਫਿਰ ਲਾਡਾਂ ਤੇ ਮਲਿਹਾਰਾਂ ਨਾਲ ਪਾਲੀ ਧੀ ਦੀ ਹਤਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ। ਅਜਿਹਾ ਕੀਤੇ ਜਾਣ ਤੇ ਭਾਵੇਂ ਇਸਨੂੰ ਇਜ਼ਤ ਲਈ ਕਤਲ ਆਖਦਿਆਂ ਮਾਪਿਆਂ ਨੂੰ ਫਾਹੇ ਲਾ ਦੇਣ ਦੀਆਂ ਗਲਾਂ ਕੀਤੀਆਂ ਜਾਂਦੀਆਂ ਹਨ, ਪਰ ਉਨ੍ਹਾਂ ਦੇ ਦਿਲ ਪਾਸੋਂ ਕੋਈ ਨਹੀਂ ਪੁਛਦਾ ਕਿ ਆਖਰ ਉਹ ਅਜਿਹਾ ਕਰਨ ਤੇ ਕਿਉਂ ਮਜਬੂਰ ਹੋਏ ਹਨ ਜਾਂ ਹੁੰਦੇ ਹਨ? ਕੋਈ ਨਹੀਂ ਇਹ ਸਮਝਦਾ ਕਿ ਧੀਆਂ ਨਾਲ ਵਾਪਰੇ ਦੁਖਦਾਈ ਕਾਂਡ ਦੇ ਚਲਦਿਆਂ ਉਨ੍ਹਾਂ ਨੂੰ ਸਮਾਜ ਵਿੱਚ ਰਹਿੰਦਿਆਂ ਜੋ ਤਾਹਨੇ-ਮੇਹਣੇ ਉਨ੍ਹਾਂ ਦੇ ਦਿਲਾਂ ਵਿੱਚ ਸੂਲ ਬਣ ਚੁਭਦੇ ਹਨ, ਉਨ੍ਹਾਂ ਦੇ ਮੁਕਾਬਲੇ ਉਨ੍ਹਾਂ ਨੂੰ ਫਾਹੇ ਲਗ ਜਾਣਾ ਅੱਤ ਸਹਿਜ ਲਗਦਾ ਹੈ।

Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085