ਜੋਰੂ ਦਾ ਗ਼ੁਲਾਮ! (ਕਹਾਣੀ) - ਡਾ.ਪਰਮਜੀਤ ਸਿੰਘ ਕਲਸੀ

ਵੱਡੀ ਗੱਡੀ 'ਚ ਵਾਪਿਸ ਆਉਂਦੇ ਬਹਿਸ ਬੜੀ ਰੌਚਿਕ ਚੱਲ ਰਹੀ ਸੀ।ਸਾਡੇ ਸੱਤ ਮੈਂਬਰਾਂ 'ਚੋਂ ਤਿੰਨ ਔਰਤਾਂ ਵੀ ਸਨ।ਗੱਲਬਾਤ ਦਾ ਵਿਸ਼ਾ ਪਤੀ-ਪਤਨੀ ਦੇ ਘਰੇਲੂ ਜੀਵਨ ਨਾਲ ਸੰਬੰਧਿਤ ਸੀ।ਸਾਰੇ ਹੀ ਨੌਕਰੀ ਪੇਸ਼ੇ ਵਾਲੇ ਪੜ੍ਹੇ-ਲਿਖੇ ਸਾਥੀ ਸਨ।ਰਵੀ ਆਪਣੀ ਪਤਨੀ ਪ੍ਰਤੀ ਕਾਫੀ ਜ਼ਜ਼ਬਾਤੀ ਲਗ ਰਿਹਾ ਸੀ।ਕੋਈ ਕਹੇ ਮਰਦ ਪ੍ਰਧਾਨ ਸਮਾਜ ਹੈ।ਕੋਈ ਕਹਿੰਦਾ ਹੁਣ ਦੇ ਵਿਗਿਆਨਕ ਯੁੱਗ ਵਿੱਚ ਔਰਤ ਨੂੰ ਆਜ਼ਾਦੀ ਬੜੀ ਮਿਲ ਗਈ।ਕੋਈ ਕਹਿੰਦਾ ਔਰਤ, ਮਰਦ ਦੇ ਬਰਾਬਰ ਹੈ।ਮਜ਼ਾਕੀਆ ਟੋਨ ਵਿੱਚ ਮੈਂ ਵੀ ਕਹਿ ਦਿੱਤਾ, ''ਮੈਨੂੰ ਤਾਂ ਔਰਤ ਪ੍ਰਧਾਨ ਸਮਾਜ ਲਗਦੈ!ਹਰ ਬੰਦੇ ਦੇ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਦਖ਼ਲ ਹੁੰਦੈ''।ਇਹ ਗੱਲ ਕਹਿਣ ਦੀ ਦੇਰ ਸੀ ਕਿ ਰਵੀ ਆਪਣੇ ਵਹਿਣ 'ਚ ਵਹਿ ਤੁਰਿਆ।ਕਹਿੰਦਾ, ''ਬੰਦੇ ਨੂੰ ਘਰ ਦੇ ਕੰਮਾਂ ਤੋਂ ਮੌਤ ਪੈਂਦੀ।ਪਰ,ਮੈਂ ਸਾਰੇ ਘਰ ਦੇ ਕੰਮ ਆਪ ਕਰਦਾਂ।ਰੋਟੀ ਬਣਾਉਂਦਾਂ,ਖਾਣਾ ਪਰੋਸਦਾਂ,ਭਾਂਡੇ ਮਾਂਜਦਾਂ,ਕੱਪੜੇ ਧੋਂਦਾਂ,ਸਫ਼ਾਈਆਂ ਕਰਦਾਂ૴।૴ਜੇ ਔਰਤ ਨੌਕਰੀ ਕਰਦੀ ਹੋਈ ਸਭ ਕੁਝ ਕਰਦੀ ਏ,ਤਾਂ ਬੰਦੇ ਨੂੰ ਕਿਹੜੀ ਮੌਤ ਪੈਂਦੀਂ?ਇਹ ਕਿਸ ਸੰਵਿਧਾਨ 'ਚ ਲਿਖਿਆ ਕਿ ਘਰ ਦੇ ਸਾਰੇ ਪੋਚੇ-ਪਾਚੇ ਦਾ ਕੰਮ ਘਰ ਦੀ ਔਰਤ ਨੇ ਈ ਕਰਨੈਂ?''
ਨੇੜੇ ਬੈਠੀ ਪ੍ਰਿਅੰਕਾ ਬੋਲੀ, ''ਮੇਰਾ ਤਾਂ ਬਸ ਡਿਊਟੀ ਤੋਂ ਵਾਪਿਸ ਆ ਕੇ ਪ੍ਰਹੁਣਿਆਂ ਵਾਂਗ ਬਹਿ ਜਾਂਦਾ।ਨੌਕਰੀ ਵੀ ਕਰੋ ਤੇ ਘਰ ਵਾਲੇ ਦੀ ਸੇਵਾ ਵੀ ਕਰੋ।ਜਮਾਂ ਈਂ,ਮਰਦ ਪ੍ਰਧਾਨ ਸਮਾਜ ਆ।''
ਸਿਮਰਤ ਕਹਿੰਦੀ, ''ਪ੍ਰਿਅੰਕਾ,ਇਹ ਤਾਂ ਆਮ ਜਿਹੀ ਗੱਲ ਆ।ਸਾਰੀਆਂ ਨਾਲ ਰੋਜ਼ ਏਹੋ ਕੁਝ ਈ ਹੁੰਦਾ।ਨਿਆਣੇ ਪੜ੍ਹਾਵੇ,ਤਾਂ ਔਰਤ ਪੜ੍ਹਾਵੇ।ਨਿਆਣੇ ਖਿਡਾਵੇ,ਤਾਂ ਔਰਤ!ਘਰ ਵਾਲੇ ਨੂੰ ਕਹਿ ਦੇਵੋ ਨਾ ਕਿ ਬੱਚੇ ਪੜ੍ਹਾ ਲਓ।ਚਾਰ ਚੁਪੇੜਾਂ ਮਾਰ ਕੇ ਬੱਚਿਆਂ ਨੂੰ ਏਹੋ ਜਿਹੀ 'ਪੜ੍ਹਾਈ' ਕਰਾਂਉਦਾ ਕਿ ਬੱਚਾ ਆਪ ਈ ਮੁੜਕੇ ਪਿਓ ਕੋਲ ਪੜ੍ਹਨ ਨਈਂ ਜਾਂਦਾ ।ਵੈਸੇ ਨਵੀਂ ਗੱਲ ਤਾਂ ਰਵੀ ਨੇ ਕੀਤੀ।''
''ਆਹੋ,ਨਵੀਂ ਗੱਲ ਤਾਂ ਹੋਈ ਈ!ਜੋਰੂ ਦੀ ਸੇਵਾ ਜੂ ਬਹੁਤ ਕਰਦੈ ਰਵੀ!ਜੇ ਸਾਰਾ ਕੰਮ ਰਵੀ ਨੇ ਈ ਕਰਨਾਂ,ਤਾਂ ਉਹ ਭਲਾ ਕੀ ਕਰਦੀ?ਗੁੱਸਾ ਨਾ ਕਰੀਂ।ਤੂੰ ਕਾਹਦਾ ਮਰਦ ਹੋਇਆਂ?ਰਿਆ ਤੇ ਜੋਰੂ ਦਾ ਗ਼ੁਲਾਮ ਈ ਨਾ?''
ਰਵੀ ਤਾਂ ਪਾਣੀਓ ਪਾਣੀ ਹੈ ਹੀ ਸੀ,ਪਰ ਸਤਿੰਦਰ ਦੇ ਇਹ ਲਫ਼ਜ਼ ਮੇਰੇ ਹੱਡਾਂ ਨੂੰ ਚੀਰਦੇ ਹੋਏ ਧੁਰ ਅੰਦਰ ਤਕ ਪਰੇਸ਼ਾਨ ਕਰ ਗਏ।
''ਸਤਿੰਦਰ,ਮਰਦ ਘਰ ਦੇ ਕੰਮ ਕਰੇ ਤਾਂ ਕੀ ਉਹ ਜੋਰੂ ਦਾ ਗ਼ੁਲਾਮ ਹੋ ਗਿਆ?ਇਹ ਮਰਦ ਪ੍ਰਧਾਨ ਸੋਚ ਵੀ ਤੁਹਾਡੇ ਵਰਗੀ ਸੋਚ ਰੱਖਣ ਵਾਲੀਆਂ ਔਰਤਾਂ ਦੀ ਦੇਣ ਈ ਆ!ਐਵੇਂ ਸਧਾਰਨ ਜਿਹੇ ਬੰਦੇ ਨੂੰ 'ਮਰਦ ਮਰਦ' ਕਹਿ ਕੇ ਸਿਰੇ ਚੜ੍ਹਾ ਦਿੱਤੈ?'' ਆਪਣੀ ਪਰੇਸ਼ਾਨੀ ਦੀ ਭੜਾਸ ਕੱਢਣ ਲਈ ਮੈਂ ਸਤਿੰਦਰ ਨੂੰ ਕਿਹਾ।ਰਵੀ ਅਜੇ ਵੀ ਭਾਵੇਂ ਡੂੰਘੀਆਂ ਸੋਚਾਂ 'ਚ ਪਿਆ ਗੁੰਮ-ਸੁੰਮ ਹੀ ਸੀ,ਪਰ ਮੇਰੀ ਗੱਲ ਨਾਲ ਥੋੜ੍ਹਾ ਧਰਵਾਸ ਜਿਹਾ ਵੀ ਮਹਿਸੂਸ ਕਰ ਰਿਆ ਸੀ।

ਡਾ.ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ),
ਲੈਕਚਰਾਰ ਪੰਜਾਬੀ,ਪਿੰਡ ਤੇ ਡਾਕਖਾਨਾ ਊਧਨਵਾਲ,ਤਹਿਸੀਲ ਬਟਾਲਾ,ਜ਼ਿਲ੍ਹਾ ਗੁਰਦਾਸਪੁਰ-143505,
7068900008,kalsi19111@gmail.com