ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਪੰਜਾਬੀ ਚੁਣਦੇ ਨੇ ਔਖੇ ਰਾਹਾਂ ਨੂੰ.... - ਗੁਰਭਿੰਦਰ ਸਿੰਘ ਗੁਰੀ
ਗੈਰ ਕਾਨੂੰਨੀ ਢੰਗ ਅਪਣਾ ਕੇ ਹੁੰਦੇ ਨੇ ਪੱਛਮੀ ਮੁਲਕਾਂ ਵਿੱਚ ਦਾਖ਼ਲ
ਹਰ ਆਏ ਦਿਨ ਅਖ਼ਬਾਰਾਂ 'ਚ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਏ ਪੰਜਾਬੀ ਮੁੰਡੇ- ਕੁੜੀਆਂ ਦੀ ਕਹਾਣੀ ਅਕਸਰ ਹੀ ਪੜ੍ਹਨ ਨੂੰ ਮਿਲਦੀ ਹੈ। ਪਰ ਸਾਡੇ ਦੇਸ਼ ਅੰਦਰ ਪੜ੍ਹ- ਲਿਖ ਕੇ ਹੱਥੀਂ ਡਿਗਰੀਆਂ ਚੁੱਕੀ ਫਿਰਦੇ ਵਿਹਲੇ ਨੌਜਵਾਨ ਸਾਡੀਆਂ ਜ਼ਾਲਿਮ ਸਰਕਾਰਾਂ ਦੀ ਬੇਰੁਖ਼ੀ ਦੇ ਸਤਾਏ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਰੋਜ਼ੀ- ਰੋਟੀ ਦੀ ਭਾਲ 'ਚ ਠੱਗ ਟ੍ਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਡਾਲਰਾਂ- ਪੌਂਡਾਂ ਦੀ ਚਮਕ ਉਨ੍ਹਾਂ ਦੇ ਅੰਦਰ ਵੱਸ ਜਾਂਦੀ ਹੈ, ਇਨ੍ਹਾਂ ਨੂੰ ਤਾਂ ਇੰਝ ਲਗਦਾ ਹੈ ਕਿ ਬੇਗਾਨੇ ਮੁਲਕਾਂ 'ਚ ਜਾ ਕੇ ਡਾਲਰ- ਪੌਂਡ ਦਰੱਖਤਾਂ ਤੋਂ ਤੋੜਨੇ ਹਨ ਕਿਉਂਕਿ ਇਹ ਏਜੰਟ ਇੰਨ੍ਹਾਂ ਨੂੰ ਸਬਜ਼ਬਾਗ ਹੀ ਇੰਨੇ ਵੱਡੇ ਦਿਖਾ ਦਿੰਦੇ ਹਨ। ਇਹ ਭੋਲੇ- ਭਾਲੇ ਨੌਜਵਾਨ ਇਨ੍ਹਾਂ ਦੇ ਝਾਂਸੇ 'ਚ ਆ ਜਾਂਦੇ ਹਨ ਤੇ ਵਿਦੇਸ਼ੀ ਧਰਤੀ ਦੇ ਸੁਪਨੇ ਦਿਨ- ਰਾਤ ਦੇਖਣ ਲੱਗ ਪੈਂਦੇ ਹਨ। ਫਿਰ ਆਪਣਾ ਸਭ ਕੁੱਝ ਵੇਚ- ਵੱਟ ਕੇ ਹਕੀਕਤ ਤੋਂ ਅਨਜਾਣ ਇਨ੍ਹਾਂ ਖੁਦਗਰਜ਼ੀ ਏਜੰਟਾਂ ਨੂੰ ਵੱਡੀਆਂ ਰਕਮਾਂ ਦੇ ਕੇ ਗਲਤ ਤਰੀਕੇ ਨਾਲ ਰੁਲ੍ਹਦੇ- ਰਲਾਉਂਦੇ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ੀ ਧਰਤੀ 'ਤੇ ਪਹੁੰਚ ਜਾਂਦੇ ਹਨ, ਜਿੱਥੇ ਜਾ ਕੇ ਉਨ੍ਹਾਂ ਨੂੰ ਅਸਲ ਹਕੀਕਤ ਪਤਾ ਲਗਦੀ ਹੈ। ਫਿਰ ਅੱਖਾਂ 'ਚ ਘਸੁੰਨ ਦੇ ਕੇ ਰੋਂਦੇ ਹਨ। 'ਧੋਬੀ ਦਾ ਕੁੱਤਾ ਘਰ ਦਾ ਨਾ ਘਾਟ ਦਾ' ਕਹਾਵਤ ਵਾਂਗ ਨਾ ਉਹ ਇੱਧਰ ਦੇ ਰਹਿੰਦੇ ਹਨ ਤੇ ਨਾ ਉੱਧਰ ਦੇ। ਪੰਜਾਬ ਤੋਂ ਯੂਰਪ ਦੀ ਧਰਤੀ 'ਤੇ ਵੱਸਣ ਲਈ 10 ਪੰਜਾਬੀ ਮੁੰਡਿਆਂ ਦਾ ਗਰੁੱਪ ਜੋ ਆਪਸ 'ਚ ਰਿਸ਼ਤੇਦਾਰ ਤੇ ਦੋਸਤ- ਮਿੱਤਰ ਹੀ ਸਨ ਨੇ ਲੱਖਾਂ ਰੁਪਈਆ ਪੰਜਾਬ ਦੇ ਇੱਕ ਟ੍ਰੈਵਲ ਏਜੰਟ ਨੂੰ ਦੇ ਕੇ ਤੇ ਆਪਣੀ ਜਾਨ ਜੋਖ਼ਿਮ 'ਚ ਪਾਉਂਦੇ ਹੋਏ ਰੁਲ੍ਹਦੇ- ਰੁਲ੍ਹਾਉਂਦੇ ਦਿੱਲੀ ਤੋਂ ਯੂਰਪ ਤੱਕ ਪਹੁੰਚਣ ਲਈ ਛੇ ਮਹੀਨੇ ਲਗਾ ਦਿੱਤੇ। ਇਨ੍ਹਾਂ ਨੌਜਵਾਨਾਂ ਨੇ ਅੱਧ ਤੋਂ ਵੱਧ ਸਫ਼ਰ ਪੈਦਲ ਕੀਤਾ। ਇਨ੍ਹਾਂ ਦੇ ਮਾਪਿਆਂ ਨੂੰ ਛੇ ਮਹੀਨੇ ਇਨ੍ਹਾਂ ਦੀ ਕੋਈ ਖ਼ਬਰਸਾਰ ਨਹੀਂ ਲੱਗੀ, ਤਾਂ ਚੰਡੀਗੜ੍ਹ ਤੋਂ ਛੱਪਦੇ ਇੱਕ ਪੰਜਾਬੀ ਅਖ਼ਬਾਰ ਦੇ ਸੰਪਾਦਕ ਨੇ ਆਪਣੇ ਇੱਕ ਮਿੱਤਰ ਪੱਤਰਕਾਰ ਨਾਲ ਇਹ ਗੱਲ ਸਾਂਝੀ ਕੀਤੀ। ਜੋ ਉਸ ਵਕਤ ਇੰਗਲੈਂਡ ਦੀ ਧਰਤੀ 'ਤੇ ਸੀ ਤਾਂ ਉਸਨੇ ਇਨ੍ਹਾਂ ਨੌਜਵਾਨਾਂ ਦੀ ਭਾਲ 'ਚ ਕਾਫੀ ਜੱਦੋ- ਜ਼ਹਿਦ ਕਰਦਿਆਂ ਇਨ੍ਹਾਂ ਨੌਜਵਾਨਾਂ ਨੂੰ ਆਖਿਰਕਾਰ ਯੂਰਪੀਅਨ ਦੇਸ਼ ਸਪੇਨ ਦੀ ਧਰਤੀ 'ਤੇ ਜਿੱਥੇ ਇਹ ਨੌਜਵਾਨ ਇੱਕ ਕੈਂਪ 'ਚ (ਜਿੱਥੇ ਗੈਰ- ਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਜਾਂਦਾ ਹੈ) ਜਾ ਕੇ ਆਖਿਰਕਾਰ ਲੱਭ ਹੀ ਲਿਆ। ਇਨ੍ਹਾਂ ਨੌਜਵਾਨਾਂ ਨੇ ਜੋ ਆਪਣੀ ਹੱਡਬੀਤੀ ਪੱਤਰਕਾਰ ਸਾਹਮਣੇ ਬਿਆਨ ਕੀਤੀ ਤਾਂ ਉਸ ਨੂੰ ਸੁਣ ਕੇ ਲੂ- ਕੰਢੇ ਖੜ੍ਹੇ ਹੋ ਜਾਂਦੇ ਹਨ। ਨੌਜਵਾਨਾਂ ਨੇ ਦੱਸਿਆ ਕਿ ਪੰਜਾਬ ਤੋਂ ਯੂਰਪ ਜਾਣ ਲਈ 10 ਜੁਲਾਈ ਨੂੰ ਪੰਜਾਬ (ਭਾਰਤ) ਤੋਂ 7-7 ਲੱਖ ਰੁਪਈਆ ਪ੍ਰਤੀ ਵਿਅਕਤੀ ਏਜੰਟ ਨੂੰ ਦੇ ਕੇ ਆਪਣੇ ਆਪ ਨੂੰ ਮੌਤ ਦੇ ਮੂੰਹ 'ਚ ਪਾ ਕੇ ਦਿੱਲੀ ਦੇ ਏਅਰਪੋਰਟ ਤੋਂ ਸਿੱਧਾ ਸਪੇਨ ਜਾਣਾ ਸੀ, ਕਿਉਂਕਿ ਉੱਥੋਂ ਦਾ ਵਰਕ ਪਰਮਿਟ ਲੈਣ ਲਈ ਏਜੰਟ ਨੂੰ ਰੁਪਈਏ ਦਿੱਤੇ ਸਨ, ਪਰ ਅਸੀਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਤੋਂ ਫਲੈਟ ਲੈ ਕੇ ਪਹਿਲਾਂ ਕੀਨੀਆ ਪਹੁੰਚੇ, ਉੱਥੇ ਵੀ ਸਾਡੇ ਦੋ ਸਾਥੀ 12 ਜੁਲਾਈ ਨੂੰ, 3 ਸਾਥੀ 14 ਜੁਲਾਈ ਨੂੰ, 2 ਮੁੰਡੇ 17 ਜੁਲਾਈ, 2 ਮੁੰਡੇ 21 ਜੁਲਾਈ ਨੂੰ ਤੇ ਇੱਕ 22 ਜੁਲਾਈ ਨੂੰ ਪਹੁੰਚਿਆ। ਉੱਥੇ ਅਸੀਂ ਸਾਰੇ 4 ਸਤੰਬਰ ਤੱਕ ਰੁਕੇ, ਫਿਰ ਕੀਨੀਆ ਤੋਂ ਟੈਕਸੀ ਕਰਕੇ ਏਜੰਟ ਸਾਨੂੰ ਤੇਜੋਨੀਆ ਦੇਸ਼ 'ਚ ਲੈ ਗਿਆ। ਅਸੀਂ ਇਸ ਮੁਲਕ ਦੇ ਸ਼ਹਿਰ ਧਾਰਾ ਮਲਾਮ ਦੇ ਇੱਕ ਗੁਰਦੁਆਰਾ ਸਾਹਿਬ 'ਚ ਰੁਕੇ। ਲਗਾਤਾਰ 20 ਘੰਟੇ ਦਾ ਸਫ਼ਰ ਤੈਅ ਕੀਤਾ, ਪਰ ਰਸਤੇ 'ਚ ਪਾਣੀ ਤੇ ਖਾਣਾ ਬਿਲਕੁਲ ਵੀ ਨਹੀਂ ਦਿੱਤਾ ਗਿਆ। ਅਸੀਂ ਇਵੇਂ ਹੀ ਭੁੱਖੇ- ਭਾਣੇ ਸਫ਼ਰ ਤੈਅ ਕੀਤਾ, ਉੱਥੋਂ ਸਾਨੂੰ 8 ਸਤੰਬਰ ਨੂੰ ਇੱਕ ਫਲੈਟ ਸ਼ੇਨੇਗਲ ਦੇਸ਼ ਦੇ ਇੱਕ ਸ਼ਹਿਰ ਡਾਕਰ ਵਿੱਚ ਉਤਾਰੀ ਗਈ, ਉੱਥੇ ਹੀ ਸਾਨੂੰ ਇੱਕ ਟੈਕਸੀ ਵਿੱਚ ਬਿਠਾਇਆ ਗਿਆ ਤੇ ਫਿਰ ਸਾਨੂੰ ਇੱਕ ਹੋਰ ਏਜੰਟ ਦੇ ਘਰ ਲੈ ਗਏ। ਉੱਥੋਂ ਜਾਂਦੇ ਹੀ ਸਾਡੇ ਤਿੰਨ ਨਵੇਂ ਮੋਬਾਇਲ ਫੋਨ ਸੈੱਟ, ਘੜੀਆਂ ਤੇ ਕੱਪੜੇ ਨਾਲ ਭਰੇ ਬੈਗ ਵੀ ਉੱਥੇ ਹੀ ਰੱਖ ਲਏ ਤੇ ਸਾਨੂੰ ਕਿਹਾ ਗਿਆ ਕਿ ਅੱਗੇ ਕੋਈ ਸਮਾਨ ਨਹੀਂ ਜਾ ਸਕਦਾ। ਇੱਕ ਘੰਟਾ ਅਸੀਂ ਉੱਥੇ ਰੁਕੇ ਅਤੇ ਫਿਰ ਸਾਨੂੰ ਦੁਬਾਰਾ ਟੈਕਸੀ 'ਚ ਬਿਠਾ ਕੇ ਬਾਰਡਰ 'ਤੇ ਇੱਕ ਗੰਦੀ ਜਿਹੀ ਬਸਤੀ 'ਚ ਸੁੱਟ ਦਿੱਤਾ ਗਿਆ, ਉੱਥੇ ਬਹੁਤੀ ਗਰਮੀ ਸੀ ਅਤੇ ਖਾਣ- ਪੀਣ ਦਾ ਕੋਈ ਇੰਤਜ਼ਾਮ ਨਹੀਂ ਸੀ। ਇੱਕ ਛੋਟਾ ਜਿਹਾ ਕਮਰਾ ਸਾਨੂੰ ਦੇ ਦਿੱਤਾ ਗਿਆ, ਪਰ ਖਾਣ ਨੂੰ ਸਾਨੂੰ ਸਿਰਫ ਇੱਕ ਵਕਤ ਚੌਲ ਦਿੱਤੇ ਜਾਂਦੇ ਸਨ। ਪੀਣ ਅਤੇ ਨਹਾਉਣ ਲਈ ਪਾਣੀ ਸਾਨੂੰ ਮੁੱਲ ਖਰੀਦਣਾ ਪੈਂਦਾ ਸੀ। ਜਿੱਥੇ ਸਾਨੂੰ 5 ਦਿਨ ਰੱਖਿਆ ਗਿਆ, ਪੰਜ ਦਿਨਾਂ ਬਾਅਦ ਰਾਤ ਨੂੰ ਦੋ ਕਿਲੋਮੀਟਰ ਤੁਰ ਕੇ ਅਸੀਂ ਇੱਕ ਕਿਸ਼ਤੀ ਕੋਲ ਪਹੁੰਚੇ, ਉਸ ਕਿਸ਼ਤੀ ਰਾਹੀਂ ਸਾਨੂੰ ਇੱਕ ਘੰਟੇ 'ਚ ਨਦੀ ਪਾਰ ਕਰਾਈ ਗਈ, ਜਦੋਂ ਅਸੀਂ ਕਿਨਾਰੇ 'ਤੇ ਪਹੁੰਚੇ ਤਾਂ ਇੱਕ ਟੈਕਸੀ ਜੋ ਬਿਨਾਂ ਸੀਟਾਂ ਵਾਲੀ ਸੀ, ਉਸ ਵਿੱਚ ਸਾਨੂੰ ਬਿਠਾਇਆ, ਪਰ ਖਾਣ ਲਈ ਸਾਨੂੰ ਕੁੱਝ ਨਹੀਂ ਦਿੱਤਾ ਗਿਆ। ਜਦੋਂ ਅਸੀਂ ਕੁੱਝ ਖਾਣ ਲਈ ਮੰਗਦੇ ਸੀ ਤਾਂ ਉਹ ਸਾਡੀ ਕੁੱਟਮਾਰ ਕਰਦੇ ਸੀ। ਰਸਤੇ 'ਚ ਜਦੋਂ ਗੱਡੀ ਰੇਗਿਸਤਾਨ 'ਚ ਪਹੁੰਚੀ ਤਾਂ ਰੇਤੇ 'ਚ ਗੱਡੀ ਧੱਸ ਗਈ, ਸਾਨੂੰ ਸਾਰਿਆਂ ਨੂੰ ਧੱਕਾ ਲਾਉਣ ਲਈ ਕਿਹਾ ਗਿਆ, ਇਸੇ ਤਰ੍ਹਾਂ 5-6 ਵਾਰ ਕਰਵਾਇਆ ਗਿਆ, ਫਿਰ ਉੱਥੇ ਹੀ ਗੱਡੀ ਰੋਕ ਕੇ ਸਾਡੇ ਸਾਰਿਆਂ ਤੋਂ ਪੈਸੇ ਖੋਹ ਲਏ ਗਏ। ਉਨ੍ਹਾਂ ਕਿਹਾ ਕਿ ਇਹ ਪੈਸੇ ਪੁਲਿਸ ਨੂੰ ਦੇ ਕੇ ਬਾਰਡਰ ਪਾਰ ਕਰਨਾ ਹੈ, ਪਰ ਇਹ ਸਭ ਕੁੱਝ ਕੋਰਾ ਝੂਠ ਹੈ। 10 ਘੰਟੇ ਭੁੱਖੇ- ਪਿਆਸੇ ਸਫਰ ਤੈਅ ਕੀਤਾ, ਉੱਥੇ ਪਹੁੰਚੇ ਤਾਂ ਇੱਕ ਟੈਕਸੀ ਖੜੀ ਸੀ, ਉਸ ਵਿੱਚ ਸਾਨੂੰ ਬਿਠਾਇਆ ਅਤੇ ਤਿੰਨ ਘੰਟੇ ਲਗਾਤਾਰ ਸਫਰ ਕੀਤਾ। ਰਾਤ ਜੰਗਲਾਂ 'ਚ ਸਾਨੂੰ ਬਿਨਾਂ ਕੱਪੜਿਆਂ ਤੋਂ ਸੋਣਾ ਪਿਆ। ਠੰਡ ਬਹੁਤ ਜ਼ਿਆਦਾ ਸੀ, ਫਿਰ ਇੱਕ ਹੋਰ ਟੈਕਸੀ ਮੰਗਵਾਈ ਗਈ, ਉਸ ਵਿੱਚ ਬਿਠਾ ਕੇ 18 ਘੰਟੇ ਲਗਾਤਾਰ ਸਫਰ ਕੀਤਾ। ਇੱਥੇ ਵੀ ਸਾਨੂੰ ਕੁੱਝ ਖਾਣ- ਪੀਣ ਨੂੰ ਨਹੀਂ ਦਿੱਤਾ ਗਿਆ। ਫਿਰ ਸਾਨੂੰ ਇੱਕ ਪਹਾੜ ਦੀ ਖੁੱਡ 'ਚ ਉਤਾਰਿਆ ਗਿਆ, ਜਿੱਥੇ ਪਹਿਲਾਂ ਹੀ 30-35 ਬੰਗਲਾਦੇਸ਼ੀ ਮੌਜੂਦ ਸਨ। ਦੋ ਗੱਡੀਆਂ ਬਿਨਾਂ ਸੀਟਾਂ ਤੋਂ ਤੇ ਬਗੈਰ ਛੱਤ ਵਾਲੀਆਂ ਸਨ ਵਿੱਚ ਸਾਨੂੰ 41 ਜਣਿਆਂ ਨੂੰ ਬਿਠਾ ਕੇ ਜਿੱਥੇ ਜਗ੍ਹਾ ਬਹੁਤ ਤੰਗ ਸੀ, ਜਿੱਥੇ ਅਸੀਂ ਇੱਕ- ਦੂਜੇ ਨੂੰ ਫੜ੍ਹ ਕੇ ਲਗਾਤਾਰ ਤਿੰਨ ਚਾਰ ਘੰਟੇ ਸਫਰ ਕੀਤਾ। ਖਾਣ ਲਈ ਥੋੜ੍ਹਾ- ਬਹੁਤਾ ਦਿੱਤਾ ਗਿਆ, ਫਿਰ ਸਾਨੂੰ ਇੱਕ ਬਹੁਤ ਵੱਡੀ ਪਹਾੜੀ 'ਤੇ ਉਤਾਰ ਦਿੱਤਾ ਗਿਆ ਕਿ ਇਸ ਤੋਂ ਅੱਗੇ 5 ਕਿਲੋਮੀਟਰ ਤੁਰ ਕੇ ਬਾਰਡਰ ਪਾਰ ਕਰਨਾ ਹੈ। ਪਰ ਅਸਲ 'ਚ ਇਹ ਰਸਤਾ 25 ਕਿਲੋਮੀਟਰ ਸੀ। ਅਸੀਂ ਸ਼ਾਮ ਨੂੰ 6 ਵਜੇ ਚੱਲੇ ਤੇ ਸਵੇਰੇ ਦੇ 7 ਵਜੇ ਤੱਕ ਰਸਤਾ ਤੈਅ ਕੀਤਾ। ਇਹ ਰਸਤਾ ਪਹਾੜੀ ਅਤੇ ਰੇਗਿਸਤਾਨੀ ਸੀ। ਇਸ ਰਸਤੇ 'ਚ ਝਾੜੀਆਂ ਹੋਣ ਕਰਕੇ ਸਾਡੇ ਸਰੀਰਾਂ 'ਤੇ ਜਖ਼ਮ ਹੋ ਗਏ। ਰਾਤ ਨੂੰ ਸਾਨੂੰ ਖਾਣ ਨੂੰ ਤਾਂ ਕੀ ਦੇਣਾ ਸੀ, ਪਾਣੀ ਦੀ ਇੱਕ ਘੁੱਟ ਵੀ ਨਹੀਂ ਦਿੱਤੀ ਗਈ। ਅਸੀਂ ਤਿੰਨ ਮੁੰਡਿਆਂ ਨੇ ਆਪਣਾ ਹੀ ਪਿਸ਼ਾਬ ਪੀ ਕੇ ਪਿਆਸ ਬੁਝਾਈ। ਮਰਦੇ ਕੀ ਨਾ ਕਰਦੇ, ਜਾਨ ਬਚਾਉਣ ਲਈ ਸਾਨੂੰ ਕੁੱਝ ਨਾ ਕੁੱਝ ਤਾਂ ਕਰਨਾ ਹੀ ਪੈਣਾ ਸੀ। ਫਿਰ ਸਵੇਰੇ ਸਾਨੂੰ ਗੱਡੀਆਂ 'ਚ ਬਿਠਾਇਆ ਗਿਆ ਅਤੇ ਤਿੰਨ ਦਿਨ ਲਗਾਤਾਰ ਸਫਰ ਕੀਤਾ, ਰਸਤੇ ਵਿੱਚ ਬੰਗਲਾਦੇਸ਼ੀ ਮੁੰਡਾ ਬਿਮਾਰ ਪੈ ਗਿਆ, ਉਹ ਚੱਲ- ਫਿਰ ਨਹੀਂ ਸੀ ਸਕਦਾ। ਸਾਡੇ ਸਾਹਮਣੇ ਹੀ ਏਜੰਟ ਨੂੰ ਉਸ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਲਾਸ਼ ਵੀ ਉੱਥੇ ਹੀ ਸੁੱਟ ਦਿੱਤੀ। ਅਸੀਂ 21 ਸਤੰਬਰ ਨੂੰ ਮਰੌਕ ਦੇਸ਼ ਦੇ ਸ਼ਹਿਰ ਲਿਉਨ 'ਚ ਪਹੁੰਚ ਗਏ। ਉੱਥੇ ਅਸੀਂ ਇੱਕ ਪਹਾੜ ਦੀ ਖੱਡ 'ਚ ਲੁੱਕ ਕੇ ਬੈਠ ਗਏ। ਸ਼ਾਮ ਨੂੰ ਟੈਕਸੀ 'ਚ ਬਿਠਾ ਕੇ 30 ਕਿਲੋਮੀਟਰ ਸਫਰ ਕਰਵਾਇਆ ਗਿਆ। ਜਿੱਥੇ ਸਾਨੂੰ ਇੱਕ ਹੋਰ ਪਹਾੜ ਦੀ ਖੱਡ 'ਚ ਬਿਠਾ ਦਿੱਤਾ ਗਿਆ, ਜਿੱਥੇ ਪਹਿਲਾਂ ਹੀ 20 ਕਾਲੇ ਅਫਰੀਕਾ ਦੇ ਬੈਠੇ ਸਨ, ਉੱਥੇ ਅਸੀਂ ਇੱਕ ਮਹੀਨਾ ਰੁਕੇ। ਫਿਰ ਸਾਨੂੰ ਇੱਕ ਹੋਰ ਪਹਾੜ ਦੀ ਖੱਡ 'ਚ ਲੈ ਗਏ ਅਤੇ ਜਿੱਥੇ ਅਸੀਂ 50 ਦਿਨ ਤੱਕ ਰੁਕੇ, ਜਿੱਥੇ ਧੁੱਪ- ਛਾਂ ਦਾ ਕੋਈ ਇੰਤਜ਼ਾਮ ਨਹੀਂ ਸੀ। ਰਾਤ ਨੂੰ ਠੰਡ ਵੀ ਬਹੁਤ ਪੈਂਦੀ ਸੀ। ਅਸੀਂ ਸ਼ਾਮ ਨੂੰ ਜੰਗਲ 'ਚ ਦੋ ਕਿਲੋਮੀਟਰ ਤੁਰ- ਫਿਰ ਕੇ ਲੱਕੜਾਂ ਇਕੱਠੀਆਂ ਕਰਕੇ ਲਿਆਉਂਦੇ, ਲੱਕੜਾਂ ਨੂੰ ਜਲਾ ਕੇ ਰਾਤ ਗੁਜ਼ਾਰਦੇ। ਸਾਨੂੰ ਸੁੱਤਿਆਂ ਲਗਭੱਗ 80 ਦਿਨ ਹੋ ਗਏ ਸਨ। ਦਿਨ ਵਿੱਚ ਥੋੜ੍ਹਾ- ਬਹੁਤਾ ਸੌਂ ਲੈਂਦੇ ਸੀ, ਭੁੱਖੇ ਪੇਟ ਨੀਂਦ ਵੀ ਨਹੀਂ ਆਉਂਦੀ ਸੀ, ਕੁੱਝ ਅਰਬੀ ਲੋਕ ਸਾਨੂੰ ਪਾਣੀ ਤੇ ਬਰੈੱਡ ਦੇਣ ਲਈ ਆਏ ਸਨ, ਜਿਸ ਨਾਲ ਤਿੰਨ ਚਾਰ ਦਿਨ ਲੰਘ ਗਏ ਸਨ। ਇੱਕ ਆਦਮੀ ਨੂੰ ਰੋਜ਼ਾਨਾ ਇੱਕ ਬਰੈੱਡ ਤੇ ਇੱਕ ਲੀਟਰ ਪਾਣੀ ਹੀ ਦਿੱਤਾ ਜਾਂਦਾ ਸੀ। ਕਈ ਵਾਰ ਅਰਬੀ ਲੋਕ ਤਿੰਨ- ਚਾਰ ਦਿਨਾਂ ਬਾਅਦ ਕੁੱਝ ਖਾਣ ਨੂੰ ਦੇਣ ਆਉਂਦੇ ਸਨ। ਅਸੀਂ ਮੂੰਹ ਚੁੱਕ- ਚੁੱਕ ਕੇ ਕੁੱਤਿਆਂ ਵਾਂਗ ਉਨ੍ਹਾਂ ਦਾ ਇੰਤਜ਼ਾਰ ਕਰਦੇ ਭੁੱਖੇ- ਭਾਣੇ ਹੀ ਟਾਈਮ ਪਾਸ ਕਰਦੇ ਸਨ। ਸਾਡੀ ਹਾਲਤ ਭਿਖਾਰੀਆਂ ਵਾਲੀ ਹੋ ਗਈ ਸੀ। ਮਰੇ ਹੋਏ ਕੁੱਤਿਆਂ ਵਾਂਗ ਲੇਟੇ ਰਹਿੰਦੇ ਸੀ। ਦਿਨ ਵਿੱਚ ਗਰਮੀ ਤੇ ਰਾਤ ਨੂੰ ਠੰਡ ਬਰਦਾਸ਼ਤ ਕਰਨੀ ਪੈਂਦੀ ਸੀ। ਫਿਰ ਸਾਨੂੰ ਤਿੰਨ ਤਿੰਨ ਆਦਮੀਆਂ ਨੂੰ ਕਿਸ਼ਤੀ ਵਿੱਚ ਬਿਠਾ ਕੇ ਰਾਤ ਨੂੰ 1 ਤੋਂ 2 ਵਜੇ ਤੱਕ ਬਿਠਾ ਕੇ ਜਿਸ ਵਿੱਚ ਪਹਿਲਾਂ ਹੀ 33 ਲੋਕ ਮੌਜੂਦ ਹੁੰਦੇ ਸਨ, ਰਾਹੀਂ ਸਮੁੰਦਰਪਾਰ ਕਰਵਾਇਆ ਜਾਂਦਾ ਸੀ। ਬਾਕੀ ਮੁੰਡੇ ਉੱਥੇ ਖੜ੍ਹ ਕੇ ਇੰਤਜ਼ਾਰ ਕਰਦੇ ਸੀ। ਸਮੁੰਦਰ ਦੇ ਕਿਨਾਰੇ ਖੜ ਕੇ ਪਾਣੀ ਅਵਾਜ਼ ਸੁਣ ਕੇ ਬਹੁਤ ਡਰ ਲਗਦਾ ਸੀ। ਪਰ ਵਾਪਸ ਇੰਡੀਆ ਜਾਣ ਦਾ ਵੀ ਕੋਈ ਰਸਤਾ ਨਹੀਂ ਸੀ। ਅੱਗੇ ਜਾਂਦੇ ਸੀ ਤਾਂ ਮੌਤ ਸਾਡੇ ਸਿਰ 'ਤੇ ਘੁੰਮਦੀ ਸੀ। ਉੱਥੋਂ ਸਪੇਨ ਸਿਰਫ 15 ਘੰਟੇ ਦਾ ਸਮੁੰਦਰੀ ਰਸਤਾ ਸੀ। ਜਦੋਂ ਸਾਡੀ ਕਿਸ਼ਤੀ ਸਪੇਨ ਪਹੁੰਚੀ ਤਾਂ ਉੱਥੇ ਸਾਨੂੰ ਰੈੱਡ ਕਰਾਸ ਵਾਲਿਆਂ ਦਾ ਸ਼ਿਪ ਮਿਲਿਆ। ਉਨ੍ਹਾਂ ਨੇ ਸਾਨੂੰ ਸ਼ਿੱਪ ਵਿੱਚ ਬਿਠਾਇਆ ਤੇ ਇੱਕ ਕੈਂਪ ਵਿੱਚ ਲੈ ਗਏ, ਜਿੱਥੇ ਜੁੱਤੇ, ਕੱਪੜੇ, ਚਾਹ, ਬਿਸਕੁੱਟ ਖਾਣ ਨੂੰ ਮਿਲੇ। ਭੁੱਖ ਬਹੁਤ ਲੱਗੀ ਹੋਈ ਸੀ ਕਿਉਂਕਿ ਕਿਸ਼ਤੀ ਵਿੱਚ 15-16 ਘੰਟੇ ਖਾਣ ਲਈ ਕੁੱਝ ਵੀ ਨਹੀਂ ਦਿੱਤਾ ਗਿਆ ਸੀ। ਸਪੇਨ ਪਹੁੰਚਣ 'ਤੇ ਰੈੱਡ ਕਰਾਸ ਵਾਲਿਆਂ ਨੇ ਸਾਡੇ ਨਾਮ ਤੇ ਪਤੇ ਲਿਖ ਲਏ ਤੇ 40 ਕਿਲੋਮੀਟਰ ਦੂਰ ਇੱਕ ਕੈਂਪ ਵਿੱਚ ਛੱਡ ਦਿੱਤਾ, ਜਿੱਥੇ ਸਾਨੂੰ ਸੌਣ ਲਈ ਕੰਬਲ ਮਿਲੇ। ਇਸ ਕੈਂਪ ਵਿੱਚ ਅਸੀਂ 33 ਦਿਨ ਰਹੇ। ਕੈਂਪ ਵਿੱਚ ਸਾਨੂੰ ਸਵੇਰੇ ਨਾਸ਼ਤਾ, ਦੁਪਹਿਰ ਤੇ ਰਾਤ ਨੂੰ ਖਾਣਾ ਮਿਲਦਾ ਸੀ। ਆਪਣੇ ਘਰ ਟੈਲੀਫੋਨ ਵੀ ਕਰ ਸਕਦੇ ਸੀ। ਡਾਕਟਰੀ ਸਹਾਇਤਾ ਵੀ ਮਿਲਦੀ ਸੀ। ਫੁੱਟਬਾਲ ਵੀ ਖੇਡਣ ਨੂੰ ਮਿਲਦੀ ਸੀ। ਫਿਰ ਉੱਥੋਂ ਹੀ ਸਾਨੂੰ ਜਹਾਜ਼ ਵਿੱਚ ਬਿਠਾ ਕੇ ਸਪੇਨ ਦੀ ਰਾਜਧਾਨੀ ਮੈਡਰਿਡ ਛੱਡ ਦਿੱਤਾ ਗਿਆ। ਉੱਥੋਂ ਅਸੀਂ ਜਿੱਥੇ ਮਰਜ਼ੀ ਜਾ ਸਕਦੇ ਸੀ। ਅਸੀਂ ਉੱਥੋਂ ਵੈਲਨਸੀਆ ਸ਼ਹਿਰ ਜਾਣਾ ਸੀ ਜੋ ਕਿ 360 ਕਿਲੋਮੀਟਰ ਦੂਰ ਸੀ। ਸਾਰੀ ਰਾਤ ਠੰਡ ਵਿੱਚ ਅਸੀਂ ਮੈਡਰਿਡ ਸ਼ਹਿਰ ਦੀਆਂ ਸੜਕਾਂ 'ਤੇ ਗੁਜ਼ਾਰੀ। ਭੁੱਖਾ ਪੇਟ ਹੋਣ ਕਾਰਨ ਕੂੜੇ ਦੇ ਢੋਲਾਂ 'ਚ ਹੱਥ ਮਾਰਦੇ ਰਹੇ ਕਿ ਸ਼ਾਇਦ ਖਾਣ ਲਈ ਕੁੱਝ ਮਿਲ ਜਾਵੇ। ਸਾਨੂੰ ਕੂੜੇ ਵਿੱਚੋਂ ਕੁੱਝ ਬਰੈੱਡ ਵਗੈਰਾ ਖਾਣ ਨੂੰ ਮਿਲੇ। ਫੇਰ ਅਸੀਂ ਉੱਥੇ ਪੈਸੇ ਮੰਗ ਕੇ ਟਰੇਨ ਦਾ ਟਿਕਟ ਲਿਆ ਤੇ ਵੈਲਨਸੀਆ ਸ਼ਹਿਰ ਦੇ ਗੁਰਦੁਆਰਾ ਸਾਹਿਬ 'ਚ ਪਹੁੰਚ ਗਏ, ਜਿੱਥੇ ਅਸੀਂ ਚਾਰ ਦਿਨ ਰਹੇ। ਚਾਹ ਤੇ ਰੋਟੀ ਦਾ ਸਵਾਦ ਅਸੀਂ 5 ਮਹੀਨੇ ਬਾਅਦ ਗੁਰਦੁਆਰਾ ਸਾਹਿਬ ਆ ਕੇ ਵੇਖਿਆ। ਫਿਰ ਉੱਥੇ ਸਾਨੂੰ ਰਹਿਣ ਲਈ ਮਕਾਨ ਤੇ ਸੰਤਰੇ ਤੋੜਨ ਦਾ ਕੰਮ ਮਿਲ ਗਿਆ। ਡੇਢ ਮਹੀਨਾ ਕੰਮ ਕਰਨ ਤੋਂ ਬਾਅਦ ਇਹ ਕੰਮ ਵੀ ਖ਼ਤਮ ਹੋ ਗਿਆ। ਫਿਰ ਅਪ੍ਰੈਲ 'ਚ ਮੁਸੰਮੀਆਂ ਤੋੜਨ ਦਾ ਕੰਮ ਕੀਤਾ, ਇਹ ਕੰਮ ਬਹੁਤ ਸਖ਼ਤ ਸੀ। ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਕਰਨਾ ਪੈਂਦਾ ਸੀ। ਜਿਸ ਦੇ ਸਾਨੂੰ 10 ਤੋਂ 20 ਯੂਰੋ ਮਿਲਦੇ ਸੀ, ਜਿਸ ਨਾਲ ਅਸੀਂ ਮਕਾਨ ਦਾ ਕਿਰਾਇਆ ਅਤੇ ਰੋਟੀ- ਪਾਣੀ ਦਾ ਖ਼ਰਚ ਹੀ ਚਲਾ ਸਕਦੇ ਸੀ। ਦੂਸਰੇ ਪਾਸੇ ਸਪੇਨ ਨੇ 7 ਫਰਵਰੀ ਤੋਂ 7 ਮਈ ਤੱਕ ਇਮੀਗ੍ਰੇਸ਼ਨ ਖੋਲ ਦਿੱਤੀ ਸੀ, ਪਰ ਸਾਡੇ ਕੋਲ ਪਾਸਪੋਰਟ ਹੀ ਨਹੀਂ ਸਨ। ਸਾਡੇ ਪਾਸਪੋਰਟ ਤਾਂ ਏਜੰਟਾਂ ਨੇ ਰਸਤੇ 'ਚ ਹੀ ਖੋਹ ਲਏ ਸਨ। ਏਜੰਟਾਂ ਨੇ ਸਾਡੇ ਨਾਲ ਜੋ ਖਿਲਵਾੜ੍ਹ ਕੀਤਾ, ਅਸੀਂ ਜ਼ਿੰਦਗੀ 'ਚ ਕਦੇ ਸੋਚਿਆ ਵੀ ਨਹੀਂ ਸੀ। ਇਹ ਅਸੀਂ ਕਦੇ ਨਹੀਂ ਭੁੱਲ ਸਕਦੇ। ਪੰਜਾਬ 'ਚ ਸਾਡੇ ਮਾਪੇ, ਪਤਨੀ ਅਤੇ ਬੱਚੇ ਸਾਡੀ ਉਡੀਕ 'ਚ ਸਨ ਕਿ ਅਸੀਂ ਕਦੋਂ ਪੰਜਾਬ ਵਾਪਸ ਆਵਾਂਗੇ। ਘਰ ਪੈਸੇ ਭੇਜਣ ਦੀ ਗੱਲ ਤਾਂ ਦੂਰ ਹੈ, ਅਸੀਂ ਤਾਂ ਆਪਣਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਚਲਾ ਰਹੇ ਹਾਂ। ਸਾਡੇ ਏਜੰਟ ਨੇ 100 ਤੋਂ 125 ਆਦਮੀ ਇਹੀ ਤਰੀਕੇ ਨਾਲ ਸਪੇਨ ਭੇਜਿਆ, ਜੋ ਬੈਠੇ ਆਪਣੀ ਕਿਸਮਤ ਨੂੰ ਰੋ ਰਹੇ ਹਨ। ਜੋ ਸਾਡੇ ਨਾਲ ਦੋ ਮੁੰਡੇ ਰਸਤੇ 'ਚ ਰਹਿ ਗਏ, ਉਨ੍ਹਾਂ ਦਾ ਕੋਈ ਅਤਾ- ਪਤਾ ਨਹੀਂ। ਏਜੰਟ ਨੇ 31 ਮਾਰਚ ਤੱਕ ਉਨ੍ਹਾਂ ਨੂੰ ਸਪੇਨ ਪਹੁੰਚਾਉਣ ਦਾ ਵਾਅਦਾ ਕੀਤਾ ਸੀ, ਪਰ ਉਹ ਅੱਜ ਤਕੱ ਸਪੇਨ ਨਹੀਂ ਪਹੁੰਚੇ। ਜਦੋਂ ਸਾਡੇ ਘਰ ਦੇ ਉਸ ਏਜੰਟ ਕੋਲ ਸਾਡਾ ਪਤਾ ਕਰਨ ਗਏ ਤਾਂ ਉਹ ਅੱਗੋਂ ਘਰਦਿਆਂ ਨੂੰ ਬੁਰਾ- ਭਲਾ ਕਹਿਣ ਲੱਗ ਗਿਆ ਅਤੇ ਸਾਡੇ ਪਰਿਵਾਰ ਦੇ ਖ਼ਿਲਾਫ ਹੀ ਥਾਣੇ 'ਚ ਰਿਪੋਰਟ ਦਰਜ਼ ਕਰਵਾ ਦਿੱਤੀ। ਸਪੇਨ ਪਹੁੰਚੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਅਸੀਂ ਪੰਜਾਬ ਤੋਂ ਚੱਲੇ ਸੀ, ਸਾਡਾ ਭਾਰ 75 ਕਿਲੋ ਸੀ, ਸਪੇਨ ਪਹੁੰਚਦੇ- ਪਹੁੰਚਦੇ 55 ਕਿਲੋ ਰਹਿ ਗਿਆ। ਅੱਜ ਤੱਕ ਵੀ ਸਾਡੀ ਸਿਹਤ ਠੀਕ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਸਾਡੇ ਨਾਲ ਆਏ ਦੋ ਸਾਥੀ ਜਿਨ੍ਹਾਂ ਨੂੰ ਅਸੀਂ 4 ਦਸੰਬਰ ਨੂੰ ਲਿਉਨ (ਮਰੌਕ) 'ਚ ਪਹਾੜ ਦੀ ਖੱਡ 'ਚ ਛੱਡ ਕੇ ਆਏ ਸੀ, ਉਦੋਂ ਤੋਂ ਅੱਜ ਤੱਕ ਉਨ੍ਹਾਂ ਦਾ ਕੋਈ ਅਤਾ- ਪਤਾ ਨਹੀਂ ਹੈ। ਇਹ ਤਾਂ ਏਜੰਟ ਹੀ ਦੱਸ ਸਕਦਾ ਹੈ ਕਿ ਉਹ ਕਿੱਥੇ ਹਨ। ਇਨ੍ਹਾਂ ਲੜਕਿਆਂ ਨੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਤੇ ਭਾਰਤ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਪੰਜਾਬ ਦੇ ਮੁੱਖ ਮੰਤਰੀ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਸਾਡੇ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਧੋਖੇਬਾਜ਼ ਏਜੰਟਾਂ ਦੇ ਧੱਕੇ ਚੜ੍ਹ ਕੇ ਆਪਣਾ ਪੈਸਾ ਤੇ ਜ਼ਿੰਦਗੀ ਬਰਬਾਦ ਕਰਨ ਲਈ ਕਦੇ ਵੀ ਵਿਦੇਸ਼ ਨਾ ਆਇਓ। ਨਹੀਂ ਤਾਂ ਤਸਵੀਰ ਤੁਹਾਡੇ ਸਾਹਮਣੇ ਹੀ ਹੈ।
ਗੁਰਭਿੰਦਰ ਸਿੰਘ ਗੁਰੀ
੯੫੯੨੩-੨੧੨੯੯