ਜਦੋਂ ਅਕਾਲੀ ਦਲ ਦੇ ਪਤਨ ਦੀ ਨੀਂਹ ਰਖ ਦਿੱਤੀ ਗਈ? - ਜਸਵੰਤ ਸਿੰਘ 'ਅਜੀਤ'

ਬਹੁਤ ਘਟ ਲੋਕੀ ਜਾਣਦੇ ਹਨ ਕਿ ਅੱਜ ਜੋ ਦੁਰਦਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਵੇਖਣ ਨੂੰ ਮਿਲ ਰਹੀ ਹੈ, ਉਸਦੀ ਨੀਂਹ ਕੋਈ ਢਾਈ ਦਹਾਕੇ ਪਹਿਲਾਂ, ਉਸ ਸਮੇਂ ਦੇ ਦਲ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੱਤਾ ਲਾਲਸਾ ਅਧੀਨ ਵਿਰੋਧੀ ਵਿਚਾਰਾਂ ਦੀਆਂ ਧਾਰਨੀ ਦੋ ਜੱਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚਕਾਰ ਗਠਜੋੜ ਕਾਇਮ ਕਰ, ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕਤਾਂਤ੍ਰਿਕ ਮਾਨਤਾਵਾਂ ਸਹਿਤ ਸਾਰੀਆਂ ਹੀ ਮੂਲ ਧਾਰਮਕ ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰ ਤਿਲਾਂਜਲੀ ਦੇ ਕੇ, ਰਖ ਦਿੱਤੀ।  
ਇਤਿਹਾਸ ਗੁਆਹ ਹੈ ਕਿ ਸ਼੍ਰੋਮਣੀ ਅਕਾਲੀ ਦਲ, ਜੋ ਕਿ ਸਿੱਖਾਂ ਦੀਆਂ ਅੰਤਹੀਨ ਕੁਰਬਾਨੀਆਂ ਦੇ ਫਲਸਰੂਪ ਹੋਂਦ ਵਿੱਚ ਆਇਆ ਸੀ, ਉਸਦੀ ਜ਼ਿਮੇਂਦਾਰੀ ਸਿੱਖ ਧਰਮ ਦੀਆਂ ਸਥਾਪਤ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਅਤੇ ਬਹਾਲ ਰਖਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣਾ ਸੀ। ਉਸਦਾ ਗਠਨ/ਪੁਨਰਗਠਨ ਕਰਦਿਆਂ ਹੋਇਆਂ ਪੂਰੀ ਤਰ੍ਹਾਂ ਲੋਕਤਾਂਤ੍ਰਿਕ ਮਾਨਤਾਵਾਂ ਅਤੇ ਕਦਰਾਂ-ਕੀਮਤਾਂ ਦਾ ਪਾਲਣ ਕੀਤਾ ਜਾਂਦਾ, ਅਰਥਾਤ ਇਲਾਕਾਈ ਜਥਿਆਂ ਤੋਂ ਲੈ ਕੇ ਕੇਂਦ੍ਰੀ ਸੰਗਠਨ, ਉਸਦੇ ਪ੍ਰਧਾਨ ਅਤੇ ਦੂਸਰੇ ਅਹੁਦੇਦਾਰਾਂ ਦੇ ਨਾਲ ਹੀ ਵਰਕਿੰਗ ਕਮੇਟੀ ਦੇ ਮੈਂਬਰਾਂ ਤਕ ਦੀ ਚੋਣ ਦੀ ਪੂਰੀ ਪ੍ਰਕ੍ਰਿਆ ਲੋਕਤਾਂਤ੍ਰਿਕ ਮਾਨਤਾਵਾਂ ਦਾ ਪਾਲਣ ਕਰਦਿਆਂ ਹੋਇਆਂ ਪੂਰੀ ਕੀਤੀ ਜਾਂਦੀ। ਕਿਸੇ ਵੀ ਪੱਧਰ 'ਤੇ ਨਾਮਜ਼ਦਗੀਆਂ ਦਾ ਸਹਾਰਾ ਨਹੀਂ ਸੀ ਲਿਆ ਜਾਂਦਾ। ਇਸ ਤਰ੍ਹਾਂ ਹੋਂਦ ਵਿੱਚ ਆਇਆ ਸੰਗਠਨ ਸਮੁਚੇ ਪੰਥ ਨੂੰ ਪ੍ਰਵਾਨ ਹੁੰਦਾ। ਉਸ ਸਮੇਂ ਦਲ ਦੇ ਕੌਮੀ ਪ੍ਰਧਾਨ ਤੋਂ ਲੈ ਕੇ  ਇਲਾਕਾਈ ਜੱਥੇਦਾਰ ਸਹਿਤ ਸਾਰੇ ਹੀ ਮੁਖੀ ਕਿਸੇ ਵਿਅਕਤੀ ਵਿਸ਼ੇਸ਼ ਦੇ ਪ੍ਰਤੀ ਨਹੀਂ, ਸਗੋਂ ਸਮੁਚੇ ਪੰਥ ਪ੍ਰਤੀ ਜਵਾਬ-ਦੇਹ ਹੁੰਦੇ। ਇਸ ਸਥਿਤਿ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਹਿਸਤਾ-ਆਹਿਸਤਾ ਲਗਾਤਾਰ ਵਧਦੇ ਚਲੇ ਜਾ ਰਹੇ ਪ੍ਰਭਾਵ ਕਾਰਣ ਇਸਦੇ ਮੁਖੀਆਂ ਦੇ ਦਿਲ ਵਿੱਚ ਰਾਜਸੀ ਸਵਾਰਥ ਦੀ ਭਾਵਨਾ ਨੇ ਜ਼ੋਰ ਪਕੜਨਾ ਸ਼ੁਰੂ ਕਰ ਦਿੱਤਾ ਅਤੇ ਇਸਦੇ ਨਾਲ ਹੀ ਉਨ੍ਹਾਂ ਦੇ ਦਿਲ ਵਿੱਚ ਰਾਜਸੱਤਾ ਤਕ ਪਹੁੰਚਣ ਦੀ ਖਾਹਸ਼ ਨੇ ਆਪਣੀ ਜਗ੍ਹਾ ਬਨਾਣੀ ਸ਼ੁਰੂ ਕਰ ਦਿੱਤੀ। ਜਿਸਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿਜੀ ਜਾਗੀਰ ਸਮਝਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਤਾਂ ਹਦ ਹੀ ਹੋ ਗਈ ਜਦੋਂ ਸਮੇਂ ਦੇ ਪ੍ਰਭਾਵਸ਼ਾਲੀ ਅਕਾਲੀ ਅਗੂ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੱਤਾ ਲਾਲਸਾ ਦੇ ਅਧੀਨ ਵਿਰੋਧੀ ਵਿਚਾਰਾਂ ਦੀਆਂ ਧਾਰਨੀ ਜੱਥੇਬੰਦੀਆਂ, ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਾ ਪਾਰਟੀ ਵਿਚ ਗਠਜੋੜ ਕਾਇਮ ਕਰ, ਸ਼੍ਰੋਮਣੀ ਅਕਾਲੀ ਦਲ ਦੀਆਂ ਸਮੁਚੀਆਂ ਲੋਕਤਾਂਤ੍ਰਿਕ ਮਾਨਤਾਵਾਂ ਅਤੇ ਉਸਦੀਆਂ ਸਾਰੀਆਂ ਹੀ ਮੂਲ ਧਾਰਮਕ ਪਰੰਪਰਾਵਾਂ 'ਤੇ ਮਰਿਆਦਾਵਾਂ ਨੂੰ ਤਿਲਾਂਜਲੀ ਦੇ, ਉਸਕੇ ਪਤਨ ਦੀ ਨੀਂਹ ਰਖ ਦਿੱਤੀ।  

ਬਾਦਲ ਦਲ ਦਾ ਵਕਾਰ ਦਾਅ 'ਤੇ:  ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਅਤੇ ਸਥਾਨਕ ਮੁਖੀਆਂ ਨੇ ਜੋ ਨੀਤੀ ਅਪਨਾਈ ਰਖੀ, ਉਸਨੇ ਦਲ ਦੇ ਵਕਾਰ ਨੂੰ ਮਿਟੀ ਵਿੱਚ ਰੋਲ ਕੇ ਰਖ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਤੇ ਉਸਤੋਂ ਦੋ ਸਾਲ ਬਾਅਦ ਹੋਈਆਂ ਲੋਕਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਸਤਰਾਂ ਦੀਆਂ ਨਮੋਸ਼ੀ ਭਰੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ, ਉਸਤੋਂ ਉਸਦੇ ਮੁਖੀਆਂ ਨੇ ਕੋਈ ਸਬਕ ਸਿੱਖਣ ਦੀ ਲੋੜ ਨਹੀਂ ਸਮਝੀ। ਜਿਸਦਾ ਨਤੀਜਾ ਇਹ ਹੋਇਆ ਕਿ ਦਿੱਲੀ ਵਿਧਾਨਸਭਾ ਚੋਣਾਂ ਵਿੱਚ ਆਪਣਾ ਪੱਖ ਪੇਸ਼ ਕਰਦਿਆਂ ਵੀ ਮਾਤ ਖਾ ਗਏ। ਚਾਹੀਦਾ ਤਾਂ ਇਹ ਸੀ ਕਿ ਉਪ੍ਰੋਕਤ ਹਾਰਾਂ ਤੋਂ ਸਬਕ ਸਿਖਦਿਆਂ ਉਹ ਮਹਿਸੂਸ ਕਰਦੇ ਕਿ ਹੁਣ ਰਾਜਨੀਤੀ ਵਿੱਚ ਉਨ੍ਹਾਂ ਦਾ ਉਹ ਭਾਅ ਨਹੀਂ ਰਿਹਾ ਜੋ ਅਰੰਭ ਵਿੱਚ ਹੁੰਦਾ ਸੀ। ਹੁਣ ਉਨ੍ਹਾਂ ਨੇ ਕੋਈ ਰਾਜਨੈਤਿਕ ਸਮਝੌਤਾ ਕਰਨਾ ਹੈ, ਤਾਂ ਉਨ੍ਹਾਂ ਨੂੰ ਜ਼ਮੀਨੀ ਸਚਾਈ ਨੂੰ ਸਵੀਕਾਰ ਕਰਦਿਆਂ ਆਪਣਾ ਪੱਖ ਪੇਸ਼ ਕਰਨਾ ਹੋਵੇਗਾ, ਪ੍ਰੰਤੂ ਉਹ ਅਜਿਹਾ ਨਾ ਕਰ ਸਕੇ। ਅਜੇ ਇਨ੍ਹਾਂ ਚੋਣਾਂ ਲਈ ਸੀਟਾਂ ਦੇ ਲੈਣ ਦੇਣ ਦੀ ਕੋਈ ਗਲ ਸ਼ੁਰੂ ਹੋਈ ਵੀ ਨਹੀਂ ਸੀ ਕਿ ਇਸੇ ਆਗੂਆਂ ਨੇ ਇਹ ਚਰਚਾ ਛੇੜ ਦਿਤੀ ਕਿ ਉਹ ਬੀਤੇ ਵਿੱਚ ਮਿਲਦੀਆਂ ਰਹੀਆਂ ਚਾਰ ਸੀਟਾਂ ਦੇ ਮੁਕਾਬਿਲੇ ਇਸ ਵਾਰ ਅੱਠ ਤੋਂ ਦਸ ਸੀਟਾਂ ਪੁਰ ਆਪਣਾ ਦਾਅਵਾ ਪੇਸ਼ ਕਰਨਗੇ। ਜਦਕਿ ਇਸ ਵਾਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਭਾਜਪਾ ਅਤੇ ਕਾਂਗ੍ਰਸ ਲਈ ਵਕਾਰ ਦਾ ਸੁਆਲ ਬਣੀਆਂ ਹੋਈਆਂ ਸਨ। ਇਸਦਾ ਕਾਰਣ ਇਹ ਸੀ ਕਿ ਪਿਛਲੀਆਂ ਚੋਣਾਂ ਵਿੱਚ ਜਿਥੇ 70 ਸੀਟਾਂ ਵਿਚੋਂ ਕਾਂਗ੍ਰਸ ਇੱਕ ਵੀ ਸੀਟ ਜਿਤਣ ਵਿੱਚ ਸਫਲ ਨਹੀਂ ਸੀ ਹੋ ਸਕੀ ਉਥੇ ਭਾਜਪਾ ਨੂੰ ਕੇਵਲ ਤਿੰਨ ਸੀਟਾਂ ਪੁਰ ਹੀ ਸਬਰ ਕਰਨਾ ਪਿਆ ਸੀ। ਉਧਰ ਭਾਜਪਾ ਲੀਡਰਸ਼ਿਪ ਆਪਣੀ ਸੀਟਾਂ ਬਹੁਮਤ ਤਕ ਪਹੁੰਚਾਣ ਦੇ ਜੁਗਾੜ ਦੀ ਰਣਨੀਤੀ ਘੜ ਰਹੀ ਸੀ ਇਧਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਅਪਣੀਆਂ ਘਟੋਘਟ ਅੱਠ ਸੀਟਾਂ ਦੀ ਮੰਗ ਮੰਨਵਾਉਣ ਲਈ ਭਾਜਪਾ ਹਾਈ ਕਮਾਨ ਨਾਲ ਗਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ। ਜਿਸਨੇ ਬਿਨਾਂ ਭਾਜਪਾ ਲੀਡਰਸ਼ਿਪ ਦੀ ਸਥਿਤੀ ਸਮਝੇ ਆਪਣੇ ਨਾਲ ਸੀਟਾਂ ਦੇ ਲੈਣ ਦੇਣ ਲਈ ਗਲਬਾਤ ਕਰਨ ਵਾਸਤੇ ਉਸ ਪੁਰ ਦਬਾਉ ਬਨਾਣਾ ਸ਼ੁਰੂ ਕਰ ਦਿੱਤਾ। ਜਿਸਦਾ ਨਤੀਜਾ ਇਹ ਹੋਇਆ ਕਿ ਭਾਜਪਾ ਲੀਡਰਸ਼ਿਪ ਨੇ ਅਖੀਰ ਸਮੇਂ ਤਕ ਸਮਾਂ ਨਾ ਦਿੱਤਾ, ਜਿਸਦਾ ਸਪਸ਼ਟ ਮਤਲਬ ਇਹ ਸੀ ਕਿ ਇਸ ਵਾਰ ਉਨ੍ਹਾਂ ਆਪਣੇ ਕੋਟੇ ਦੀ ਕੋਈ ਸੀਟ ਨਹੀਂ ਮਿਲ ਰਹੀ। ਮਤਲਬ ਇਹ ਕਿ ਚਾਰ ਦੀ ਬਜਾਏ ਅੱਠਾਂ ਤੇ ਨਜ਼ਰ ਰਖਣ ਵਾਲੇ ਚਾਰ ਵੀ ਗੁਆ ਬੈਠੇ।


ਟਿਕਟ ਨਾ ਮਿਲਣ ਦਾ ਮਲਾਲ: ਜਾਣਕਾਰ ਹਲਕਿਆਂ ਦੇ ਅਨੁਸਾਰ ਦਿੱਲ਼ੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀ ਸ. ਹਰਮੀਤ ਸਿੰਘ ਕਾਲਕਾ, ਸ. ਮਨਜਿੰਦਰ ਸਿੰਘ ਸਿਰਸਾ ਆਦਿ, ਜਿਨ੍ਹਾਂ ਨੂੰ ਅਕਾਲੀ ਕੋਟੇ ਵਿਚੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦਾ ਟਿਕਟ ਮਿਲ ਜਾਣ ਦਾ ਪੂਰਾ-ਪੂਰ ਵਿਸ਼ਵਾਸ ਸੀ, ਟਿਕਟ ਨਾ ਮਿਲ ਪਾਣ ਦਾ ਮਲਾਲ ਸਹਿ ਨਹੀਂ ਪਾਏ। ਉਨ੍ਹਾਂ ਨੇ ਪਾਰਟੀ ਦੇ ਨਗਰਨਿਗਮ ਦੇ ਮੈਂਬਰ (ਪਾਰਸ਼ਦਾਂ), ਜਿਨ੍ਹਾਂ ਦੀ ਗਿਣਤੀ ਤਕਰੀਬਨ ਪੰਜ ਦਸੀ ਜਾਂਦੀ ਹੈ, ਨੂੰ ਕਿਹਾ ਕਿ ਉਹ, ਉਨ੍ਹਾਂ ਨੂੰ ਵਿਧਾਨਸਭਾ ਚੋਣਾਂ ਦੇ ਲਈ ਟਿਕਟ ਨਾ ਦਿੱਤੇ ਜਾਣ ਦੇ ਵਿਰੁੱਧ ਰੋਸ ਪ੍ਰਗਟ ਕਰਦਿਆਂ ਨਗਰ ਨਿਗਮ ਦੀ ਆਪਣੀ ਮੈੰਬਰੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ, ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਉਨ੍ਹਾਂ ਅਕਾਲੀ ਮੁੱਖੀਆਂ ਅਤੇ ਵਰਕਰਾਂ, ਜੋ ਆਪੋ-ਆਪਣੇ ਹਲਕੇ ਵਿੱਚ ਭਾਜਪਾ ਉਮੀਦਵਾਰਾਂ ਦੇ ਹਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ, ਨੂੰ ਕਿਹਾ ਕਿ ਉਹ ਵੀ ਉਨ੍ਹਾਂ ਨੂੰ ਟਿਕਟ ਨਾ ਦਿੱਤੇ ਜਾਣ ਦੇ ਵਿਰੁੱਧ ਰੋਸ਼ ਪ੍ਰਗਟ ਕਰਦਿਆਂ ਹੋਇਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ੳਮੀਦਵਾਰਾਂ ਦਾ ਸਮਰਥਨ ਕਰਨ ਤੋਂ ਮਨ੍ਹਾ ਕਰ ਦੇਣ। ਦਸਿਆ ਗਿਆ ਹੈ ਕਿ ਨਾ ਕੇਵਲ ਅਕਾਲੀ ਪਾਰਸ਼ਦਾਂ ਨੇ ਹੀ ਉਨ੍ਹਾਂ ਦਾ ਕਹਿਣਾ ਮੰਨਣ ਤੋਂ ਇਨਕਾਰ ਕਰ ਦਿੱਤਾ, ਸਗੋਂ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਦੇ ਹਕ ਵਿੱਚ ਪ੍ਰਚਾਰ ਕਰ ਰਹੇ ਅਕਾਲੀ ਮੁੱਖੀਆਂ ਅਤੇ ਵਰਕਰਾਂ ਨੇ ਵੀ ਉਨ੍ਹਾਂ ਦੀ ਗਲ ਮੰਨਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਸਥਾਨਕ ਮੁਖੀਆਂ ਦਾ ਨਹੀਂ ਹਾਈਕਮਾਨ ਦਾ ਆਦੇਸ਼ ਚਾਹੀਦਾ ਹੈ।


...ਅਤੇ ਅੰਤ ਵਿੱਚ: ਇਧਰ ਇਹ ਤੂ-ਤੂ-ਮੈਂ-ਮੈਂ ਚਲ ਹੀ ਰਹੀ ਸੀ ਕਿ ਖਬਰ ਆ ਗਈ ਕਿ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਨੱਡਾ ਨਾਲ ਮਲਾਕਾਤ ਕਰ, ਦਿੱਲੀ ਵਿਧਾਨਸਭਾ ਚੋਣਾਂ ਵਿੱਚ ਸਮੁਚੇ ਰੂਪ ਵਿੱਚ ਬਿਨਾਂ ਸ਼ਰਤ ਭਾਜਪਾ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸਦਾ ਨਤੀਜਾ ਇਹ ਹੋਇਆ ਕਿ ਨਿਰਾਸ਼ ਬਾਦਲਕਿਆਂ ਨੂੰ ਆਪਣੇ ਦਿਲ ਦਾ ਮਲਾਲ ਦਿਲ ਵਿਚ ਹੀ ਦਬਾ ਕੇ ਰਖਣਾ ਪੈ ਗਿਆ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085