ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਮਹਾਂ ਜੀਵਨ ਦਾ ਗੀਤ ਜੇ ਗਾਵਣਾ ਤੂੰ,
ਪਹਿਲਾ ਏਸ ਦਾ ਸੁਰ ਤੇ ਤਾਲ ਸਮਝੀਂ
ਸਿਆਸਤ ਵਿੱਚ ਅਪਰਾਧੀਕਰਨ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਸੁਪਰੀਮ ਕੋਰਟ ਨੇ ਇਸਨੂੰ ਰੋਕਣ ਲਈ ਛੇਤੀ ਹੀ ਕੁਝ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਕੋਰਟ ਨੇ ਚੋਣ ਕਮਿਸ਼ਨ ਤੋਂ ਇੱਕ ਹਫ਼ਤੇ 'ਚ ਰੂਪ-ਰੇਖਾ ਤਿਆਰ ਕਰਕੇ ਪੇਸ਼ ਕਰਨ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਕੋਰਟ ਪਾਰਟੀਆਂ ਨੂੰ ਨਿਰਦੇਸ਼ ਦੇਵੇ ਕਿ ਉਹ ਅਪਰਾਧਿਕ ਪਿੱਠਭੂਮੀ ਦੇ ਲੋਕਾਂ ਨੂੰ ਚੋਣ ਲੜਨ ਲਈ ਟਿਕਟ ਹੀ ਨਾ ਦੇਵੇ।
      ਸੁਣੋ ਹੇ ਨਾਗਰਿਕ! ਦੇਸ਼ ਵਿੱਚ ਭ੍ਰਿਸ਼ਟਾਚਾਰ ਹੈ। ਦੇਸ਼ ਵਿੱਚ ਅਨਾਚਾਰ ਹੈ। ਦੇਸ਼ ਵਿੱਚ ਵਿਭਚਾਰ ਹੈ। ਦੇਸ਼ ਵਿੱਚ ਨੈਤਿਕਤਾ ਦੀ ਕਮੀ ਹੈ। ਦੇਸ਼ ਦੀ ਸਿਆਸਤ ਵਿੱਚ ਅਪਰਾਧੀਕਰਨ ਕਿਉਂ ਨਾ ਹੋਵੇ? ਸਿਆਸਤਦਾਨਾਂ ਦੀ ਬਦੌਲਤ ਤਾਂ ਭ੍ਰਿਸ਼ਟਾਚਾਰ ਹੈ, ਅਨਾਚਾਰ ਹੈ, ਵਿਭਚਾਰ ਹੈ।
     ਸੁਣੋ ਹੇ ਨਾਗਰਿਕ! ਕਈ ਕਈ ਵੇਸ ਕਰਕੇ, ਕਈ ਕਈ ਭੇਸ ਕਰਕੇ, ਥਾਂ ਥਾਂ ਫਿਰਦੇ ਨੇ ਸੱਜਣਾ, ਠੱਗ ਟੋਲੇ। ਸੁਣੋ ਹੇ ਨਾਗਰਿਕ! ਸਿਆਸਤਦਾਨਾਂ ਦੇ ਰੂਪ ਨਿਰਾਲੇ ਨੇ। ਜਿਹੜੇ ਸਾਧ ਵੀ ਨੇ। ਜਿਹੜੇ ਸਫ਼ੈਦ, ਭਗਵੇਂ ਜਾਂ ਨੀਲੇ ਵੀ ਨੇ। ਇਹ ਸਿਆਸਤਦਾਨ, ਜਾਲ ਲਾ ਕੇ ਫਾਹੁੰਦੇ ਨੇ ਭੋਲਿਆਂ ਨੂੰ, ਕਰਕੇ ਗੋਲ ਗੱਲਾਂ, ਰੱਖਣ ਪੇਚ ਉਹਲੇ।
      ਸੁਣੋ ਹੇ ਨਾਗਰਿਕ! ਇਹ ਸਿਆਸਤਦਾਨ ਲੁੱਟਦੇ ਨੇ ਭਗਵਾਂ ਪਹਿਨ ਚੋਲਾ ਤੇ ਫਿਰ ਰਾਜਨੀਤੀ ਦੀ ਤੱਕੜੀ ਤੋਲਦੇ ਨੇ।
ਸੁਣੋ ਹੇ ਨਾਗਰਿਕ! ਉਹ ਸਿਆਸਤਦਾਨ ਕਾਹਦਾ, ਜਿਹੜਾ ਸਮਾਜ ਸੇਵਾ ਦੇ ਨਾਮ ਉਤੇ ਲੋਕਾਂ ਨੂੰ ਨਾ ਠੱਗੇ। ਉਹ ਸਿਆਸਤਦਾਨ ਕਾਹਦਾ ਜਿਹੜਾ ਮਨੁੱਖੀ ਹੱਕ ਨਾ ਖੋਹਵੇ। ਉਹ ਸਿਆਸਤਦਾਨ ਕਾਹਦਾ ਜਿਹੜਾ ਅੰਦਰ ਵੜ ਅਪਰਾਧ ਨਾ ਕਰੇ ਤੇ ਉਪਰੋਂ ਚੰਗਾ-ਭਲਾ ਨਾ ਦਿਸੇ।
     ਸੁਣੋ ਹੇ ਨਾਗਰਿਕ! ਅਦਾਲਤਾਂ ਨੂੰ ਆਖੋ, ਜੇ ਉਨ੍ਹਾਂ ਅਪਰਾਧ ਰੋਕਣੇ ਹਨ ਤਾਂ ਸਿਆਸਤਦਾਨਾਂ ਨੂੰ ਨੱਥ ਪਾਵੇ। ਸਿਆਸਤਦਾਨਾਂ ਵਲੋਂ ਫੈਲਾਏ ਭ੍ਰਿਸ਼ਟਾਚਾਰ, ਅਨਾਚਾਰ, ਵਿਭਚਾਰ ਦੇ ਜਾਲ ਨੂੰ ਤੋੜੇ। ਸੁਣੋ ਹੇ ਨਾਗਰਿਕ! ਅਦਾਲਤ ਨੂੰ ਕਹੋ, ''ਮਹਾਂ ਜੀਵਨ ਦਾ ਗੀਤ ਜੇ ਗਾਵਣਾ ਤੂੰ, ਪਹਿਲਾ ਏਸ ਦਾ ਸੁਰ ਤੇ ਤਾਲ ਸਮਝੀ''।


ਬਰਫ਼ ਪਿਘਲਦੀ ਜਦੋਂ ਹੈ ਸੇਕ ਲੱਗਦਾ,
ਪਾਣੀ ਸਦਾ ਨਿਵਾਣ ਵੱਲ ਵਹਿਣ ਮੀਆਂ।
ਸਿਆਸੀ ਮਹਿਰਾਂ ਮੁਤਾਬਕ ਅਕਾਲੀ ਦਲ ਅੰਦਰੂਨੀ ਤੌਰ ਤੇ ਜਿੰਨੀ ਮਰਜ਼ੀ ਨਾਰਾਜ਼ਗੀ ਜਾਹਰ ਕਰ ਲਵੇ ਪ੍ਰੰਤੂ ਮੌਜੂਦਾ ਸਥਿਤੀ 'ਚ ਉਸ ਕੋਲ ਭਾਜਪਾ ਨੂੰ ਸਮਰਥਨ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ, ਕਿਉਂਕਿ ਕੇਂਦਰ 'ਚ ਹਰਸਿਮਰਤ ਕੌਰ ਅਕਾਲੀ ਕੋਟੇ ਤੋਂ ਵਜ਼ੀਰ ਹਨ ਤੇ ਦਿੱਲੀ ਵਿੱਚ ਵੀ ਅਕਾਲੀ ਕੋਟੇ ਤੋਂ 5 ਕੌਂਸਲਰ ਹਨ ਜੋ ਭਾਜਪਾ ਦੀ ਟਿਕਟ ਤੇ ਹੀ ਚੋਣ ਲੜ ਕੇ ਕੌਂਸਲਰ ਬਣੇ ਸਨ।
     ਸਵਾਲਾਂ ਦਾ ਸਵਾਲ ਇਹ ਹੈ ਆਖ਼ਰ ਭਾਜਪਾ ਤੇ ਅਕਾਲੀਆਂ ਦਾ ਆਪਸ ਦਾ ਜੁੱਟ ਕਿਉਂ ਬਣਿਆ ਹੋਇਆ? ਸਵਾਲਾਂ ਦਾ ਸਵਾਲ ਇਹ ਹੈ ਕਿ ਕੁਰਸੀ ਦੀ ਸਾਂਝ ਕਿੰਨਾ ਕੁ ਨਿਭਦੀ ਹੈ? ਸਵਾਲਾਂ ਦਾ ਸਵਾਲ ਇਹ ਹੈ ਕਿ ਭਾਜਪਾ ਜਦ ਵੱਡੇ ਚੌਧਰੀ ਬਣੇ ਹੋਏ ਆ ਤਾਂ ਆਪਣੀ ਬੁਰਕੀ-ਕੁਰਸੀ ਅਕਾਲੀਆਂ ਨੂੰ ਕਿਵੇਂ ਦੇਣ?
      ਉਂਜ ਭਾਈ ਸਵਾਲ ਇਹ ਵੀ ਆ ਕਿ ਭਾਜਪਾ ਆ ਮਾਲਕ, ਅਕਾਲੀ ਆ ਉਨ੍ਹਾਂ ਦੀ ਨੌਕਰੀ ਕਰਨ ਵਾਲੇ। ਅਕਾਲੀ ਮੰਗਦੇ ਆ ਵੱਡੀ ਪਗਾਰ ਅਤੇ ਭਾਜਪਾ ਆਖਦੀ ਆ ਨੌਕਰੀ ਕਰਨੀ ਆ ਤਾਂ ਉਸੇ ਪਗਾਰ ਤੇ ਕਰੋ ਤੇ ਅਕਾਲੀ ਆਖਦੇ ਆ ਚਲੋ ਠੀਕ ਆ ਭਾਈ! ਉਂਜ ਬਾਦਲਾਂ ਦੇ ਅਕਾਲੀ ਦਲ ਨੂੰ ਪਤਾ ਨਹੀਂ ਕਿਉਂ ਕਵੀ ਦੀਆਂ ਲਿਖੀਆਂ ਸਤਰਾਂ ਕਿਉਂ ਯਾਦ ਨਹੀਂ ਰਹਿੰਦੀਆਂ ''ਬਰਫ਼ ਪਿਘਲਦੀ ਜਦੋਂ ਹੈ ਸੇਕ ਲੱਗਦਾ, ਪਾਣੀ ਸਦਾ ਨਿਵਾਣ ਵੱਲ ਵਹਿਣ ਮੀਆਂ''।

ਛਾਲਾਂ ਮਾਰ ਤਰੱਕੀ ਹੈ ਪੰਜਾਬ ਕੀਤੀ,
ਕਾਹਨੂੰ ਦੋਸਤਾਂ ਤੂੰ ਨਿਰਾਸ਼ ਹੋਇਆ?
ਖ਼ਬਰ ਹੈ ਕਿ ਕੈਪਟਨ ਸਰਕਾਰ ਨੇ ਮਾੜੀ ਵਿੱਤੀ ਹਾਲਾਤ ਦੇ ਚੱਲਦਿਆਂ ਆਪਣੇ ਵਜ਼ੀਰਾਂ ਅਤੇ ਅਫ਼ਸਰਾਂ ਦੇ ਖ਼ਰਚੇ ਘਟਾਉਣ ਦੇ ਹੁਕਮ ਦਿੱਤੇ ਹਨ। ਹੁਣ ਸਰਕਾਰ ਦੇ ਮੰਤਰੀ ਅਤੇ ਅਫ਼ਸਰ ਸਿਰਫ਼ ਇੱਕ ਹੀ ਸਰਕਾਰੀ ਗੱਡੀ ਦੀ ਵਰਤੋਂ ਕਰ ਸਕਣਗੇ, ਭਾਵੇਂ ਉਨ੍ਹਾਂ ਕੋਲ ਦੂਜੇ ਵਿਭਾਗਾਂ ਦਾ ਵੀ ਵਾਧੂ ਚਾਰਜ ਹੋਵੇ। ਬਾਹਰਲੇ ਦੇਸ਼ 'ਚ ਨੁਮਾਇਸ਼ ਲਗਾਉਣ ਤੇ ਪੂਰੀ ਪਾਬੰਦੀ ਲਗਾਈ ਗਈ ਹੈ ਪਰ ਵਪਾਰ 'ਚ ਵਾਧੇ ਲਈ ਨੁਮਾਇਸ਼ ਲਾਉਣ ਤੇ ਮੁੱਖ ਮੰਤਰੀ ਦੀ ਮਨਜ਼ੂਰੀ ਲੈਣੀ ਪਵੇਗੀ।
     ਕਾਹਨੂੰ ਭੰਡਦੇ ਹੋ ਪੰਜਾਬ ਸਰਕਾਰ ਜੀ, ਅਫ਼ਸਰਾਂ, ਵਜ਼ੀਰਾਂ ਨੂੰ ਇਹ ਤਾਂ ਬਹਾਲੇ ਹੀ ਕਾਮੇ ਆ। ਕਿੰਨਾ ਕੰਮ ਕਰਦੇ ਆ। ਕੰਨ ਖੁਰਕਣ ਨੂੰ ਵੀ ਵਿਹਲ ਨਹੀਂ ਮਿਲਦੀ। ਗੱਡੀਆਂ ਭਜਾਉਂਦੇ ਨੇ ਅਫ਼ਸਰ, ਜਿਥੇ ਆਪਣਾ ਉਪਰਲਾ ਅਫ਼ਸਰ ਜਾਂ ਵਜ਼ੀਰ ਪੁੱਜਦਾ ਆ, ਝਟ ਜੀ-ਹਜ਼ੂਰੀ ਲਈ ਪੁੱਜ ਜਾਂਦੇ ਆ। ਪੈਟਰੋਲ-ਤੇਲ ਤਾਂ ਲੱਗਣਾ ਹੀ ਹੋਇਆ, ਸਰਕਾਰ ਜੀ। ਕੰਮ ਵੀ ਕਿੰਨਾ ਆ, ਲੋਕਾਂ ਨੂੰ ਭਰਮਾਉਣਾ, ਆਪਣਿਆਂ ਨੂੰ ਰਿਝਾਉਣਾ, ਮੰਤਰੀਆਂ ਨੂੰ ਖੁਸ਼ ਕਰਨਾ, ਆਪਣੇ ਟੱਬਰ ਪਾਲਣੇ। ਕਾਕਿਆਂ, ਕਾਕੀਆਂ ਨੂੰ ਸਕੂਲ, ਕਾਲਜ ਛੱਡਣ ਲਈ ਕਾਰ ਦੀ ਵਰਤੋਂ ਕਰਨਾ। ਜਦ ਭਾਈ ਸਰਕਾਰ ਜੀ, ਉਹ ਅਫ਼ਸਰ ਹੀ ਤੁਹਾਡੇ ਆ, ਤਾਂ ਉਹ ਚਿੱਟੀ ਕਾਰ ਵੀ ਵਰਤਣੇ, ਕੁਰਸੀ ਤੇ ਚਿੱਟਾ ਤੋਲੀਆ, ਬਾਥਰੂਮ 'ਚ ਚਿੱਟਾ ਸਾਬਣ, ਸਰਕਾਰੀ ਕੋਠੀ 'ਚ ਚਮਕਾਵਾਂ ਚਿੱਟਾ ਦੁੱਧੀਆ ਰੰਗ, ਇਹ ਸਾਰਾ ਕੁਝ ਤਾਂ ਸਰਕਾਰ ਜੀ ਉਨ੍ਹਾਂ ਦਾ ਹੱਕ ਆ। ਕਿਉਂ ਜ਼ੁਲਮ ਕਰਦੇ ਹੋ ਵਿਚਾਰੇ ਕਾਮਿਆਂ ਤੇ। ਜਿਨ੍ਹਾਂ ਕਰਕੇ ਪੰਜਾਬ 'ਚ ਨਸ਼ਾ ਵਧਿਆ, ਜਿਨ੍ਹਾਂ ਕਰਕੇ ਪੰਜਾਬ 'ਚ ਮਾਫੀਆ ਪੁੰਗਰਿਆ, ਜਿਨ੍ਹਾਂ ਕਰਕੇ ਪੰਜਾਬ 'ਚ ਗੁੰਡਾ-ਗਰਦੀ, ਰਿਸ਼ਵਤਖੋਰੀ ਵਧੀ ਤੇ ਪੰਜਾਬ ਨੇ ਇਨ੍ਹਾਂ ਸਾਰੇ ਪੱਖਾਂ ਤੇ ਤਰੱਕੀ ਕੀਤੀ ਹੈ। ਹੈ ਕਿ ਨਾ! ਅਤੇ ਪੰਜਾਬੀ ਭਾਈਓ, ਆਪ ਕਿਉਂ ਹੋ ਉਦਾਸ, ਆਪ ਕਿਉਂ ਹੋ ਉਦਾਸ? ਪੰਜਾਬ ਅੱਗੇ ਵੱਧ ਰਿਹਾ ਹੈ। ''ਛਾਲਾਂ ਮਾਰ ਤਰੱਕੀ ਹੈ ਪੰਜਾਬ ਕੀਤੀ, ਕਾਹਨੂੰ ਦੋਸਤਾਂ! ਤੂੰ ਨਿਰਾਸ਼ ਹੋਇਆ''?

ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਜ਼ ਦੇ ਮੁਤਾਬਿਕ ਹੁਣ ਤੱਕ 6,128 ਕਰੋੜ 72 ਲੱਖ ਦੇ ਚੋਣ ਬੌਂਡ ਵੇਚੇ ਗਏ ਹਨ।


ਇੱਕ ਵਿਚਾਰ
ਜਦ ਤਕ ਤੁਸੀਂ ਸਮਾਜਿਕ ਆਜ਼ਾਦੀ ਪ੍ਰਾਪਤ ਨਹੀਂ ਕਰ ਲੈਂਦੇ, ਕਾਨੂੰਨ ਜੋ ਵੀ ਆਜ਼ਾਦੀ ਦਿੰਦਾ ਹੈ, ਉਹ ਤੁਹਾਡੇ ਕਿਸੇ ਕੰਮ ਦੀ ਨਹੀਂ - ਡਾ. ਭੀਮ ਰਾਓ ਅੰਬੇਦਕਰ।
- ਗੁਰਮੀਤ ਸਿੰਘ ਪਲਾਹੀ
- ਸੰਪਰਕ : 9815802070
- (ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)