ਗ਼ਜ਼ਲ - ਅਮਰਜੀਤ ਸਿੰਘ ਸਿੱਧੂ

ਲਿਖਣੇ ਛੱਡ ਰੁਮਾਂਟਿਕ ਨਗਮੇ

ਲਿਖਣਾ ਹੈ ਲਿਖ ਪਾਏਦਾਰ।

ਧਰਮਾ ਦੇ ਨਾਮ ਕਿਉਂ ਲੜਾਵੇ

ਲੋਕਾਂ ਨੂੰ ਦੱਸ ਇਹ ਸਰਕਾਰ।



ਪਾਣੀ ਦੂਸ਼ਿਤ ਵਾਅ ਜਹਿਰੀਲੀ

ਕਰਨਾ ਕੁਦਰਤ ਨਾਲ ਮਜਾਕ,

ਬੰਦੇ ਨੂੰ ਪੁੱਛ ਕਿਸ ਦੇ ਕੋਲੋਂ

ਪਾਏ ਹਨ ਤੂੰ ਇਹ ਅਧਿਕਾਰ।



ਲੋਕਾਂ ਅੰਦਰ ਪਣਪ ਰਹੀ ਜੋ

ਹੈ ਕਿਹੜੀ ਇਹ ਅਦਭੁਤ ਸੋਚ,

ਖੁਸ਼ ਹੋਵਣ ਜੋ ਆਪਣਿਆਂ ਨੂੰ

ਕਰਕੇ ਉਹ ਖੱਜਲ ਖੁਆਰ।



ਬੰਦਾ ਹੈ ਬੰਦੇ ਦੀ ਦਾਰੂ

ਇਹ ਹੀ ਆਖਣ ਸਾਰੇ ਲੋਕ,

ਕਿਉਂ ਡਰਦਾ ਏਂ ਖੁਲ ਕੇ ਲਿਖ ਤੂੰ
ਮਰਦਾਂ ਵਾਗੂੰ ਸੱਚ ਵਿਚਾਰ।



ਭਾਈ ਭਾਈ ਨੂੰ ਆਪਸ ਵਿਚ

ਅੱਡ ਕਰਨ ਸਿੱਧੂ ਉਹ ਲੋਕ,

ਖ਼ਤਮ ਕਰਨ ਖਾਤਰ ਦੋਹਾਂ ਨੂੰ

ਵੇਚਣਗੇ ਜੋ ਖੁਦ ਹਥਿਆਰ।